ਡਾਕੂ ਆ ਰਹੇ ਨੇ…


ਸੁਸ਼ਾਂਤ ਸਿੰਘ ਰਾਜਪੂਤ ਫ਼ਿਲਮ ‘ਸੋਨ ਚਿੜੀਆ’ ਵਿਚ ਸਾਥੀ ਕਲਾਕਾਰਾਂ ਨਾਲ।

ਬੌਲੀਵੁੱਡ ਵਿਚ ਡਾਕੂਆਂ ’ਤੇ ਕਈ ਸ਼ਾਨਦਾਰ ਫ਼ਿਲਮਾਂ ਬਣੀਆਂ ਹਨ। ਅਜਿਹੀਆਂ ਫ਼ਿਲਮਾਂ ਨੇ ਟਿਕਟ ਖਿੜਕੀ ’ਤੇ ਵੀ ਖ਼ੂਬ ਕਮਾਈ ਕੀਤੀ। ਮੌਜੂਦਾ ਦੌਰ ਵਿਚ ਡਾਕੂਆਂ ’ਤੇ ਫ਼ਿਲਮਾਂ ਮੁੜ ਬਣਨ ਲੱਗੀਆਂ ਹਨ। ‘ਸ਼ਮਸ਼ੇਰਾ’ ਤੇ ‘ਸੋਨ ਚਿੜੀਆ’ ਸਮੇਤ ‘ਠੱਗਜ਼ ਆਫ ਹਿੰਦੁਸਤਾਨ’ ਅਜਿਹੀਆਂ ਹੀ ਕੁਝ ਫ਼ਿਲਮਾਂ ਹਨ।

ਏ. ਚਕਰਵਰਤੀ

ਕਦੇ ਹਿੰਦੀ ਸਿਨਮਾ ਵਿਚ ਡਾਕੂਆਂ ਦਾ ਬਹੁਤ ਬੋਲਬਾਲਾ ਹੁੰਦਾ ਸੀ। ਠਾਕੁਰ ਜਰਨੈਲ ਸਿੰਘ, ਝੱਬਰ ਸਿੰਘ, ਲਾਖਨ ਸਿੰਘ, ਰੂਪਾ, ਗੱਬਰ ਸਿੰਘ ਅਤੇ ਹੋਰ ਪਤਾ ਨਹੀਂ ਕਿੰਨੇ ਨਾਵਾਂ ਦੇ ਡਾਕੂ ਵੱਡੇ ਪਰਦੇ ’ਤੇ ਛਾਏ ਹੋਏ ਸਨ। 1963 ਦੀ ਬੇਹੱਦ ਚਰਚਿਤ ਫ਼ਿਲਮ ‘ਮੁਝੇ ਜੀਨੇ ਦੋ’ ਵਿਚ ਠਾਕੁਰ ਜਰਨੈਲ ਸਿੰਘ ਦਾ ਕਿਰਦਾਰ ਇੰਨਾ ਹਰਮਨ ਪਿਆਰਾ ਹੋਇਆ ਸੀ ਕਿ ਅਭਿਨੇਤਾ ਸੁਨੀਲ ਦੱਤ ਨੂੰ ਫ਼ਿਲਮਾਂ ਦਾ ਸਭ ਤੋਂ ਹਿੱਟ ਡਾਕੂ ਮੰਨਿਆ ਗਿਆ। ਸਿਰਫ਼ ਸੁਨੀਲ ਦੱਤ ਹੀ ਨਹੀਂ ਵਿਨੋਦ ਖੰਨਾ, ਧਰਮਿੰਦਰ ਵੀ ਡਾਕੂ ਦੇ ਤੌਰ ’ਤੇ ਕਾਫ਼ੀ ਮਸ਼ਹੂਰ ਹੋਏ। ਅੱਜਕੱਲ੍ਹ ਵੀ ਡਾਕੂਆਂ ਨੂੰ ਆਧਾਰ ਬਣਾ ਕੇ ‘ਸ਼ਮਸ਼ੇਰਾ’, ‘ਸੋਨ ਵਿਰੈਯਾ’, ‘ਠੱਗਜ਼ ਆਫ ਹਿੰਦੁਸਤਾਨ’ ਵਰਗੀਆਂ ਕੁਝ ਫ਼ਿਲਮਾਂ ਬਣ ਰਹੀਆਂ ਹਨ।
ਕਦੇ ਇਕ ਮੁਲਾਕਾਤ ਦੌਰਾਨ ਅਭਿਨੇਤਾ ਰਣਬੀਰ ਕਪੂਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਉਹ ਕਿਸੇ ਫ਼ਿਲਮ ਵਿਚ ਦਸਯੁ ਸਰਗਨਾ ਦਾ ਕਿਰਦਾਰ ਕਰਨਾ ਚਾਹੁੰਦਾ ਹੈ। ਹੁਣ ਸਾਲਾਂ ਬਾਅਦ ਉਸਦੀ ਇਹ ਇੱਛਾ ਪੂਰੀ ਹੋਣ ਜਾ ਰਹੀ ਹੈ। ਆਪਣੀ ਨਵੀਂ ਫ਼ਿਲਮ ‘ਸ਼ਮਸ਼ੇਰਾ’ ਵਿਚ ਉਹ ਡਾਕੂ ਸ਼ਮਸ਼ੇਰਾ ਦਾ ਕਿਰਦਾਰ ਕਰਨ ਵਾਲਾ ਹੈ। ਯਸ਼ਰਾਜ ਬੈਨਰ ਦੀ ਇਸ ਫ਼ਿਲਮ ਦੇ ਨਿਰਦੇਸ਼ਕ ਕਰਨ ਮਲਹੋਤਰਾ ਹਨ। ਕੁਝ ਦਿਨ ਪਹਿਲਾਂ ਹੀ ਟੀਜ਼ਰ ਦਰਸ਼ਕਾਂ ਵਿਚਕਾਰ ਕਾਫ਼ੀ ਪਸੰਦ ਕੀਤਾ ਗਿਆ। ਇਸ ਵਿਚ ਰਣਬੀਰ ਦੀ ਦਿਖ ਕਾਬਿਲੇ-ਗੌਰ ਹੈ। ਇਸ ਵਿਚ ਉਸਦੀ ਟੈਗ ਲਾਈਨ ‘ਕਰਮ ਸੇ ਡਕੈਤ, ਧਰਮ ਸੇ ਆਜ਼ਾਦ’ ਹੈ। ਰਣਬੀਰ ਨੇ ਦੱਸਿਆ ‘ਇਹ ਪੀਰੀਅਡ ਫ਼ਿਲਮ ਹੈ ਜਿਸ ਵਿਚ ਡਾਕੂ ਦਾ ਕਿਰਦਾਰ ਅਹਿਮ ਹੈ। ਪਰ ਮੇਰੇ ਲਈ ਸਭ ਤੋਂ ਅਹਿਮ ਹੈ ਕਿ ਮੈਂ ਇਸ ਵਿਚ ਆਪਣੀ ਪਸੰਦ ਦਾ ਕਿਰਦਾਰ ਕਰ ਰਿਹਾ ਹਾਂ। ਬਚਪਨ ਵਿਚ ਮੈਨੂੰ ਡਾਕੂਆਂ ਵਾਲੀਆਂ ਫ਼ਿਲਮਾਂ ਪਸੰਦ ਸਨ। ਫ਼ਿਲਮ ‘ਸ਼ੋਅਲੇ’ ਦੇ ਸੰਵਾਦ ਮੈਂ ਘਰ ਵਿਚ ਬੋਲਦਾ ਰਹਿੰਦਾ ਸੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੀ ‘ਸ਼ਮਸ਼ੇਰਾ’ ਦੀ ਦਿਖ ਅਤੇ ਮੇਰੇ ਸੰਵਾਦ ਪਸੰਦ ਕੀਤਾ ਜਾਏਗਾ।’ ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਦੱਸਦੇ ਹਨ, ‘ਰਣਬੀਰ ਕਪੂਰ, ਵਰੁਣ ਧਵਨ, ਰਣਵੀਰ ਸਿੰਘ ਇਸ ਤਰ੍ਹਾਂ ਦੀ ਚੁਣੌਤੀ ਕਬੂਲ ਕਰ ਸਕਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਰਸੇ ਤੋਂ ਵੱਡੇ ਪਰਦੇ ’ਤੇ ਕੋਈ ਡਾਕੂ ਦਾ ਕਿਰਦਾਰ ਨਜ਼ਰ ਨਹੀਂ ਆਇਆ। ਇਸ ਲਈ ਦਰਸ਼ਕਾਂ ਨੂੰ ਵੀ ਆਪਣੀ ਪਸੰਦ ਦੇ ਸਟਾਰ ਨੂੰ ਇਸ ਤਰ੍ਹਾਂ ਦੇ ਕਿਰਦਾਰ ਵਿਚ ਦੇਖਣ ਦੀ ਇੱਛਾ ਹੋਏਗੀ।’
ਨਵਾਂ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਵੀ ਉਨ੍ਹਾਂ ਕੁਝ ਨਾਇਕਾਂ ਵਿਚੋਂ ਹੈ ਜੋ ਕੁਝ ਨਵਾਂ ਕਰਨ ਲਈ ਬੇਤਾਬ ਰਹਿੰਦੇ ਹਨ। ਧੋਨੀ ਦੀ ਬਾਇਓਪਿਕ ਤੋਂ ਬਾਅਦ ਸੁਸ਼ਾਂਤ ‘ਸੋਨ ਚਿੜੀਆ’ ਵਿਚ ਡਾਕੂ ਦਾ ਰੋਲ ਕਰ ਰਿਹਾ ਹੈ। ਇਸ ਵਿਚ ਉਸਦੀ ਹੀਰੋਇਨ ਭੂਮੀ ਪੇਡਨੇਕਰ ਹੈ ਜੋ ਸਮਾਜਿਕ ਅੱਤਿਆਚਾਰ ਕਾਰਨ ਡਾਕੂ ਬਣਨ ਲਈ ਮਜਬੂਰ ਹੋ ਜਾਂਦੀ ਹੈ। ਮਨੋਜ ਵਾਜਪਈ ਅਤੇ ਆਸ਼ੂਤੋਸ਼ ਰਾਣਾ ਫ਼ਿਲਮ ਦੇ ਹੋਰ ਦੂਜੇ ਅਹਿਮ ਕਿਰਦਾਰਾਂ ਵਿਚ ਹਨ। ਸੁਸ਼ਾਂਤ ਨੇ ਦੱਸਿਆ, ‘ਬਾਲਗ ਹੋਣ ਤੋਂ ਬਾਅਦ ਮੈਂ ਸੋਚਿਆ ਕਿ ਕਦੇ ਵੱਡੇ ਪਰਦੇ ’ਤੇ ਡਾਕੂਆਂ ਵਾਲੀਆਂ ਫ਼ਿਲਮਾਂ ਕਿੰਨੀਆਂ ਪਸੰਦ ਕੀਤੀਆਂ ਜਾਂਦੀਆਂ ਸਨ। ਅਜਿਹੇ ਵਿਚ ‘ਸੋਨ ਚਿੜੀਆ’ ਦਾ ਵਿਸ਼ਾ ਮੈਨੂੰ ਬਹੁਤ ਪਸੰਦ ਆਇਆ। ਇਸ ਵਿਚ ਮੈਂ ਇਕ ਅਜਿਹੇ ਰਾਜਪੂਤ ਨੌਜਵਾਨ ਦਾ ਕਿਰਦਾਰ ਕਰ ਰਿਹਾ ਹਾਂ ਜੋ ਹਾਲਤ ਦੇ ਚੱਲਦੇ ਡਾਕੂ ਬਣਨ ਲਈ ਮਜਬੂਰ ਹੋ ਜਾਂਦਾ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਚੰਬਲ ਵਿਚ ਹੋਈ ਹੈ। ਮੈਂ ਮੰਨਦਾ ਹਾਂ ਕਿ ਡਾਕੂਆਂ ਦੇ ਆਤਮ ਸਪਰਪਣ ਤੋਂ ਬਾਅਦ ਉਨ੍ਹਾਂ ਦੀ ਚਰਚਾ ਬਹੁਤ ਘੱਟ ਹੁੰਦੀ ਹੈ, ਪਰ

‘ਠੱਗਜ਼ ਆਫ ਹਿੰਦੁਸਤਾਨ’ ਵਿਚ ਆਮਿਰ ਖ਼ਾਨ।

ਉਨ੍ਹਾਂ ਦਾ ਸ਼ੁਦਾਅ ਅਜੇ ਘੱਟ ਨਹੀਂ ਹੋਇਆ।’
ਆਮਿਰ ਖ਼ਾਨ ਅਤੇ ਅਮਿਤਾਭ ਬੱਚਨ ਦੀ ਇਸ ਮਹੀਨੇ ਆ ਰਹੀ ਫ਼ਿਲਮ ‘ਠੱਗਜ਼ ਆਫ ਹਿੰਦੁਸਤਾਨ’ ਵਿਚ ਵੀ ਲੁਟੇਰੇ ਠੱਗਾਂ ਦੇ ਰੂਪ ਵਿਚ ਮੌਜੂਦ ਹਨ। ਆਮਿਰ ਤੇ ਅਮਿਤਾਭ ਦੀ ਦਿਖ ਵੀ ਇਹੀ ਦਰਸਾਉਂਦੀ ਹੈ। ਅਸਲ ਵਿਚ ਕਈ ਡਾਕੂ ਜਨਤਕ ਜੀਵਨ ਵਿਚ ਆਉਣ ਲਈ ਲੁੱਟ ਮਾਰ ਛੱਡ ਕੇ ਕੁਟ ਹੋਰ ਪੇਸ਼ਾ ਕਰ ਲੈਂਦੇ ਸਨ। ਉਨ੍ਹਾਂ ਵਿਚੋਂ ਕੁਝ ਅਜਿਹੇ ਡਾਕੂ ਸਨ ਜੋ ਠੱਗ ਵਿਦਿਆ ਨੂੰ ਅਪਣਾ ਲੈਂਦੇ ਸਨ। ਇਸ ਫ਼ਿਲਮ ਵਿਚ ਉਨ੍ਹਾਂ ਵਿਚੋਂ ਹੀ ਕੁਝ ਲੁਟੇਰਿਆਂ ਨੂੰ ਠੱਗ ਦੇ ਤੌਰ ’ਤੇ ਪੇਸ਼ ਕੀਤਾ ਜਾਏਗਾ।
ਕਈ ਦਿੱਗਜ ਮੇਕਅਪ ਮੈਨ ਮੰਨਦੇ ਹਨ ਕਿ ਡਾਕੂ ਦੇ ਰੋਲ ਵਿਚ ਸੰਜੇ ਦੱਤ ਆਪਣੇ ਪਿਤਾ ਦੀ ਤਰ੍ਹਾਂ ਹੀ ਸ਼ਾਨਦਾਰ ਲੱਗਦਾ ਹੈ। ਉਂਜ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਉਸਨੇ ਇਕ ਫਲਾਪ ਫ਼ਿਲਮ ‘ਜੀਵਾ’ ਵਿਚ ਡਾਕੂ ਦਾ ਕਿਰਦਾਰ ਨਿਭਾਇਆ ਸੀ। ਬੇਸ਼ੱਕ ਦਰਸ਼ਕ ਇਸ ਫ਼ਿਲਮ ਨੂੰ ਭੁੱਲ ਚੁੱਕੇ ਹਨ, ਪਰ ਸੰਜੇ ਦਾ ਵਿਅਕਤੀਤਵ ਇਸ ਕਿਰਦਾਰ ਨਾਲ ਬਿਲਕੁਲ ਮਿਲਦਾ ਸੀ। ਕਈ ਆਲੋਚਕ ਵੀ ਮੰਨਦੇ ਹਨ ਕਿ ਉਹ ਡਾਕੂ ਦੇ ਕਿਰਦਾਰ ਵਿਚ ਖੂਬ ਜੱਚਦਾ ਹੈ। ਇਸੇ ਵਜ੍ਹਾ ਕਾਰਨ ਉਹ ਅਦਿੱਤਿਆ ਚੋਪੜਾ ਦੀ ਫ਼ਿਲਮ ‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ ਨਾਲ ਅਹਿਮ ਡਾਕੂ ਦਾ ਕਿਰਦਾਰ ਕਰ ਰਿਹਾ ਹੈ।
ਮਿਲਨ ਲੁਥੇਰਿਆ ਦੀ ਔਸਤ ਸਫਲ ਫ਼ਿਲਮ ‘ਬਾਦਸ਼ਾਹੋ’ ਦੇ ਲੁਟੇਰਿਆਂ ਨੂੰ ਵੀ ਕਾਫ਼ੀ ਹੱਦ ਤਕ ਇਸ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਬਲਕਿ ਤੁਸੀਂ ਉਸਨੂੰ ਆਧੁਨਿਕ ਡਾਕੂ ਕਹਿ ਸਕਦੇ ਹੋ।
‘ਮੇਰਾ ਗਾਓਂ ਮੇਰਾ ਦੇਸ਼’ ਦੇ ਝੱਬਰ ਸਿੰਘ ਯਾਨੀ ਵਿਨੋਦ ਖੰਨਾ ਵੀ ਇਸ ਵਿਚ ਸਾਰਥਿਕ ਉਦਾਹਰਨ ਹਨ। ਧਰਮਿੰਦਰ ਵਰਗੇ ਵੱਡੇ ਨਾਇਕ ਦੀ ਫ਼ਿਲਮ ਹੋਣ ਦੇ ਬਾਵਜੂਦ ਇਹ ਪੂਰੀ ਤਰ੍ਹਾਂ ਨਾਲ ਝੱਬਰ ਸਿੰਘ ਦੀ ਫ਼ਿਲਮ ਸੀ। ਝੱਬਰ ਦਾ ਉੱਠਣਾ-ਬੈਠਣਾ, ਚੱਲਣਾ-ਬੋਲਣਾ ਬੇਹੱਦ ਜੀਵੰਤ ਢੰਗ ਨਾਲ ਪਰਦੇ ’ਤੇ ਆਉਂਦਾ ਹੈ। ਜ਼ਾਹਿਰ ਹੈ ਇਸਦਾ ਪੂਰਾ ਸਿਹਰਾ ਵਿਨੋਦ ਖੰਨਾ ਨੂੰ ਜਾਂਦਾ ਹੈ।

ਫ਼ਿਲਮ ‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ।

ਅਭਿਨੇਤਾ ਇਰਫਾਨ ਖ਼ਾਨ ਨੂੰ ਮੋਹਰੀ ਸਫ਼ਾਂ ਵਿਚ ਲਿਆਉਣ ਵਿਚ ਤਿਗਮਾਂਸ਼ੂ ਧੂਲੀਆ ਦੀ ਫ਼ਿਮਲ ‘ਪਾਨ ਸਿੰਘ ਤੋਮਰ’ ਦਾ ਬਹੁਤ ਯੋਗਦਾਨ ਸੀ। ਇਸ ਵਿਚ ਉਹ ਪਾਨ ਸਿੰਘ ਨਾਂ ਦੇ ਇਕ ਅਜਿਹੇ ਅਥਲੀਟ ਦੇ ਕਿਰਦਾਰ ਵਿਚ ਨਜ਼ਰ ਆਇਆ ਜੋ ਕਈ ਵਿਰੋਧੀ ਪਰਿਸਥਿਤੀਆਂ ਵਿਚ ਫਸ ਕੇ ਸਰਗਨਾ ਬਣਨ ਲਈ ਮਜਬੂਰ ਹੋ ਜਾਂਦਾ ਹੈ। ਇਰਫਾਨ ਬਿਹਤਰੀਨ ਅਭਿਨੇਤਾ ਹੈ। ਉਸਦਾ ਇਹ ਗੁਣ ਇਸ ਕਿਰਦਾਰ ਵਿਚ ਬੇਹੱਦ ਸ਼ਿੱਦਤ ਨਾਲ ਉੱਭਰ ਕੇ ਆਉਂਦਾ ਹੈ। ਇਹੀ ਵਜ੍ਹਾ ਹੈ ਕਿ ਇਸ ਕਿਰਦਾਰ ਲਈ ਉਸਨੂੰ ਸਿਰਫ਼ ਵਾਹ-ਵਾਹੀ ਨਹੀਂ ਮਿਲੀ, ਬਲਕਿ ਕਈ ਸਨਮਾਨ ਵੀ ਮਿਲੇ।.

ਗੱਬਰ ਸਿੰਘ ਦੀ ਸਰਦਾਰੀ

ਉਂਜ ਤਾਂ ਡਾਕੂਆਂ ’ਤੇ ਕਈ ਫ਼ਿਲਮਾਂ ਬਣੀਆਂ ਹਨ, ਪਰ ਰਮੇਸ਼ ਸਿੱਪੀ ਦੀ ਫ਼ਿਲਮ ‘ਸ਼ੋਅਲੇ’ ਦੀ ਚਰਚਾ ਦੇ ਬਿਨਾਂ ਇਹ ਪੜਤਾਲ ਅਧੂਰੀ ਹੈ। ਸਿਤਾਰਿਆਂ ਨਾਲ ਭਰੀ ਇਸ ਫ਼ਿਲਮ ਦਾ ਸਭ ਤੋਂ ਵੱਡਾ ਆਕਰਸ਼ਣ ਡਾਕੂ ਗੱਬਰ ਸਿੰਘ ਦਾ ਕਿਰਦਾਰ ਸੀ। ਇਸ ਕਿਰਦਾਰ ਨੂੰ ਅਮਜਦ ਖ਼ਾਨ ਨੇ ਅਮਰ ਕਰ ਦਿੱਤਾ। ਇਸ ਫ਼ਿਲਮ ਦਾ ਇਕ ਚਰਚਿਤ ਸੰਵਾਦ ਹੈ, ‘ਗੱਬਰ ਕੀ ਤਾਪ ਸੇ ਤੁਮਹੇ ਸਿਰਫ਼ ਏਕ ਆਦਮੀ ਬਚਾ ਸਕਦਾ ਹੈ, ਵਹ ਹੈ ਖ਼ੁਦ ਗੱਬਰ।’ ਦੇਖਿਆ ਜਾਏ ਤਾਂ ਗੱਬਰ ਦਾ ਇਹ ਤਾਪ ਵੱਡੇ ਪਰਦੇ ’ਤੇ ਹੁਣ ਤਕ ਦੇ ਸਾਰੇ ਡਾਕੂ ਕਿਰਦਾਰਾਂ ’ਤੇ ਭਾਰੀ ਪਿਆ ਹੈ। ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਇਸ ਗੱਲ ਦਾ ਸਮਰਥਨ ਕਰਦੇ ਹਨ, ‘ਅਸਲ ਵਿਚ ਗੱਬਰ ਦੇ ਸੰਵਾਦ ਜਿਸ ਤਰ੍ਹਾਂ ਘਰ-ਘਰ ਬੋਲੇ ਗਏ, ਤੁਸੀਂ ਉਸਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿਰਦਾਰ ਕਿੰਨਾ ਸ਼ਕਤੀਸ਼ਾਲੀ ਸੀ। ਸ਼ਾਇਦ ਇਸੀ ਵਜ੍ਹਾ ਨਾਲ ਸਾਰੇ ਡਾਕੂ ਕਿਰਦਾਰਾਂ ਵਿਚਕਾਰ ਸਭ ਤੋਂ ਜ਼ਿਆਦਾ ਇਸ ਦਾ ਹੀ ਨਾਂ ਲਿਆ ਜਾਂਦਾ ਹੈ।’

Comments

comments

Share This Post

RedditYahooBloggerMyspace