ਫਿਰ ਆਇਆ ਬਹੁਸਿਤਾਰਾ ਫ਼ਿਲਮਾਂ ਦਾ ਦੌਰ

ਆਮਿਰ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਠੱਗਜ਼ ਆਫ ਹਿੰਦੁਸਤਾਨ’ ਦਾ ਪੋਸਟਰ।

ਬੌਲੀਵੁੱਡ ਵਿਚ ਉਂਜ ਤਾਂ ਬਹੁਸਿਤਾਰਾ ਫ਼ਿਲਮਾਂ ਦਾ ਦੌਰ ਕਾਫ਼ੀ ਪੁਰਾਣਾ ਹੈ। ਇਨ੍ਹਾਂ ਵਿਚੋਂ ‘ਸ਼ੋਅਲੇ’ ਵਰਗੀਆਂ ਕੁਝ ਫ਼ਿਲਮਾਂ ਸੁਪਰਹਿੱਟ ਵੀ ਰਹੀਆਂ ਹਨ, ਉੱਥੇ ਰਾਮ ਗੋਪਾਲ ਵਰਮਾ ਦੀ ‘ਆਗ’ ਵਰਗੀਆਂ ਫ਼ਿਲਮਾਂ ਬੁਰੀ ਤਰ੍ਹਾਂ ਫਲਾਪ ਵੀ ਰਹੀਆਂ ਹਨ। ਮੌਜੂਦਾ ਦੌਰ ਵਿਚ ਬੌਲੀਵੁੱਡ ਨਿਰਮਾਤਾ ਮੁੜ ਬਹੁਸਿਤਾਰਾ ਫ਼ਿਲਮਾਂ ਦਾ ਨਿਰਮਾਣ ਕਰਨ ਲੱਗੇ ਹਨ। ਕੁਝ ਸਿਤਾਰੇ ਅਜਿਹੇ ਹਨ ਜੋ ਇਨ੍ਹਾਂ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਤਾਂ ਕੁਝ ਸਿਤਾਰੇ ਸਲਮਾਨ ਅਤੇ ਆਲੀਆ ਭੱਟ ਵਾਂਗ ਹਨ ਜੋ ਕਹਿੰਦੇ ਹਨ ਕਿ ਬਹੁਸਿਤਾਰਾ ਫ਼ਿਲਮਾਂ ਵਿਚ ਕੰਮ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ। ਇਹ ਰਚਨਾ ਇਸ ’ਤੇ ਚਰਚਾ ਕਰਦੀ ਹੈ।

ਏ ਚਕਰਵਰਤੀ

ਬੌਲੀਵੁੱਡ ਵਿਚ ਬਹੁਸਿਤਾਰਾ ਫ਼ਿਲਮਾਂ ਦਾ ਬੁਖਾਰ ਫਿਰ ਚੜ੍ਹਿਆ ਹੈ। ਇਸ ਮਾਮਲੇ ਵਿਚ ਕਰਨ ਜੌਹਰ ਦੀ ਫ਼ਿਲਮ ‘ਤਖ਼ਤ’ ਤਾਜ਼ਾ ਉਦਾਹਰਨ ਬਣੀ ਹੈ। ਉਸਦੀ ‘ਕਲੰਕ’ ਵਿਚ ਵੀ ਕਈ ਸਿਤਾਰੇ ਹਨ, ਪਰ ‘ਤਖ਼ਤ’ ਦੀ ਗੱਲ ਅਲੱਗ ਹੈ। ਅੱਜਕੱਲ੍ਹ ਸਿਰਫ਼ ਕਰਨ ਜੌੌਹਰ ਹੀ ਨਹੀਂ ਕਈ ਦੂਜੇ ਨਿਰਮਾਤਾਵਾਂ ਦੀਆਂ ਬਹੁਸਿਤਾਰਿਆਂ ਵਾਲੀਆਂ ਫ਼ਿਲਮਾਂ ਪਾਈਪਲਾਈਨ ਵਿਚ ਹਨ। ਉਂਜ ਇਕ ਦੌਰ ਸੀ ਜਦੋਂ ਫ਼ਿਲਮਾਂ ਵਿਚ ਸਿਤਾਰਿਆਂ ਦੀ ਭੀੜ ਆਮ ਗੱਲ ਹੁੰਦੀ ਸੀ। ਫਿਰ ਵਕਤ ਆਇਆ, ਸਿਤਾਰੇ ਮਹਿੰਗੇ ਹੋਏ ਤਾਂ ਫ਼ਿਲਮ ਦੇ ਵਧਦੇ ਬਜਟ ਨੂੰ ਧਿਆਨ ਵਿਚ ਰੱਖ ਕੇ ਇਕ ਫ਼ਿਲਮ ਵਿਚ ਇਕ ਜਾਂ ਦੋ ਸਟਾਰ ਹੋ ਗਏ। ਪਹਿਲਾਂ ਦੋ ਨਾਇਕਾਂ ਵਾਲੀਆਂ ਫ਼ਿਲਮਾਂ ਤੋਂ ਸ਼ੁਰੂਆਤ ਕੀਤੀ, ਫਿਰ ਇਨ੍ਹਾਂ ਵਿਚ ਕੁਝ ਹੋਰ ਸਿਤਾਰਿਆਂ ਨੂੰ ਜੋੜਿਆ ਜਾਣ ਲੱਗਾ ਅਤੇ ਇਸ ਨਾਲ ਬਹੁਸਿਤਾਰਾ ਫ਼ਿਲਮਾਂ ਨੂੰ ਨਵਾਂ ਆਧਾਰ ਮਿਲਿਆ।
ਵੱਡੇ ਨਿਰਮਾਤਾ ਕਰਨ ਜੌਹਰ ਦੀ ਨਵੀਂ ਐਲਾਨੀ ਫ਼ਿਲਮ ‘ਤਖ਼ਤ’ ਨੇ ਬਹੁਸਿਤਾਰਿਆਂ ਵਾਲੀਆਂ ਫ਼ਿਲਮਾਂ ਦੀਆਂ ਕਈ ਸੁਖਦ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਰਣਵੀਰ ਸਿੰਘ, ਆਲੀਆ ਭੱਟ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਅਨਿਲ ਕਪੂਰ, ਕਰੀਨਾ ਕਪੂਰ, ਜਾਹਨਵੀ ਕਪੂਰ ਆਦਿ ਸਿਤਾਰਿਆਂ ਨਾਲ ਸਜੀ ‘ਤਖ਼ਤ’ ਮੁਗਲ ਸ਼ਾਸਨ ਦੇ ਪਿਛੋਕੜ ਵਿਚ ਬਣੀ ਹੈ। ਅਰਸੇ ਬਾਅਦ ਆਪਣੀਆਂ ਫ਼ਿਲਮਾਂ ਦੀ ਵਿਸ਼ਾਲਤਾ ਨੂੰ ਕਰਨ ਨੇ ਸਿਤਾਰਿਆਂ ਨਾਲ ਮਿਲ ਕੇ ਨਵੀਂ ਚਮਕ ਦਿੱਤੀ ਹੈ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਇਸਨੂੰ ਕਰਨ ਦਾ ਅਸਲੀ ਸਟਾਈਲ ਮੰਨਦੇ ਹਨ। ਉਹ ਕਹਿੰਦੇ ਹਨ, ‘ਅਸਲ ਵਿਚ ਕਰਨ ਸਿਤਾਰਿਆਂ ਵਾਲੀਆਂ ਫ਼ਿਲਮਾਂ ਨੂੰ ਬਾਖ਼ੂਬੀ ਬਣਾਉਂਦੇ ਹਨ। ਪਹਿਲੀ ਫ਼ਿਲਮ ‘ਕੁਛ ਕੁਛ ਹੋਤਾ ਹੈ’ ਤੋਂ ਹੀ ਉਨ੍ਹਾਂ ਨੂੰ ਸਿਤਾਰਿਆਂ ਨਾਲ ਕੰਮ ਕਰਨਾ ਚੰਗਾ ਲੱਗ ਰਿਹਾ ਹੈ। ‘ਕਭੀ ਖੁਸ਼ੀ ਕਭੀ ਗਮ’, ‘ਕਭੀ ਅਲਵਿਦਾ ਨਾ ਕਹਿਨਾ’ ਅਤੇ ‘ਐ ਦਿਲ ਹੈ ਮੁਸ਼ਕਿਲ’ ਵਰਗੀਆਂ ਉਨ੍ਹਾਂ ਦੀਆਂ ਜ਼ਿਆਦਾਤਰ ਨਿਰਦੇਸ਼ਿਤ ਫ਼ਿਲਮਾਂ ਵਿਚ ਸਿਤਾਰੇ ਸਨ। ਉਸਦੀ ਨਵੀਂ ਫ਼ਿਲਮ ‘ਤਖ਼ਤ’ ਦਾ ਜ਼ਿਕਰਯੋਗ ਪੱਖ ਇਹ ਹੈ ਕਿ ਇਸ ਵਿਚ ਨਵੇਂ ਦੌਰ ਦੇ ਸਿਤਾਰਿਆਂ ਨੂੰ ਤਵੱਜੋ ਦਿੱਤੀ ਗਈ ਹੈ।’ ਪਹਿਲੀ ਵਾਰ ਕਰਨ ਨੇ ਪੀਰੀਅਡ ਫ਼ਿਲਮ ’ਤੇ ਹੱਥ ਰੱਖਿਆ ਹੈ ਜੋ ਉਸਦਾ ਵਿਸ਼ਾ ਨਹੀਂ ਹੈ।

ਬਹੁਸਿਤਾਰਿਆਂ ਨਾਲ ਸਜੀ ਫ਼ਿਲਮ ‘ਕਲੰਕ’ ਦਾ ਪੋਸਟਰ।

ਜੂਨ 2019 ਵਿਚ ਰਿਲੀਜ਼ ਹੋਣ ਵਾਲੀ ਅੱਬਾਸ ਜ਼ਫਰ ਦੀ ਫ਼ਿਲਮ ‘ਭਾਰਤ’ ਵਿਚ ਸਲਮਾਨ ਖ਼ਾਨ ਦੀ ਮੁੱਖ ਭੂਮਿਕਾ ਹੈ। ਫਿਲਹਾਲ ਸਲਮਾਨ ਦੇ ਬਾਅਦ ਕਟਰੀਨ ਕੈਫ, ਤੱਬੂ ਅਤੇ ਦਿਸ਼ਾ ਪਟਾਨੀ ਦਾ ਨਾਂ ਫਾਈਨਲ ਕੀਤਾ ਗਿਆ ਹੈ। ਅਲੀ ਅੱਬਾਸ ਜ਼ਫਰ ਦਾ ਕਹਿਣਾ ਹੈ, ‘ਭਾਰਤ’ ਵੱਡੀ ਫ਼ਿਲਮ ਹੈ, ਲਿਹਾਜ਼ਾ ਉਸਦੀ ਸਟਾਰਕਾਸਟ ਵਿਚ ਸੰਤੁਲਨ ਬਣਾਉਣਾ ਪਏਗਾ।’ ਪਰ ਆਮੋਦ ਮਹਿਰਾ ਅਜਿਹਾ ਨਹੀਂ ਮੰਨਦੇ। ਉਨ੍ਹਾਂ ਮੁਤਾਬਿਕ ਸਲਮਾਨ ਦੀ ਫ਼ਿਲਮ ਵਿਚ ਦੂਜੇ ਸਿਤਾਰਿਆਂ ਲਈ ਘੱਟ ਹੀ ਗੁੰਜਾਇਸ਼ ਰਹਿੰਦੀ ਹੈ, ਪਰ ਸਲਮਾਨ ਦੀ ਮੌਜੂਦਗੀ ਦੇ ਬਾਵਜੂਦ ‘ਰੇਸ-3’ ਨੂੰ ਔਸਤ ਸਫਲਤਾ ਮਿਲੀ। ਇਸਤੋਂ ਬਾਅਦ ਹੀ ਵਿਤਰਕ ਸਲਮਾਨ ਦੀ ਇਸ ਫ਼ਿਲਮ ਵਿਚ ਕੁਝ ਵੱਡੇ ਸਿਤਾਰਿਆਂ ਨੂੰ ਰੱਖਣਾ ਚਾਹੁੰਦੇ ਹਨ।
ਟਿਕਟ ਖਿੜਕੀ ਦਾ ਪੂਰਾ ਗਣਿਤ ਤਾਂ ਇਹੀ ਕਹਿੰਦਾ ਹੈ ਕਿ ਆਮਿਰ ਖ਼ਾਨ ਇਕੱਲਾ ਹੀ ਪੰਜ ਸਿਤਾਰਿਆਂ ਦੇ ਬਰਾਬਰ ਹੈ, ਪਰ ਉਸਦੀ ਨਵੀਂ ਫ਼ਿਲਮ ‘ਠੱਗਜ਼ ਆਫ ਹਿੰਦੁਸਤਾਨ’ ਵਿਚ ਉਸਦੇ ਇਲਾਵਾ ਅਮਿਤਾਭ ਬੱਚਨ, ਜੈਕੀ ਸ਼ਰੌਫ, ਕੈਟਰੀਨਾ ਕੈਫ, ਫਾਤਿਮਾ ਸਨਾ ਸ਼ੇਖ ਵਰਗੇ ਅਦਾਕਾਰ ਹਨ। ਆਮੋਦ ਮਹਿਰਾ ਕਹਿੰਦੇ ਹਨ, ‘ਆਮਿਰ ਦੀ ਫ਼ਿਲਮ ਵਿਚ ਅਰਸੇ ਬਾਅਦ ਇੰਨੇ ਵੱਡੇ ਸਿਤਾਰਿਆਂ ਦੀ ਮੌਜੂਦਗੀ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਹੁਣ ਆਮਿਰ ਆਪਣੇ ਦਮ ’ਤੇ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ। ਉਂਜ ਟਰੇਡ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਕਿ ਆਮਿਰ ਅੱਜ ਵੀ ਟਿਕਟ ਖਿੜਕੀ ਦਾ ਸਮਰੱਥ ਖਿਡਾਰੀ ਹੈ। ਇਸਦੇ ਨਾਲ ਹੀ ਉਹ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਮਿਤਾਭ ਬੱਚਨ ਵੀ ਫ਼ਿਲਮੀ ਟਰੇਡ ਦੇ ਚਤੁਰ ਖਿਡਾਰੀ ਹਨ। ਇਸ ਲਈ ਕਿਉਂ ਨਾ ਕਈ ਸਿਤਾਰਿਆਂ ਨੂੰ ਮਿਲਾ ਕੇ ਇੰਨੀ ਵੱਡੀ ਫ਼ਿਲਮ ਨਾਲ ਸੁਰੱਖਿਅਤ ਸਾਈਡ ਗੇਮ ਖੇਡੋ।’ ਉਂਜ ਆਪਣੀਆਂ ਪਿਛਲੀਆਂ ਸਾਰੀਆਂ ਫ਼ਿਲਮਾਂ ‘ਥ੍ਰੀ ਇਡੀਅਟਸ’, ‘ਪੀਕੇ’, ‘ਦੰਗਲ’ ਨੂੰ ਆਮਿਰ ਨੇ ਆਪਣੇ ਦਮ ’ਤੇ ਸੁਪਰਹਿੱਟ ਬਣਾ ਦਿੱਤਾ ਸੀ, ਪਰ ਅੱਜ ਵਕਤ ਦੀ ਨਜ਼ਾਕਤ ਨੂੰ ਦੇਖਦੇ ਹੋਏ ਆਮਿਰ ਨੇ ਇਹ ਕਦਮ ਚੁੱਕਿਆ ਹੈ।
ਕਰਨ ਜੌਹਰ ਦੀ ਅਭਿਸ਼ੇਕ ਬਰਮਨ ਨਿਰਦੇਸ਼ਿਤ ਫ਼ਿਲਮ ‘ਕਲੰਕ’ ਦੀ ਸਟਾਰ ਕਾਸਟ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜਿਸ ਫ਼ਿਲਮ ਵਿਚ ਮਾਧੁਰੀ ਦੀਕਸ਼ਿਤ, ਸੰਜੇ ਦੱਤ, ਵਰੁਣ ਧਵਨ, ਆਲੀਆ ਭੱਟ, ਆਦਿੱਤਿਆ ਰਾਏ ਕਪੂਰ, ਸੋਨਾਕਸ਼ੀ ਸਿਨਹਾ ਵਰਗੇ ਸਿਤਾਰੇ ਹੋਣ, ਉਸਨੂੰ ਆਸਾਨੀ ਨਾਲ ਬਹੁਸਿਤਾਰਾ ਫ਼ਿਲਮ ਕਿਹਾ ਜਾ ਸਕਦਾ ਹੈ। ਇਸ ਪ੍ਰਸੰਗ ਵਿਚ ਇਹ ਜਗਿਆਸਾ ਦਾ ਵਿਸ਼ਾ ਹੋ ਸਕਦਾ ਹੈ ਕਿ ਸੰਜੇ ਅਤੇ ਮਾਧੁਰੀ ਵਰਗੇ ਦੋ ਵਿਪਰੀਤ ਧਰੁਵੀ ਕਲਾਕਾਰ ਇਕੱਠੇ ਕੰਮ ਕਰਨ ਲਈ ਕਿਵੇਂ ਤਿਆਰ ਹੋ ਗਏ। ਆਮੋਦ ਮਹਿਰਾ ਕਹਿੰਦੇ ਹਨ, ‘ਮਾਧੁਰੀ ਅਤੇ ਸੰਜੇ ਦੇ ਗਹਿਰੇ ਰਿਸ਼ਤਿਆਂ ਬਾਰੇ ਸਾਰੇ ਜਾਣੂ ਹਨ, ਪਰ ਉਹ ਸਭ ਹੁਣ ਅਤੀਤ ਦੀਆਂ ਯਾਦਾਂ ਹਨ। ਬਹੁਸਿਤਾਰਾ ਫ਼ਿਲਮਾਂ ਦੀ ਤਾਂ ਇਹੀ ਖਾਸੀਅਤ ਹੈ ਕਿ ਇੱਥੇ ਵਿਵਹਾਰਿਕਤਾ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਕਰਨ ਤਾਂ ਇਸ ਤਰ੍ਹਾਂ ਦੀਆਂ ਜੋੜੀਆਂ ਬਣਾਉਣ ਵਿਚ ਮਾਹਿਰ ਹੈ। ਇਹੀ ਵਜ੍ਹਾ ਹੈ ਕਿ ‘ਕਲੰਕ’ ਵਿਚ ਇਕ ਪੁਰਾਣੀ ਜੋੜੀ ਅਰਸੇ ਬਾਅਦ ਨਜ਼ਰ ਆਏਗੀ।
ਅਕਸ਼ੈ ਕੁਮਾਰ, ਕ੍ਰਿਤੀ ਸੈਨਨ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਸ਼ਰਦ ਕੇਲਕਰ, ਪੂਜਾ ਹੇਗੜੇ, ਨਾਨਾ ਪਾਟੇਕਰ, ਚੰਕੀ ਪਾਂਡੇ, ਕ੍ਰਿਤੀ ਖਰਬੰਦਾ ਵਰਗੇ ਸਿਤਾਰਿਆਂ ਦੀ ਵੱਡੀ ਫ਼ੌਜ ‘ਹਾਊਸਫੁਲ’ ਸੀਰੀਜ਼ ਦੀ ਚੌਥੀ ਫ਼ਿਲਮ ‘ਹਾਊਸਫੁਲ-4’ ਵਿਚ ਦਿਖਾਈ ਪਏਗੀ। ਫ਼ਿਲਮ ਦੇ ਨਿਰਦੇਸ਼ਕ ਸਾਜਿਦ ਖ਼ਾਨ ਹਨ, ਇਸ ਲਈ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਸੰਭਾਲਣ ਲਈ ਸਿਤਾਰਿਆਂ ਦੀ ਮੌਜੂਦਗੀ ਬਹੁਤ ਜ਼ਰੂਰੀ ਹੁੰਦੀ ਹੈ। ਸਾਜਿਦ ਖ਼ੁਦ ਵੀ ਕਹਿੰਦਾ ਹੈ, ‘ਮੇਰੀਆਂ ਫ਼ਿਲਮਾਂ ਟੋਟਲ ਟਾਈਮ ਪਾਸ ਹੁੰਦੀਆਂ ਹਨ ਅਤੇ ਸਿਤਾਰੇ ਇਸਦਾ ਮੁੱਖ ਆਕਰਸ਼ਣ ਹੁੰਦੇ ਹਨ। ਇਸ ਲਈ ਆਪਣੀ ਫ਼ਿਲਮ ਵਿਚ ਸਿਤਾਰਿਆਂ ਦੀ ਭੀੜ ਮੈਨੂੰ ਚੰਗੀ ਲੱਗਦੀ ਹੈ। ਇਹ ਫ਼ਿਲਮ ਦੀ ਟਰੇਡ ਰਿਪੋਰਟ ਕਾਫ਼ੀ ਠੀਕ ਕਰ ਦਿੰਦੀ ਹੈ।’

ਆਲੀਆ ਭੱਟ

ਅਜੇ ਦੇਵਗਨ, ਮਾਧੁਰੀ ਦੀਕਸ਼ਿਤ, ਅਨਿਲ ਕਪੂਰ, ਰਿਤੇਸ਼ ਦੇਸ਼ਮੁਖ, ਈਸ਼ਾ ਗੁਪਤਾ, ਅਰਸ਼ਦ ਵਾਰਸੀ ਆਦਿ ਫ਼ਿਲਮ ‘ਟੋਟਲ ਧਮਾਲ’ ਨੂੰ ਆਸਾਨੀ ਨਾਲ ਬਹੁਸਿਤਾਰਾ ਫ਼ਿਲਮ ਬਣਾ ਦਿੰਦੇ ਹਨ। ਫ਼ਿਲਮਸਾਜ਼ ਇੰਦਰ ਕੁਮਾਰ ਦੱਸਦੇ ਹਨ, ‘ਮਾਧੁਰੀ ਦੇ ਆਉਣ ਤੋਂ ਬਾਅਦ ਇਸ ਫ਼ਿਲਮ ਨਾਲ ਖ਼ੁਦ ਹੀ ਸਿਤਾਰੇ ਜੁੜਨ ਲੱਗੇ। ਮੈਨੂੰ ਇਹ ਫ਼ਿਲਮ ਪੂਰੀ ਕਰਨ ਵਿਚ ਡੇਢ ਸਾਲ ਲੱਗੇ। ਮੈਨੂੰ ਲੱਗਦਾ ਹੈ ਕਿ ਇਹ ਵਕਤ ਜ਼ਿਆਦਾ ਨਹੀਂ ਹੈ।’
ਅਸਲ ਵਿਚ ਇਨ੍ਹਾਂ ਦਿਨਾਂ ਵਿਚ ‘ਪਾਨੀਪਤ’, ‘ਬ੍ਰਹਮਾਸਤਰ’ ਵਰਗੀਆਂ ਕਈ ਫ਼ਿਲਮਾਂ ਹਨ ਜਿਨ੍ਹਾਂ ਦੀ ਵੱਡੀ ਸਟਾਰ ਕਾਸਟ ਦਰਸ਼ਕਾਂ ਲਈ ਸਰਪ੍ਰਾਈਜ਼ ਪੈਕੇਜ਼ ਦੀ ਤਰ੍ਹਾਂ ਹੈ। ਹੁਣ ਜਿਵੇਂ ਕਿ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ‘ਪਾਨੀਪਤ’ ਵਿਚ ਸੰਜੇ ਦੱਤ, ਕ੍ਰਿਤੀ ਸੈਨਨ ਅਤੇ ਅਰਜੁਨ ਕਪੂਰ ਹਨ। ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ’ ਵਿਚ ਅਮਿਤਾਭ ਬੱਚਨ, ਰਣਬੀਰ ਕਪੂਰ, ਰਣਵੀਰ ਸਿੰਘ, ਮੌਨੀ ਰੌਇ, ਆਲੀਆ ਭੱਟ ਨਜ਼ਰ ਆਉਣਗੇ। ਦੂਜੇ ਪਾਸੇ ‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ, ਸੰਜੇ ਦੱਤ ਨਾਲ ਦੋ ਹੋਰ ਵੱਡੀਆਂ ਅਭਿਨੇਤਰੀਆਂ ਨੂੰ ਕਾਸਟ ਕੀਤਾ ਜਾਏਗਾ। ਕੁੱਲ ਮਿਲਾ ਕੇ ਹੁਣ ਨਿਰਮਾਤਾ ਨਿਰਦੇਸ਼ਕਾਂ ਨੂੰ ਆਪਣੀਆਂ ਇਕੱਲੇ ਨਾਇਕ ਵਾਲੀਆਂ ਫ਼ਿਲਮਾਂ ਵਿਚ ਦੂਜੇ ਸਿਤਾਰਿਆਂ ਦੀ ਮਦਦ ਚੰਗੀ ਲੱਗਣ ਲੱਗੀ ਹੈ। ਇਸ ਕਾਰਨ ਹੀ ਇਕ ਦੂਜੇ ਟਰੈਕ ’ਤੇ ਬਹੁਸਿਤਾਰਾ ਫ਼ਿਲਮਾਂ ਨੂੰ ਵੀ ਚੰਗੀ ਮਦਦ ਮਿਲ ਰਹੀ ਹੈ। ਖ਼ੁਦ ਵੱਡੇ ਸਟਾਰ ਵੀ ਇਸ ਗੱਲ ਨੂੰ ਸਮਝਣ ਲੱਗੇ ਹਨ।
ਟਰੇਡ ਵਿਸ਼ਲੇਸ਼ਕ ਮੰਨਦੇ ਹਨ ਕਿ ਵੱਡੇ ਬਜਟ ਦੀਆਂ ਫ਼ਿਲਮਾਂ ਵਿਚ ਸਿਤਾਰਿਆਂ ਦੀ ਭੀੜ ਹੁਣ ਜ਼ਿਆਦਾ ਪਰੇਸ਼ਾਨੀ ਦਾ ਸਬੱਬ ਨਹੀਂ ਬਣਦੀ। ਕੋਮਲ ਨਾਹਟਾ ਕਹਿੰਦੇ ਹਨ ‘ਬਜਟ ਹੁਣ ਜ਼ਿਆਦਾ ਮਾਅਨੇ ਨਹੀਂ ਰੱਖਦਾ। ਬਸ, ਸਿਤਾਰਿਆਂ ਤੋਂ ਤਾਰੀਕ ਮਿਲਣਾ ਵੱਡੀ ਗੱਲ ਹੁੰਦੀ ਹੈ। ਦੂਜੇ ਪਾਸੇ ਹੁਣ ਫ਼ਿਲਮਾਂ ਦੇ ਸ਼ੂਟਿੰਗ ਸ਼ਡਿਊਲ ਵੀ ਕਾਫ਼ੀ ਲੰਬੇ ਰੱਖੇ ਜਾਣ ਲੱਗੇ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਵੱਡੇ ਸਿਤਾਰੇ ਵੀ ਕਾਫ਼ੀ ਵਿਵਹਾਰਕ ਹੋ ਗਏ ਹਨ। ਹੁਣ ਉਹ ਫ਼ਿਲਮ ਨੂੰ ਜਲਦੀ ਪੂਰਾ ਕਰਵਾ ਲੈਂਦੇ ਹਨ। ਅਜਿਹੇ ਵਿਚ ਬਹੁਸਿਤਾਰਾ ਫ਼ਿਲਮਾਂ ਦੀ ਸਭ ਤੋਂ ਵੱਡੀ ਸਮੱਸਿਆ ਬਜਟ ਹੁੰਦੀ ਹੈ। ਵੱਡੇ ਨਿਰਮਾਤਾ ਤਾਂ ਹੁਣ ਬਹੁਤ ਆਸਾਨੀ ਨਾਲ ਇਸ ਨੂੰ ਵੀ ਸੈੱਟ ਕਰਨ ਲੱਗੇ ਹਨ। 80 ਤੋਂ 100 ਕਰੋੜ ਰੁਪਏ ਵਿਚ ਬਣਨ ਵਾਲੀਆਂ ਵੱਡੇ ਬਜਟ ਦੀਆਂ ਫ਼ਿਲਮਾਂ ਵਿਚ ਕੁਝ ਸਟਾਰਾਂ ਦੀ ਫੀਸ ਆਸਾਨੀ ਨਾਲ ਸੰਭਲ ਜਾਂਦੀ ਹੈ।’

Comments

comments

Share This Post

RedditYahooBloggerMyspace