ਨਾਨਕ ਬਾਣੀ ਦਾ ਮੂਲ ਝਰੋਖਾ

(ਡਾ. ਜਸਪਾਲ ਕੌਰ ਕਾਂਗ)

ਨਾਨਕ ਬਾਣੀ ਸਮੁੱਚੇ ਬਾਣੀ  ਸੰਸਾਰ ਦਾ ਮੂਲ ਝਰੋਖਾ ਹੈ। ਜੋ ਵਿਚਾਰ ਨਾਨਕ ਬਾਣੀ ਦਾ ਅੰਗ ਬਣੇ ਹਨ, ਉਨ੍ਹਾਂ ਵਿਚਾਰਾਂ ਨੂੰ ਹੀ ਦੂਸਰੇ ਗੁਰੂ  ਸਾਹਿਬਾਨ ਨੇ ਆਪਣੀ ਆਪਣੀ ਆਲੌਕਿਕ ਪ੍ਰਤਿਭਾ ਅਤੇ ਰੱਬੀ ਸੁਰਤਿ ਰਾਹੀਂ ਵਿਸਥਾਰ ਦਿੱਤਾ ਹੈ। ਨਾਨਕ ਬਾਣੀ ਦੀਆਂ ਅਮਰ ਰਚਨਾਤਮਕ ਪੈੜਾਂ ਹੀ ਗੁਰਮਤਿ ਵਿਚਾਰਧਾਰਾ ਦਾ ਬਿੰਬ ਉਸਾਰਦੀਆਂ ਹਨ। ਬਾਣੀ ਸੰਸਾਰ ਵਿਚ ਜੇਕਰ ਵਿਚਾਰਾਂ ਦਾ ਅੰਤਰ-ਵਿਰੋਧ ਨਹੀਂ ਹੈ ਤਾਂ ਇਸ ਦਾ ਰਹੱਸ ਉਹ ਨਾਨਕ ਬਾਣੀ ਹੀ ਹੈ, ਜਿਸ ਨੇ ਅਨੁਭਵ ਅਤੇ ਚਿੰਤਨ ਦੀ ਪੱਧਰ ਉਪਰ ਦੁਨਿਆਵੀ ਅਤੇ ਰੂਹਾਨੀ ਮਸਲਿਆਂ ਨੂੰ ਸਪੱਸ਼ਟ ਕਰ ਦਿੱਤਾ ਸੀ। ਇਹੀ ਕਾਰਨ ਹੈ ਕਿ ਗੁਰਮਤਿ ਵਿਚਾਰਧਾਰਾ ਵਿਚ ਇਕਸੁਰਤਾ, ਇਕਸਾਰਤਾ ਅਤੇ ਵਿਚਾਰਧਾਰਕ ਗਹਿਰਾਈ ਹੈ। ਨਾਨਕ ਬਾਣੀ ਦੀ ਯਾਤਰਾ ਬ੍ਰਹਿਮੰਡ ਤੋਂ ਲੈ ਕੇ ਉਸ ਧਰਤੀ ਤਕ ਦੀ ਹੈ ਜਿਸ ਨੂੰ ਧਰਮਸਾਲ ਬਣਾਉਣ ਦਾ ਆਦੇਸ਼ੇ ਉਪਦੇਸ਼ ਹੈ। ਇਹ ਬਹੁ-ਦਿਸ਼ਾਵੀ ਵਿਚਾਰਧਾਰਾਈ ਯਾਤਰਾ ਦਾ ਹੀ ਸਿੱਟਾ ਹੈ ਕਿ ਨਾਨਕ ਬਾਣੀ ਇਕ ਵੇਲੇ ਲੌਕਿਕ ਵੀ ਹੈ ਪਾਰਲੌਕਿਕ ਵੀ। ਲੌਕਿਕ ਤੋਂ ਭਾਵ ਹੈ ਕਿ  ਇਸ ਬਾਣੀ ਵਿਚ ਧਰਤੀ ਨਾਲ ਜੁੜੇ ਹਰ ਮਸਲੇ ਨੂੰ  ਚਿਤਰਿਆ ਗਿਆ ਹੈ। ਪਾਰਲੌਕਿਕਤਾ ਤਾਂ ਇਸ ਬਾਣੀ ਦਾ ਪ੍ਰਾਣ ਤੱਤ ਹੈ, ਜਿਸ ਦੇ ਅੰਤਰਗਤ ਬ੍ਰਹਿਮੰਡ ਤੋਂ ਲੈ ਕੇ ਬ੍ਰਹਮ ਤਕ ਦੇ ਹਰ ਵਿਚਾਰ ਨੂੰ ਦਿੱਬਤਾ ਰਾਹੀਂ ਸਾਕਾਰ ਕੀਤਾ ਹੈ। ਇਸ ਬਾਣੀ ਦੀ ਵਡਿਆਈ ਇਹ ਹੈ ਕਿ ਲੌਕਿਕਤਾ ਵਿਚੋਂ ਪਾਰਲੌਕਿਕਤਾ ਨੂੰ ਅਰਥ ਦਿੱਤੇ ਹਨ ਅਤੇ ਪਾਰਲੌਕਿਕਤਾ ਵਿਚੋਂ ਲੌਕਿਕਤਾ ਦਾ ਮਾਰਗ-ਦਰਸ਼ਨ  ਕੀਤਾ ਹੈ। ਇਹੀ ਨਾਨਕ ਬਾਣੀ ਦਾ ਸੱਚ ਹੈ ਜਿਸ ਦੇ ਵਿਰਾਟ ਬਿੰਬ ਵਿਚੋਂ ਧਰਤੀ, ਮਨੁੱਖ, ਬ੍ਰਹਿਮੰਡ ਅਤੇ ਬ੍ਰਹਮ ਜਗਮਗ ਹੋ ਰਹੇ ਹਨ। ਇਸ ਵਿਰਾਟ ਬਿੰਬ ਵਿਚ ਕੋਈ ਭਰਮ-ਭੁਲੇਖਾ ਜਾਂ ਭ੍ਰਾਂਤੀ ਨਹੀਂ ਬਲਕਿ ਛੋਟੀ ਇਕਾਈ ਤੋਂ ਲੈ ਕੇ ਵਡੇਰੀ ਇਕਾਈ ਤਕ ਦੇ ਸਾਰੇ ਸਰੋਕਾਰ ਦ੍ਰਿਸ਼ਟੀਗੋਚਰ ਹੋ ਜਾਂਦੇ ਹਨ।

ਨਾਨਕ ਬਾਣੀ ਦਾ ਮੂਲ ਸੱਚ ਮਨੁੱਖੀ ਹੋਂਦ ਨੂੰ ਪਵਿੱਤਰ ਕਰਨ ਨਾਲ ਜੁੜਿਆ ਹੋਇਆ ਹੈ। ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਮਨੁੱਖ   ਦੀ ਮਿੱਟੀ ਵਿਚ ਟਿਕੇ ਹੋਏ ਹਨ। ਨਾਨਕ ਬਾਣੀ ਦਾ ਪਹਿਲਾ ਉਪਦੇਸ਼ ਅਤੇ ਆਦੇਸ਼ ਹੀ ਸਰੀਰ ਰੂਪੀ ਧਰਤੀ ਨੂੰ ਧਰਮਸਾਲ ਬਣਾਉਣਾ ਹੈ। ਧਰਮਸਾਲ ਇਹ ਤਾਂ ਬਣ ਸਕਦੀ ਹੈ ਜੇਕਰ ਇਸ ਨੂੰ ਸ਼ਬਦ ਸੁਰਤਿ ਨਾਲ ਜੋੜਿਆ ਜਾਵੇ। ਸ਼ਬਦ ਸੁਰਤਿ ਨਾਲ ਜੋੜਨ ਤੋਂ ਪਹਿਲਾਂ ਮਨੁੱਖ ਨੇ ਆਪਣੀ ਮਿੱਟੀ ਨੂੰ ਜਿਵੇਂ ਪਵਿੱਤਰ ਕਰਨਾ ਹੈ, ਉਸ ਦਾ ਮਾਡਲ ਨਾਨਕ ਬਾਣੀ ਵਿਚ ਮੌਜੂਦ  ਹੈ। ਭਾਵ ਇਹ ਸਰੀਰ ਰੂਪੀ ਮਿੱਟੀ ਉਦੋਂ ਪਵਿੱਤਰ ਹੋਵੇਗੀ ਜਦੋਂ ਇਸ ਦੇ ਅੰਦਰ ਹੁਕਮ ਦੀ ਪਛਾਣ ਅਤੇ ਹਊਮੈ ਵਰਗੇ ਮਹਾਂਰੋਗ ਤੋਂ ਇਸ ਨੂੰ ਮੁਕਤੀ ਮਿਲੇਗੀ। ’ਹਉਮੈ’ ਨੂੰ ਗੁਰੂ ਸਾਹਿਬ ਨੇ  ਦੀਰਘ  ਰੋਗ ਕਿਹਾ ਹੈ। ਜਿੰਨੀ ਦੇਰ ਮਨੁੱਖ ਅੰਦਰ  ਹਊਮੇ ਹੈ, ਓਨੀ ਦੇਰ ਤਕ ਹੁਕਮ ਦੀ ਸੋਝੀ, ਨਾਮ ਮੰਨਣ ਅਤੇ ਸੁਣਨ ਦੀ ਅਵਸਥਾ ਨਹੀਂ ਹੋ ਸਕਦੀ। ਨਾਮ ਮੰਨਣ ਅਤੇ ਸੁਣਨ ਦੀ ਅਵਸਥਾ ਦਾ ਪਹਿਲਾ ਬਿੰਦੂ ਬ੍ਰਹਮ ਦੀ ਹੋਂਦ ਵਿਚ ਵਿਸ਼ਵਾਸ ਹੈ। ਜੇਕਰ ਮਨ ਭਟਕ ਰਿਹਾ ਹੈ, ਲੋਭ ਪਦਾਰਥਾਂ ਵਿਚ ਮਗਨ ਹੈ ਤਾਂ ਬ੍ਰਹਮ ਦੀ ਪ੍ਰਤੀਤੀ ਦਾ ਪ੍ਰਸ਼ਨ ਹੀ ਨਹੀਂ ਜਾਗਦਾ। ਨਾਨਕ ਬਾਣੀ ਨੇ ਮੂਲ ਮੰਤਰ ਰਾਹੀਂ ਪਹਿਲਾਂ ਉਸ ਬ੍ਰਹਮ ਨੂੰ ਪਰਿਭਾਸ਼ਿਤ ਕੀਤਾ ਹੈ ਜਿਸ ਨਾਲ ਜੁੜਿਆਂ ਹੀ ਕਾਲ ਤੋਂ ਮੁਕਤ ਹੋਇਆ ਜਾ ਸਕਦਾ ਹੈ। ਜਿਹੜਾ ਵਿਅਕਤੀ ਬ੍ਰਹਮ ਮਾਰਗ ਉਪਰ ਚਲਦਾ ਹੈ, ਉਸ ਅੰਦਰਲੇ ਵਿਕਾਰ ਆਪਣੇ ਆਪ ਟਿਕਾਓ ਵਿਚ ਆ ਜਾਂਦੇ ਹਨ। ਇਨ੍ਹਾਂ ਵਿਕਾਰਾਂ ਦੀ ਜਨਮ ਭੂਮੀ ਕਿਉਂਕਿ ਮਨ ਹੈ, ਇਸ ਲਈ ਨਾਨਕ ਬਾਣੀ ਦਾ ਮੂਲ ਉਪਦੇਸ਼ ਮਨ ਨੂੰ ਜਿੱਤਣਾ ਹੈ। ਜੋ ਜਗਿਆਸੂ ਮਨ ਨੂੰ ਜਿੱਤਦਾ ਹੈ, ਉਸ ਅੰਦਰ ਹੀ ਤਾਂ ’ਨਾਮ ਸ਼ਬਦਿ ਸੁਰਤਿ’ ਦੀ ਚੇਤਨਾ ਆਉਂਦੀ ਹੈ। ਸੋ ਸਪੱਸ਼ਟ ਹੈ  ਕਿ ਨਾਨਕ ਬਾਣੀ ਦਾ ਆਦਿ ਬਿੰਦੂ ਮਨੁੱਖ ਨੂੰ ਸਬੰਧਤ ਹੈ। ਮਨੁੱਖ ਨੂੰ ਉਸ ਦੀ ਕਰਮਗਤੀ ਨਾਲ ਜੋੜ ਕੇ ਗੁਰੂ ਨਾਨਕ ਬਾਣੀ ਉਸ ਨੂੰ ਸ਼ੁਭ ਅਮਲਾਂ ਵੱਲ ਪ੍ਰੇਰਿਤ ਕਰਦੀ ਹੈ। ਬ੍ਰਹਮ ਨਾਲ ਜੁੜਨ ਤੋਂ ਪਹਿਲਾਂ ਮਨੁੱਖ ਨੇ ਆਪਣੇ ਅੰਦਰ ਸਬਰ, ਸ਼ੁਕਰ ਅਤੇ ਸੰਤੋਖ    ਪੈਦਾ ਕਰਕੇ ਆਪਣੇ ਅੰਦਰਲੇ ਪੰਜ ਵਿਕਾਰਾਂ ਨੂੰ ਨਿਯੰਤ੍ਰਣ ਵਿਚ ਕਰਨਾ ਹੈ। ਜੇ ਇਹ ਵਿਕਾਰ ਇਕ ਸੰਜਮ ਵਿਚ ਹਨ ਤਾਂ ਮਨੁੱਖ ਦੇ ਅੰਦਰੋਂ ਪਾਪ ਧੋਤੇ  ਜਾਣੇ ਹਨ, ਬ੍ਰਹਮ ਦੇ ਪ੍ਰਵੇਸ਼ ਤੋਂ ਪਹਿਲਾਂ ਸਰੀਰ ਰੂਪੀ ਭਾਂਡੇ ਨੂੰ ਸੱਚਾ-ਸੁੱਚਾ ਅਤੇ ਪਵਿੱਤਰ ਕਰਨ ਦੀ ਲੋੜ ਹੈ। ਮਨੁੱਖ ਦਾ ਅੰਦਰਲਾ ਜਗਤ ਜੇ ਸ਼ਾਂਤ ਹੈ ਤਾਂ ਹੀ ਉਸਦੀ ਸੁਰਤਿ ਪ੍ਰਭੂ ਧੁਨੀ ਨੂੰ ਸੁਣ ਸਕੇਗੀ। ਗੁਰੂ ਨਾਨਕ ਚਿੰਤਨ ਦੀ ਵਡਿਆਈ ਇਹ ਹੈ ਕਿ ਇਸ ਦੇ ਆਰ- ਪਾਰ ਤਾਂ ਬ੍ਰਹਮ ਦੀ ਪ੍ਰਤੀਤੀ ਹੈ ਪਰ ਇਸ ਸਮੁੱਚੇ ਪਸਾਰੇ ਦੇ ਕੇਂਦਰ ਵਿਚ ਮਨੁੱਖ ਦੀ ਮੁਕਤੀ ਨੂੰ ਵਿਚਾਰਿਆ ਹੈ। ਮਨੁੱਖ ਜੋ ਪਦਾਰਥਕਤਾ ਦੇ ਅਨੰਤ ਪਸਾਰ ਵਿਚ  ਭਟਕ ਰਿਹਾ ਹੈ, ਉਸ ਨੂੰ ਧਰਤੀ ਦੇ ਸਹੀ  ਅਮਲ ਨਾਲ ਜੋੜ ਕੇ ਉਸ ਦਾ ਮਿਲਾਪ ਪ੍ਰਭੂ ਨਾਲ ਕਰਵਾਉਣਾ ਹੀ ਨਾਨਕ ਬਾਣੀ ਦਾ ਮੂਲ ਸੰਦੇਸ਼ ਆਪਣੇ ਅੰਦਰੋਂ ਰੱਬੀ ਜੋਤ ਨੂੰ ਪਛਾਣਨਾ ਹੈ। ਨਾਨਕ ਬਾਣੀ ਦਾ ਸਿੱਧਾ ਸਬੰਧ  ਮਨੁੱਖੀ ਵਿਹਾਰ ਦੀ ਪਵਿੱਤਰਤਾ, ਸਾਦਗੀ, ਸੁੱਚ ਅਤੇ ਸ਼ੁਭ ਗੁਣਾਂ ਨਾਲ ਹੈ। ਸ਼ੁਭ ਕਰਮ, ਸ਼ੁਭ ਬੋਲ, ਸ਼ੁਭ ਵਿਚਾਰ, ਸ਼ੁਭ ਕਿਰਦਾਰ ਅਤੇ ਸ਼ੁਭ ਅਮਲ ਹੀ ਉਹ ਮੁੱਲ ਹਨ ਜੋ ਮਨੁੱਖ ਨੂੰ ਪ੍ਰਭੂ ਨਾਲ ਜੋੜਦੇ ਹਨ। ਨਾਨਕ ਬਾਣੀ ਵਿਚ ਇਸੇ ਲਈ ਮਾਨਵੀ  ਨੈਤਿਕਤਾ ਉਪਰ ਬੜਾ ਬਲ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ  ਬਾਣੀ ਜਪੁਜੀ ਵਿਚ ਇਹ ਮਹਾਂਵਾਕ ਉਚਾਰਿਆ ਹੈ  ਕਿ
’’ਧਰਤੀ ਥਾਪਿ ਰਖੀ ਧਰਮਸਾਲ’’ (ਜਪੁਜੀ ਸਾਹਿਬ)

ਭਾਵ ਮਨੁੱਖ ਨੇ ਇਸ ਧਰਮਸਾਲ ਵਿਚ ਰਹਿੰਦਿਆਂ ਦੋ ਕਾਰਜ ਕਰਨੇ ਹਨ। ਪਹਿਲਾ ਕਾਰਜ ਬਾਹਰਲੀ ਧਰਤੀ ਨੂੰ ਧਰਮਸਾਲ ਬਣਾਈ ਰੱਖਣਾ ਅਤੇ ਦੂਜਾ ਆਪਣੀ ਅੰਦਰਲੀ ਧਰਤੀ ਨੂੰ ਧਰਮਸਾਲ ਬਣਾਉਣਾ ਹੈ, ਇਹ ਧਰਮਸਾਲ ਉਦੋਂ ਹੀ ਬਣੇਗੀ ਜਦੋਂ ਇਸ ਦੇ ਅੰਦਰ ਸਦਗੁਣਾਂ ਦਾ ਪ੍ਰਵੇਸ਼ ਹੋ ਜਾਵੇਗਾ। ਨਾਨਕ ਬਾਣੀ ਵਿਚ ਜਿਹੜਾ  ਮੁਕਤੀ ਦਾ ਸੂਝ ਮਾਡਲ ਉਸਾਰਿਆ  ਗਿਆ ਹੈ, ਉਸ ਦੀ ਬੁਨਿਆਦ ਹੀ ਮਾਨਵੀ ਮੁੱਲਾਂ ਉਪਰ ਟਿਕੀ ਹੋਈ ਹੈ। ਨਾਨਕ ਬਾਣੀ ਵਿਚ ਦਇਆ, ਸੰਤੋਖ, ਜਤਿ ਸਤਿ, ਸਰਮੁ ਨੂੰ ਕੇਂਦਰ ਬਿੰਦੂ ਰੱਖ ਕੇ ਇਹ ਕਿਹਾ ਗਿਆ ਹੈ ਕਿ ਜੇਕਰ ’ਸਗਲ ਜਮਾਤੀ’ ਦਾ ਜੀਵੰਤ ਰੂਪ ਦੇਖਣਾ ਤਾਂ ਇਸ ਲਈ ਨੈਤਿਕ ਗੁਣ ਅਪਨਾਉਣੇ ਅਨਿਵਾਰੀ ਹਨ। ਮਨ ਨੂੰ ਜਿੱਤਣ ਦਾ ਮਾਰਗ ਵੀ ਇਹੀ ਹੈ। ਜਿਸ ਮਨੁੱਖ ਅੰਦਰ ਸਬਰ, ਸ਼ੁਕਰ, ਸੰਤੋਖ, ਦਇਆ, ਸਹਿਨਸ਼ੀਲਤਾ ਨਹੀਂ, ਉਹ ਮਨੁੱਖ ਆਪਣੇ ਮਨ ਨੂੰ ਕਦੀ ਨਹੀਂ ਜਿੱਤ ਸਕਦਾ। ਨਾਨਕ ਬਾਣੀ ਦੀ ਵਡਿਆਈ ਹੀ ਇਹ ਹੈ ਕਿ ਇਸ ਵਿਚ ਕੇਵਲ ਅਧਿਆਤਮ ਜਾਂ ਨੈਤਿਕ ਮੁੱਲਾਂ ਦੀ ਹੀ ਗੱਲ ਨਹੀਂ ਕੀਤੀ ਗਈ ਸਗੋਂ ਆਪਣੇ ਸਮਕਾਲੀ ਸਮਾਜ ਵਿਚ ਫੈਲੇ ਵਿਭਚਾਰ ਅਤੇ ਪਤਨਸ਼ੀਲ ਮਨੁੱਖਾਂ ਵਿਰੁੱਧ ਲੋਕਾਂ ਅੰਦਰ ਤਿੱਖੀ ਚੇਤਨਾ ਪੈਦਾ ਕੀਤੀ ਹੈ। ਇਸ ਚੇਤਨਾ ਨੇ ਲੋਕਾਂ ਨੂੰ ਮਾਨਸਿਕ ਤੌਰ ’ਤੇ ਉਨ੍ਹਾਂ ਮਨਫੀ ਕਰਮ-ਕਾਂਡਾਂ ਵਿਰੁੱਧ ਲਾਮਬੰਦ ਕਰਕੇ ਇਕ ਨਵੀਂ ਜੀਵਨ-ਜਾਚ ਦੀ ਪ੍ਰੇਰਣਾ ਦਿੱਤੀ ਹੈ। ਬਾਣੀ ਚਿੰਤਨ ਵਿਚ ਉਹ ਜੀਵਨ ਅਰਥਹੀਣ ਹੈ ਜੋ ਨੈਤਿਕਤਾ/ਸਦਾਚਾਰ ਮੁੱਲਾਂ ਤੋਂ ਟੁੱਟਾ ਹੋਇਆ ਹੈ। ਗੁਰੂ ਨਾਨਕ ਬਾਣੀ ਵਿਚ ਅਨੈਤਿਕ ਮਨੁੱਖ ਦਾ ਪ੍ਰਤੀਕ ’ਮਨਮੁਖਿ’ ਹੈ ਜੋ ਧਰਮ ਕਰਮ ਤੋਂ ਟੁੱਟਿਆ ਹੋਇਆ ਮਾਇਆ ਵਿਚ ਲੀਨ ਹੈ। ਇਸ ਮਨੁੱਖ ਦੀ ਸੋਚ ਅਤੇ ਕਰਮ ਮੈਲਾ ਹੈ। ਮਨ ਦੀ ਚੰਚਲਤਾ ਇਸ ਮਨਮੁਖਿ ਨੂੰ ਹਰ ਪਲ ਬੇਅਰਾਮ ਕਰਦੀ ਹੈ। ਜ਼ਿੰਦਗੀ ਦਾ ਸ਼ੁਭ ਕਰਮ ਭੁਲਾ ਕੇ ਇਹ ਵਿਅਕਤੀ ਭਟਕਦਾ ਹੈ। ਇਸੇ ਲਈ ਵੁਹ ਅੰਨਾ ਅਤੇ ਬੋਲਾ ਹੈ। ਮਨਮੁਖਿ ਦੇ ਸਮਾਨੰਤਰ ਜਿਹੜਾ ਮਨੁੱਖ ਸਦਾਚਾਰ ਨਾਲ ਭਰਪੂਰ ਹੈ, ਉਸ ਨੂੰ ’ਗੁਰਮੁਖਿ’ ਕਿਹਾ ਗਿਆ ਹੈ। ਗੁਰਮੁਖਿ ਸਦਗੁਣਾਂ ਦਾ ਪ੍ਰਤੀਕ ਹੈ, ਦੂਜਿਆਂ ਦਾ ਭਲਾ ਕਰਦਾ ਹੈ, ਅਗਿਆਨ ਤੋਂ  ਗਿਆਨ ਤੀਕ ਲੈ ਕੇ ਜਾਂਦਾ ਹੈ, ਭਲੇ ਅਤੇ ਬੁਰੇ ਵਿਚਕਾਰ ਨਿਖੇੜਾ ਕ                    ਰਨ ਦੀ ਸੋਝੀ ਦਿੰਦਾ ਹੈ। ਨਾਨਕ ਬਾਣੀ ਵਿਚ ਨੈਤਿਕਤਾ ਉਹ  ਜੀਵਨ ਮੁੱਲ ਹੈ ਜੋ ਮਨੁੱਖ ਨੂੰ ਪ੍ਰਭੂ ਦੀ ਬਖਸ਼ਿਸ਼ ਤਕ ਲੈ ਜਾਂਦਾ ਹੈ। ਇਸੇ ਕਰਕੇ ਇਸ ਵਿਚ ਵਾਰ-ਵਾਰ ਕਿਹਾ ਗਿਆ ਹੈ- ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮ ਵਿਣਾਸੁ-ਭਾਵ ਗੁਣਾਂ ਰਾਹੀਂ ਹੀ ਮਨੁੱਖ ਦਾ ਜੀਵਨ ਸਫਲ ਹੈ ਅਤੇ ਇਨ੍ਹਾਂ ਰਾਹੀਂ ਹੀ  ਧਰਤੀ ਨੂੰ ਧਰਮਸਾਲ ਬਣਾਇਆ ਜਾ ਸਕਦਾ ਹੈ ਕਿਉਂਕਿ ਇਹੀ ਉਹ ਮਾਰਗੁ ਹੈ ਜਿਸ ਉਪਰ ਚਲਦਿਆਂ ਲੋਕ-ਪਰਲੋਕ ਵਿਚ ਸੁੱਖ ਮਿਲਦਾ ਹੈ। ਅਜਿਹੇ ਪਰਮ ਸੁਖ ਦੀ ਅਵਸਥਾ ਓਹੀ ਜਗਿਆਸੂ ਪ੍ਰਾਪਤ ਕਰ ਸਕਦਾ ਹੈ ਜਿਸ ਨੇ ਆਪਣੇ ਅੰਤਹਕਰਣ ਦਾ ਸ਼ੁੱਧੀਕਰਣ ਕੀਤਾ ਹੈ। ਇਹ ਸ਼ੁੱਧੀ ਉਦੋਂ ਹੀ ਸੰਭਵ ਹੁੰਦੀ ਹੈ ਜਦੋਂ ਮਨੁੱਖ ਨੂੰ ਗਿਆਨ ਪ੍ਰਾਪਤੀ ਹੁੰਦੀ ਹੈ। ਗਿਆਨ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੇ ਆਪਣੇ ਆਪ ਨੂੰ ਅੰਦਰੋਂ ਬਾਹਰੋਂ ਪਵਿੱਤਰ ਕਰ ਲਿਆ ਹੈ। ਅੰਦਰਲੇ ਦੀ ਪਵਿੱਤਰਤਾ ਦਾ ਸਬੰਧ ਇੰਦਰੀਆਵੀ ਜਗਤ ਨਾਲ ਹੈ ਅਤੇ ਬਾਹਰਲੇ ਦੀ ਸ਼ੁੱਧੀ ਦਾ ਰਿਸ਼ਤਾ ਮਨੁੱਖੀ ਕਾਰਜ ਨਾਲ ਹੈ। ਨਾਨਕ ਬਾਣੀ ਮਨੁੱਖ ਨੂੰ ਦੋਹਾਂ ਰੂਪਾਂ ਵਿਚ ਪਵਿੱਤਰ ਕਰਦੀ ਹੈ। ਇਸ ਪਵਿੱਤਰਤਾ ਨੂੰ ਪ੍ਰਾਪਤ ਕਰਨ ਵਿਚ ਨਾਮ ਦੀ ਭੂਮਿਕਾ ਵੀ ਨੈਤਿਕ ਹੋ ਨਿੱਬੜੀ ਹੈ। ਪ੍ਰਮਾਣ ਵਜੋਂ ਜਪੁਜੀ ਵਿਚ ਬੜਾ ਸਪੱਸ਼ਟ ਉਚਾਰਨ ਹੈ ਕਿ ਬਾਹਰਲੀ ਮੈਲ ਤਾਂ ਨਹਾਉਣ ਨਾਲ ਉਤਰਦੀ ਹੈ ਪਰ ਮਨ ਦੀ ਮੈਲ ਸਿਰਫ ਨਾਮ ਰਾਹੀਂ ਧੋਤੀ  ਜਾ ਸਕਦੀ ਹੈ।
’’ਭਰੀਐ  ਮਤਿ ਪਾਪਾ ਕੈ ਸੰਗ।। ਉਹ ਧੋਪੈ ਨਾਵੈ ਕੇ ਰੰਗਿ’’

ਇਸ ਦ੍ਰਿਸ਼ਟੀ ਤੋਂ ਪ੍ਰਭੂ ਦਾ ਨਾਮ ਵੀ ਨੈਤਿਕ ਭੂਮਿਕਾ ਨਿਭਾਉਂਦਾ ਹੈ। ਨਾਮ ਦੇ ਮੰਨਣ ਸੁਣਨ ਨਾਲ ਮਨੁੱਖ ਦੀ ਸੁਰਤਿ ਇਕਾਗਰ ਹੋ ਜਾਂਦੀ ਹੈ, ਮਨ ਟਿਕ ਜਾਂਦਾ ਹੈ, ਇੱਛਾਵਾਂ ਦੀ ਤ੍ਰਿਪਤੀ ਹੋ ਜਾਂਦੀ ਹੈ, ਕਾਲ ਦਾ ਡਰ ਮੁੱਕ ਜਾਂਦਾ ਹੈ, ਸੱਚ ਝੂਠ ਦੀ ਪਛਾਣ ਹੋ ਜਾਂਦੀ ਹੈ।  ਅੰਤ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਨਾਨਕ ਬਾਣੀ ਅਜੋਕੇ ਕਾਲ ਵਿਚ ਵੀ ਅਤੇ ਅੱਗੋਂ ਆਉਣ ਵਾਲੇ ਸਰਵ ਸਮਿਆਂ ਵਿਚ ਵੀ ਵਿਚਰਣ ਵਾਲੇ ਹਰ ਮਨੁੱਖ ਵਾਸਤੇ ਇਕ ਬਿਹਤਰ ਜੀਵਨ ਜਿਉਣ ਦਾ ਵਿਵਹਾਰਕ ਮਾਡਲ ਪ੍ਰਸਤੁਤ ਕਰਦੀ ਹੈ। ਬੇਸ਼ੱਕ ਅਜੋਕਾ ਮਨੁੱਖ ਪੱਛਮੀ ਸਭਿਆਚਾਰ ਦੇ ਦਾਬੇ ਹੇਠ  ਵਧੇਰੇ ਤੌਰ ’ਤੇ ਪਦਾਰਥਵਾਦੀ ਰੁਚੀਆਂ ਦਾ ਸ਼ਿਕਾਰ ਹੋ ਰਿਹਾ ਹੈ। ਉਸ ਦੀ ਜੀਵਨ ਯਾਤਰਾ ਰਾਮ ਤੋਂ ਕਾਮ ਵਲ ਨਿਰੰਕਾਰ ਤੋਂ ’ਹੰਕਾਰ’ ਵਲ ’ਮੰਦਰ ਤੋਂ ਬਾਜ਼ਾਰ ਵਲ’, ’ਲੋੜ ਤੋਂ ਲੋਭ’ ਵਲ ਅਤੇ ਪਰਮਾਰਥ ਤੋਂ ਪਦਾਰਥ ਵਲ ਅਗ੍ਰਸਰ ਹੋ ਰਹੇ ਹਨ ਪਰ ਇਨ੍ਹਾਂ ਸਭ ਦੌਰਾਨ ਉਸਨੇ ਆਪਣੇ ਮਨ ਲਈ ਅਸ਼ਾਂਤੀ, ਵਿਸ਼ਾਦ, ਭਟਕਣ, ਇਕੱਲਤਾ ਅਤੇ ਤਣਾਓ ਹੀ ਪ੍ਰਾਪਤ ਕੀਤਾ ਹੈ ਇਸੇ ਕਾਰਨ ਉਹ ਅੰਦਰੋਂ ਗਿਆਨ ਵਿਹੁਣਾ ਹੈ, ਸੱਖਣਾ ਹੈ, ਵਿਗੋਚਿਆ ਹੋਇਆ ਤੇ ਅਸ਼ਾਂਤ ਹੈ। ਇਸ  ਸਾਰੀ ਅਵਸਥਾ ਦਾ  ਇਕੋ ਇਕ ਕਾਰਨ ਇਹ ਹੈ ਕਿ ਉਹ ਆਪਣੇ ਮੂਲ ਪ੍ਰਭੂ ਤੋਂ ਟੁੱਟ ਗਿਆ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ  ਪ੍ਰਭੂ ਤੋਂ ਟੁਟੇ ਹੋਏ ਅਸ਼ਾਂਤ ਮਨੁੱਖ ਨੂੰ ਉਸ ਨਾਲ ਜੁੜਨ ਦੀ ਵਾਰ ਵਾਰ ਪ੍ਰੇਰਨਾ ਦਿੰਦੀ ਹੋਈ ਉਸ ਨੂੰ ਸਦੀਵੀ ਖੁਸ਼ੀ ਅਤੇ ਆਤਮਕ  ਪ੍ਰਫੁਲਤਾ ਪ੍ਰਦਾਨ ਕਰਨ ਦੀ ਸਹੀ ਸੋਝੀ ਬਖਸ਼ਦੀ ਹੈ।

Comments

comments

Share This Post

RedditYahooBloggerMyspace