ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਜਰਨੈਲ ਦੀ ਦੇਣ

ਬਾਬਾ ਬੰਦਾ ਸਿੰਘ ਇਕ ਸ਼ਖ਼ਸ ਨਹੀਂ ਬਲਕਿ ਇਕ ਮੋਅਜਜ਼ਾ (ਕਰਾਮਾਤ) ਸੀ। ਉਸ ਨੇ ਪੰਚ ਨਦ (ਪੰਜ ਦਰਿਆਵਾਂ) ਦੀ ਧਰਤੀ ’ਤੇ ਇਕ ਮਹਾਨ ਇਨਕਲਾਬ ਲਿਆਂਦਾ ਸੀ। ਬੰਦਾ ਸਿੰਘ ਦੀ ਸ਼ਹੀਦੀ ਅਜਾਈਂ ਨਹੀਂ ਗਈ। ਇਸ ਸ਼ਹੀਦੀ ਨੇ ਸਿੱਖ ਪੰਥ ਦੀ, ਪੰਜਾਬ ਦੀ ਤੇ ਸਾਰੇ ਜਜ਼ੀਰੇ (ਏਸ਼ੀਆ) ਦੀ ਤਵਾਰੀਖ਼ ਬਦਲਣ ਦਾ ਆਗ਼ਾਜ਼ ਕਰ ਦਿਤਾ। ਉਸ ਨੇ ਇਕ ਹਜ਼ਾਰ ਸਾਲ ਦੀ ਵਿਦੇਸ਼ੀ ਹਕੂਮਤ ਨੂੰ ਇਕ ਵਾਰ ਤਾਂ ਤੋੜ ਕੇ ਰਖ ਦਿਤਾ ਸੀ। ਉਹ ਅਜਿਹਾ ਜਰਨੈਲ ਸੀ ਜਿਸ ਨੇ ਦੁਨੀਆਂ ਦੀ ਸਭ ਤੋਂ ਵੱਡੀ ਸਲਤਨਤ ਦੀਆਂ ਜੜ੍ਹਾਂ ਹਿਲਾ ਕੇ ਰਖ ਦਿਤੀਆਂ। ਉਸ ਦੇ ਜਿਊਂਦਿਆਂ ਜੀਅ ਸਿਰਫ਼ ਬਾਦਸ਼ਾਹ ਹੀ ਨਹੀਂ ਬਲਕਿ ਚਾਰ-ਪੰਜ ਸੂਬਿਆਂ ਦੇ ਗਵਰਨਰ ਵੀ, ਇਕ ਰਾਤ ਵੀ, ਅਮਨ-ਚੈਨ ਨਾਲ ਸੌਂ ਨਹੀਂ ਸਕੇ ਸਨ। ਮੁਗ਼ਲ ਸਰਕਾਰ ਦੀ ਇਕ ਲੱਖ ਤੋਂ ਵੱਧ ਫ਼ੌਜ (ਦੋ-ਤਿਹਾਈ ਤੋਂ ਵੀ ਵਧ ਫ਼ੌਜ) ਬੰਦਾ ਸਿੰਘ ਦੇ ਪਿੱਛੇ ਲਗੀ ਰਹੀ।

ਇਸ ਜੱਦੋਜਹਿਦ ਦੌਰਾਨ ਤੀਹ-ਚਾਲ੍ਹੀ ਹਜ਼ਾਰ ਤੋਂ ਵੀ ਵਧ ਸਿੱਖ ਸ਼ਹੀਦ ਹੋਏ। ਇਸ ਦੇ ਬਾਵਜੂਦ ਸਿੱਖ ਕੌਮ ਆਜ਼ਾਦੀ ਵਾਸਤੇ ਜੂਝਦੀ ਰਹੀ। ਬੰਦਾ ਸਿੰਘ ਤੋਂ ਬਾਅਦ ਵੀ ਮੁਗ਼ਲ ਬਾਦਸ਼ਾਹ ਪੰਜਾਬ ਵਿਚ ਸੁੱਖ ਦੀ ਹਕੂਮਤ ਨਾ ਕਰ ਸਕੇ। ਪੰਜਾਬ ਚੋਂ ਹਿੱਲੀਆਂ ਮੁਗ਼ਲ ਦਰਬਾਰ ਦੀਆਂ ਜੜ੍ਹਾਂ ਸਾਰੇ ਪਾਸੇ ਫੈਲ ਗਈਆਂ ਤੇ ਅਖ਼ੀਰ ਸਿੱਖ ਪੰਜਾਬ ਹੀ ਨਹੀਂ ਬਲਕਿ ਹਿੰਦੂਸਤਾਨ, ਰਾਜਸਥਾਨ ਤੇ ਪਹਾੜਾਂ ਵਿਚ ਵੀ ਸਿਆਸੀ ਫ਼ੈਸਲੇ ਕਰਨ ਵਾਲੀ ਹਸਤੀ ਬਣ ਚੁਕੇ ਸਨ। ਇਹ ਸਾਰਾ ਕੁਝ ਬੰਦਾ ਸਿੰਘ ਦੀ ਹੀ ਦੇਣ ਸੀ। ਉਂਞ ਜੇ ਰਤਨ ਸਿੰਘ ਭੰਗੂ ਵਰਗੇ ਲੇਖਕਾਂ ਦੀ ਇਹ ਗੱਲ ਮੰਨ ਲਈਏ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਤਨੀਆਂ, ਪਾਲਿਤ ਅਜੀਤ ਸਿੰਘ ਪਾਲਿਤ ਤੇ ਸਰਕਾਰੀ ਤੱਤ ਖਾਲਸਾ ਨੇ ਬੰਦਾ ਸਿੰਘ ਦੇ ਖ਼ਿਲਾਫ਼, ਮੁਗ਼ਲਾਂ ਦੀ ਸਿੱਧੀ ਤੇ ਅਸਿੱਧੀ ਮਦਦ ਕੀਤੀ ਤਾਂ ਤੇ ਹੋਰ ਵੀ ਕਮਾਲ ਹੈ ਕਿ ਇਸ ਹਾਲਤ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਨੇ ਜੋ ਕਾਰਨਾਮਾ ਕੀਤਾ ਉਹ ਸਿੱਖਾਂ ਦੀ ਤਵਾਰੀਖ਼ ਦਾ, ਗੁਰੂ-ਕਾਲ ਤੋਂ ਮਗਰੋਂ ਦਾ, ਸਭ ਤੋਂ ਵਧ ਸੁਨਹਿਰੀ ਕਾਲ ਹੈ।

ਬੰਦਾ ਸਿੰਘ ਨੇ ਪੰਜਾਬੀਆਂ ਤੇ ਹਿੰਦੁਸਤਾਨੀਆਂ ਨੂੰ ਕੌਮੀਅਤ ਦਾ ਪਹਿਲਾ ਸਬਕ ਪੜ੍ਹਾਇਆ ਪਰ ਗ਼ੁਲਾਮ ਹਿੰਦੁਸਤਾਨੀ ਜ਼ਿਹਨੀਅਤ ਇਸ ਨੂੰ ਨਾ ਸਮਝ ਸਕੀ। ਸਿਰਫ਼ ਸਿੱਖ ਕੌਮ ਨੇ ਹੀ ਇਸ ਨੂੰ ਸਮਝਿਆ, ਕਬੂਲਿਆ ਤੇ ਇਸ ਵਾਸਤੇ ਬੇਮਿਸਾਲ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਕੌਮੀਅਤ ਦਿਵਾਈ।

ਬੰਦਾ ਸਿੰਘ ਨੇ ਸਿੱਖਾਂ ਨੂੰ ਆਜ਼ਾਦੀ ਦੀ ਕੀਮਤ ਸਮਝਾਈ। ਇਕ ਹਾਕਮ ਅਤੇ ਗ਼ੁਲਾਮ ਦਾ ਫ਼ਰਕ ਸਮਝਣ ਮਗਰੋਂ ਸਿੱਖਾਂ ਨੇ ਮੁੜ ਗ਼ੁਲਾਮੀ ਕਬੂਲਣ ਤੋਂ ਨਾਂਹ ਕਰ ਦਿਤੀ। ਬੰਦਾ ਸਿੰਘ ਨੇ ਸਿੱਖਾਂ ਨੂੰ ਨਵੀਂ (ਹਕੂਮਤ ਦੀ) ਸ਼ਾਹੀ ਮੁਹਰ, ਖਾਲਸਾਈ ਸਿੱਕਾ ਅਤੇ ਨਵਾਂ ਸੰਮਤ ਦਿੱਤਾ। ਉਸ ਨੇ ਜਾਗੀਰਦਾਰੀ ਖ਼ਤਮ ਕਰਨ ਦੀ ਸੋਚ ਨੂੰ ਤਵਾਰੀਖ਼ ਵਿਚ ਪਹਿਲੀ ਵਾਰ ਅਮਲ ਵਿਚ ਲਿਆ ਕੇ ਦਿਖਾਇਆ ਉਸ ਨੇ ਹਰ ਇਕ ਵਾਹੀ ਕਰਨ ਵਾਲੇ ਨੂੰ ਜ਼ਮੀਨ ਦਾ ਮਾਲਿਕ ਬਣਾ ਦਿਤਾ। ਉਸ ਨੇ ਸਿੱਖਾਂ ਨੂੰ ਲੀਡਰਸ਼ਿਪ ਅਤੇ ਹੀਰੋਸ਼ਿਪ ਦਾ ਫ਼ਲਸਫ਼ਾ ਦ੍ਰਿੜ ਕਰਵਾਇਆ। ਉਸ ਨੇ ਸਿੱਖਾਂ ਨੂੰ ਜਥੇਬੰਦ ਹੋ ਕੇ ਜੇਤੂ ਹੋਣ ਦਾ ਅਹਿਸਾਸ ਸਮਝਾਇਆ।
ਉਸ ਨੇ ਸ਼ਹੀਦੀ ਵੇਲੇ ਆਖ਼ਰਾਂ ਦੇ ਤਸੀਹੇ ਬਰਦਾਸ਼ਤ ਕਰ ਕੇ ਈਨ ਨਾ ਮੰਨਣ ਅਤੇ ਧਰਮ ਅਤੇ ਅਣਖ ਖ਼ਾਤਰ ਕੁਰਬਾਨ ਹੋਣ ਦੀ ਮਿਸਾਲ ਪੇਸ਼ ਕੀਤੀ। ਦੁਨੀਆਂ ਭਰ ਦੀ ਤਵਾਰੀਖ਼ ਵਿਚ ਇਸ ਤਰ੍ਹਾਂ ਦੇ ਤਸੀਹੇ ਸਹਿ ਕੇ, ਉਫ਼ ਕੀਤੇ ਬਿਨਾ, ਕਿਸੇ ਹੋਰ ਨੇ ਇੰਞ ਸ਼ਹੀਦੀ ਨਹੀਂ ਦਿਤੀ ਹੋਵੇਗੀ। ਉਸ ਨੇ ਸੱਚਾ ਸਿੱਖੀ-ਜੀਵਨ ਜਿਊਣ ਦਾ ਰਾਹ ਸਮਝਾਇਆ ਅਤੇ ਆਪ ਵੀ ਇਕ ਸੱਚੇ ਸਿੱਖ ਵਾਂਗ ਜੀਵਿਆ ਅਤੇ ਮਰਿਆ। ਸਿਰਫ਼ 45 ਸਾਲ ਦੀ ਉਮਰ ਵਿਚ ਹੀ ਉਸ ਨੇ ਇਸ ਸਾਰੇ ਕਮਾਲ ਨੂੰ ਅੰਜਾਮ ਕਰ ਕੇ ਦਿਖਾਇਆ।
ਸਿੱਖ ਤਵਾਰੀਖ਼ ਵਿਚ ਬੰਦਾ ਸਿੰਘ ਦਾ ਨਾਂ ਗੁਰੂ ਸਾਹਿਬਾਨ ਤੋਂ ਮਗਰੋਂ ਦੀ ਤਵਾਰੀਖ਼ ਵਿਚ ਸਭ ਤੋਂ ਵਧ ਅਹਮੀਅਤ ਰਖਦਾ ਹੈ। ਬਾਕੀ ਦੀ ਫ਼ੌਜੀ ਤੇ ਸਿਆਸੀ ਤਵਾਰੀਖ਼ ਉਸ ਵੱਲੋਂ ਹਾਸਿਲ ਕੀਤੀ ਗਈ ਕਾਮਯਾਬੀ ਦੀ ਬੁਨਿਆਦ ’ਤੇ ਉਸਰੀ ਸੀ ਅਤੇ ਇਸ ਮਹਿਲ ਦੀਆਂ ਮਜ਼ਬੂਤ ਨੀਂਹਾਂ ਉਸ ਨੇ ਹੀ ਰੱਖੀਆਂ ਸਨ।

ਬਾਬਾ ਬੰਦਾ ਸਿੰਘ ਤੇ ਇਸਲਾਮਕੁਝ ਮੁਸਲਮਾਨ ਲਿਖਾਰੀਆਂ ਨੇ ਬੰਦਾ ਸਿੰਘ ਨੂੰ ਮੁਸਲਮਾਨਾਂ ’ਤੇ ਜ਼ੁਲਮ ਕਰਨ ਵਾਲੇ ਦੇ ਤੌਰ ’ਤੇ ਪੇਸ਼ ਕੀਤਾ ਹੈ ਜੋ ਕਿ ਸਿਰਫ਼ ਤੇ ਸਿਰਫ਼ ਬੇਇਨਸਾਫ਼ੀ ਹੈ। ਤਵਾਰੀਖ਼ ਗਵਾਹ ਹੈ ਕਿ ਬੰਦਾ ਸਿੰਘ ਨੇ ਇਕ ਵੀ ਬੇਗੁਨਾਹ ਮੁਸਲਮਾਨ ਨਹੀਂ ਸੀ ਮਾਰਿਆ। ਉਸ ਨੇ ਸਿਰਫ਼ ਜ਼ਾਲਮਾਂ ਨੂੰ ਸਜ਼ਾ ਦਿਤੀ ਸੀ। ਆਮ ਮਸਲਮਾਨ ਤਾਂ ਖ਼ੁਦ ਸਈਅਦ, ਮੁਗ਼ਲ ਤੇ ਪਠਾਨ ਹਾਕਮਾਂ ਦੇ ਜ਼ੁਲਮਾਂ ਦਾ ਸ਼ਿਕਾਰ ਸਨ। ਇਸ ਕਰ ਕੇ ਆਮ ਮੁਸਲਮਾਨ ਸਗੋਂ ਬੰਦਾ ਸਿੰਘ ਦੀ ਮਦਦ ਕਰਦੇ ਰਹੇ ਸਨ। ਸਮਾਣਾ, ਸਢੌਰਾ, ਬੂੜੀਆ, ਕਲਾਨੌਰ ਅਤੇ ਕਈ ਹੋਰ ਜਗਹ ਮੁਸਲਮਾਨਾਂ ਨੇ ਬੰਦਾ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਮਦਦ ਕੀਤੀ ਤੇ ਪੰਜਾਬ ਦੀ ਆਜ਼ਾਦੀ ਦੀ ਜੱਦੋਜਹਿਦ ਵਿਚ ਪੂਰਾ ਹਿੱਸਾ ਪਾਇਆ।
ਬੰਦਾ ਸਿੰਘ ਨੇ ਜਦ ਵੀ ਕੋਈ ਇਲਾਕਾ ਜਿੱਤਿਆ ਉਸ ਨੇ ਕਿਸੇ ਮਸਜਿਦ ਨੂੰ ਹੱਥ ਤਕ ਨਹੀਂ ਲਾਇਆ। ਸਮਾਣਾ, ਸਰਹੰਦ (ਹੁਣ ਫ਼ਤਹਿਗੜ੍ਹ ਸਹਿਬ), ਸਢੌਰਾ ਤੇ ਕਈ ਹੋਰ ਜਗਹ ਅਜ ਵੀ ਬੰਦਾ ਸਿੰਘ ਤੋਂ ਪਹਿਲਾਂ ਦੀਆਂ ਬਹੁਤ ਸਾਰੀਆਂ ਮਸਜਿਦਾਂ ਤੇ ਮਜ਼ਾਰਾਂ ਹੂ-ਬ-ਹੂ ਕਾਇਮ ਹਨ। ਦੂਜੇ ਪਾਸੇ ਮੁਸਲਮਾਨ ਹਾਕਮਾਂ ਨੇ ਸਿੱਖਾਂ ਦੇ ਹਰ ਧਾਰਮਿਕ ਅਦਾਰੇ ਨੂੰ ਕਈ ਵਾਰ ਲੁੱਟਿਆ ਤੇ ਢਾਹਿਆ ਸੀ ਅਤੇ ਸਰੋਵਰ ਮਿੱਟੀ, ਮਲਬੇ ਅਤੇ ਕੂੜੇ ਨਾਲ ਪੂਰ ਦਿੱਤੇ ਸਨ।
ਹੋਰ ਤਾਂ ਹੋਰ ਮੁਗ਼ਲ ਬਾਦਸ਼ਾਹ ਦੇ ਦਰਬਾਰ ਵਿਚ (28 ਅਪਰੈਲ 1711 ਨੂੰ) ਵੀ ਇਹ ਚਰਚਾ ਹੋਇਆ ਸੀ ਕਿ ਮੁਸਲਮਾਨ ਉਸ ਤੋਂ ਖ਼ੁਸ਼ ਹਨ ਤੇ ਕਲਾਨੌਰ ਵਿਚ ਤਾਂ 5 ਹਜ਼ਾਰ ਮੁਸਲਮਾਨ ਉਸ ਦੀ ਫ਼ੌਜ ਵਿਚ ਵੀ ਸ਼ਾਮਿਲ ਹੋ ਚੁਕੇ ਸਨ। ਬੰਦਾ ਸਿੰਘ ਸਿੱਖ ਤੇ ਮੁਸਲਮਾਨ ਹਰ ਇਕ ਨੂੰ ‘ਜੀ’ ਕਹਿ ਕੇ ਬੁਲਾਉਂਦਾ ਸੀ ਤੇ ਇਸਲਾਮ ਜਾਂ ਇਸ ਦੇ ਬਾਨੀ ਹਜ਼ਰਤ ਮੁਹੰਮਦ ਬਾਰੇ ਉਸ ਨੇ ਕਦੇ ਵੀ ਕੁਬੋਲ ਨਹੀਂ ਸੀ ਵਰਤਿਆ। ਦੂਜੇ ਪਾਸੇ ਮੁਸਲਮਾਨ ਸਾਰੇ ਹੀ ਸਿੱਖਾਂ ਨੂੰ ਨਫ਼ਰਤ ਕਰਦੇ ਸਨ ਤੇ ਆਮ ਬੋਲਚਾਲ ਜਾਂ ਲਿਖਤ ਜਾ ਹੁਕਮ ਵਿਚ ਕੁੱਤੇ ਜਾਂ ਕਾਫ਼ਰ ਜਾਂ ਚੋਰ ਕਹਿੰਦੇ ਜਾਂ ਲਿਖਦੇ ਸਨ। ਬੰਦਾ ਸਿੰਘ ਨੇ ਤਾਂ ਇਕ ਵਾਰ ਇਕ ਸਿੱਖ ਅਫ਼ਸਰ ਨੂੰ ਇਕ ਮਸਲਮਾਨ ਦੀ ਜਾਇਦਾਦ ਹੜਪ ਕਰਨ ਬਦਲੇ ਸਜ਼ਾ ਵੀ ਦਿੱਤੀ ਸੀ। ਬੰਦਾ ਸਿੰਘ ਦੇ ਇਸ ਇਨਸਾਫ਼ ਦੀ ਗਵਾਹੀ ਕੇਸਰ ਸਿੰਘ ਛਿਬਰ (ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਦਾ, ਬੰਦ 45 ਵਿਚ), ਬੰਦਾ ਸਿੰਘ ਦੀ ਜ਼ਬਾਨ ਤੋਂ ਇਨ੍ਹਾਂ ਲਫ਼ਜ਼ਾਂ ਵਿਚ ਦੇਂਦਾ ਹੈ:‘ਰਾਜੇ ਚੁਲੀ ਨਿਆਉਂ ਕੀ’ ਕਹਿਆ।ਇਉਂ ਗ੍ਰੰਥ ਵਿਚ ਲਿਖਿਆ ਲਹਿਆ।ਨਿਆਉਂ ਨ ਕਰੇ ਤੇ ਨਰਕ ਜਾਏ। ਰਾਜਾ ਹੋਇ ਕੇ ਨਿਆਉਂ ਕਮਾਏ।43।ਪੁਰਖ ਬਚਨ ਮੁਝ ਕੋ ਐਸੇ ਹੈ ਕੀਤਾ। ਮਾਰਿ ਪਾਪੀ ਮੈਂ ਵੈਰ ਪੁਰਖ ਦਾ ਲੀਤਾ।ਜੇ ਤੁਸੀਂ ਉਸ ਪੁਰਖ ਦੇ ਸਿਖ ਅਖਾਓ। ਤਾਂ ਪਾਪ ਅਧਰਮ ਅਨਿਆਉ ਨਾ ਕਮਾਓ।44।ਸਿੱਖ ਉਬਾਰਿ ਅਸਿੱਖ ਸੰਘਾਰੋ। ਪੁਰਖ ਦਾ ਕਹਿਆ ਹਿਰਦੇ ਧਾਰੋ।…ਭੇਖੀ ਲੰਪਟ ਪਾਪੀ ਚੁਣ ਮਾਰੋ।45।

ਇਸ ਤੋਂ ਪਤਾ ਲਗਦਾ ਹੈ ਕਿ ਬੰਦਾ ਸਿੰਘ ਨੇ ਸਿੱਖਾਂ ਨੂੰ ਬੇਇਨਸਾਫ਼ੀ ਤੋਂ ਰੋਕਣ ਵਾਸਤੇ ਬੜੀਆਂ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਸਨ। ਦੂਜੇ ਪਾਸੇ ਮੁਗ਼ਲ ਹਾਕਮਾਂ ਨੇ ਬੰਦਾ ਸਿੰਘ ਦੀ ਸਿਆਸੀ ਜੱਦੋਜਹਿਦ ਦੇ ਖ਼ਿਲਾਫ਼ ਜਹਾਦ ਦਾ ਨਾਅਰਾ ਲਾਇਆ ਸੀ ਅਤੇ ਆਮ ਸਿੱਖਾਂ ’ਤੇ ਜ਼ੁਲਮ ਕੀਤੇ ਸਨ। ਬਹਾਦਰ ਸ਼ਾਹ ਨੇ ਤਾਂ 10 ਦਸੰਬਰ 1710 ਨੂੰ ‘ਜਿੱਥੇ ਵੀ ਸਿੱਖ ਨਜ਼ਰ ਆਵੇ ਕਤਲ ਕਰ ਦਿੱਤਾ ਜਾਵੇ’ ਦਾ ਫ਼ੁਰਮਾਨ ਵੀ ਜਾਰੀ ਕੀਤਾ ਸੀ। ਸੋ, ਬੰਦਾ ਸਿੰਘ ਨੂੰ ਇਸਲਾਮ ਵਿਰੋਧੀ ਕਹਿਣਾ ਉਸ ਨਾਲ ਧੱਕਾ ਹੈ ਤੇ ਤਵਾਰੀਖ਼ ਨਾਲ ਜ਼ਿਆਦਤੀ ਹੈ।

ਬਾਬਾ ਬੰਦਾ ਸਿੰਘ ਅਤੇ ਹਿੰਦੂ ਰਾਜੇ ਤੇ ਚੌਧਰੀਬੰਦਾ ਸਿੰਘ ਵੱਲੋਂ ਲੜੀ ਗਈ ਆਜ਼ਾਦੀ ਦੀ ਜੰਗ ਵਿਚ ਕਿਸੇ ਵੀ ਹਿੰਦੂ ਨੇ ਸਾਥ ਨਹੀਂ ਸੀ ਦਿੱਤਾ। ਜੇ ਕਿਤੇ ਕੋਈ ਹਿੰਦੂ ਉਸ ਦੇ ਨਾਲ ਰਲੇ ਤਾਂ ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਲੁੱਟਮਾਰ ਤਕ ਹੀ ਸੀਮਤ ਸੀ। ਜਦ ਅਸਲ ਲੜਾਈ ਦਾ ਵੇਲਾ ਆਉਂਦਾ ਸੀ ਤਾਂ ਇਹ ਹਿੰਦੂ ਮੈਦਾਨ ਵਿੱਚੋਂ ਭੱਜ ਜਾਇਆ ਕਰਦੇ ਸਨ। ਜਿੰਨੇ ਵੀ ਹਿੰਦੂ ਰਾਜੇ ਸਨ ਉਹ ਸ਼ਰੇਆਮ ਮੁਗ਼ਲ ਬਾਦਸ਼ਾਹਾਂ ਦਾ ਸਾਥ ਦੇਂਦੇ ਰਹੇ ਸਨ। ਬਹੁਤੇ ਹਿੰਦੂ ਰਾਜੇ ਤਾਂ ਆਪਣੀਆਂ ਫ਼ੌਜਾਂ ਲੈ ਕੇ ਮੁਗ਼ਲ ਫ਼ੌਜਾਂ ਨਾਲ ਰਲ ਕੇ ਸਿੱਖਾਂ ਦੇ ਖ਼ਿਲਾਫ਼ ਲੜੇ ਸਨ। ਇਨ੍ਹਾਂ ਵਿਚੋਂ ਛਤਰਸਾਲ ਬੁੰਦੇਲਾ, ਚੂੜਾਮਨਿ ਜੱਟ (ਮਗਰੋਂ ਇਹ ਭਰਤਪੁਰ ਦਾ ਹਾਕਮ ਬਣਿਆ। ਇਹ ਸੂਰਜ ਮੱਲ ਦਾ ਪਿਤਾ ਸੀ), ਗੋਪਾਲ ਸਿੰਹ ਭਦਾਵੜੀਆ, ਉਦਿਤ ਸਿੰਹ ਬੁੰਦੇਲਾ, ਬਦਨ ਸਿੰਹ ਬੁੰਦੇਲਾ, ਬਚਨ ਸਿੰਹ ਕਛਵਾਹਾ, ਅਜੀਤ ਸਿੰਹ ਜੋਧਪੁਰੀਆ, ਜੈ ਸਿੰਹ ਸਵਾਈ ਜੈਪੁਰੀਆ, ਅਜਮੇਰ ਦਾ ਰਾਜਾ ਅਮਰ ਸਿੰਹ ਅਤੇ ਸ਼ਿਵਾਲਿਕ ਪਹਾੜਾਂ (ਨਾਹਨ, ਜੰਮੂ, ਕੁੱਲੂ, ਕਾਂਗੜਾ ਵਗ਼ੈਰਾ) ਦੇ ਹਿੰਦੂ ਰਾਜੇ ਤੇ ਹੋਰ ਕਈ ਤਾਂ ਸਿੱਖਾਂ ਦੇ ਖ਼ਿਲਾਫ਼ ਸਗੋਂ ਅੱਗੇ ਹੋ ਕੇ ਲੜੇ ਸਨ। ਜੋਧਪੁਰ ਅਤੇ ਜੈਪੁਰ ਦੇ ਹਿੰਦੂ ਰਾਜਿਆਂ ਨੇ ਤਾਂ ਸਤੰਬਰ 1711ਵਿਚ ਉਨ੍ਹਾਂ ਨੂੰ ਮਿਲਣ ਆਏ ਸਿੱਖ ਸਫ਼ੀਰ ਵੀ ਕਤਲ ਕਰ ਦਿੱਤੇ ਸਨ।

ਉਂਞ ਮੁਗ਼ਲਾਂ ਤੋਂ ਆਜ਼ਾਦੀ ਦਾ ਫ਼ਾਇਦਾ ਵਧੇਰੇ ਹਿੰਦੂਆਂ ਨੂੰ ਹੀ ਪੁਜਦਾ ਸੀ ਪਰ ਫਿਰ ਵੀ ਹਿੰਦੂ ਮੁਗ਼ਲਾਂ ਨਾਲ ਰਲ ਕੇ ਸਿੱਖਾਂ ਦੇ ਖ਼ਿਲਾਫ਼ ‘ਜਹਾਦ’ ਤਕ ਵਿਚ ਸ਼ਾਮਿਲ ਹੁੰਦੇ ਰਹਿੰਦੇ ਸਨ, ਜਿਵੇਂ ਸਤੰਬਰ-ਅਕਤੂਬਰ 1710 ਵਿਚ ਲਾਹੌਰ ਦੇ ਜਹਾਦ ਵਿਚ ਅਤੇ ਨਵੰਬਰ 1710 ਦੀ ਲੋਹਗੜ੍ਹ ਦੇ ਘੇਰੇ ਅਤੇ ਮਈ-ਦਸੰਬਰ 1715 ਦੇ ਗੁਰਦਾਸ ਨੰਗਲ ਦੇ ਘੇਰੇ ਵੇਲੇ, ਦਰਜਨਾਂ ਹਿੰਦੂ ਰਾਜੇ ਤੇ ਚੌਧਰੀ ਆਪਣੀਆਂ ਫ਼ੌਜਾਂ ਲੈ ਕੇ ਆਪ ਖ਼ੁਦ ਆਏ ਹੋਏ ਸਨ। ਪਰ ਜੇ ਇਸ ਵੇਲੇ ਰਾਜਿਸਥਾਨ ਦੇ ਹਿੰਦੂ ਰਾਜਪੂਤ ਰਾਜੇ ਬਗ਼ਾਵਤ ਕਰ ਦੇਂਦੇ ਤਾਂ ਮੁਗ਼ਲ ਫ਼ੌਜਾਂ ਦੋ ਮੁਹਾਜ਼ਾਂ ’ਤੇ ਵੰਡੀਆਂ ਜਾਣੀਆਂ ਸਨ ਤੇ ਪੰਜਾਬ ਅਤੇ ਰਾਜਿਸਥਾਨ ਵਿਚੋਂ ਮੁਗ਼ਲ ਹਕੂਮਤ ਖ਼ਤਮ ਹੋ ਜਾਣ ਦੇ ਪੂਰੇ ਆਸਾਰ ਸਨ।ਸਿਰਫ਼ ਰਾਜਿਆਂ, ਚੌਧਰੀਆਂ ਤੇ ਜਾਗੀਰਦਾਰਾਂ ਹੀ ਨਹੀਂ ਆਮ ਹਿੰਦੂਆਂ ਵਿੱਚੋਂ ਵੀ ਕਿਸੇ ਨੇ ਬੰਦਾ ਸਿੰਘ ਜਾਂ ਸਿੱਖ ਫ਼ੌਜਾਂ ਦਾ ਸਾਥ ਨਹੀਂ ਸੀ ਦਿੱਤਾ। ਹੋਰ ਤਾਂ ਹੋਰ ਪੰਜਾਬ ਦਾ ਇਕ ਵੀ ਹਿੰਦੂ, ਬੰਦਾ ਸਿੰਘ ਦੀ ਫ਼ੌਜ ਵਿਚ ਨਹੀਂ ਸੀ ਤੇ ਸਿਰਫ਼ ‘ਗੁਰੂ ਦੇ ਸ਼ੇਰ’ ਹੀ ਜਾਨਾਂ ਵਾਰਨ ਵਾਸਤੇ ਅੱਗੇ ਆਏ ਸਨ। ਪੰਜਾਬੀ ਹਿੰਦੂਆਂ ਦੀਆਂ ਨਸਲਾਂ ਨੇ ਹੀ ਮਗਰੋਂ ਲਖਪਤ ਰਾਏ, ਜਸਪਤ ਰਾਏ, ਲਛਮੀ ਦਾਸ, ਭਵਾਨੀ ਦਾਸ ਪੈਦਾ ਕੀਤੇ ਸਨ ਜੋ ਮੁਗ਼ਲਾਂ ਦੇ ਵਜ਼ੀਰ ਤੇ ਜਰਨੈਲ ਬਣ ਕੇ ਸਿੱਖਾਂ ਤੇ ਜ਼ੁਲਮ ਢਾਹੁੰਦੇ ਰਹੇ ਸਨ।

ਡਾ: ਦਿਲਗੀਰ ਦੀ ਕਿਤਾਬ ‘ਸਿੱਖ ਤਵਾਰੀਖ਼’ ਜਿਲਦ ਦੂਜੀ ਵਿਚੋਂ

Comments

comments

Share This Post

RedditYahooBloggerMyspace