ਜਿਊਣ ਚੱਜ

ਕਰਨੈਲ ਸਿੰਘ ਸੋਮਲ

ਮਨੁੱਖ ਦੀ ਜਿਸ ਸੋਚ, ਵਿਸ਼ਵਾਸ, ਰਵੱਈਏ, ਨਜ਼ਰੀਏ, ਅਮਲ ਆਦਿ ਸਦਕਾ ਇਸ ਧਰਤੀ ‘ਤੇ ਜੀਵਨ ਮੌਲਣ ਤੇ ਵਿਗਸਣ ਨੂੰ ਬਲ ਮਿਲਦਾ ਹੈ, ਉਸ ਨੂੰ ਜਿਊਣ-ਚੱਜ ਆਖਿਆ ਜਾ ਸਕਦਾ ਹੈ। ਇਹ ਚੱਜ ਵਿਅਕਤੀ ਦੇ ਨਿੱਜ ਤੋਂ ਲੈ ਕੇ ਪਰਿਵਾਰ, ਸਮਾਜ, ਦੇਸ਼ ਤੇ ਸੰਸਾਰ ਤਕ ਦੇ ਸਾਰੇ ਜੀਵਨ ਦਾਇਰਿਆਂ ਨਾਲ ਵਾਬਸਤਾ ਹੁੰਦਾ ਹੈ। ਜਿਊਣ-ਚੱਜ ਦਾ ਆਰੰਭ ਮਨੁੱਖ ਦੇ ਇਸ ਧਰਤੀ ਉੱਤੇ ਵਿਚਰਨ ਨਾਲ ਹੀ ਹੋਇਆ। ਉਹ ਨਵੀਆਂ ਸਥਿਤੀਆਂ ਨਾਲ ਸਿੱਝਦਿਆਂ ਕਦੇ ਉਨ੍ਹਾਂ ਵਿਚ ਉਲਝਦਾ ਤੇ ਕਦੇ ਉੱਭਰਦਾ। ਫਿਰ ਉਹ ਆਪਣੇ ਅਨੁਭਵ ਦੂਜਿਆਂ ਨਾਲ ਸਾਂਝੇ ਕਰਦਾ। ਇਸ ਤਰ੍ਹਾਂ ਮਨੁੱਖ ਨੂੰ ‘ਅਕਲ’ ਤੇ ਨਾਲ ਹੀ ਨਵੀਆਂ ਤੋਂ ਨਵੀਆਂ ਹਾਲਤਾਂ ਨਾਲ ਨਿਪਟਣ ਲਈ ਜੁਗਾੜ ਤੇ ਜੁਗਤਾਂ ਲੱਭਣ ਦੀ ਜਾਚ ਆਉਂਦੀ ਗਈ। ਜੀਵਨ-ਹਾਲਤਾਂ ਦੇ ਬਦਲਣ ਨਾਲ ਇਹ ਜਾਚਾਂ ਕਈ ਭਾਂਤ ਦੀਆਂ ਕਾਰੀਗਰੀਆਂ ਤੇ ਹੁਨਰਾਂ ਵਿਚ ਵੀ ਪ੍ਰਗਟ ਹੁੰਦੀਆਂ ਗਈਆਂ। ਇਸ ਪ੍ਰਕਾਰ ਮਨੁੱਖ ਦਾ ਜੀਵਨ ਦਿਨ-ਬਦਿਨ ਸੁਖਾਲਾ ਹੁੰਦਾ ਗਿਆ। ਰਸੋਈ ਵਿਚ ਵਰਤਿਆ ਜਾਂਦਾ ਚਿਮਟਾ ਹੀ ਲੈ ਲਓ। ਇਸ ਸਦਕਾ ਰੋਟੀ ਸੇਕਦਿਆਂ ਹੱਥ ਸੜਨ ਤੋਂ ਬਚਾਉ ਹੋ ਗਿਆ। ਵੱਖ-ਵੱਖ ਪ੍ਰਕਾਰ ਦੇ ਔਜ਼ਾਰ ਇਵੇਂ ਹੀ ਵਿਕਸਤ ਹੋਏ। ਨਵੇਂ ਤੋਂ ਨਵੇਂ ਰਾਹਾਂ ਦੀ ਢੂੰਡ, ਖ਼ੂੰਖ਼ਾਰ ਜਾਨਵਰਾਂ ਤੋਂ ਬਚਾਉ, ਮੌਸਮਾਂ ਦੀਆਂ ਕਰੋਪੀਆਂ ਤੋਂ ਸੁਰੱਖਿਆ ਆਦਿ ਮਨੁੱਖ ਨੇ ਇਸੇ ਤਰ੍ਹਾਂ ਸਿੱਖੇ।

ਧਰਤੀ ਦੇ ਵੱਖ-ਵੱਖ ਹਿੱਸਿਆਂ ਵਿਚ ਜ਼ਮੀਨ, ਜਲਵਾਯੂ ਅਤੇ ਕੁਦਰਤੀ ਸਾਧਨਾਂ ਪੱਖੋਂ ਵਿਵਿਧਤਾ ਹੋਣ ਕਾਰਨ ਮਨੁੱਖੀ ਦੀ ਜੀਵਨ-ਸ਼ੈਲੀ ਤੇ ਸੱਭਿਆਚਾਰ ਵਖਰੇਵੇਂ ਵਾਲੇ ਹੋ ਗਏ। ਬੋਲੀ, ਪਹਿਰਾਵਾ, ਰੀਤਾਂ-ਮਨੌਤਾਂ ਆਦਿ ਪੱਖੋਂ ਵੀ ਅੰਤਰ ਤਦੇ ਹੋਇਆ। ਜੰਮਣ ਤੇ ਮਰਨ ਸਮੇਤ ਕੁਦਰਤ ਦੇ ਵਰਤਾਰਿਆਂ ਬਾਰੇ ਮਨੁੱਖ ਦੀਆਂ ਕਿੰਨੀਆਂ ਹੀ ਧਾਰਨਾਵਾਂ ਅਤੇ ਮਨੌਤਾਂ ਉਸ ਦੀ ਸਮਝ ਅਤੇ ਕਲਪਨਾ ਅਨੁਸਾਰ ਹੋਂਦ ਵਿਚ ਆਈਆਂ। ਆਦਿ ਕਾਲ ਤੋਂ ਲੈ ਕੇ ਅੱਜ ਤਕ ਅਜਿਹਾ ਹੁੰਦਾ ਆਇਆ ਹੈ। ਇਸ ਸਿਲਸਿਲੇ ਨੇ ਅੱਗੋਂ ਵੀ ਚੱਲਦੇ ਰਹਿਣਾ ਹੈ। ਕਦੇ ਜਾਪਦਾ ਹੈ ਕਿ ਅੱਜ ਦਾ ਮਨੁੱਖ ਆਪਣੇ ਪੁਰਖਿਆਂ ਨਾਲੋਂ ਬਹੁਤ ਅੱਗੇ ਲੰਘ ਆਇਆ ਹੈ ਤੇ ਕਦੇ ਲੱਗਦਾ ਹੈ ਕਈ ਪੱਖਾਂ ਤੋਂ ਪਹਿਲਾਂ ਦੇ ਮੁਕਾਬਲੇ ਨਿਘਾਰ ਦੀ ਹਾਲਤ ਵਿਚ ਹੈ। ਜੀਵਨ-ਸਾਧਨਾਂ ਨੂੰ ਜ਼ੋਰਾਵਰਾਂ ਰਾਹੀਂ ਆਪਣੇ ਹੱਥਾਂ ਵਿਚ ਲੈਣ ਦੀ ਹੋੜ, ਕੁਦਰਤ ਦੇ ਨੇਮਾਂ ਦੀ ਨਿਰੰਤਰ ਉਲੰਘਣਾ, ਹਰ ਪ੍ਰਕਾਰ ਦਾ ਜਬਰ, ਸਾਰੇ ਜੀਵ-ਜੰਤੂਆਂ ਨੂੰ ਖ਼ਤਮ ਕਰਨ ਦੇ ਰਾਹ ਤੁਰਨ ਜਿਹੇ ਵਰਤਾਰਿਆਂ ਆਦਿ ਤੋਂ ਖਪੇ ਲੋਕ ਬੀਤੇ ਵਿਚ ਕਦੇ ਭਲਾ ਜ਼ਮਾਨਾ ਰਹੇ ਹੋਣ ਦੀ ਗੱਲ ਕਰਨ ਕਰਨ ਲੱਗੇ।

ਇਕ-ਦੋ ਸਦੀਆਂ ਪਹਿਲਾਂ ਤਕ ਜਦੋਂ ਜ਼ਮਾਨੇ ਨੇ ਬਹੁਤੀ ਤਰੱਕੀ ਨਹੀਂ ਸੀ ਕੀਤੀ। ਜ਼ਰੂਰਤਾਂ ਘੱਟ ਸਨ ਤੇ ਥੋੜ੍ਹੇ ਨਾਲ ਵੀ ਸੁਖੀ ਜੀਵਨ ਬਤੀਤ ਹੋ ਜਾਂਦਾ ਸੀ। ਸਲੂਣੇ ਨੂੰ ਲਾ ਲਾ ਕੇ ਰੋਟੀ ਖਾਂਦਿਆਂ ‘ਸਵਾਦ ਆ ਗਿਆ’ ਆਖਿਆ ਜਾਂਦਾ। ਹੁਣ ਹੈ ਕਿ ਬਾਜ਼ਾਰ ਨਵੀਆਂ ਤੋਂ ਨਵੀਆਂ ਵਸਤਾਂ ਨਾਲ ਅੱਟੇ ਪਏ ਹਨ। ਜਿਨ੍ਹਾਂ ਕੋਲ ਪੈਸਾ ਹੈ ਉਨ੍ਹਾਂ ਦੇ ਘਰ ਵਸਤਾਂ ਨਾਲ ਤੂੜੇ ਪਏ ਹਨ। ਜੇ ਬਾਹਰ ਤੇ ਅੰਦਰ ਵਸਤਾਂ ਦੀ ਭਰਮਾਰ ਹੋਵੇ, ਪਰ ਮਨੁੱਖ ਆਪ ਖਾਲੀ ਹੋ ਜਾਵੇ, ਪੰਛੀ-ਪੰਖੇਰੂ ਵੀ ਉਸ ਤੋਂ ਦੂਰੀ ਕਰ ਲੈਣ, ਫਿਰ ਉਸ ਦੀ ਇਸ ‘ਖ਼ੁਸ਼ਹਾਲੀ’ ਉੱਤੇ ਪ੍ਰਸ਼ਨ-ਚਿੰਨ੍ਹ ਲੱਗਦਾ ਹੈ। ਅਜੋਕੇ ਮਨੁੱਖ ਦੀਆਂ ਸਮੱਸਿਆਵਾਂ ਇੰਨੀਆਂ ਵਧ ਗਈਆਂ ਹਨ ਤੇ ਉਹ ਨਿਰੰਤਰ ਪਰੇਸ਼ਾਨ ਰਹਿਣ ਲੱਗਾ ਹੈ। ਇਸ ਹਾਲਤ ਵਿਚ ਅਨੇਕਾਂ ਟੋਟਕੇ, ਓਹੜ-ਪੋਹੜ ਤੇ ਉਪਚਾਰ ਸੁਝਾਏ ਜਾਂਦੇ ਹਨ। ਅਖੌਤੀ ਅਧਿਆਤਮਕ ਗੁਰੂਆਂ ਦੀ ਹੋੜ ਵੀ ਹੋਂਦ ਵਿਚ ਆਈ ਹੈ। ਖ਼ੁਸ਼ ਰਹਿਣ ਦੀ ਜਾਚ ਵੀ ਦੱਸੀ ਜਾਂਦੀ ਹੈ, ਪਰ ਕੋਈ ਪੁੱਛੇ ਪ੍ਰਸੰਨ ਰਹਿਣ ਦੀ ਕਲਾ ਵੀ ਭਲਾਂ ਕੋਈ ਹੁੰਦੀ ਹੈ। ਬੱਚਿਆਂ ਦਾ ਹੱਸ-ਹੱਸ ਲੋਟ-ਪੋਟ ਹੋਣਾ, ਪੰਛੀਆਂ ਦਾ ਚਹਿਕਣਾ, ਫੁੱਲਾਂ ਦਾ ਖਿੜਨਾ- ਇਹ ਪਿਆਰੇ ਵਰਤਾਰੇ ਉਨ੍ਹਾਂ ਨੂੰ ਕਿਸ ਨੇ ਸਿਖਾਏ ਹਨ।

ਜਦੋਂ ਜ਼ਿੰਦਗੀ ਵਿਚ ਬਹੁਤ ਕੁਝ ਉਦਾਸ ਕਰਨ ਵਾਲਾ ਵਾਪਰ ਰਿਹਾ ਹੋਵੇ, ਮਨ ਨੂੰ ਡੋਬ ਪੈਂਦੇ ਹੋਣ ਤਦ ਚੜ੍ਹਦੀ ਕਲਾ ਵਿਚ ਰਹਿਣ ਦੇ ਖਿਆਲ ਦਾ ਲੜ ਫੜਨਾ ਬੜਾ ਜ਼ਰੂਰੀ ਹੈ। ਉਂਜ ਤਾਂ ਬੰਦਾ ਸਦਾ ਹੀ ਇਸ ਹਾਲਤ ਵਿਚ ਰਹਿਣਾ ਚਾਹੀਦਾ ਹੈ, ਪਰ ‘ਮਰੂੰ ਮਰੂੰ’ ਦੀ ਹਾਲਤ ਲਈ ਤਾਂ ਇਹ ਕਲਾ ਬਹੁਤ ਹੀ ਲੋੜੀਂਦੀ ਹੈ। ਮਨੁੱਖ ਉੱਚੇ ਜੀਵਨ-ਆਦਰਸ਼ਾਂ ‘ਤੇ ਪਹਿਰਾ ਦੇਵੇ ਤਾਂ ਜੋ ਇਹ ਜੀਵਨ ਉਤਸਵ ਹੋ ਗੁਜ਼ਰੇ। ਕੋਈ ਵੀ ਪ੍ਰਬੰਧ ਇਸ ਜੀਵਨ ਦਾ ਨਿਰਾਦਰ ਨਾ ਕਰੇ। ਜਿਊਣ-ਚੱਜ ਦਾ ਸੰਕਲਪ ਇਸ ਪਰਿਪੇਖ ਵਿਚ ਹੀ ਅਰਥਪੂਰਨ ਹੈ। ਲੋਕਾਚਾਰ, ਸ਼ਿਸ਼ਟਾਚਾਰ, ਅਦਬੋ ਆਦਾਬ ਆਦਿ ਦੇ ਦਾਇਰੇ ਬਹੁਤ ਸੀਮਤ ਹਨ ਜਦਕਿ ਜਿਊਣ-ਚੱਜ ਦਾ ਘੇਰਾ ਬੜਾ ਵਿਸ਼ਾਲ ਹੈ। ਇਸ ਪੱਖੋਂ ਹਰ ਪ੍ਰਕਾਰ ਦੀਆਂ ਭਿੰਨਤਾਵਾਂ ਦਾ ਇਸ ਦਾਇਰੇ ਵਿਚ ਸੁਮੇਲ ਹੋ ਜਾਂਦਾ ਹੈ।

ਜਿਊਣ-ਚੱਜ ਮਨੁੱਖ ਦੇ ਬੁਨਿਆਦੀ ਵਤੀਰਿਆਂ ਤੇ ਵਰਤਾਰਿਆਂ ਨਾਲ ਸਬੰਧਿਤ ਹੈ। ਅਕਸਰ ਖ਼ੁਸ਼ਹਾਲੀ ਦਾ ਇਕ ਭਰਮਾਊ ਤੇ ਝੂਠਾ ਮੰਤਵ ਮਿਥ ਲਿਆ ਜਾਂਦਾ ਹੈ। ਕੋਈ ਕੰਮ ਨਾ ਹੋਵੇ, ਵਿਹਲੇ ਬੈਠਿਆਂ ਚੰਗਾ ਖਾਣ-ਪਹਿਨਣ ਨੂੰ ਮਿਲੇ। ਕਿਸੇ ਪਰਿਵਾਰ ਦੇ ਅਨੰਤ ਸੁੱਖਾਂ ਦੀ ਗੱਲ ਕਰਦਿਆਂ ਕਦੇ ਆਖਿਆ ਜਾਂਦਾ ਸੀ ਕਿ ਉਨ੍ਹਾਂ ਦੀ ਕੋਈ ਇਸਤਰੀ ਘੜੇ ਤੋਂ ਆਪ ਪਾਣੀ ਪਾ ਕੇ ਨਹੀਂ ਪੀਂਦੀ, ਕਦੇ ਪੈਰ ਭੁੰਞੇ ਨਹੀਂ ਰੱਖਦੀ। ਇਸ ਤਰ੍ਹਾਂ ਦੇ ਸੋਹਲ ਜੀਵਨ ਨਾਲ ਬੰਦੇ ਦੀ ਦੇਹ ਨਰੋਈ ਕਿਵੇਂ ਰਹਿ ਸਕਦੀ ਹੈ। ਅਜੋਕੇ ਸਮੇਂ ਵਿਚ ਕਿੰਨੇ ਹੀ ਸੁੱਖ-ਸਾਧਨ ਮੌਜੂਦ ਹਨ, ਪਰ ਸੁੱਖ-ਰਹਿਣੇ ਬੰਦੇ ਦਾ ਆਪਣਾ ਕੀ ਹਾਲ ਹੁੰਦਾ ਹੈ। ਨਾ ਪੈਦਲ ਚੱਲਣ ਦੀ ਜ਼ਰੂਰਤ ਤੇ ਨਾ ਬੋਝ-ਭਾਰ ਚੁੱਕਣ ਦਾ ਝੰਜਟ, ਬਹੁਤਾ ਕੁਝ ਬੈਠਿਆਂ ਨੂੰ ਕੀਤਾ ਕਰਾਇਆ ਮਿਲੀ ਜਾਂਦਾ ਹੈ। ਚੰਗੀ ਸਿਹਤ ਲਈ ਸਰੀਰਿਕ ਕਸਰਤ ਤੇ ਹੱਥਾਂ-ਪੈਰਾਂ ਦੀ ਹਿਲ-ਜੁੱਲ ਦੀ ਗੱਲ ਹੀ ਖ਼ਤਮ ਹੋ ਗਈ ਹੈ।

ਕੋਈ ਬਹੁਤ ਕਮਾਈ ਕਰਦਾ ਕਹਿ ਦਿੰਦਾ ਹੈ ਕਿ ਹੁਣ ਮੇਰੀਆਂ ਸੱਤ ਪੁਸ਼ਤਾਂ ਬਿਨਾਂ ਕੰਮ ਕੀਤਿਆਂ ਮੌਜ ਨਾਲ ਰਹਿ ਸਕਦੀਆਂ ਹਨ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਕਿੱਡਾ ਸਰਾਪ। ਅਜੋਕੇ ਸਮੇਂ ਵਿਚ ਇਕ ਪਾਸੇ ਇਹ ਸੋਚ ਕਿ ਹਰ ਮਨੁੱਖ ਸਖ਼ਤ ਮਿਹਨਤ ਕਰਦਿਆਂ ਆਪਣੀ ਪ੍ਰਤਿਭਾ ਨੂੰ ਜਗਾਵੇ ਤੇ ਆਪਣੀ ਊਰਜਾ ਨੂੰ ਕੋਈ ਸਿਰਜਣਾਤਮਕ ਪ੍ਰਗਟਾਵਾ ਦੇਵੇ, ਸਜੱਗ ਹੋ ਕੇ ਵਿਚਰੇ ਤੇ ਜੀਵਨ ਦੇ ਅਰਥ ਤਲਾਸ਼ਦਿਆਂ ਨਿਹਾਲ ਹੁੰਦਾ ਜਾਵੇ। ਦੂਜੇ ਪਾਸੇ ਆਪਣੇ ਵਾਰਸਾਂ ਨੂੰ ਜਾਣ-ਬੁੱਝ ਕੇ ਵਿਹਲੜ ਬਣਾਉਣ ਦੀ ਘਿਨਾਉਣੀ ਸੋਚ। ਅਜਿਹਾ ਹੋਵੇ ਤਾਂ ਖ਼ੂਨ-ਪਸੀਨੇ ਦੀ ਕਮਾਈ ਦੀ ਮਹਿਮਾ ਕਿੱਥੋਂ ਲੱਭੇਗੀ? ਕਮਾਈ ਹੋਈ ਸੋਹਣੀ ਸਿਹਤ ਦਾ ਨਸ਼ਾ ਤੇ ਮਾਣ ਕਿਵੇਂ ਹੋਵੇਗਾ? ਨਵੀਆਂ ਖੋਜਾਂ ਤੇ ਲੱਭਤਾਂ ਕਿਵੇਂ ਹੋਣਗੀਆਂ?

ਅਜੋਕੀਆਂ ਬਹੁਤੀਆਂ ਸਮੱਸਿਆਵਾਂ ਦੀ ਜੜ ਪਿੱਛੋਂ ਚਲੀਆਂ ਆ ਰਹੀਆਂ ਸਮਾਜਿਕ ਕਾਣਾਂ ਹਨ। ਸਿਤਮ ਇਹ ਕਿ ਅਜੋਕੇ ਸਮੇਂ ਵਿਚ ਵੀ ਬੇਕਾਰ ਤੇ ਗੰਧਲੀਆਂ ਸੋਚਾਂ ਤੋਂ ਮੁਕਤ ਨਹੀਂ ਹੋਇਆ ਜਾ ਰਿਹਾ। ਪੈਰੀਂ ਪਈਆਂ ਇਨ੍ਹਾਂ ਬੇੜੀਆਂ ਦੇ ਹੁੰਦਿਆਂ ਸਮੇਂ ਦੇ ਨਾਲ ਤੁਰਨਾ ਔਖਾ ਹੈ। ਸੋਹਣਾ ਜਿਊਣ-ਚੱਜ ਮੰਗ ਕਰਦਾ ਹੈ ਕਿ ਮਾਪੇ ਆਪਣੀ ਔਲਾਦ ਨੂੰ ਕੇਵਲ ਜੀਵਨ-ਸੁੱਖ ਮੁਹੱਈਆ ਕਰਾਉਣ ਦੀ ਥਾਂ, ਬਿਨਾਂ ਜਿਣਸੀ ਪੱਖ-ਪਾਤ ਦੇ ਚੰਗੇ ਇਨਸਾਨ ਬਣਨ ਵਾਲੀਆਂ ਸੋਚਾਂ ਦੇ ਲੜ ਲਾਉਣ ਤੇ ਫਿਰ ਉਨ੍ਹਾਂ ਨੂੰ ਆਪਣੇ ਬਲ ‘ਤੇ ਉੱਡਣ ਦੇਣ। ਅਜਿਹੀ ਔਲਾਦ ਫਿਰ ਆਪਣੇ ਰਾਹਾਂ ਦੀਆਂ ਚੁਣੌਤੀਆਂ ਨੂੰ ਆਪਣੀ ਹਿੰਮਤ, ਵਿਗਿਆਨਕ ਸੋਚ ਤੇ ਆਚਰਣਿਕ ਗੁਣਾਂ ਦੇ ਬਲ ਸਿਲਝਦੀ ਜਾਵੇਗੀ।.

Comments

comments

Share This Post

RedditYahooBloggerMyspace