ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ਼ ਵਿਸਾਖ ਕਿ ਕੱਤਕ

 -ਡਾ: ਹਰਜਿੰਦਰ ਸਿੰਘ ਦਿਲਗੀਰ 

ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ 1526 (20 ਅਕਤੂਬਰ 1469) ਦੇ ਦਿਨ ਹੋਇਆ ਸੀ। ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ ਇਕ ਹੋਰ ਤਾਰੀਖ ਵਿਸਾਖ ਸੁਦੀ ਤਿੰਨ (15 ਅਪਰੈਲ 1469) ਵੀ ਲਿਖੀ ਜਾਂਦੀ ਹੈ। ਵਿਸਾਖ (ਅਪਰੈਲ) ਵਾਲੀ ਗ਼ਲਤ ਤਾਰੀਖ਼ ਸਭ ਤੋਂ ਪਹਿਲਾਂ ਪ੍ਰਿਥੀ ਚੰਦ ਮੀਣਾ ਦੇ ਪੁਤਰ ਮਿਹਰਬਾਨ ਨੇ ਲਿਖੀ ਸੀ। ਉਹ ਸਿੱਖ ਹਿਸਟਰੀ ਵਿਗਾੜਨ ਵਾਲਾ ਪਹਿਲਾ ਸਿੱਖ-ਦੋਖੀ ਸੀ। ਦੂਜਾ, ਕੁਝ ਹਿੰਦੂਆਂ ਵਿਚ ਇਹ ਭਰਮ ਹੈ ਕਿ ਕਤਕ ਮਹੀਨੇ ਵਿਚ ਜੰਮਿਆ ਬੱਚਾ ਨਹਿਸ਼ ਹੁੰਦਾ ਹੈ। ਅਜਿਹਾ ਜਾਪਦਾ ਹੈ ਕਿ ਹਿੰਦੂ ਅਤੇ ਹਿੰਦੂ-ਨੁਮਾ ਲੇਖਕਾਂ ਨੇ ਸਿੱਖਾਂ ਨੂੰ ਇਸ ਵਹਿਮ (ਸੂਤਕ) ਦਾ ਡਰ ਪਾ ਕੇ ਵਿਸਾਖ ਦੇ ਜਨਮ ਦਾ ਪ੍ਰਚਾਰ ਕੀਤਾ ਸੀ, ਜੋ ਕੁਝ ਭੋਲੇ ਸਿੱਖਾਂ ਨੇ ਚੁਪਚਾਪ ਮੰਨ ਲਿਆ।

ਕਰਮ ਸਿੰਘ ਹਿਸਟੋਰੀਅਨ ਨੇ ਗੁਰੂ ਨਾਨਕ ਸਾਹਿਬ ਦਾ ਜਨਮ ਕਤਕ ਦੀ ਬਜਾਇ ਵਿਸਾਖ ਮੰਨਿਆ ਸੀ। ਦਰਅਸਲ ਉਸ ਨੇ ‘ਬਾਲੇ ਵਾਲੀ ਜਨਮਸਾਖੀ’ ਨੂੰ ਰੱਦ ਕੀਤਾ ਸੀ ਤੇ ਸਿਰਫ਼ ਇਸੇ ਕਰ ਕੇ ਹੀ ਉਸ ਨੇ ਕੱਤਕ ਨੂੰ ਵੀ ਰੱਦ ਕਰ ਦਿੱਤਾ ਸੀ ਕਿਉਂਕਿ ਉਸ ਜਨਮਸਾਖੀ ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦਾ ਲਿਖਿਆ ਹੋਇਆ ਸੀ।(ਕਿਉਂਕਿ ਉਸ ਨੇ ਹੰਦਾਲੀਆਂ ਵੱਲੋਂ ਤਿਆਰ ਕੀਤੀ ‘ਜਨਮ ਸਾਖੀ ਭਾਈ ਬਾਲਾ’ ਹੀ ਵੇਖੀ ਸੀ ਤੇ ਅਸਲ ਜਨਮਸਾਖੀ ਭਾਈ ਬਾਲਾ ਨਹੀਂ)।

ਕਰਮ ਸਿੰਘ ਜੀ ਇਹ ਨਾ ਸਮਝ ਸਕੇ ਕਿ ਵਿਸਾਖ ਵਿਚ ਗੁਰੂ ਸਾਹਿਬ ਦੇ ਜਨਮ ਦਾ ਪ੍ਰਚਾਰ ਮੀਣਿਆਂ ਦੇ ਆਗੂ ਮਿਹਰਬਾਨ ਨੇ ਕੀਤਾ ਸੀ। ਕਰਮ ਸਿੰਘ ਨੇ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਵਿਸਾਖ ਹੋਣ ਨੂੰ ਸਿਰਫ਼ ਮੀਣਿਆਂ ਦੀ ਲਿਖੀ ਜਨਮ ਸਾਖੀ ਦੇ ਅਧਾਰ ’ਤੇ ਮੰਨ ਲਿਆ ਸੀ। ਉਨ੍ਹਾਂ ਨੇ ਕੋਈ ਹੋਰ ਸੋਮਾ/ਸਬੂਤ ਨਹੀਂ ਦਿੱਤਾ ਸੀ। ਉਨ੍ਹਾਂ ਨੇ ਸੰਤੋਖ ਸਿੰਘ, ਭਾਈ ਗੁਰਦਾਸ. ਸਾਖੀ ਪੋਥੀਆਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਫਿਰ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਂਦੀ ਜਨਮਸਾਖੀ ਜਾਂ ਪੁਰਾਤਨ/ ਵਿਲਾਇਤ ਵਾਲੀ ਜਨਮਸਾਖੀ ਦਾ ਆਧਾਰ ਮਿਹਰਬਾਨ ਦੀ ਜਨਮਸਾਖੀ ਹੈ। ਇਸ ਕਰ ਕੇ ਇਨ੍ਹਾਂ ਵਿਚ ਉਹੀ ਤਾਰੀਖ਼ (ਵਿਸਾਖ ਵਾਲੀ) ਆਉਣੀ ਹੀ ਸੀ।

ਇੱਥੇ ‘ਭਾਈ ਬਾਲੇ ਵਾਲੀ ਜਨਮ ਸਾਖੀ’ ਦੀ ਗੱਲ ਕਰਨੀ ਵੀ ਬਣਦੀ ਹੈ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ (ਜਨਮਸਾਖੀ) ਲਿਖਵਾਈ ਸੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ਼ (ਅਸਲ ਜਨਮ ਸਾਖੀ) ਨੂੰ ਸੰਭਾਲ ਨਹੀਂ ਸਕੀ। ਜਿਹੜੀ “ਭਾਈ ਬਾਲੇ ਵਾਲੀ ਜਨਮ ਸਾਖੀ” ਅੱਜ ਮਿਲਦੀ ਹੈ ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ ਨਾਲ ਭਰਪੂਰ ਹੈ, ਉਨ੍ਹਾਂ ਕੋਲ ਅਸਲ ਜਨਮ ਸਾਖੀ ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ ਵਿਚ ਖੋਟ ਸ਼ਾਮਿਲ ਕਰ ਕੇ, ਅਸਲ ਜਨਮਸਾਖੀ ਕਹਿ ਕੇ ਪ੍ਰਚਾਰਿਆ। ਪਰ, ਅਜਿਹਾ ਜਾਪਦਾ ਹੈ ਕਿ ਜਦ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਲਿਖੀ ਤਾਂ ਉਨ੍ਹਾਂ ਕੋਲ ਉਹ ਜਨਮ ਸਾਖੀ ਅਜੇ ਮੌਜੂਦ ਸੀ ਕਿਉਂ ਕਿ ਉਸ ਤੋਂ ਬਿਨਾਂ ਭਾਈ ਗੁਰਦਾਸ ਉਸ ਵਾਰ ਵਿਚ ਏਨੀ ਤਫ਼ਸੀਲ ਨਹੀਂ ਸਨ ਦੇ ਸਕਦੇ।

ਪਰ ਇਸ ਦਾ ਮਾਅਨਾ ਇਹ ਨਾ ਲੈ ਲਿਆ ਜਾਵੇ ਕਿ ਬਾਲਾ ਨਾਂ ਦਾ ਕੋਈ ਸਾਥੀ ਗੁਰੂ ਨਾਨਕ ਸਾਹਿਬ ਦੇ ਨਾਲ ਰਿਹਾ ਸੀ; ਗੁਰੂ ਸਾਹਿਬ ਦੇ ਨਾਲ ਸਿਰਫ਼ ਮਰਦਾਨਾ ਹੀ ਸੀ, ਜੋ ਕਿ ਇਕ ਮਹਾਨ ਰਬਾਬੀ ਸੀ। ਬਾਲਾ ਤਾਂ ਇਕ ਖਡੂਰ ਵਾਸੀ ਸਿੱਖ ਸੀ ਜਿਸ ਕੋਲੋਂ ਗੁਰੂ ਅੰਗਦ ਸਾਹਿਬ ਨੇ ਜਨਮਸਾਖੀ ਲਿਖਵਾਈ ਸੀ।

ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਛਪਣ ਤੋਂ ਕੁਝ ਚਿਰ ਮਗਰੋਂ ਇਹ ਚਰਚਾ ਵੀ ਚਲਇਆ ਗਿਆ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਪਹਿਲਾਂ ਵਿਸਾਖ ਸੁਦੀ ਤੀਜ ਨੂੰ ਮਨਾਇਆ ਜਾਂਦਾ ਸੀ ਪਰ ਸਿੰਘ ਸਭਾ ਲਹਿਰ ਵੇਲੇ ਇਸ ਨੂੰ ਕੱਤਕ ਵਿਚ ਮਨਾਇਆ ਜਾਣ ਲਗ ਪਿਆ ਸੀ।

ਮੈਕਾਲਿਫ਼ ਨੇ ਤਾਂ ਇਹ ਵੀ ਲਿਖ ਦਿੱਤਾ ਕਿ ਰਣਜੀਤ ਸਿੰਘ (ਮਹਾਰਾਜਾ) ਵੇਲੇ ਤਕ ਗੁਰੂ ਨਾਨਕ ਸਾਹਿਬ ਦਾ ਦਾ ਜਨਮ ਦਿਨ ਵਿਸਾਖ ਵਿਚ ਮਨਾਇਆ ਜਾਂਦਾ ਸੀ। ਪਰ ਉਨ੍ਹੀਂ ਦਿਨੀ ਹੀ ਰਾਮ ਨੌਮੀ ਆਉਣ ਕਰ ਕੇ ਪੰਜਾਬ ਵਾਸੀ ਗੁਰੂ ਸਾਹਿਬ ਦਾ ਦਿਨ ਮਨਾਉਣ ਦੀ ਥਾਂ ਰਾਮ ਨੌਮੀ ਦਾ ਮੇਲਾ ਮਨਾਉਣ ਮਗਰੋਂ ਥੱਕੇ ਹੁੰਦੇ ਸੀ ਤੇ ਗੁਰਪੁਰਬ ’ਤੇ ਰੌਣਕ ਨਹੀਂ ਸੀ ਹੁੰਦੀ। ਇਸ ਕਰ ਕੇ ਰਣਜੀਤ ਸਿੰਘ (ਮਹਾਰਾਜਾ) ਨੇ ਕਤਕ ਵਿਚ ਮਨਾਉਣਾ ਸ਼ੁਰੂ ਕਰਵਾ ਦਿੱਤਾ। ਇਹ ਬਿਲਕੁਲ ਗ਼ਲਤ ਹੈ। ਇਸ ਨੁਕਤੇ ਵਿਚ ਤਿੰਨ ਵੱਡੀਆਂ ਗ਼ਲਤੀਆਂ ਹਨ: 1. ਕਿਸੇ ਵੀ ਸੋਮੇ ਵਿਚ, ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਵਿਸਾਖ ਵਿਚ ਮਨਾਏ ਜਾਣ ਦਾ ਇਕ ਵੀ ਸਬੂਤ ਨਹੀਂ ਹੈ (ਹਾਂ ਕੱਤਕ ਦੇ ਦਿਨ ਦੀਆਂ ਬਹੁਤ ਹੀ ਮਿਸਾਲਾਂ ਹਨ) 2. ਪਹਿਲੀ ਗੱਲ, ਪੰਜਾਬ ਦੇ ਹਿੰਦੂ ਰਾਮ ਨੌਮੀ ਦਾ ਦਿਨ ਨਹੀਂ ਸਨ ਮਨਾਉਂਦੇ, ਪਰ, ਜੇ ਕਰ ਮਨਾਉਂਦੇ ਵੀ ਹੋਣ ਤਾਂ ਵੀ ਸਿੱਖ ਤਾਂ ਇਹ ਦਿਨ (ਰਾਮ ਨੌਮੀ) ਜਾਂ ਕੋਈ ਹੋਰ ਹਿੰਦੂ ਤਿਉਹਾਰ ਹਰਗਿਜ਼ ਨਹੀਂ ਸਨ ਮਨਾਉਂਦੇ। ਸੋ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ ਕਿ ਕੋਈ ਹੋਰ ਧਰਮ ਕਿਸ ਦਿਨ ਆਪਣਾ ਤਿਉਹਾਰ ਮਨਾਉਂਦਾ ਹੈ। ਇੰ

ਞ ਤਾਂ ਮੁਸਲਮਾਨਾਂ ਦੀ ਈਦ ਵੀ ਕਈ ਵਾਰ ਕੱਤਕ/ਵਿਸਾਖ ਵਿਚ ਆਉਂਦੀ ਹੋਵੇਗੀ। ਕੀ ਇਸ ਦਾ ਸਿੱਖਾਂ ਦੇ ਗੁਰਪੁਰਬ ’ਤੇ ਕੋਈ ਅਸਰ ਪੈ ਸਕਦਾ ਹੈ? ਹਰਗਿਜ਼ ਨਹੀਂ। 3. ਤੀਜਾ ਉਨ੍ਹੀਂ ਦਿਨੀਂ ਇਸ ਪੱਧਰ ’ਤੇ ਗੁਰਪੁਰਬ ਜਾਂ ਹਿੰਦੂ ਤਿਉਹਾਰ ਨਹੀਂ ਸਨ ਮਨਾਏ ਜਾਂਦੇ ਕਿ ਕਿਸੇ ਦੇ ਤਿਉਹਾਰ ਦਾ ਕਿਸੇ ਹੋਰ ਪੁਰਬ ਨਾਲ ਝਗੜਾ/ਮੁਕਾਬਲਾ ਹੁੰਦਾ ਹੋਵੇ। ਉਂਞ ਰਣਜੀਤ ਸਿੰਘ ਦੇ ਦਰਬਾਰ ਦੇ ਰੋਜ਼ਾਨਾ ਦੀ ਕਾਰਵਾਈ ਦੇ ਰਿਕਾਰਡ (ਉਮਦਾਤੁਤ ਤਵਾਰੀਖ਼) ਵਿਚ ਕਿਸੇ ਥਾਂ ’ਤੇ ਵੀ ਇਸ ਬਾਰੇ ਜ਼ਰਾ ਮਾਸਾ ਵੀ ਇਸ਼ਾਰਾ ਨਹੀਂ ਹੈ। ਉਂਞ ਮੈਕਾਲਿਫ਼ ਨੇ ਤਾਂ ਛੇਵੇਂ ਪਾਤਸ਼ਾਹ ਦੇ ਪੁੱਤਰ ਅਟਲ ਰਾਏ ਅਤੇ ਗੁਰਦਿੱਤਾ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ। ਉਹ ਤਾਂ ਇਕ ਥਾਂ ਇਹ ਵੀ ਲਿਖ ਬੈਠਾ ਸੀ: “ਸੰਮਤ 1670 ਬੁਧਵਾਰ ਕੱਤਕ ਦੀ ਪੁਰਨਮਾਸ਼ੀ ਦੀ ਰਾਤ ਨੂੰ ਮਾਤਾ ਜੀ ਦੇ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਪਿੱਛੋਂ ਗੁਰਦਿੱਤਾ ਰਖਿਆ ਗਿਆ। ਉਸ ਦੀ ਸ਼ਕਲ ਗੁਰੂ ਨਾਨਕ ਨਾਲ ਹੂਬਹੂ ਮਿਲਦੀ ਸੀ।” (ਦ ਸਿਖ ਰਿਲੀਜਨ, ਜਿਲਦ 4, ਸਫ਼ਾ 56)।

ਵਿਸਾਖ ਸੁਦੀ ਤਿੰਨ ਦਾ ਪਹਿਲਾ ਪਰਚਾਰ ਕਰਮ ਸਿੰਘ ਨੇ ਨਹੀਂ ਬਲਕਿ ਪ੍ਰੋ: ਗੁਰਮੁਖ ਸਿੰਘ ਨੇ ਕੀਤਾ ਸੀ। ਉਸ ਸਿੰਘ ਸਭਾ ਲਹਿਰ ਦਾ ਮੁਖੀ ਆਗੂ ਸੀ ਪਰ ਅੰਗਰੇਜ਼-ਭਗਤ ਵੀ ਸੀ। ਜਦ ਅੰਗਰੇਜ਼ਾਂ ਨੇ ਗੁਰੂ ਨਾਨਕ ਪੁਰਬ ਦੀ ਛੁੱਟੀ ਮਨਜ਼ੂਰ ਕੀਤੀ ਤਾਂ ਉਨ੍ਹਾਂ ਨੇ ਸਾਰਿਆਂ ਦੇ ਵਿਚਾਰ ਲੈ ਕੇ ਇਹ ਤਾਰੀਖ਼ ਕੱਤਕ ਹੀ ਮੰਨੀ ਹਾਲਾਂ ਕਿ ਪ੍ਰੋ: ਗੁਰਮੁਖ ਸਿੰਘ ਦੀ ਸਰਕਾਰੇ ਦਰਬਾਰੇ ਵਧੇਰੇ ਚਲਦੀ ਸੀ।
ਦੂਜੇ ਪਾਸੇ ਕੱਤਕ ਦੀ ਪੂਰਨਮਾਸ਼ੀ ਦੇ ਦਿਨ ਗੁਰੂ ਸਾਹਿਬ ਦਾ ਪੁਰਬ ਮਨਾਉਣ ਬਾਰੇ ਪੁਰਾਣੀਆਂ ਲਿਖਤਾਂ ਵਿਚ ਬਹੁਤ ਸਬੂਤ ਮਿਲਦੇ ਹਨ, ਮਿਸਾਲ ਵਜੋਂ:
ਗੁਰੂ ਕੀਆਂ ਸਾਖੀਆਂ, 1790 ਦੀ ਲਿਖਤ:
(ਸਾਖੀ 24):…ਸਤਿਗੁਰਾਂ ਧੰਮਤਾਨ ਨਗਰੀ ਸੇ ਤਿਆਰੀ ਕੀ। ਭਾਈ ਦਗੋ ਨੇ ਬੇਨਤੀ ਕਰ ਕੇ ਗੁਰੂ ਜੀ ਕੋ ਕਾਰਤਕ ਕੀ ਪੂਰਨਮਾਸ਼ੀ ਤੀਕ ਇਥੇ ਹੀ ਠਹਿਰਾਇ ਲਿਆ। ਬਚਨ ਹੋਆ ਮਹਾਰਾਜ! ਗੁਰੂ ਨਾਨਕ ਜੀ ਕੇ ਅਵਤਾਰ ਧਾਰਨ ਕਾ ਸ਼ੁਭ ਦਿਹਾੜਾ ਆਇ ਗਿਆ ਹੈ, ਯਹਾਂ ਹੀ ਮਨਾਨਾ ਚਾਹੀਏ।…
(ਸਾਖੀ 51):
…ਪਾਤੀ ਮੇਂ ਲਿਖਾ ਥਾ- ਗਰੀਬਨਿਵਾਜ਼! ਤੋਕੀ ਕਾਰਤਕ ਕੀ ਪੂਰਨਮਾਂ ਕਾ ਗੁਰਪੁਰਬ ਖੁਰਵੱਧੀ ਨਗਰ ਮੇਂ ਆਇ ਕੇ ਮਨਾਈਏ…
(ਸਾਖੀ ਪੋਥੀ, 1745):
“…ਦੀਵਾਲੀ ਦਾ ਮੇਲਾ ਆਇਆ, ਸੰਗਤਾਂ ਆਈਆਂ। ਗੁਰੂ ਜੀ ਬਚਨ ਕੀਤਾ ਪੰਦਰਾਂ ਦਿਨ ਇਥੇ ਹੋਰ ਰਹਿਣਾ ਹੈ। ਗੁਰੂ ਨਾਨਕ ਜੀ ਕਾ ਪੂਰਣਿਮਾਂ ਕਾ ਪੁਰਬ ਕਰ ਕੇ ਚੜ੍ਹਾਂਗੇ…।”
ਸਿਰਫ਼ ਏਨਾ ਹੀ ਨਹੀਂ ਹੋਰ ਬਹੁਤ ਸਾਰੀਆਂ ਪੁਰਾਣੀਆਂ ਲਿਖਤਾਂ ਵਿਚ ਵੀ ਗੁਰੂ ਨਾਨਕ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਹੋਣ ਦਾ ਜ਼ਿਕਰ ਮਿਲਦਾ ਹੈ:
ਭਾਈ ਗੁਰਦਾਸ (ਮੌਤ 1638):
ਕਾਰਤਕ ਮਾਸ ਰੁਤਿ ਸ਼ਰਤ ਪੂਰਨਮਾਸ਼ੀ, ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ।
ਅਉਸਰ ਅਭੀਚ ਬਹੁ ਨਾਇਕ ਕੀ ਨਾਇਕਾ ਹੈ, ਰੂਪ ਗੁਣ ਜੋਬਨ ਸ਼ਿੰਗਾਰ ਅਧਿਕਾਰੀ ਹੈ।
ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ, ਸੰਪਦਾ ਸਮਗਰੀ ਸੁਖ ਸਜਿਹ ਸੰਚਾਰੀ ਹੈ।
ਸੁੰਦਰ ਮੰਦਰ ਸਦਿਨ ਚਾਰ। ਸ਼ੁਭ ਲਗਨ ਸੰਜੋਗ ਭੋਗ, ਜੀਵਨ ਜਨਮ ਧੰਨ ਪ੍ਰੀਤਮ ਪਿਆਰੀ ਹੈ॥345॥ (ਕਬਿਤ 345)
1. ਸੰਤੋਖ ਸਿੰਘ ਵੀ “ਨਾਨਕ ਪ੍ਰਕਾਸ਼” (1832 ਦੀ ਲਿਖਤ) ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਲਿਖਦਾ ਹੈ।
2. ਬਾਬਾ ਬਿਨੋਦ ਸਿੰਘ ਦਾ ਗ੍ਰੰਥ:
“ਉਰਜ ਮਾਸ ਕੀ ਪੂਰਨਮਾਸ਼ੀ। ਹਰਿ ਕੀਰਤ ਸੀ ਜੌਨ ਪ੍ਰਕਾਸ਼ੀ। ਸੰਮਤ ਨੌ ਖਟ ਸਹਿਸ ਛਬੀਸਾ। ਭੈ ਅਵਤਾਰ ਪ੍ਰਗਟ ਜਗਦੀਸ਼ਾ।”
3. ਕੇਸਰ ਸਿੰਘ ਛਿਬਰ (ਬੰਸਾਵਲੀਨਮਾ ਦਸਾਂ ਪਾਤਸਾਹੀਆਂ ਦਾ, ਲਿਖਤ 1780 ਦੀ): “ਸੰਮਤ ਪੰਦਰਾਂ ਸੈ ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜਨਮ ਲਏ। ਮਹਾਂ ਕਾਰਤਕ ਪੁੰਨਿਆ ਰਾਤ ਗੁਰੂ ਨਾਨਕ ਲੀਨਾ ਅਵਤਾਰ।”
4. ਗੁਲਾਬ ਸਿੰਘ ਨਿਰਮਲਾ ਦੀ 1753 ਦੀ ਲਿਖਤ।
5. ਸੰਤ ਸਿੰਘ ਛਿਬਰ ‘ਜਨਮ ਸਾਖੀ ਬਾਬਾ ਨਾਨਕ ਕੀ’ (1810-15 ਦੀ ਲਿਖਤ)।
6. ਗੁਲਾਬ ਸਿੰਘ (ਦੂਜਾ) ‘ਗੁਰ ਪ੍ਰਣਾਲੀ’ (ਲਿਖਤ 1851 ਦੀ) ਵਿਚ ਸ਼ਰੇਆਮ ਲਿਖਦਾ ਹੈ: “ਪ੍ਰਮਾਣੀਕ ਜਨਮ ਸਾਖੀਆਂ ਅਤੇ ਗੁਰੂ ਨਾਨਕ ਚੰਦਰੋਦਯ ਤੇ ਗੁਰਪ੍ਰਣਾਲੀਆਂ ਵਿਚ ਕਤਕ ਪੂਰਨਮਾਸ਼ੀ ਜਨਮ ਦਿਨ ਲਿਖਿਆ ਹੈ। ਪਰ ਮਿਹਰਬਾਨ ਨੇ ਵਿਸਾਖ ਸੁਦੀ ਤੀਜ ਲਿਖਆ ਹੈ। ਸ਼ੁਧ ਦਿਨ ਕਤਕ ਪੂਰਨਮਾਸ਼ੀ ਹੈ।”
7. ਗਣੇਸ਼ਾ ਸਿੰਘ ਬੇਦੀ, ‘ਗੁਰੂ ਬੰਸ ਬਿਨੋਦ’, ਲਿਖਤ 1879 ਦੀ।
8. ਨਿਹਾਲ ਸਿੰਘ, ਗੁਰਮੁਖ ਸਿੰਘ ‘ਖੁਰਸ਼ੀਦ ਖਾਲਸਾ’, ਲਿਖਤ 1890 ਦੀ।
9. ਤਾਰਾ ਸਿੰਘ ਨਰੋਤਮ ‘ਗੁਰ ਤੀਰਥ ਸੰਗ੍ਰਹਿ’ 1884 ਦੀ ਲਿਖਤ।
ਇਨ੍ਹਾਂ ਤੋਂ ਇਲਾਵਾ ਕਈ ਹੋਰ ਲਿਖਤਾਂ ਵਿਚ ਵੀ ਕੱਤਕ ਦੀ ਪੂਰਨਮਾਸ਼ੀ ਤਾਰੀਖ਼ ਹੀ ਮਿਲਦੀ ਹੈ (ਤੇ ਇਹ ਸਾਰੀਆਂ ਕਰਮ ਸਿੰਘ ਹਿਸਟੋਰੀਅਨ ਤੋਂ ਪਹਿਲਾਂ ਦੀਆਂ ਹਨ):
10. 1892 ਵਿਚ ਛਪੀ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਜਨਮਸਾਖੀ ਵਿਚ ਵੀ, ਸੁਧਾਈ ਕਰ ਕੇ, ਤਾਰੀਖ਼ ਕੱਤਕ ਕਰ ਦਿੱਤੀ ਗਈ ਸੀ।
11. ਜੇ.ਡੀ. ਕਨਿੰਘਮ (1848 ਦੀ ਲਿਖਤ)।
12. ਗਿਆਨੀ ਗਿਆਨ ਸਿੰਘ ‘ਗੁਰ ਤੀਰਥ ਸੰਗ੍ਰਹਿ’ (1891), ‘ਤਵਾਰੀਖ਼ ਗੁਰੂ ਖਾਲਸਾ’ (1899), ਪੰਥ ਪ੍ਰਕਾਸ਼ (1909)।
13. ਸੇਵਾ ਦਾਸ ‘ਪਰਚੀਆਂ’।
14. ਸੁਮੇਰ ਸਿੰਘ ਪਟਨਾ ‘ਸ੍ਰੀ ਬੇਦੀ ਬੰਸੋਤਮ ਸਹੰਸ੍ਰ।
15. ਖ਼ਜ਼ਾਨ ਸਿੰਘ ‘ਹਿਸਟਰੀ ਐਂਡ ਫ਼ਿਲਾਸਫ਼ੀ ਆਫ਼ ਦ ਸਿੱਖਜ਼’।
16. ਰਾਮ ਨਾਰਾਇਣ ‘ਗੁਰੂ ਚੰਦ੍ਰੋਦਯ ਕਮਉਦੀ’।
17. ਗਿਆਨੀ ਕਰਤਾਰ ਸਿੰਘ ਕਲਾਸਵਾਲੀਆ (ਹੈੱਡ ਗ੍ਰੰਥੀ ਦਰਬਾਰ ਸਾਹਿਬ 1925-30)।
18. ਡਾ ਬੀ.ਵੀ ਰਮਨ ‘ਨੋਟੇਬਲ ਹੌਰੋ ਸਕੋਪਜ਼’।
ਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਵੀ ਗ਼ਲਤ ਲਿਖਿਆ ਹੈ, ਜੋ ਅਸਲ ਵਿਚ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਇਸ ਨੂੰ ਅੱਸੂ ਸੁਦੀ 10, ਯਾਨਿ 22 ਸਤੰਬਰ 1539) ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ।

ਇਕ ਹੋਰ ਗੱਲ ਅਹਿਮ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਲਿਖਤ ਵਿਚ ਗੁਰੂ ਨਾਨਕ ਸਾਹਿਬ ਨੂੰ “ਦੇਵ” ਨਹੀਂ ਲਿਖਿਆ ਬਲਕਿ ਗੁਰੂ ਨਾਨਕ ਜਾਂ ਬਾਬਾ ਨਾਨਕ ਹੀ ਲਿਖਿਆ ਹੈ।

ਲੇਖਕ ਦੀ ਕਿਤਾਬ ‘ਨਾਨਕਸ਼ਾਹੀ ਕੈਲੰਡਰ’ ਤੇ ਹੋਰ ਲੇਖ ਵਿਚੋਂ

Comments

comments

Share This Post

RedditYahooBloggerMyspace