ਪੰਜਾਬੀ ਸਿਨਮਾ: ਕੱਚ ਤੇ ਸੱਚ

ਜਤਿੰਦਰ ਸਿੰਘ

ਫ਼ਿਲਮ ਕਲਾ ਦਾ ਅਜਿਹਾ ਨਮੂਨਾ ਹੈ ਜਿਸ ਨਾਲ ਲੋਕ ਸਮਾਜ ਦੇ ਅਜਿਹੇ ਪਹਿਲੂਆਂ ਨੂੰ ਗਹੁ ਨਾਲ ਦੇਖਦੇ ਹਨ ਜਿਨ੍ਹਾਂ ਦਾ ਅਕਸ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਧੁੰਦਲਾ ਹੋ ਚੁੱਕਿਆ ਹੈ। ਫ਼ਿਲਮਸਾਜ਼ ਦਾ ਬੁਨਿਆਦੀ ਕਰਤੱਵ ਮਨੋਰੰਜਨ, ਸੁਹਜ-ਸੁਆਦ ਦੇ ਨਾਲ-ਨਾਲ ਸਮਾਜਿਕ ਪੱਖਾਂ ਤੇ ਊਣਤਾਈਆਂ ਨੂੰ ਵੀ ਦਰਸ਼ਕਾਂ ਸਾਹਮਣੇ ਪੇਸ਼ ਕਰਨਾ ਹੁੰਦਾ ਹੈ, ਪਰ ਪੰਜਾਬੀ ਸਿਨਮਾ ਆਪਣੇ ਮੂਲ ਮਕਸਦ ਤੋਂ ਪਾਸਾ ਵਟਦਾ ਨਜ਼ਰ ਆਉਂਦਾ ਹੈ।
ਪੰਜਾਬੀ ਸਿਨਮਾ ਅਜੇ ਤਕ ਉਸ ਮਿਆਰ ਦੀਆਂ ਫ਼ਿਲਮਾਂ ਦਾ ਨਿਰਮਾਣ ਨਹੀਂ ਕਰ ਸਕਿਆ, ਜਿਸ ਤਰ੍ਹਾਂ ਦੂਜੀਆਂ ਹਿੰਦੋਸਤਾਨੀ ਬੋਲੀਆਂ ਵਿਚ ਬਣ ਰਹੀਆਂ ਹਨ। ਇੱਥੇ ਮਰਾਠੀ ਬੋਲੀ ਵਿਚ ਬਣੀਆਂ ਫ਼ਿਲਮਾਂ ਨੂੰ ਦੇਖ ਸਕਦੇ ਹਾਂ। ‘ਕੋਰਟ’, ‘ਸੈਰਾਟ’, ‘ਫੰਡ੍ਰੀ’ ਆਦਿ। ਇਹ ਫ਼ਿਲਮਾਂ ਉਸ ਸਮਾਜ ਦੇ ਲੋਕ-ਜੀਵਨ ਦੀ ਝਲਕ ਨੂੰ ਪੇਸ਼ ਹੀ ਨਹੀਂ ਕਰਦੀਆਂ ਸਗੋਂ ਲੋਕਾਂ ਦੀਆਂ ਸੰਵੇਦਨਾਵਾਂ, ਅਹਿਸਾਸਾਂ, ਸੁਪਨਿਆਂ ਤੇ ਖਾਹਿਸ਼ਾਂ ਦਾ ਵੀ ਚਿਤਰਣ ਕਰਦੀਆਂ ਹਨ। ਇਹ ਫ਼ਿਲਮਾਂ ਆਪਣੇ ਮੁੱਢਲੇ ਕਰਤੱਵ ਦੀ ਪਛਾਣ ਦੇ ਨਾਲ-ਨਾਲ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ।

ਪੰਜਾਬੀ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਦਾ ਦ੍ਰਿਸ਼।

‘ਕੋਰਟ’ ਨਾਮੀ ਮਰਾਠੀ ਫ਼ਿਲਮ ਵਿਚ ਨਿਰਦੇਸ਼ਕ ਚੈਤਨਿਆ ਤਮ੍ਹਨੇ ਨੇ ਮਹਾਂਨਗਰੀ ਵਿਵਸਥਾ ਵਿਚ ਸੀਵਰੇਜ ਕਰਮਚਾਰੀਆਂ ਦੇ ਜੀਵਨ ਨੂੰ ਬੜੀ ਸੁਘੜਤਾ ਨਾਲ ਪੇਸ਼ ਕੀਤਾ। ਇਹ ਫ਼ਿਲਮ ਸਮਾਜਿਕ ਸਮੱਸਿਆ ਨੂੰ ਸਿਰਫ਼ ਉਘਾੜਦੀ ਹੀ ਨਹੀਂ, ਸਗੋਂ ਲੋਕ ਗੀਤਾਂ ਦੀ ਵਿਧੀ ਰਾਹੀਂ ਲੋਕਾਂ ਤਕ ਆਪਣੀ ਗੱਲ ਪਹੁੰਚਾਉਂਦੀ ਹੈ ਕਿ ਕਿਵੇਂ ਲੋਕਾਂ ਦੇ ਹੱਕਾਂ ਤੇ ਕਾਮਿਆਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇ? ਦੂਸਰੀਆਂ ਫ਼ਿਲਮਾਂ ‘ਸੈਰਾਟ’ ਤੇ ‘ਫੰਡ੍ਰੀ’ ਵਿਚ ਜਾਤ ਨਾਲ ਸਬੰਧਤ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਸਮਾਜ ਅੰਦਰ ਅੰਤਰਜਾਤੀ ਵਿਆਹ ਨਾਲ ਜਿਸ ਤਰ੍ਹਾਂ ਦਾ ਸਮਾਜਿਕ ਮਾਹੌਲ ਉਤਪੰਨ ਹੁੰਦਾ ਹੈ, ਉਸ ਨੂੰ ਨਿਰਦੇਸ਼ਕਾਂ ਨੇ ਬੜੇ ਸੁਹਜ ਤੇ ਸੰਵੇਦਨਸ਼ੀਲ ਢੰਗ ਨਾਲ ਫ਼ਿਲਮਾਇਆ ਹੈ।
ਦੂਜੇ ਪਾਸੇ ਪੰਜਾਬੀ ਫ਼ਿਲਮਾਂ ਵਿਚ ਮੂਲ ਨਿਵਾਸੀਆਂ/ਲੋਕਾਂ ਦੀਆਂ ਭਾਵਨਾਵਾਂ ਤੇ ਸੰਵੇਦਨਾਵਾਂ ਨੂੰ ਸਮਝਿਆਂ ਬਗੈਰ ਹੀ ਪੰਜਾਬੀ ਬੰਦੇ ਦੇ ਕਿਰਦਾਰ ਨੂੰ ਹਾਸੋਹੀਣਾ ਬਣਾ ਕੇ ਪੇਸ਼ ਕਰ ਰਹੀਆਂ ਹਨ। ਇਨ੍ਹਾਂ ਫ਼ਿਲਮਾਂ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਕਿਸਾਨਾਂ ਤੇ ਕਾਮਿਆਂ ਦੀ ਧਰਤੀ ਹੀ ਨਹੀਂ, ਇੱਥੇ ਸਿਰਫ਼ ਵਿਆਹ, ਮੇਲੇ, ਗੀਤਾਂ, ਭੰਗੜਿਆਂ ਵਿਚ ਵਿਅਸਤ ਲੋਕ ਮਸਤੀ ਵਿਚ ਰੰਗੇ ਹੋਏ ਹਨ। ਇਨ੍ਹਾਂ ਫ਼ਿਲਮਸਾਜ਼ਾਂ ਨੂੰ ਪੰਜਾਬ ਦੀ ਖੇਤੀ, ਨੌਜਵਾਨਾਂ ਦੀ ਬੇਰੁਜ਼ਗਾਰੀ ਤੇ ਪਰਵਾਸ ਨਾਲ ਕੋਈ ਵਾਹ-ਵਾਸਤਾ ਨਹੀਂ ਸਗੋਂ ਉਹ ਇਕ ਸੁਪਨ ਸੰਸਾਰ ਬਣਾ ਕੇ ਪੇਸ਼ ਕਰ ਰਹੇ ਹਨ।

ਫ਼ਿਲਮ ‘ਸਿੰਘ ਵਰਸਿਜ਼ ਕੌਰ’ ਵਿਚ ਗਿੱਪੀ ਗਰੇਵਾਲ ਤੇ ਸੁਰਵੀਨ ਚਾਵਲਾ।

ਪਿਛਲੇ ਸਮੇਂ ਵਿਚ ਜੋ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਉਹ ਜ਼ਿਆਦਾਤਰ ਕਿਸਾਨੀ ਸੱਭਿਆਚਾਰ ਦੀ ਓਪਰੀ ਜਿਹੀ ਝਲਕ ਨੂੰ ਹੀ ਦਿਖਾਉਂਦੀਆਂ ਹਨ। ਉਨ੍ਹਾਂ ਵਿਚ ‘ਨਿੱਕਾ, ਜ਼ੈਲਦਾਰ’, ‘ਮੰਜੇ ਬਿਸਤਰੇ’, ‘ਵਧਾਈਆਂ ਜੀ ਵਧਾਈਆਂ’, ‘ਲਾਵਾਂ ਫੇਰੇ’, ‘ਜੱਟ ਐਂਡ ਜੂਲੀਅਟ’, ‘ਸਿੰਘ VS ਕੌਰ’, ‘ਪ੍ਰਾਹੁਣਾ’, ‘ਕੈਰੀਓਨ ਜੱਟਾ’ ਤੇ ਹੋਰ। ਇਨ੍ਹਾਂ ਫ਼ਿਲਮਾਂ ਦਾ ਮੂਲ ਮੰਤਵ ਸਿਰਫ਼ ਮੁਨਾਫ਼ਾ ਕਮਾਉਣਾ ਹੈ। ਇਨ੍ਹਾਂ ਫ਼ਿਲਮਾਂ ਦਾ ਲੋਕ ਭਾਵਨਾਵਾਂ ਤੇ ਮੁੱਦਿਆਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਪੰਜਾਬੀ ਫ਼ਿਲਮਾਂ ਅਜਿਹਾ ਰੁਮਾਂਸ ਪੈਦਾ ਕਰ ਦਿੰਦਿਆਂ ਹਨ, ਜਿਸ ਤੋਂ ਉਤਪੰਨ ਹੋਈ ਸਥਿਤੀ ਹਾਸੋ-ਹੀਣੀ ਬਣ ਜਾਂਦੀ ਹੈ।
ਪ੍ਰੇਮ ਕਹਾਣੀਆਂ ਵਾਲੀਆਂ ਫ਼ਿਲਮਾਂ ਵੀ ਮੂਲ ਮੁੱਦਿਆਂ ਤੋਂ ਭੱਜਦੀਆਂ ਹਨ। ਉਨ੍ਹਾਂ ਵਿਚ ਸਿਵਾਏ ਅਮੀਰੀ-ਗ਼ਰੀਬੀ ਤੋਂ ਕੋਈ ਮੁੱਦਾ ਉੱਘੜਦਾ ਨਜ਼ਰ ਨਹੀਂ ਆਉਂਦਾ, ਜਿੱਥੇ

ਦੂਜੀਆਂ ਬੋਲੀਆਂ ਵਿਚ ਬਣੀਆਂ ਫ਼ਿਲਮਾਂ ਜਾਤ ਵਰਗੇ ਗੰਭੀਰ ਤੇ ਪੇਚੀਦਾ ਪਹਿਲੂ ਵੀ ਬੜੇ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਦੀਆਂ ਹਨ ਕਿ ਕਿਵੇਂ ਜਾਤ ਪ੍ਰੇਮ ਦੇ ਰਾਹ ਵਿਚ ਰੁਕਾਵਟ ਬਣਦੀ ਹੈ, ਜਿਸ ਦਾ ਹੱਲ ਪੰਜਾਬੀ ਸਮਾਜ ਵਿਚ ਦੂਰ ਤਕ ਨਜ਼ਰ ਨਹੀਂ ਪੈਂਦਾ। ਸਗੋਂ ਜਾਤੀਵਾਦ ਭਾਵਨਾ ਨੂੰ ਉਘਾੜਦੀਆਂ ਨਜ਼ਰ ਆਉਂਦੀਆਂ ਹਨ। ਕੁਝ ਹੋਰ ਪੰਜਾਬੀ ਫ਼ਿਲਮਾਂ ਪੇਂਡੂ ਧਰਾਤਲ ਦੀ ਆੜ ਵਿਚ ਪੇਂਡੂ ਜੀਵਨ ਨੂੰ ਵੀ ਰੁਮਾਂਸਵਾਦੀ ਬਣਾ ਦਿੱਤਾ ਜਾਂਦਾ ਹੈ। ਉਹ ਸਾਰੀਆਂ ਵਿਆਹ, ਮੇਲ-ਮਿਲਾਪ, ਮੇਲਿਆਂ, ਭੰਗੜਿਆਂ, ਨਾਚਾਂ ’ਤੇ ਹੀ ਕੇਂਦਰਤ ਰਹਿੰਦੀਆਂ ਹਨ। ਉਨ੍ਹਾਂ ਫ਼ਿਲਮਾਂ ਦਾ ਕਿਰਸਾਨੀ ਨਾਲ ਦੂਰ-ਦੂਰ ਤਕ ਦਾ ਕੋਈ ਸਬੰਧ ਨਹੀਂ। ਪਰਵਾਸ ’ਤੇ ਆਧਾਰਿਤ ਪੰਜਾਬੀ ਫ਼ਿਲਮਾਂ ਵਿਚ ਪੱਛਮੀ ਮੁਲਕਾਂ ਦੀ ਚਕਾਚੌਂਧ ਜ਼ਿੰਦਗੀ ਦੇ ਸੁਪਨਮਈ ਦ੍ਰਿਸ਼ ਨੂੰ ਬਿਆਨ ਕਰਦੀਆਂ ਹਨ ਨਾ ਕਿ ਪਰਵਾਸ ਨਾਲ ਸਬੰਧਤ ਬੁਨਿਆਦੀ ਸਰੋਕਾਰਾਂ ਨੂੰ। ਪੰਜਾਬੀ ਫ਼ਿਲਮਾਂ ਵੱਖਰੇ ਤਰ੍ਹਾਂ ਦੇ ਲੋਕਾਂ ਦੇ ਵਰਗ ਲਈ ਬਣਾਈਆਂ ਗਈਆਂ ਜਾਪਦੀਆਂ ਹਨ ਜੋ ਇਸ ਧਰਤ ਦੇ ਨਹੀਂ ਸਗੋਂ ਕਿਸੇ ਦੂਜੇ ਗ੍ਰਹਿ ਦੇ ਵਸਨੀਕ ਹੋਣ।
ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬੀ ਫ਼ਿਲਮਾਂ ਵਿਚ ਬਿਹਤਰੀਨ ਫ਼ਿਲਮਾਂ ਨੂੰ ਦਰਸ਼ਕਾਂ ਦੀ ਘਾਟ ਹੈ। ਲੋਕ ਮੁੱਦਿਆਂ ’ਤੇ ਬਣਾਈਆਂ ਜਾਣ ਵਾਲੀਆਂ ਫ਼ਿਲਮਾਂ ਵਿਚ ਲੋਕ ਦਿਲਚਸਪੀ ਘੱਟ ਲੈਂਦੇ ਹਨ ਜਾਂ ਫਿਰ ਉਹ ਵਿਚਾਰ-ਚਰਚਾ ਦਾ ਹਿੱਸਾ ਨਹੀਂ ਬਣਦੀਆਂ। ‘ਚੌਥੀ ਕੂਟ’, ਅੰਨ੍ਹੇ ਘੋੜੇ ਦਾ ਦਾਨ’, ‘ਮੜ੍ਹੀ ਦਾ ਦੀਵਾ’ ਜਾਂ ਕੁਝ ਬਾਇਓਪਿਕਸ ਦਾ ਜ਼ਿਕਰ ਸ਼ਲਾਘਾਯੋਗ ਹੈ।

Comments

comments

Share This Post

RedditYahooBloggerMyspace