ਵਿਸਮਾਦੀ ਜੀਵਨ ਅਤੇ ਸਮਾਜ ਦਾ ਸੰਕਲਪ: ਸ੍ਰੀ ਗੁਰੂ ਗਰੰਥ ਸਾਹਿਬ ਦਾ ਵਿਸ਼ਵ ਨੂੰ ਮੌਲਿਕ ਯੋਗਦਾਨ

ਗੁਰਭਗਤ ਸਿੰਘ (ਡਾ.)

‘ਸ੍ਰੀ ਗੁਰੂ ਗਰੰਥ ਸਾਹਿਬ’ ਦਾ ਯੋਗਦਾਨ ਅਨਿਕ-ਪੱਖੀ ਹੈ, ਪਰ ਬਹੁਤ ਗੌਰਵਸ਼ੀਲ ਪੱਖ ਜੇ ਦ੍ਰਿਸ਼ਟੀਮਾਨ ਕਰਨਾ ਹੋਵੇ ਤਾਂ ਉਹ ਵਿਸ਼ਵ ਲਈ ਵਿਸਮਾਦੀ ਜੀਵਨ ਅਤੇ ਇਸ ਦੇ ਅਭਿਆਸ ਦਾ ਸੰਕਲਪ ਦੇਣਾ ਹੈ। ਸੱਚ ਇਹ ਹੈ ਕਿ ਬਾਣੀ ਵਿਚ ਸੰਕਲਪ ਅਤੇ ਅਭਿਆਸ ਦੋਵੇਂ ਜੁੜੇ ਹੋਏ ਹਨ। ਨਿਆਇ ਅਤੇ ਦਲੀਲ ਦੀ ਭਾਸ਼ਾ ਵਿੱਚ ਅਸੀਂ ਸੰਕਲਪ ਅਤੇ ਅਭਿਆਸ ਨੂੰ ਵੱਖ ਵੱਖ ਕਰਕੇ ਦੇਖ ਲੈਂਦੇ ਹਾਂ, ਪਰ ਇਸ ਗੌਰਵਸ਼ੀਲ ਗਰੰਥ ਵਿਚ ਇਹ ਜੁੜੇ ਹੋਏ ਹਨ।

ਵਿਸਮਾਦੀ ਜੀਵਨ ਅਤੇ ਅਭਿਆਸ ਦਾ ਕੇਂਦਰ ‘ਵਾਹਿਗੁਰੂ’ ਹੈ। ਜੇ ਭਾਈ ਕਾਨ੍ਹ ਸਿੰਘ ਨਾਭਾ ਦੀ ਸਹਾਇਤਾ ਨਾਲ ਵਾਹਿਗੁਰੂ ਦੇ ਅਰਥ ਕਰੀਏ ਤਾਂ ਇਹ ਬਣਦੇ ਹਨ: ਅਸਚਰਜਤਾ ਦਾ ਗੁਰੂ, ਵਾਹਿਗੁਰੂ ਸਰਬਸ਼ਕਤੀਮਾਨ ਹੈ, ਸੁੰਦਰ ਹੈ, ਅਦਭੁੱਤ ਹੈ, ਪਰ ਉਹ ਅਜਿਹੀ ਸ਼ਕਤੀ ਨਹੀਂ ਜੋ ਸਿਤਮਕਾਰ ਹੋਵੇ, ਜਾਂ ਪੱਛਮੀ ਅਰਥਾਂ ਵਿਚ ‘ਇਡੀਪਲ’ ਹੋਵੇ। ਇਸ ਲਈ ਵਾਹਿਗੁਰੂ ਕਿਸੇ ਕਿਸਮ ਦਾ ਸੁਲਤਾਨ ਜਾਂ ਇਡੀਪਸ ਨਹੀਂ। ‘ਸ੍ਰੀ ਗੁਰੂ ਗਰੰਥ ਸਾਹਿਬ’ ਦਾ ਵਾਹਿਗੁਰੂ ‘ਵਿਗਾਸ’ ਬਖਸ਼ਦਾ ਹੈ। ਕੇਵਲ ‘ਵਿਕਾਸ’ ਨਹੀਂ। ਵਿਗਾਸ ਖੇੜਾ ਵੀ ਹੈ ਅਤੇ ਸਰਬਪੱਖੀ ਪ੍ਰਫੁੱਲਤਾ ਵੀ। ਵਾਹਿਗੁਰੂ ਸੰਗੀਤ ਵੀ ਹੈ ਜੋ ਸਾਰੀ ਸ੍ਰਿਸ਼ਟੀ ਗਾ ਰਹੀ ਹੈ। ਸ੍ਰਿਸ਼ਟੀ ਦੀਆਂ ਸਭ ਸ਼ਕਤੀਆਂ ਜਾਂ ਊਰਜਾਵਾਂ ਇਸ ਸੰਗੀਤ ਨੂੰ ਗਾ ਰਹੀਆਂ ਹਨ। ਵਾਹਿਗੁਰੂ ਭਰਪੂਰ ਸ਼ਾਇਰੀ ਲਈ ਪ੍ਰੇਰਿਤ ਕਰਦਾ ਹੈ। ਇੱਥੋਂ ਤਕ ਕਿ ਗੁਰੂ ਨਾਨਕ ਸਾਹਿਬ ਵੀ ਆਪਣੇ ਆਪ ਨੂੰ ਉਸ ਦਾ ‘ਢਾਡੀ’ ਜਾਂ ‘ਸ਼ਾਇਰ’ ਆਖਦੇ ਹਨ।

ਵਾਹਿਗੁਰੂ, ਸ਼ਾਇਰੀ ਅਤੇ ਸੰਗੀਤ ਦਾ ਸਰੋਤ ਅਤੇ ਪ੍ਰੇਰਕ ਹੈ, ਇਸ ਲਈ ਉਸ ਬਾਰੇ ਗੱਲ ਵੀ ਕਵਿਤਾ ਜਾਂ ਬਾਣੀ ਰਾਹੀਂ ਹੋ ਸਕਦੀ ਹੈ। ਵਾਹਿਗੁਰੂ ਵਿਸਮਾਦੀ ਹੈ ਕਿਉਂਕਿ ਉਹ ਅਨਿਕਪੱਖਤਾ ਜਾਂ ਵਿਚਿੱਤਰਤਾ ਦਾ ਗੁਰੂ ਹੈ। ਬ੍ਰਹਿਮੰਡੀ ਜੀਵਨ ਵਿੱਚ ਜੋ ”ਭੇਦ”, ”ਰੂਪ” ਅਤੇ ”ਰੰਗ” ਹਨ, ਉਹ ਸਭ ਵਿਸਮਾਦੀ ਹਨ। ਵਾਹਿਗੁਰੂ ਆਪਣੀ ਇਸ ਵਿਚਿੱਤਰਤਾ ਨੂੰ ਆਪ ਦੇਖਦਾ ਹੈ, ਇਸ ਦੀ ਵਿਚਿੱਤਰਤਾ ਵਿੱਚ ਉਹ ਪੂਰੀ ਤਰ੍ਹਾਂ ਸ਼ਾਮਿਲ ਹੈ। ”ਆਸਾ ਦੀ ਵਾਰ ਵਿੱਚ” ਗੁਰੂ ਨਾਨਕ ਦੇਵ ਜੀ ਨੇ ਇਹ ਫ਼ੁਰਮਾਇਆ ਹੈ : ”ਵਿਸਮਾਦੁ ਦੇਖੈ ਹਾਜਰਾ ਹਜੂਰਿ।” (ਸ੍ਰੀ ਗੁਰੂ ਗਰੰਥ ਸਾਹਿਬ, ਪੰਨਾ 464)।

ਇੱਥੋਂ ਇਹ ਸਪਸ਼ਟ ਹੁੰਦਾ ਹੈ, ਕਿ ਬ੍ਰਹਿਮੰਡੀ ਜੀਵਨ ਦੀ ਵਿਸਮਾਦੀ ਜਾਂ ਆਸ਼ਚਰਯ-ਜਨਕ ਵਿਚਿੱਤਰਤਾ ਵਾਹਿਗੁਰੂ ਵੱਲੋਂ ਪ੍ਰਵਾਨਿਤ ਹੈ। ਜੇ ਵਿਚਿੱਤਰਤਾ ਦੇ ਗੁਰੂ ਨਾਲ ਇੱਕਸੁਰ ਹੋਇਆ ਜਾਵੇ ਤਾਂ ਵਿਸਮਾਦ ਹੀ ਦਿਸਦਾ ਹੈ, ਵਿਸਮਾਦ ਹੀ ਸੁਣਦਾ ਹੈ ਅਤੇ ਵਿਸਮਾਦ ਹੀ ਪਰਮ-ਦ੍ਰਿਸ਼ਟੀ ਵਿਚ ਆਉਂਦਾ ਹੈ, ਗੁਰੂ ਅਰਜਨ ਦੇਵ ਜੀ, ਰਾਗ ਸੂਹਰ ਵਿੱਚ ਫੁਰਮਾਉਂਦੇ ਹਨ (ਪੰਨਾ 778), ਵਿਸਮਾਦੀ ਹੋਣ ਨਾਲ ਹੀ ”ਨਿਰਭਉ” ਹੋ ਕੇ ”ਸਹਜਿ” ਵਿੱਚ ਸਮਾਇਆ ਜਾ ਸਕਦਾ ਹੈ। ਸਹਜ ਕੁੱਲ ਕਾਇਨਾਤ ਨਾਲ ਬ੍ਰਹਿਮੰਡੀ ਸੰਤੁਲਨ ਵਿੱਚ ਵਿਚਰਨਾ ਹੈ।

ਵਿਸਮਾਦੀ ਜੀਵਨ ਅਤੇ ਅਭਿਆਸ ਰੌਸ਼ਨ ਕਰਨ ਵਿਚ ਹੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਵਿਸ਼ਵ ਨੂੰ ਵੱਡੀ ਦੇਣ ਹੈ। ਇਹੀ ਬਦਲ ਹੈ ਜੋ ਪੰਜਾਬ ਦੇ ਮਨੁੱਖਵਾਦੀ ਸਿੱਖ ਵਿਰਸੇ ਵੱਲੋਂ, ਵਿਸ਼ਵ ਨੂੰ ਦਿੱਤਾ ਗਿਆ ਹੈ। ਵਿਚਿੱਤਰਤਾ ਦਾ ਸੰਗੀਤ, ਇਸ ਦੀ ਇੱਕਸੁਰਤਾ ਦੀ ਸ਼ਾਇਰੀ ਜੋ ਪਵਿੱਤਰ ਰੂਪ ਵਿੱਚ ਸਾਰੇ ਜੀਵਨ ਵਿੱਚੋਂ ਝਲਕੇ, ਅੰਤਰ-ਮਨੁੱਖੀ ਰਿਸ਼ਤੇ ਇਸ ਉੱਤੇ ਆਧਾਰਿਤ ਹੋਣ। ਰਾਜਨੀਤੀ ਅਤੇ ਆਰਥਿਕਤਾ ਵੀ ਇਸ ਵਿਸਮਾਦੀ ਲਖਸ਼ ਦੁਆਲੇ ਉਸਰਨ ਅਤੇ ਵਿਕਸਿਤ ਹੋਣ। ਇਸ ਵਿੱਚੋਂ ਕੇਵਲ ਵਿਕਾਸ ਨਹੀਂ; ‘ਵਿਗਾਸ’ ਪ੍ਰਾਪਤ ਹੋਵੇ। ਇਸ ‘ਵਿਕਾਸ’ ਵਿੱਚ ਸੌਂਦਰਯ-ਦਰਸ਼ਨ ਅਤੇ ਸੌਂਰਦਯ ਅਨੁਭਵ ਵੀ ਸ਼ਾਮਿਲ ਹਨ। ਇਹ ਪ੍ਰਾਪਤੀ ਵਾਹਿਗੁਰੂ ਦਾ ਨਿਰਮਲ ਰੂਪ ਅਨੂਪ, ਦੇਖ ਕੇ ਹੁੰਦੀ ਹੈ। ਖੇੜਾ, ਸੌਂਦਰਯ, ਸੰਗੀਤ, ਇਸ ਵਿਸਮਾਦੀ ਕੇਂਦਰ ਅਤੇ ਇਸੇ ਦੇ ਪ੍ਰੇਰਿਤ ਜੀਵਨ ਦੇ ਵੱਡੇ ਅੰਸ਼ ਹਨ। ਇਨ੍ਹਾਂ ਸਭ ਅਨੁਭਵੀ ਅੰਸ਼ਾਂ ਦਾ ਸੰਬੰਧ ਬਹੁ-ਪੱਖਤਾ ਜਾਂ ਵਿਚਿੱਤਰਤਾ ਨਾਲ ਹੈ ਜੋ ਵਾਹਿਗੁਰੂ ਅਤੇ ਉਸ ਦੀ ਸਿਰਜਣਾ ਦਾ ਪਰਮੁੱਖ ਚਰਿੱਤਰ ਹੈ। ਰਾਗ ਜੈਤਸਰੀ ਵਿੱਚ ਫ਼ੁਰਮਾਇਆ ਗਿਆ ਹੈ : ‘ਬਿਸਮੁ ਭਈ ਮੈ ਬਹੁ ਬਿਧਿ ਸੁਨਤੇਸ਼’ (ਪੰਨਾ 700)।

ਕਾਇਨਾਤੀ ਜੀਵਨ ਦੇ ਕੇਂਦਰ ਅਤੇ ਉਸ ਦੀ ਰਚਨਾ ਨੂੰ ਜਿਵੇਂ ਅਨਿਕ-ਪੱਖੀ, ਵਿਚਿੱਤਰ ਅਤੇ ‘ਬਹੁ-ਬਿਧਿ’ ਆਖਿਆ ਗਿਆ ਹੈ, ਇਹੀ ਮੌਡਲ ਹੈ, ਇੱਕ ਬਦਲ ਹੈ, ਸਾਡੇ ਜੀਵਨ ਅਤੇ ਅਭਿਆਸਾਂ ਲਈ ਜੋ ਸ੍ਰੀ ਗੁਰੂ ਗਰੰਥ ਸਾਹਿਬ ਨੇ ਦਿੱਤਾ ਹੈ। ਇਸ ਵਿਸਮਾਦ ਉਤਪੰਨ ਕਰਨ ਵਾਲੇ ਅਨਿਕ-ਪੱਖੀ ਜੀਵਨ ਦੇ ਮੌਡਲ ਨੂੰ ਭਾਈ ਗੁਰਦਾਸ ਨੇ ”ਚਾਨਣ” ਆਖਿਆ ਹੈ।

ਅਨਿਕ-ਪੱਖਤਾ ਅਤੇ ਵਿਸਮਾਦ ਪ੍ਰੇਰਿਤ, ਪ੍ਰੇਰਣਾ ਬਖਸ਼ਣਹਾਰ ਇਹ ਮੌਡਲ ਅੱਜ ਦੇ ਵਿਸ਼ਵ ਲਈ ਵੀ ਸਾਰਥਿਕ ਹੈ। ਇਸ ਦੀਆਂ ਸੰਭਾਵਨਾਵਾਂ ਨੂੰ ਅਜੇ ਅਭਿਆਸ ਵਿੱਚ ਨਹੀਂ ਲਿਆਂਦਾ ਜਾ ਸਕਿਆ।

ਅੱਜ ਦੇ ਵਿਸ਼ਵ ਕੋਲ ਅਜੇ ਦੋ ਹੀ ਮੌਡਲ ਹਨ ਜਿਨ੍ਹਾਂ ਦਾ ਅਭਿਆਸ ਕੀਤਾ ਜਾ ਰਿਹਾ ਹੈ। ਇੱਕ ਹੈ ਵਿਕਸਿਤ ਪੂੰਜੀਵਾਦ ਅਤੇ ਦੂਜਾ ਸਮਾਜਵਾਦ। ਕੀ ਪੂੰਜੀਵਾਦ ਵਿਸਮਾਦੀ ਮਨੁੱਖ ਸਿਰਜ ਸਕਦਾ ਹੈ? ਕੀ ਇਸ ਦੀ ਰਾਜਨੀਤੀ ਅਤੇ ਆਰਥਿਕਤਾ, ਬ੍ਰਹਿਮੰਡੀ ਜੀਵਨ ਦੀ ਵਿਚਿੱਤਰਤਾ ਅਤੇ ਭਰਪੂਰ ਸੰਗੀਤ ਨਾਲ ਜਿਉਣ ਦੀ ਸੰਭਾਵਨਾ ਦੇਣ ਵਾਲੀਆਂ ਸੰਸਥਾਵਾਂ ਸੰਗਠਿਤ ਕਰ ਸਕਦਾ ਹੈ? ਇਹ ਵੱਡੇ ਪ੍ਰਸ਼ਨ ਹਨ।

ਭਾਵੇਂ ਪੂੰਜੀਵਾਦ ਦੇ ਵੱਡੇ ਸਿਧਾਂਤਕਾਰ ਸਾਨੂੰ ਦੱਸ ਚੁੱਕੇ ਹਨ, ਕਿ ਪੂੰਜੀਵਾਦ ਦੀ ਮਾਰਕੀਟ, ਮੁਕਾਬਲੇ ਅਤੇ ਨਿੱਜੀ ਆਜ਼ਾਦੀ ਉੱਤੇ ਆਧਾਰਿਤ ਸੰਰਚਨਾ, ਪਰਕਿਰਤੀ ਨਾਲ ਮੁੱਢਲੀ ਇੱਕਸੁਰਤਾ ਝਲਕਾਉਂਦੀ ਹੈ ਅਤੇ ਪ੍ਰਫੁੱਲਤਾ ਦਿੰਦੀ ਹੈ; ਅੰਦਰ ਲੁਕੀ ਹੋਈ ਕੁਦਰਤੀ ਪ੍ਰਤਿਭਾ ਨੂੰ ਬਾਹਰ ਆਉਣ ਦੀ ਸੰਭਾਵਨਾ ਬਖਸ਼ਦੀ ਹੈ। ਇਸ ਲਈ ਪੂੰਜੀਵਾਦ ਮਨੁੱਖ ਹਿਤੈਸ਼ੀ ਅਤੇ ਮਨੁੱਖ ਨੂੰ ਅੱਗੇ ਤੋਰਨ ਵਾਲਾ ਸੰਕਲਪ ਜਾਂ ਪ੍ਰਬੰਧ ਹੈ। ਪਰ ਪੱਛਮ ਦੇ ਸਾਰੇ ਸਿਧਾਂਤਕਾਰ ਅਤੇ ਸਮਾਜ ਵਿਗਿਆਨੀ ਹੁਣ ਇਹ ਗੱਲ ਨਹੀਂ ਮੰਨਦੇ। ਉੱਪਰ ਦੱਸੇ ਲਖਸ਼ਾਂ ਨੂੰ ਪ੍ਰਾਪਤ ਕਰਨ ਲਈ, ਇਨ੍ਹਾਂ ਚਿੰਤਕਾਂ ਦੇ ਵਿਚਾਰ ਵਿਚ, ਜਾਂ ਪੂੰਜੀਵਾਦ ਨੂੰ ਬਦਲਣ ਦੀ ਲੋੜ ਹੈ ਅਤੇ ਜਾਂ ਸੁਧਾਰਨ ਦੀ।

ਨਿਰੋਲ ਨਾਂ-ਪੱਖੀ ਵਿਚਾਰ ਦੇਣ ਵਾਲੇ ਵੱਡੇ ਪ੍ਰਭਾਵਸ਼ਾਲੀ ਚਿੰਤਕ ਦੇਲਿਊਜ਼, ਗਾਟੱਰੀ, ਲੈਂਗ ਅਤੇ ਨੌਰਮਨ ਓ. ਬਰਾਊਨ, ਆਦਿ ਹਨ। ਇਨ੍ਹਾਂ ਦਾ ਵੱਡਾ ਵਿਚਾਰ ਇਹ ਹੈ ਕਿ ਪੂੰਜੀਵਾਦ ਸਿਤਮਕਾਰੀ ਇਡੀਪਲ ਬਣ ਗਿਆ ਹੈ ਜਿਸ ਨੇ ਸਭ ਰਿਸ਼ਤਿਆਂ ਨੂੰ ਨਫੇ ਅਤੇ ਸੂਦਖੋਰੀ ਵਿੱਚ ਬੰਨ੍ਹ ਦਿੱਤਾ ਹੈ। ਮਨੁੱਖ ਦੀਆਂ ਕੁਦਰਤੀ ਊਰਜਾਵਾਂ ਆਪਣੇ ਹਿੱਤ ਲਈ ਕੈਦ ਕਰ ਲਈਆਂ ਹਨ। ਮਨੁੱਖ ਦੇ ਭਾਵਾਂ ਨੂੰ ਸਿਧਾ ਲਿਆ ਹੈ। ਨਤੀਜੇ ਵਜੋਂ ਮਨੁੱਖ ਮਸ਼ੀਨ ਬਣ ਗਿਆ ਹੈ। ਉਸ ਦਾ ਅਵਚੇਤਨ ਵੀ ਸਿਧਾ ਲਿਆ ਗਿਆ ਹੈ। ਦਮਨ ਨੇ ਉਸ ਨੂੰ ਪਰਕਿਰਤਕ ਪ੍ਰਫੁੱਲਤਾ ਪ੍ਰਾਪਤ ਕਰਨ ਦੇ ਯੋਗ ਨਹੀਂ ਰਹਿਣ ਦਿੱਤਾ। ਬਰਾਊਨ, ਇਸ ਵਿਗਾੜ ਨੁੰ ਸੁਧਾਰਨ ਲਈ ਮੁੜ ਦੇਹ ਅਤੇ ਖਾਹਿਸ਼ ਨੂੰ ਪ੍ਰਫੁਲਿਤ ਕਰਨ ਵਾਲੇ ਸਮਾਜਕ ਸੰਗਠਨਾਂ ਅਤੇ ਆਰਥਿਕਤਾ ਵੱਲ ਮੁੜਨ ਲਈ ਦਿਸ਼ਵੰਤ ਕਰਦਾ ਹੈ। ਗਾੱਟਰੀ, ਦੇਲਿਊਜ਼ ਅਤੇ ਲੈਂਗ ਕਹਿੰਦੇ ਹਨ ਕਿ ਸਿਤਮਕਾਰੀ, ਦਮਨਕਾਰੀ ਪੂੰਜੀਵਾਦੀ ਇਡੀਪਲ ਨੇ ਕੇਵਲ ਵਿਭਾਜਿਤ ਮਨੁੱਖ ਰਹਿ ਕੇ ਹੀ ਜਿਉਣ ਅਤੇ ਭਾਵਾਂ ਨੂੰ ਬਚਾਉਣ ਦੀ ਸੰਭਾਵਨਾ ਹੀ ਬਾਕੀ ਰਹਿਣ ਦਿੱਤੀ ਹੋਈ ਹੈ। ਲੈਂਗ, ਜਾਸਪਰਸ, ਗਾਟੱਰੀ ਅਤੇ ਦੇਲਿਊਜ਼ ਨੇ ਆਪਣੀਆਂ ਲਿਖਤਾਂ ਵਿੱਚ ਵਿਭਾਜਿਤ ਅਵਚੇਤਨ ਜਾਂ ਸ਼ਰੀਜ਼ਸਫਰੈਨੀਆਂ ਜਿਉਂ ਰਹੇ ‘ਸ਼ੀਜ਼ੋ’ ਨੂੰ ਹੀ ਜੀਵਨ ਦਾ ਰਹਿ ਗਿਆ ਨਾਇਕ ਜਾਂ ਪ੍ਰਤੀ-ਨਾਇਕ ਦੱਸਿਆ ਹੈ। ਸਪਸ਼ਟ ਹੈ ਕਿ ਪੂੰਜੀਵਾਦ, ਜੀਵਨ ਦੀ ਵਿਸਮਾਦੀ ਵਿਚਿੱਤਰਤਾ ਰਾਹੀਂ ਵਿਗਾਸ ਤੋ ਕੋਹਾਂ ਦੂਰ ਹੈ।

ਅਮਰੀਕਨ ਕਵੀ ਐਜ਼ਟਰਾ ਪਾਊਂਡ ਵੀ ਸੂਦਖੋਰ ਪ੍ਰਬੰਧ ਦਾ ਕੱਟੜ ਵਿਰੋਧੀ ਸੀ। ਉਹ ਬੜੇ ਬਲਵੰਤ ਢੰਗ ਨਾਲ ਆਪਣੀ ਕਵਿਤਾ (ਕੈਂਟੋਜ਼) ਵਿੱਚ ਇਹ ਕਹਿੰਦਾ ਸੀ ਕਿ ਸੂਦਖੋਰ ਸੱਭਿਅਤਾ ਦੇ ਜੀਵਨ ਦੀ ਅਭੋਲਤਾ, ਦੈਵਿਤਾ ਨੂੰ ਖਤਮ ਕਰ ਦਿੱਤਾ ਹੈ, ਸਭ ਸੁੰਦਰ ਦੇਵੀਆਂ, ਪ੍ਰੇਮਕਾਵਾਂ ਵੇਸ਼ਵਾਵਾਂ ਬਣ ਗਈਆਂ ਹਨ। ਸਮਾਜ ਵਿਗਿਆਨੀ ਮਾਰਸਲ ਮੌਸ ਸਮਝਦਾ ਸੀ ਕਿ ਜਿਵੇਂ ਸਾਡੇ ਪਿਤਾਮੇ ਜੀਵਨ ਨੂੰ ਸੁਗਾਤ ਅਤੇ ਇਸ ਦਾ ਤਾਣਾ ਬਾਣਾ ਸਮਝਦੇ ਸਨ, ਉਸ ਨੂੰ ਤਿਆਗ ਕੇ, ਸੱਭਿਅਤਾ ਨੂੰ ਵਪਾਰ ਅਤੇ ਗਿਣਤੀ ਮਿਣਤੀ ਵੱਲ ਤੋਰ ਦਿੱਤਾ ਗਿਆ ਹੈ। ਇਸ ਨਾਲ ਪੱਛਮੀ ਸੱਭਿਅਤਾ ਕੁਰਾਹੇ ਪੈ ਗਈ ਹੈ। ਇਹ ਧਾਰਨਾਵਾਂ ਭਾਵੇਂ ਅੰਤਿਮਪੱਖੀ ਹੋਣ ਪਰ ਇਨ੍ਹਾਂ ਵਿੱਚ ਇੱਕ ਗੱਲ ਸੱਚ ਹੈ ਕਿ ਪੂੰਜੀਵਾਦੀ ਪ੍ਰਬੰਧ, ਆਪਣੀਆਂ ਆਰਥਿਕ ਅਤੇ ਵਿਕਾਸਮੁਖੀ ਪ੍ਰਾਪਤੀਆਂ ਦੇ ਬਾਵਜੂਦ ਵਿਸਮਾਦੀ ਮਨੁੱਖ ਨਹੀਂ ਉਤਪੰਨ ਕਰ ਸਕਿਆ। ਫੂਕੁਯਾਮਾ ਦੀ ਇਹ ਗੱਲ ਵੀ ਸੱਚ ਹੈ ਕਿ ਪੂੰਜੀਵਾਦੀ ਲੋਕਤੰਤਰ ਤੋਂ ਬਿਹਤਰ ਹੋਰ ਪ੍ਰਬੰਧ ਵੀ ਵਿਸ਼ਵ ਅਜੇ ਸਿਰਜ ਨਹੀਂ ਸਕਿਆ।

ਵਿਸ਼ਵ ਦੇ ਕੁਝ ਹਿਸਿੱਆਂ ਵਿਚ ਪ੍ਰਚੱਲਿਤ ਸਮਾਜਵਾਦ ਇਸ ਸਿਧਾਂਤ ਉੱਤੇ ਚਲਦਾ ਹੈ ਕਿ ਸਮਾਜ ਵਰਗਾਂ ਵਿਚ ਵੰਡਿਆ ਹੋਇਆ ਹੈ।ਇਹ ਵਰਗ ਆਪਣੇ ਵੱਖੋ ਵੱਖਰੇ ਹਿੱਤਾਂ ਨਾਲ ਬੱਝੇ ਹੋਏ ਹਨ, ਇਸ ਲਈ ਆਪਸ ਵਿਚ ਟਕਰਾਉਂਦੇ ਹਨ। ਇਨ੍ਹਾਂ ਵਿਰੋਧਾਂ ਨਾਲ ਹੀ ਵਿਕਾਸ ਹੁੰਦਾ ਹੈ। ਟਕਰਾਉ ਤਬਦੀਲੀ ਲਿਆਉਂਦਾ ਹੈ। ਪਰ ਇਹ ਵਿਰੋਧ ਸਮਾਜਵਾਦੀ ਪੜਾਅ ਉਤੇ ਖਤਮ ਹੋ ਜਾਂਦੇ ਹਨ। ਸਮਾਜਵਾਦੀ ਸਿਧਾਂਤ ਵਿੱਚ ਇਹ ਵੀ ਮੰਨਿਆ ਗਿਆ ਹੈ, ਕਿ ਸਮਾਜਵਾਦੀ ਅਤੇ ਸਾਮਵਾਦੀ ਚਰਣਾਂ ਤੋਂ ਪਹਿਲਾਂ ਪੂੰਜੀ ਹੀ ਸਮਾਜ ਨੂੰ ਚਲਾਉਂਦੀ ਹੈ। ਕਿਉਂਕਿ ਇਹ ਪੂੰਜੀ ਨਫ਼ਾਖੋਰ ਹੈ, ਇਸ ਲਈ ਲੋਟੂ ਹੈ। ਕਿਰਤੀ ਨੂੰ ਆਪਣੀ ਕਿਰਤ ਦਾ ਪੂਰਾ ਫਲ ਨਹੀਂ ਮਿਲਦਾ। ਲੋਟੂ ਪੂੰਜੀ ਨੂੰ ਖਤਮ ਕਰਨ ਅਤੇ ਨਿੱਜੀ ਜਾਇਦਾਦ ਤੋਂ ਮੁਕਤ ਹੋਣ ਤੋਂ ਬਿਨਾਂ ਮਨੁੱਖੀ ਪ੍ਰਫੁੱਲਤਾ ਨਹੀਂ ਹੋ ਸਕਦੀ। ਸਮਾਜਵਾਦੀ ਸਿਧਾਂਤ ਵਿੱਚ ਲੋਟੂ ਪੂੰਜੀ ਨੂੰ ਖਤਮ ਕਰਨ ਦੀ ਗੱਲ ਠੀਕ ਹੈ, ਪਰ ਨਫ਼ਾ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਸਮਾਜ ਨੂੰ ਚਲਾਉਣ ਲਈ ਫਿਰ ਵੀ ਕਿਰਤ ਤੋਂ ਕੁਝ ਮੁਨਾਫਾ ਸਮਾਜ ਸੰਚਾਲਨ ਲਈ ਰੱਖਣਾ ਹੀ ਪਵੇਗਾ।

ਸਮਾਜਵਾਦੀ ਸਿਧਾਂਤ ਦੀ ਊਣ ਇਹ ਹੈ ਕਿ ਇਹ ਵੀ ਪੂੰਜੀਵਾਦ ਵਾਂਗ ਇੱਕਸਾਰਵਾਦੀ ਹੋ ਜਾਂਦਾ ਹੈ। ਵੱਖ ਵੱਖ ਭੂਗੋਲਿਕ ਹਿੱਸਿਆਂ ਵਿੱਚ ਰਹਿ ਰਹੇ ਲੋਕ ਵਿਲੱਖਣ ਅਨੁਭਵਾਂ ਨਾਲ ਜਿਉਂ ਰਹੇ ਹਨ, ਸੁੰਦਰਤਾ ਦੇ ਲਈ ਅਨੋਖੇ ਪੱਖਾਂ ਦੇ ਗਿਆਤਾ ਹਨ। ਇਸ ਲਈ ਉਹ ਵਰਗਾਂ ਤੋਂ ਮੁਕਤ ਹੋ ਸਕਦੇ ਹਨ, ਪਰ ਵਿਲੱਖਣ ਸੌਂਦਰਯ-ਅਨੁਭਵਾਂ ਤੋਂ ਨਹੀਂ। ਇਨ੍ਹਾਂ ਰੰਗ ਬਰੰਗੇ ਅਨੁਭਵਾਂ ਕਾਰਣ ਹੀ ਮਨੁੱਖੀ ਜਗਤ ਇੱਕ ਖੂਬਸੂਰਤ ਫੁੱਲਾਂ ਦਾ ਬਾਗ ਹੈ। ਇਹ ਬਹੁ-ਰੰਗਤ ਹੀ ਵਿਚਿੱਤਰਤਾ ਹੈ, ਜੋ ਵਿਸਮਾਦ ਅਤੇ ਪਵਿੱਤਰ ਤੱਕ ਪਹੁੰਚਦੀ ਹੈ। ਜੇ ਇਸ ਪੱਖ ਤੋਂ ਦੇਖੀਏ ਤਾਂ ਉੱਚਤਮ ਪੂੰਜੀਵਾਦ ਅਤੇ ਸਮਾਜਵਾਦ ਦੋਵੇਂ ਇੱਕਸਾਰਵਾਦੀ ਹੋ ਜਾਂਦੇ ਹਨ।

ਹੁਣ ਉਤਰ-ਪੂੰਜੀਵਾਦ ਵਿੱਚ ਇਸ ਇੱਕਸਾਰਵਾਦ ਬਾਰੇ ਚੇਤਨਤਾ ਉੱਭਰ ਆਈ ਹੈ। ਇਸ ਬਾਰੇ ਚੇਤੰਨ ਚਿੰਤਕ ਇੱਕਸਾਰਵਾਦ ਤੋਂ ਮੁਕਤ ਹੋਣ ਦਾ ਜਤਨ ਕਰ ਰਹੇ ਹਨ। ਪੂੰਜੀ ਨੂੰ ਨਿਆਂ ਅਤੇ ਯੋਗ ਵੰਡ ਨਾਲ ਵੀ ਜੋੜਿਆ ਜਾ ਰਿਹਾ ਹੈ। ਬਹੁ-ਸੱਭਿਆਚਾਰਵਾਦ ਦੀ ਨੀਤੀ ਵੀ ਇਸੇ ਸੋਚ ਦਾ ਨਤੀਜਾ ਹੈ।

ਚੀਨ ਦੇ ਉਤਰ-ਸਮਾਜਵਾਦ ਨੇ ਪੂੰਜੀਵਾਦ ਦੀ ਮਾਰਕੀਟ ਆਰਥਿਕਤਾ ਅਤੇ ਉਪਯੋਗੀ ਵਸਤਾਂ ਦੇ ਵਧੇਰੇ ਉਤਪਾਦਨ ਨੂੰ ਸਮਾਜਵਾਦੀ ਨਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਹ ਤਜਰਬਾ ਅਜੇ ਹੋ ਰਿਹਾ ਹੈ ਇਸ ਬਾਰੇ ਕੋਈ ਫੈਸਲਾਕੁੰਨ ਗੱਲ ਨਹੀਂ ਆਖੀ ਜਾ ਸਕਦੀ। ਕੀ ਇਹ ਤਜਰਬਾ ਸਮਾਜਵਾਦੀ ਇੱਕਸਾਰਵਾਦ ਨੂੰ ਠੱਲ੍ਹ ਪਾ ਸਕੇਗਾ? ਇਹ ਅਜੇ ਨਿਰੀਖਣ ਯੋਗ ਹੈ।

ਉਤਰ ਪੂੰਜੀਵਾਦੀ ਅਤੇ ਉਤਰ ਸਮਾਜਵਾਦੀ ਸਥਿਤੀ ਵਿੱਚ ‘ਸ੍ਰੀ ਗੁਰੂ ਗਰੰਥ ਸਾਹਿਬ’ ਵਿੱਚ ਦਿੱਤਾ ਵਿਸਮਾਦੀ ਜੀਵਨ ਅਤੇ ਸਮਾਜ ਦਾ ਸੰਕਲਪ ਅਜੇ ਵੀ ਗੌਰਵਸ਼ੀਲ ਹੈ। ਵਿਸਮਾਦੀ ਪੂੰਜੀ ਵੀ ਵਿਕਸਿਤ ਕੀਤੀ ਜਾ ਸਕਦੀ ਹੈ। ਅਜਿਹੀ ਪੂੰਜੀ ਜੋ ਨਿਰਲੁੱਟ ਹੋਵੇ ਅਤੇ ਇਸ ਤਰ੍ਹਾਂ ਵਿਸਥਾਰ ਕਰੇ ਕਿ ਉਸ ਨਾਲ ਜੁੜੇ ਹੋਏ ਕ੍ਰਿਆਵੰਤ ਅਦਾਰੇ, ਵਿਸਮਾਦੀ ਮਨੁੱਖ ਉਤਪੰਨ ਕਰਨ। ਉਸ ਮਨੁੱਖ ਵਿੱਚੋਂ ਸ਼ਾਇਰੀ ਅਤੇ ਸੰਗੀਤ ਝਰਨ। ਵਿਸਮਾਦੀ ਸਮਾਜ ਸੰਗਠਿਤ ਕਰਨ ਦੀ ਵੰਗਾਰ ਨੂੰ ਕਬੂਲ ਕਰਨਾ ਚਾਹੀਦਾ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਸਾਡੀਆਂ ਯੂਨੀਵਰਸਿਟੀਆਂ, ਅਤੇ ਹੋਰ ਸੱਭਿਆਚਾਰਕ ਸੰਸਥਾਵਾਂ ਵੱਖ ਵੱਖ ਪੱਧਰਾਂ ਉੱਤੇ ਵਿਸਮਾਦੀ ਸਿਧਾਂਤਕਾਰੀ ਅਤੇ ਅਭਿਆਸਾਂ ਨੂੰ ਸਮਰਪਿਤ ਹੋਣ।

– ਗੁਰਭਗਤ ਸਿੰਘ, (ਡਾ.)

Comments

comments

Share This Post

RedditYahooBloggerMyspace