ਮਕਸੂਦਾਂ ਥਾਣਾ ਧਮਾਕੇ: ਪੁਲੀਸ ਨੂੰ ਨਾ ਮਿਲਿਆ ਕੋਈ ਸੁਰਾਗ

ਜਲੰਧਰ : ਮਕਸੂਦਾਂ ਥਾਣੇ ਦੇ ਬਾਹਰ ਹੋਏ ਚਾਰ ਬੰਬ ਧਮਾਕਿਆਂ ਨੂੰ 24 ਘੰਟੇ ਬੀਤ ਜਾਣ ਦੇ ਬਾਵਜੂਦ ਪੁਲੀਸ ਦੇ ਹੱਥ ਕੋਈ ਪੁਖ਼ਤਾ ਸਬੂਤ ਨਹੀਂ ਲੱਗਾ। ਅੱਜ ਸ਼ਾਮ ਕਰੀਬ 4 ਵਜੇ ਇਥੇ ਪਹੁੰਚੀ ਨੈਸ਼ਨਲ ਸਕਿਉਰਟੀ ਗਾਰਡ (ਐਨਐਸਜੀ) ਦੀ ਟੀਮ ਅਤੇ ਫਾਰੈਂਸਿਕ ਟੀਮ ਨੇ ਸਾਂਝੇ ਤੌਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਟੀਮ ਵਿਚ ਬੰਬ ਤੋਂ ਬਾਅਦ ਦੀ ਜਾਂਚ ਕਰਨ ਵਾਲੇ ਮਾਹਿਰ ਸ਼ਾਮਿਲ ਹੁੰਦੇ ਹਨ।
ਫੋਰੈਂਸਿਕ ਟੀਮ ਸਵੇਰੇ ਕਰੀਬ 9 ਵਜੇ ਪਹੁੰਚ ਗਈ ਸੀ। ਉਨ੍ਹਾਂ ਮੌਕੇ ਦਾ ਜਾਇਜ਼ਾ ਤਾਂ ਲਿਆ ਪਰ ਜਾਂਚ ਐਨਐਸਜੀ ਟੀਮ ਪੁੱਜਣ ਪਿੱਛੋਂ ਹੀ ਆਰੰਭੀ। ਪੁਲੀਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਨੇ ਘਟਨਾ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਲਈ ਮੋਰਚਾ ਆਪ ਸੰਭਾਲਿਆ ਹੋਇਆ ਹੈ।

ਇਸ ਦੌਰਾਨ ਬਾਅਦ ਦੁਪਹਿਰ ਭਿੰਡਰਾਂਵਾਲਾ ਟਾਈਗਰ ਫੋਰਸ ਵੱਲੋਂ ਧਮਾਕਿਆਂ ਦੀ ਜ਼ਿੰਮੇਵਾਰੀ ਲੈਣ ਬਾਰੇ ਲੈਟਰਪੈਡ ’ਤੇ ਲਿਖਿਆ ਪੱਤਰ ਮੀਡੀਆ ਨੂੰ ਈਮੇਲ ਰਾਹੀਂ ਮਿਲਿਆ ਹੈ, ਜੋ ਦਿਲਬਾਗ ਸਿੰਘ ਨਾਮੀ ਵਿਅਕਤੀ ਨੇ ਲਿਖਿਆ ਹੈ। ਇਸ ਵਿਚ ਕਿਹਾ ਗਿਆ ਹੈ: ‘ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਵੱਲੋਂ ਜਲੰਧਰ ਦੇ ਮਕਸੂਦਾਂ ਥਾਣੇ, ਐਸਐਸਪੀ ਦਫਤਰ ਨਵਾਂਸ਼ਹਿਰ ਅਤੇ ਦੜੀਆ ਪੁਲੀਸ ਸਟੇਸ਼ਨ ਚੰਡੀਗੜ੍ਹ ਉੱਪਰ ਹਮਲੇ ਦੀ ਜ਼ਿੰਮੇਵਾਰੀ ਸਿਰ ਲਈ ਜਾਂਦੀ ਹੈ। ਭਾਵੇਂ ਪੁਲੀਸ ਨੇ ਨਮੋਸ਼ੀ ਦੇ ਡਰੋਂ ਚੰਡੀਗੜ੍ਹ ਤੇ ਨਵਾਂਸ਼ਹਿਰ ’ਚ ਹੋਏ ਨੁਕਸਾਨ ਦੀ ਖਬਰ ਹਾਲੇ ਤੱਕ ਬਾਹਰ ਨਹੀਂ ਆਉਣ ਦਿੱਤੀ। ਸਿੱਖਾਂ ਉਤੇ ਜ਼ੁਲਮ ਕਰਨ ਵਾਲਿਆਂ ਨੂੰ ਸੁਖ ਦੀ ਨੀਂਦ ਨਹੀਂ ਸੌਣ ਦਿੱਤਾ ਜਾਵੇਗਾ।’ ਪੁਲੀਸ ਮੁਲਾਜ਼ਮਾਂ ਨੂੰ ਚਿਤਾਵਨੀ ਦਿੰਦਿਆਂ ਪੱਤਰ ਦੇ ਅਖੀਰ ਵਿਚ ‘ਖਾਲਿਸਤਾਨ ਜ਼ਿੰਦਾਬਾਦ’ ਲਿਖਿਆ ਹੈ।
ਪੁਲੀਸ ਕਮਿਸ਼ਨਰ ਸ੍ਰੀ ਸਿਨਹਾ ਨੇ ਅੱਜ ਦੁਪਹਿਰ ਵੇਲੇ ਥਾਣਾ ਮਕਸੂਦਾਂ ਦੇ ਸਾਹਮਣੇ ਵਾਲੀਆਂ ਦੁਕਾਨਾਂ ’ਤੇ ਜਾ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਥਾਣੇ ਨੇੜੇ ਲੱਗੀਆਂ ਰੇਹੜੀਆਂ ’ਤੇ ਵੀ ਲੋਕਾਂ ਕੋਲੋਂ ਧਮਾਕਿਆਂ ਬਾਰੇ ਜਾਣਕਾਰੀ ਲਈ। ਪੰਜਾਬ ਪੁਲੀਸ ਦੇ ਸਾਰੇ ਸੀਨੀਅਰ ਅਧਿਕਾਰੀ ਇਨ੍ਹਾਂ ਧਮਾਕਿਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਐਨਐਸਜੀ ਅਤੇ ਫਾਰੈਂਸਿਕ ਟੀਮ ਵੱਲੋਂ ਸਾਂਝੇ ਤੌਰ ’ਤੇ ਜਾਂਚ ਕੀਤੀ ਜਾਣੀ ਹੈ। ਥਾਣੇ ਸਾਹਮਣੇ ਇਕ ਦੁਕਾਨ ਵਿਚੋਂ ਜਾਣਕਾਰੀ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਈ ਜਾ ਰਹੀ ਹੈ। ਉਧਰ ਦਿਹਾਤੀ ਪੁਲੀਸ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਧਮਕੀ ਪੱਤਰ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੱਤਰ ’ਤੇ ਲਿਖੀ ਇਬਾਰਤ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਪੱਤਰ ਜਥੇਬੰਦੀ ਵੱਲੋਂ ਨਹੀਂ ਲਿਖਿਆ ਗਿਆ। ਜਿਹੜਾ ਲੈਟਰਪੈਡ ਵਰਤਿਆ ਗਿਆ ਹੈ, ਅਜਿਹਾ ਲੈਟਰਪੈਡ ਜਥੇਬੰਦੀ ਦਾ ਨਹੀਂ ਹੈ। ਪੱਤਰ ’ਚ ਲਿਖੇ ਮੁਤਾਬਕ ਨਵਾਂਸ਼ਹਿਰ ਤੇ ਚੰਡੀਗੜ੍ਹ ਵਿਚ ਹੋਏ ਹਮਲਿਆਂ ਬਾਰੇ ਪੁੱਛੇ ਜਾਣ ’ਤੇ ਸ੍ਰੀ ਮਾਹਲ ਨੇ ਕਿਹਾ ਕਿ ਇਹ ਹਮਲੇ ਕਦੇ ਹੋਏ ਹੀ ਨਹੀਂ। ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਬੀਤੇ ਦਿਨ ਧਮਾਕੇ ਹੋਏ ਸਨ ਤਾਂ ਲੋਕ ਇਕਦਮ ਡਰ ਗਏ ਸਨ।

Comments

comments

Share This Post

RedditYahooBloggerMyspace