ਅਨੁਸ਼ਾਸਨ ਵਿੱਚ ਬੱਧੇ ਸਿਤਾਰੇ

ਏ. ਚਕਰਵਰਤੀ

ਇੱਕ ਦੌਰ ਸੀ ਜਦੋਂ ਸਫਲਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਸਿਤਾਰੇ ਅਨੁਸ਼ਾਸਨ ਦਾ ਪੱਲਾ ਪੂਰੀ ਤਰ੍ਹਾਂ ਛੱਡ ਚੁੱਕੇ ਸਨ। ਪਰ ਹੁਣ ਵਕਤ ਬਦਲ ਗਿਆ ਹੈ, ਨਾਲ ਹੀ ਸਿਤਾਰਿਆਂ ਦਾ ਅੰਦਾਜ਼ ਵੀ ਬਦਲਿਆ ਹੋਇਆ ਹੈ। ਕੁਝ ਅਪਵਾਦਾਂ ਨੂੰ ਛੱਡ ਦਈਏ ਤਾਂ ਜ਼ਿਆਦਾਤਰ ਸਿਤਾਰਿਆਂ ਵਿੱਚ ਅਨੁਸ਼ਾਸਨ ਸਾਫ਼ ਨਜ਼ਰ ਆਉਂਦਾ ਹੈ। ਉਹ ਪਹਿਲਾਂ ਦੀ ਤੁਲਨਾ ਵਿੱਚ ਕਾਫ਼ੀ ਪੇਸ਼ੇਵਰ ਹੋਏ ਹਨ। ਨਹੀਂ ਤਾਂ ਕਦੇ ਫ਼ਿਲਮਾਂ ਦੇਰ ਨਾਲ ਬਣਦੀਆਂ ਸਨ। ਸਿਤਾਰੇ ਲੇਟ ਲਤੀਫ਼ੀ ਵਿੱਚ ਮਾਹਿਰ ਸਨ। ਉਸ ਸਮੇਂ ਰਾਜੇਸ਼ ਖੰਨਾ, ਸ਼ਤਰੂਘਨ ਸਿਨਹਾ, ਸੰਜੀਵ ਕੁਮਾਰ, ਗੋਵਿੰਦਾ ਸਮੇਤ ਅਭਿਨੇਤਰੀਆਂ ਵੀ ਲੇਟ ਆਉਣ ਲਈ ਕਾਫ਼ੀ ਪ੍ਰਸਿੱਧ ਸਨ। ਪਰ ਅੱਜ ਤਾਂ ਸਾਡੇ ਸੁਪਰਸਟਾਰ ਵੀ ਸਮੇਂ ’ਤੇ ਪੁੱਜਦੇ ਹਨ। ਅਕਸ਼ੈ ਕੁਮਾਰ, ਆਮਿਰ ਖ਼ਾਨ, ਸ਼ਾਹਰੁਖ਼ ਖ਼ਾਨ ਦੇ ਨਾਲ ਨਾਲ ਕਈ ਅਭਿਨੇਤਰੀਆਂ ਸੈੱਟ ’ਤੇ ਸਮੇਂ ਨਾਲ ਪੁੱਜਣ ਦੇ ਮਾਮਲੇ ਵਿੱਚ ਪਾਬੰਦ ਹਨ। ਫ਼ਿਲਮ ਦੀ ਰਿਲੀਜ਼ ਮਿਤੀ ਸ਼ੂਟਿੰਗ ਹੋਣ ਤੋਂ ਪਹਿਲਾਂ ਹੀ ਤੈਅ ਹੋ ਜਾਂਦੀ ਹੈ। ਕੁੱਲ ਮਿਲਾ ਕੇ ਸਿਰਫ਼ ਸਟਾਰ ਹੀ ਨਹੀਂ ਯੂਨਿਟ ਦੇ ਜ਼ਿਆਦਾਤਰ ਮੈਂਬਰ ਪੇਸ਼ੇਵਰ ਹਨ। ਲਿਹਾਜ਼ਾ ਨਿਰਮਾਤਾ ਨੂੰ ਪਰੇਸ਼ਾਨ ਕਰਨ ਦਾ ਦੌਰ ਹੁਣ ਲਗਪਗ ਖ਼ਤਮ ਹੋ ਚੁੱਕਿਆ ਹੈ।

ਕਈ ਫਲਾਪ ਫ਼ਿਲਮਾਂ ਦੇਣ ਦੇ ਬਾਵਜੂਦ ਸੋਨਾਕਸ਼ੀ ਕੋਲ ਅੱਜ ਜੇਕਰ ਫ਼ਿਲਮਾਂ ਹਨ ਤਾਂ ਇਸਦੀ ਇਕੱਲੀ ਵਜ੍ਹਾ ਉਸਦਾ ਅਨੁਸ਼ਾਸਿਤ ਜੀਵਨ ਹੈ। ਸੈੱਟ ’ਤੇ ਸਮੇਂ ’ਤੇ ਪਹੁੰਚਣਾ ਅਤੇ ਸਮੇਂ ਨਾਲ ਫ਼ਿਲਮ ਪੂਰੀ ਕਰਨਾ ਉਸਦੀ ਆਦਤ ਵਿੱਚ ਸ਼ਾਮਲ ਹੋ ਚੁੱਕਿਆ ਹੈ। ਅਨੁਸ਼ਾਸਨ ਕਾਰਨ ਹੀ ਕਰਨ ਜੌਹਰ ਅਤੇ ਉਸਦੇ ਦੋਸਤਾਂ ਦੇ ਬੈਨਰ ਦੀਆਂ ਫ਼ਿਲਮਾਂ ਉਸਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਸੋਨਾਕਸ਼ੀ ਕਹਿੰਦੀ ਹੈ, ‘ਮੈਂ ਮੰਨਦੀ ਹਾਂ ਕਿ ਇਸ ਮਾਮਲੇ ਵਿੱਚ ਮੇਰੇ ਪਿਤਾ ਬਾਰੇ ਕਈ ਗੱਲਾਂ ਮਸ਼ਹੂਰ ਹਨ, ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਦੀ ਵਜ੍ਹਾ ਨਾਲ ਨਾਂਮਾਤਰ ਫ਼ਿਲਮਾਂ ਡੱਬਾ ਬੰਦ ਹੋਈਆਂ ਹਨ। ਮੈਂ ਆਪਣੀਆਂ ਕਈ ਫ਼ਿਲਮਾਂ ਦੀ ਡਬਿੰਗ ਰਾਤ ਭਰ ਜਾਗ ਕੇ ਪੂਰੀ ਕਰਵਾਈ ਹੈ।’

ਆਮਿਰ ਖ਼ਾਨ ਦਾ ਨਾਂ ਆਉਂਦੇ ਹੀ ਇੱਕ ਅਜਿਹੀ ਸ਼ਖ਼ਸੀਅਤ ਦਾ ਨਾਂ ਉੱਭਰਦਾ ਹੈ ਜੋ ਇੱਕ ਵਾਰ ਫ਼ਿਲਮ ਸਾਈਨ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਉਸ ਫ਼ਿਲਮ ਦਾ ਹੀ ਹੋ ਜਾਂਦਾ ਹੈ। ਉਸਦੇ ਦੋਸਤ ਰਾਜਕੁਮਾਰ ਹਿਰਾਨੀ ਦੱਸਦੇ ਹਨ, ‘ਆਮਿਰ ਵਿੱਚ ਵਿਚਾਰ ਚਰਚਾ ਕਰਨ ਦੀ ਅਦਭੁੱਤ ਸ਼ਕਤੀ ਹੈ। ਖ਼ਾਸ ਤੌਰ ’ਤੇ ਫ਼ਿਲਮ ਦੀ ਪਟਕਥਾ ਨੂੰ ਲੈ ਕੇ ਉਸਦੀ ਸਲਾਹ ਬੇਹੱਦ ਉਪਯੋਗੀ ਹੁੰਦੀ ਹੈ। ਅਸਲ ਵਿੱਚ ਉਹ ਬਿਹਤਰੀਨ ਪਟਕਥਾ ਨਾਲ ਫ਼ਿਲਮ ਦੀ ਸ਼ੂਟਿੰਗ ਕਰਨਾ ਚਾਹੁੰਦਾ ਹੈ। ਉਨ੍ਹਾਂ ਦੀਆਂ ਫ਼ਿਲਮਾਂ ਆਪਣੀਆਂ ਯੋਜਨਾ ਮੁਤਾਬਿਕ ਬਣਦੀਆਂ ਹਨ।’ ਇਹ ਗੱਲ ਸੱਚ ਹੈ ਕਿ ਆਮਿਰ ਕਦੇ ਇਹ ਨਹੀਂ ਕਹਿੰਦਾ ਕਿ ਇਹ ਉਸਦੀ ਇਕੱਲੇ ਦੀ ਫ਼ਿਲਮ ਹੈ, ਬਲਕਿ ਇਸਦਾ ਸਿਹਰਾ ਪੂਰੀ ਟੀਮ ਨੂੰ ਦਿੰਦਾ ਹੈ।

ਆਮਿਰ ਦੀ ਤਰ੍ਹਾਂ ਅਕਸ਼ੈ ਕੁਮਾਰ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਫ਼ਿਲਮ ਨਿਰਮਾਣ ਦਾ ਅਨੁਸ਼ਾਸਿਤ ਸਿਪਾਹੀ ਹੋਣ ਦੀ ਵਜ੍ਹਾ ਨਾਲ ਹੀ ਉਸਦਾ ਡੰਕਾ ਵੱਜ ਰਿਹਾ ਹੈ। ਉਹ ਆਪਣੇ ਹਿਸਾਬ ਨਾਲ ਫ਼ਿਲਮਾਂ ਸਾਈਨ ਕਰਦਾ ਹੈ, ਉਨ੍ਹਾਂ ਨੂੰ ਸਹੀ ਸਮੇਂ ’ਤੇ ਪੂਰਾ ਕਰਵਾ ਦਿੰਦਾ ਹੈ। ਉਸਦਾ ਵਿਵਹਾਰ ਇਸ ਮਾਮਲੇ ਵਿੱਚ ਕਦੇ ਰੁਕਾਵਟ ਨਹੀਂ ਬਣਦਾ। ਇਸ ਸੁਪਰ ਸਟਾਰ ਨੇ ਵੀ ਇਸ ਗੱਲ ਨੂੰ ਪੱਲੇ ਬੰਨ੍ਹ ਲਿਆ ਹੈ ਕਿ ਬੇਹੱਦ ਸਫਲਤਾ ਦੇ ਬਾਅਦ ਕਿਵੇਂ ਆਪਣੇ ਪੈਰਾਂ ’ਤੇ ਖੜ੍ਹਾ ਰਿਹਾ ਜਾਂਦਾ ਹੈ। ਆਪਣੇ ਇਸ ਅੰਦਾਜ਼ ਕਾਰਨ ਹੀ ਉਸਨੇ ਫ਼ਿਲਮ ਜਗਤ ਨੂੰ ਕਾਇਲ ਕੀਤਾ ਹੋਇਆ ਹੈ। ਫਿਰ ਵੀ ਅਕਸ਼ੈ ਦਾ ਇੱਕ ਹੀ ਜਵਾਬ ਹੁੰਦਾ ਹੈ, ‘ਮੇਰੀ ਸਫਲਤਾ ਦਾ ਇੱਕ ਹੀ ਰਾਜ਼ ਹੈ, ਮੇਰਾ ਨਿੱਜੀ ਅਤੇ ਫ਼ਿਲਮੀ ਜੀਵਨ ਬਹੁਤ ਅਨੁਸ਼ਾਸਿਤ ਹੈ।’

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਲਮਾਨ ਖ਼ਾਨ ਦੂਜੇ ਅਭਿਨੇਤਾਵਾਂ ਨਾਲੋਂ ਥੋੜ੍ਹਾ ਵੱਖਰਾ ਹੈ। ਉਹ ਕਈ ਪੱਖਾਂ ਤੋਂ ਕਾਫ਼ੀ ਅਨੁਸ਼ਾਸਿਤ ਹੈ, ਪਰ ਉਸਦੀ ਲੇਟ ਲਤੀਫ਼ੀ ਕਦੇ ਵੀ ਫ਼ਿਲਮ ਨਿਰਮਾਣ ਵਿੱਚ ਰੁਕਾਵਟ ਨਹੀਂ ਬਣੀ। ਉਹ ਫ਼ਿਲਮ ਸਾਈਨ ਕਰਦੇ ਹੀ ਉਸਦੀ ਰਿਲੀਜ਼ ਮਿਤੀ ਦਾ ਪਾਲਣ ਕਰਦਾ ਹੈ। ਉਸਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਬੇਸ਼ੁਮਾਰ ਸਫਲਤਾ ਦੇ ਬਾਵਜੂਦ ਉਸਦੇ ਪੈਰ ਜ਼ਮੀਨ ’ਤੇ ਚੰਗੀ ਤਰ੍ਹਾਂ ਸਥਿਰ ਹਨ। ਉਸਦੇ ਨਿਰਮਾਤਾ ਤੋਂ ਲੈ ਕੇ ਯੂਨਿਟ ਤਕ ਦੇ ਕਿਸੇ ਮੈਂਬਰ ਨੂੰ ਉਸਤੋਂ ਕੋਈ ਸ਼ਿਕਾਇਤ ਨਹੀਂ ਹੈ। ਸਲਮਾਨ ਦਾ ਕਹਿਣਾ ਹੈ, ‘ਮੇਰਾ ਸੁਭਾਅ ਤਾਂ ਸਾਰੇ ਜਾਣਦੇ ਹਨ। ਮੈਂ ਤਾਂ ਅਜਿਹਾ ਹੀ ਹਾਂ, ਪਰ ਮੇਰੀ ਹਰ ਫ਼ਿਲਮ ਮੇਰੇ ਲਈ ਮੇਰੀ ਜਾਨ ਹੁੰਦੀ ਹੈ।’

ਸ਼ਾਹਰੁਖ਼ ਖ਼ਾਨ ਦੀਆਂ ਫ਼ਿਲਮਾਂ ਵੀ ਉਸਦੇ ਸੁਭਾਅ ਮੁਤਾਬਿਕ ਬਿਨਾਂ ਕਿਸੇ ਰੁਕਾਵਟ ਦੇ ਪੂਰੀਆਂ ਹੋ ਜਾਂਦੀਆਂ ਹਨ। ਉਸ ਬਾਰੇ ਅੱਜ ਤਕ ਇਹ ਨਹੀਂ ਕਿਹਾ ਗਿਆ ਕਿ ਉਸਦੀ ਅਨੁਸ਼ਾਸਨਹੀਣਤਾ ਕਾਰਨ ਕੋਈ ਫ਼ਿਲਮ ਲਟਕੀ ਹੋਵੇ। ਆਪਣੇ ਸਹਿ ਕਲਾਕਾਰਾਂ ਨਾਲ ਉਸਦਾ ਵਿਵਹਾਰ ਬਹੁਤ ਦੋਸਤਾਨਾ ਹੁੰਦਾ ਹੈ, ਇਸ ਕਾਰਨ ਵੀ ਉਸ ਦੀਆਂ ਫ਼ਿਲਮਾਂ ਸਮੇਂ ’ਤੇ ਪੂਰੀਆਂ ਹੁੰਦੀਆਂ ਹਨ। ਸ਼ਾਹਰੁਖ਼ ਖ਼ਾਨ ਮਜ਼ਾਕ ਨਾਲ ਕਹਿੰਦਾ ਹੈ, ‘ਫ਼ਿਲਮਾਂ ਜੇਕਰ ਸਹੀ ਸਮੇਂ ’ਤੇ ਰਿਲੀਜ਼ ਨਹੀਂ ਹੋਣਗੀਆਂ, ਤਾਂ ਸਾਡੀ ਕਦਰ ਕੌਣ ਕਰੇਗਾ?’

ਅਭਿਨੇਤਰੀਆਂ ਵਿੱਚੋਂ ਚਾਹੇ ਦੀਪਿਕਾ ਪਾਦੁਕੋਣ ਹੋਵੇ ਜਾਂ ਫਿਰ ਕ੍ਰਿਤੀ ਸੈਨਨ ਅੱਜ ਦੀਆਂ ਜ਼ਿਆਦਾਤਰ ਅਭਿਨੇਤਰੀਆਂ ਫ਼ਿਲਮ ਸਾਈਨ ਕਰਨ ਦੇ ਬਾਅਦ ਉਨ੍ਹਾਂ ਨਾਲ ਪੂਰੀ ਤਰ੍ਹਾਂ ਜੁੜ ਜਾਂਦੀਆਂ ਹਨ। ਪ੍ਰੋਡਕਸ਼ਨ ਕੰਟਰੋਲਰ ਸੁਰੇਂਦਰ ਸ੍ਰੀਵਾਸਤਵ ਦੱਸਦੇ ਹਨ, ‘ਮੈਂ ਇਸ ਪ੍ਰਸੰਗ ਵਿੱਚ ਮਾਧੁਰੀ ਦੀਕਸ਼ਿਤ, ਰਾਣੀ ਮੁਖਰਜੀ, ਕਾਜੋਲ, ਕਰਿਸ਼ਮਾ ਕਪੂਰ, ਰਵੀਨਾ ਟੰਡਨ ਅਤੇ ਕਰੀਨਾ ਕਪੂਰ ਦੇ ਦੌਰ ਦੀ ਗੱਲ ਕਰਦਾ ਹਾਂ। ਇਨ੍ਹਾਂ ਦੇ ਬੇਵਜ੍ਹਾ ਨਖਰਿਆਂ ਦੀਆਂ ਗੱਲਾਂ ਅਕਸਰ ਸੁਣਨ ਨੂੰ ਮਿਲਦੀਆਂ ਸਨ। ਖ਼ਾਸ ਕਰਕੇ ਇਸ ਦੌਰ ਵਿੱਚ ਅਭਿਨੇਤਰੀਆਂ ਦੀਆਂ ਮਾਵਾਂ ਤੋਂ ਸਾਰੇ ਪਰੇਸ਼ਾਨ ਸਨ। ਕਈ ਵਾਰ ਇਸ ਵਜ੍ਹਾ ਨਾਲ ਸ਼ੂਟਿੰਗ ਰੱਦ ਹੁੰਦੀ ਸੀ, ਪਰ ਅੱਜ ਦੀਆਂ ਅਭਿਨੇਤਰੀਆਂ ਬੇਹੱਦ ਪੇਸ਼ੇਵਰ ਹਨ। ਨਾਲ ਹੀ ਉਨ੍ਹਾਂ ਨੂੰ ਬਦਲਣ ਦਾ ਵੀ ਡਰ ਲੱਗਿਆ ਰਹਿੰਦਾ ਹੈ।’

ਦੇਖਿਆ ਜਾਏ ਤਾਂ ਇਨ੍ਹਾਂ ਸਭ ਕਾਰਨਾਂ ਨਾਲ ਹਾਲ ਹੀ ਦੇ ਸਾਲਾਂ ਵਿੱਚ ਫ਼ਿਲਮ ਸਨਅੱਤ ਕਾਫ਼ੀ ਪੇਸ਼ੇਵਰ ਹੋ ਗਈ ਹੈ। ਵੱਡੇ ਸਿਤਾਰਿਆਂ ਦੇ ਪੈਰ ਜ਼ਮੀਨ ’ਤੇ ਹਨ ਤਾਂ ਫ਼ਿਲਮ ਨਿਰਮਾਣ ਦੇ ਬੱਝਵੇਂ ਸਮੇਂ ਨੂੰ ਵੀ ਕਾਫ਼ੀ ਬਲ ਮਿਲਿਆ ਹੈ। ਇਸ ਕਾਰਨ ਫ਼ਿਲਮ ਦਾ ਪੂਰਾ ਪ੍ਰਾਜੈਕਟ ਬਣਦੇ ਹੀ, ਉਸਦੀ ਰਿਲੀਜ਼ ਮਿਤੀ ਤੈਅ ਹੋ ਜਾਂਦੀ ਹੈ। ਫਿਰ ਸਾਰਾ ਸ਼ੂਟਿੰਗ ਸ਼ਡਿਊਲ ਤੈਅ ਹੁੰਦਾ ਹੈ। ਸਾਰੇ ਇੱਕ ਨਿਰਧਾਰਤ ਮਿਤੀ ’ਤੇ ਫ਼ਿਲਮ ਨੂੰ ਰਿਲੀਜ਼ ਕਰਨਾ ਚਾਹੁੰਦੇ ਹਨ। ਇਸ ਵਜ੍ਹਾ ਨਾਲ ਸਾਰੇ ਅਨੁਸ਼ਾਸਿਤ ਹੋ ਗਏ।

ਅਸਲ ਵਿੱਚ ਹੁਣ ਫ਼ਿਲਮ ਨਿਰਮਾਣ ਵਿੱਚ ਕਾਫ਼ੀ ਤਬਦੀਲੀ ਆ ਗਈ ਹੈ। ਕਰਨ ਜੌਹਰ ਦੀ ਫ਼ਿਲਮ ‘ਕੇਸਰੀ’ ਜਦੋਂ ਸਲਮਾਨ ਖ਼ਾਨ ਨਹੀਂ ਕਰਦਾ ਤਾਂ ਕਰਨ ਅਕਸ਼ੈ ਕੁਮਾਰ ਨੂੰ ਲੈ ਕੇ ਤੁਰੰਤ ‘ਕੇਸਰੀ’ ਦੀ ਸ਼ੂਟਿੰਗ ਪੂਰੀ ਕਰ ਲੈਂਦਾ ਹੈ। ਇਸੀ ਤਰ੍ਹਾਂ ‘ਮੁਗਲ’ ਤੋਂ ਅਕਸ਼ੈ ਕੁਮਾਰ ਦੇ ਹਟਦੇ ਹੀ ਆਮਿਰ ਨੂੰ ਲਿਆਉਣ ਦੀ ਕੋਸ਼ਿਸ਼ ਸ਼ੁਰੂ ਹੋ ਜਾਂਦੀ ਹੈ। ਸਾਰੇ ਵੱਡੇ ਸਿਤਾਰਿਆਂ ਨੂੰ ਪਤਾ ਹੈ ਕਿ ਹੁਣ ਕਿਸੇ ਫ਼ਿਲਮ ਤੋਂ ਹਟਣ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਏਗੀ। ਅਭਿਨੇਤਰੀਆਂ ਤਾਂ ਬੇਹੱਦ ਡਰੀਆਂ ਰਹਿੰਦੀਆਂ ਹਨ, ਉਨ੍ਹਾਂ ’ਤੇ ਸਭ ਤੋਂ ਜ਼ਿਆਦਾ ਤਲਵਾਰ ਉਨ੍ਹਾਂ ਨੂੰ ਬਦਲਣ ਦੀ ਲਟਕੀ ਰਹਿੰਦੀ ਹੈ।

ਗੋਵਿੰਦਾ ਕਿਉਂ ਹੋਇਆ ਵਿਹਲਾ?

ਬਹੁਪੱਖੀ ਅਦਾਕਾਰ ਗੋਵਿੰਦਾ ਦੀ ਅਦਾਕਾਰੀ ਬਾਰੇ ਤਾਂ ਸਭ ਨੂੰ ਪਤਾ ਹੈ, ਪਰ ਅਜਿਹਾ ਹੋਣ ਦੇ ਬਾਵਜੂਦ ਉਹ ਆਪਣੇ ਸਮਕਾਲੀ ਅਦਾਕਾਰਾਂ ਤੋਂ ਬਹੁਤ ਪਿੱਛੇ ਹੈ। ਅਸਲ ਵਿੱਚ ਉਸਦੇ ਨਖਰਿਆਂ ਤੇ ਅਨੁਸ਼ਾਸਨਹੀਣਤਾ ਨੇ ਉਸਦੇ ਕਰੀਅਰ ’ਤੇ ਬੁਰਾ ਅਸਰ ਪਾਇਆ। ਅੱਜ ਆਲਮ ਇਹ ਹੈ ਕਿ ਉਸ ਵਰਗਾ ਉਮਦਾ ਅਦਾਕਾਰ ਘਰ ਬੈਠ ਚੁੱਕਾ ਹੈ। ਅੱਜ ਖ਼ੁਦ ਗੋਵਿੰਦਾ ਵੀ ਇਸਨੂੰ ਕਬੂਲ ਕਰਦਾ ਹੈ। ਇੱਕ ਅਜਿਹਾ ਦੌਰ ਸੀ ਜਦੋਂ ਪੂਰੀ ਯੂਨਿਟ ਸੈੱਟ ’ਤੇ ਬੇਕਾਰ ਬੈਠੀ ਰਹਿੰਦੀ ਸੀ ਅਤੇ ਗੋਵਿੰਦਾ ਗਾਇਬ ਹੁੰਦਾ ਸੀ। ਉਸ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਰੱਦ ਕਰਨ ਦੇ ਅਨੇਕਾਂ ਕਿੱਸੇ ਹੁਣ ਵੀ ਚਰਚਿਤ ਹਨ।

Comments

comments

Share This Post

RedditYahooBloggerMyspace