ਦਰਬਾਰ ਸਾਹਿਬ ਦੇ ਲੰਗਰ ਘਰ ਵਿੱਚ ਛੇਤੀ ਸ਼ੁਰੂ ਹੋਵੇਗੀ ਸੀਐੱਨਜੀ ਦੀ ਵਰਤੋਂ

ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਪਾਈਪਲਾਈਨ ਵਿਛਾਉਂਦੇ ਹੋਏ ਮਜ਼ਦੂਰ।

ਅੰਮ੍ਰਿਤਸਰ : ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰੂ ਰਾਮਦਾਸ ਲੰਗਰ ਘਰ ਵਿੱਚ ਛੇਤੀ ਹੀ ਹੁਣ ਐਲਪੀਜੀ ਗੈਸ ਅਤੇ ਲੱਕੜ ਦੇ ਬਾਲਣ ਦੀ ਥਾਂ ਕੰਪਰੈਸਡ ਨੈਚੁਰਲ ਗੈਸ (ਸੀਐਨਜੀ) ਦੀ ਵਰਤੋਂ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਪਾਈਪਲਾਈਨ ਤੇਜ਼ੀ ਨਾਲ ਵਿਛਾਈ ਜਾ ਰਹੀ ਹੈ। ਇਸ ਦੀ ਵਰਤੋਂ ਨਾਲ ਇੱਥੇ ਪ੍ਰਦੂਸ਼ਣ ਰੋਕਣ ਵਿੱਚ ਹੋਰ ਮਦਦ ਮਿਲੇਗੀ।

ਇਸ ਦਾ ਖ਼ੁਲਾਸਾ ਨਗਰ ਨਿਗਮ ਦੀ ਕਮਿਸ਼ਨਰ ਸੋਨਾਲੀ ਗਿਰੀ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੀਐਨਜੀ ਦੀ ਸਪਲਾਈ ਅਗਲੇ ਮਹੀਨੇ ਅਕਤੂਬਰ ਵਿੱਚ ਲੰਗਰ ਘਰ ਤੱਕ ਪੁੱਜਣ ਦੀ ਸੰਭਾਵਨਾ ਹੈ। ਇਸ ਸਬੰਧੀ ਗੁਜਰਾਤ ਸਟੇਟ ਪੈਟਰੋਲੀਅਮ ਕਾਰਪੋਰੇਸ਼ਨ ਵਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਹ ਕੰਪਨੀ 16000 ਕਿਲੋਮੀਟਰ ਲੰਮੀ ਪਾਈਪਲਾਈਨ ਵਿਛਾ ਰਹੀ ਹੈ, ਜਿਸ ਉਪਰ 233 ਸੀਐਨਜੀ ਸਟੇਸ਼ਨ ਬਣਨਗੇ। ਇਸ ਸਮੁੱਚੇ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਉਪਰ ਲਗਪਗ 500 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਇਸ ਕੰਮ ਲਈ ਮਾਹਿਰ ਤਾਇਨਾਤ ਕੀਤੇ ਗਏ ਹਨ, ਜੋ ਇੱਥੇ ਜ਼ਮੀਨ ਹੇਠ ਪਾਈਪਲਾਈਨ ਵਿਛਾ ਰਹੇ ਹਨ। ਇਸ ਵੇਲੇ ਸੀਐਨਜੀ ਸਪਲਾਈ ਵਾਸਤੇ ਲਗਪਗ ਸਾਢੇ 4 ਕਿਲੋਮੀਟਰ ਖੇਤਰ ਵਿੱਚ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ ਤੇ ਬਾਕੀ ਰਸਤੇ ਵਿੱਚ ਵਿਛਾਈ ਜਾ ਰਹੀ ਹੈ। ਇਹ ਪਾਈਪ ਸੁਲਤਾਨਵਿੰਡ ਖੇਤਰ ਵਿੱਚ ਵਿਛਾਈ ਗਈ ਹੈ। ਇਸ ਤੋਂ ਇਲਾਵਾ ਮਜੀਠਾ ਰੋਡ ਤੇ ਕੋਰਟ ਰੋਡ ਵਿੱਚ ਵੀ ਪਾਈਪ ਵਿਛਾਈ ਜਾਵੇਗੀ। ਨਗਰ ਨਿਗਮ ਵੱਲੋਂ ਇੱਥੇ ਸ਼ਹਿਰ ਵਿੱਚ ਸੀਐਨਜੀ ਗੈਸ ਦੇ ਦਸ ਸਟੇਸ਼ਨ ਸਥਾਪਿਤ ਕੀਤੇ ਜਾਣਗੇ, ਜਿਸ ਸਬੰਧੀ ਕੰਮ ਚਲ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ ਸੀਐਨਜੀ ਦੀ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਇਕ ਸਾਲ ਵਿੱਚ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਇਸ ਗੈਸ ਦੀ ਸਪਲਾਈ ਸ਼ੁਰੂ ਹੋਣ ਦੀ ਉਮੀਦ ਹੈ।

ਵੇਰਵਿਆਂ ਮੁਤਾਬਿਕ ਪਹਿਲੇ ਪੜਾਅ ਵਿੱਚ ਸ਼ਹਿਰ ਵਿੱਚ ਲਗਪਗ 25 ਹਜ਼ਾਰ ਘਰਾਂ ਨੂੰ ਸੀਐਨਜੀ ਗੈਸ ਦੀ ਸਪਲਾਈ ਮੁਹੱਈਆ ਕੀਤੀ ਜਾਵੇਗੀ, ਜਿਸ ਤਹਿਤ ਕੇਂਦਰ ਸਰਕਾਰ ਨਾਲ ਸਬੰਧਤ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਕਲੋਨੀਆਂ ਵਿੱਚ ਸਪਲਾਈ ਨੂੰ ਤਰਜੀਹ ਹੋਵੇਗੀ। ਇਸ ਵੇਲੇ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਵਧੇਰੇ ਐਲਪੀਜੀ ਗੈਸ ਦੇ ਸਿਲੰਡਰ ਵਰਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੱਕੜ ਦਾ ਬਾਲਣ ਵੀ ਲੰਗਰ ਘਰ ਵਿੱਚ ਵਰਤਿਆ ਜਾਂਦਾ ਹੈ। ਅਨੁਮਾਨ ਮੁਤਾਬਕ ਲਗਪਗ 90 ਸਿਲੰਡਰ ਰੋਜ਼ ਵਰਤੇ ਜਾਂਦੇ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਇਥੇ ਹਾਲ ਹੀ ਵਿੱਚ ਨਵੀਂ ਤੇ ਆਧੁਨਿਕ ਰਸੋਈ ਬਣਾਈ ਗਈ ਹੈ, ਜਿੱਥੇ ਪਹਿਲਾਂ ਹੀ ਸੀਐਨਜੀ ਗੈਸ ਦੀ ਵਰਤੋਂ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਸੀਐਨਜੀ ਤੋਂ ਇਲਾਵਾ ਭਵਿੱਖ ਵਿਚ ਇਥੇ ਲੰਗਰ ਘਰ ਵਿੱਚ ਬਾਇਓ ਗੈਸ ਪਲਾਂਟ ਸਥਾਪਤ ਕਰਨ ਦੀ ਵੀ ਤਜਵੀਜ਼ ਹੈ।

Comments

comments

Share This Post

RedditYahooBloggerMyspace