ਫ਼ਿਲਮਾਂ ਦੀ ਪੇਸ਼ਕਾਰੀ: ਅਤੀਤ ਤੇ ਵਰਤਮਾਨ

ਫ਼ਿਲਮਾਂ ਸਾਹਿਤ ਵਾਂਗ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਫ਼ਿਲਮਾਂ ਮਨੋਰੰਜਨ ਦਾ ਵਧੀਆ ਸਾਧਨ ਹਨ, ਮਨੋਰੰਜਨ ਤੋਂ ਭਾਵ ਦਿਲ ਪ੍ਰਚਾਵੇ ਤੋਂ ਨਹੀਂ ਬਲਕਿ ਮਨੋਰੰਜਨ ਦੇ ਨਾਲ-ਨਾਲ ਚਿੰਤਨ ਵੀ। ਜੇਕਰ ਫ਼ਿਲਮ ਦੀ ਦੇਖਣ ਵਿਧੀ ’ਤੇ ਪੇਸ਼ਕਾਰੀ ਤੇ ਉਸ ਦੇ ਦਿਖਾਉਣ ਪ੍ਰਬੰਧ ਬਾਰੇ ਜ਼ਿਕਰ ਕਰੀਏ ਤਾਂ ਸਮਾਂ ਬਦਲਣ ਨਾਲ ਇਸ ਵਿਚ ਬਹੁਤ ਤਬਦੀਲੀਆਂ ਆਈਆਂ ਹਨ।

ਸ਼ੁਰੂਆਤੀ ਦੌਰ ਵਿਚ ਫ਼ਿਲਮ ਇਕ ਵੱਡੇ ਥੀਏਟਰ ਹਾਲ ਵਿਚ ਦਿਖਾਈ ਜਾਂਦੀ ਸੀ ਅਤੇ ਉਸ ਨੂੰ ਦੇਖਣ ਵਾਲਿਆਂ ਦਾ ਹਜ਼ੂਮ ਰਹਿੰਦਾ ਸੀ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਕਈ ਹਫ਼ਤੇ ਉਸ ਫ਼ਿਲਮ ਦੇ ਪੋਸਟਰ ਸ਼ਹਿਰਾਂ/ਕਸਬਿਆਂ ਦੇ ਵੱਖ-ਵੱਖ ਹਿੱਸਿਆਂ,ਕੋਨਿਆਂ ਤੇ ਦੀਵਾਰਾਂ ’ਤੇ ਚਿਪਕਾਏ ਜਾਂਦੇ ਸਨ। ਇਹ ਹੁਣ ਦੀ ਤਰ੍ਹਾਂ ਪ੍ਰਿੰਟ ਨਹੀਂ ਬਲਕਿ ਹੱਥ ਨਾਲ ਪੇਂਟਿੰਗ ਕਰਕੇ ਫ਼ਿਲਮ ਵਿਚੋਂ ਵੱਖ-ਵੱਖ ਹਿੱਸੇ ਦੀਆਂ ਤਸਵੀਰਾਂ ਦੀ ਚਿੱਤਰਕਾਰੀ ਕੀਤੀ ਜਾਂਦੀ ਸੀ ਜਿਸ ਨਾਲ ਦਰਸ਼ਕਾਂ ਅੰਦਰ ਇਕ ਖਿੱਚ ਤੇ ਉਤਸ਼ਾਹ ਰਹਿੰਦਾ ਅਤੇ ਉਹ ਦ੍ਰਿਸ਼ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸੰਵਾਦ ਤੇ ਲੋਕਾਂ ਦੀ ਆਪਸੀ ਗੁਫ਼ਤਗੂ ਦਾ ਹਿੱਸਾ ਬਣਦੇ। ਕਹਿਣ ਤੋਂ ਭਾਵ ਜਦੋਂ ਲੋਕ ਇਹ ਦ੍ਰਿਸ਼/ਚਿੱਤਰ ਦੀਵਾਰ ’ਤੇ ਲੱਗੇ ਦੇਖਦੇ ਤਾਂ ਉਹ ਇੱਥੇ ਲਾਗੇ ਬਾਜ਼ਾਰਾਂ, ਦੁਕਾਨਾਂ, ਸਕੂਲਾਂ, ਕਾਲਜਾਂ ਤੇ ਦਫ਼ਤਰਾਂ ਵਿਚ ਉਸ ਫ਼ਿਲਮ ਬਾਰੇ ਵਿਚਾਰ-ਚਰਚਾ ਜ਼ਰੂਰ ਕਰਦੇ। ਭਾਵੇਂ ਕਿ ਇਨ੍ਹਾਂ ਕੰਧ-ਚਿੱਤਰਾਂ/ਪੋਸਟਰਾਂ ਦੀ ਥਾਂ ਹੁਣ ਫ਼ਿਲਮ ਟਰੇਲਰਾਂ ਨੇ ਲੈ ਲਈ ਹੈ। ਹੁਣ ਲੋਕ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਉਸ ਨੂੰ ਘਰ ਦੇ ਕਮਰੇ ਅੰਦਰ ਟੀ.ਵੀ. ’ਤੇ ਦੇਖਦੇ ਹਨ ਅਤੇ ਟੀ.ਵੀ. ਚੈਨਲ ਬਦਲਣ ’ਤੇ ਵਿਸਾਰ ਵੀ ਦਿੱਤਾ ਜਾਂਦਾ ਹੈ। ਪੋਸਟਰਾਂ ਤੇ ਟਰੇਲਰਾਂ ਦਾ ਕਾਰਜ ਇਕੋ ਜਿਹਾ ਹੋਣ ਦੇ ਬਾਵਜੂਦ ਨਤੀਜੇ ਵੱਖਰੇ ਨਜ਼ਰ ਆਉਂਦੇ ਹਨ।

ਦੂਸਰਾ ਵੱਡਾ ਫਰਕ ਇਹ ਆਇਆ ਕਿ ਵਪਾਰੀਕਰਨ ਹੋਣ ਨਾਲ ਫ਼ਿਲਮ ਦੇਖਣਾ ਆਮ ਬੰਦੇ ਦੇ ਵੱਸ ਦੀ ਗੱਲ ਹੀ ਨਹੀਂ ਰਹੀ ਕਿਉਂਕਿ ਫ਼ਿਲਮ ਥੀਏਟਰ ਦੀ ਜਗ੍ਹਾ ਹੁਣ ਮਲਟੀਪਲੈਕਸ ਨੇ ਲੈ ਲਈ ਹੈ। ਪਾਕਿਸਤਾਨੀ ਮੂਲ ਦਾ ਬਰਤਾਨਵੀ ਲੇਖਕ ਤੇ ਬਹੁਪੱਖੀ ਸ਼ਖ਼ਸੀਅਤ ਤਾਰਿਕ ਅਲੀ ਇਕ ਇੰਟਰਵਿਊ ’ਚ ਕਹਿੰਦਾ ਹੈ ‘ਸੱਤਰਵਿਆਂ ਦੇ ਦਹਾਕੇ ਵਿਚ ਜਦੋਂ ਲੋਕ ਫ਼ਿਲਮ ਦੇਖਣ ਲਈ ਥੀਏਟਰ ਵਿਚ ਜਾਂਦੇ ਸਨ ਤਾਂ ਉਸ ਸਮੇਂ ਸਿਨਮਾ ਹਾਲ ਵਿਚ ਸਮਾਜ ਦੇ ਹਰੇਕ ਵਰਗ ਦੇ ਬੰਦੇ ਦੀ ਹਾਜ਼ਰੀ ਹੁੰਦੀ ਸੀ, ਭਾਵੇਂ ਉਹ ਰਿਕਸ਼ਾ ਚਾਲਕ, ਤਾਂਗੇ ਵਾਲਾ, ਕਲਰਕ, ਵਪਾਰੀ ਜਾਂ ਘਰ ਦੀਆਂ ਸੁਆਣੀਆਂ ਹੋਣ।’ ਮੰਡੀਕਰਨ ਨੇ ਇਸ ਤਰ੍ਹਾਂ ਦੇ ਹੱਕ ਆਮ ਬੰਦੇ ਤੋਂ ਖੋਹ ਲਏ ਹਨ। ਉਸ ਦੇ ਅੰਦਰ ਹੁਣ ਦੇ ਸਿਨਮਾ ਘਰਾਂ ਜਿਨ੍ਹਾਂ ਨੂੰ ਸਿਨੇਪਲੈਕਸ/ਮਲਟੀਪਲੈਕਸ ਵੀ ਕਿਹਾ ਜਾਂਦਾ ਹੈ, ਜਾਣ ਤੋਂ ਘਬਰਾਉਂਦਾ ਹੈ। ਉਸ ਦੀ ਮਾਇਕ ਹਾਲਤ ਉਸ ਨੂੰ ਇਜਾਜ਼ਤ ਨਹੀਂ ਦਿੰਦੀ। ਆਮ ਵਰਗ ਦਾ ਬੰਦਾ ਬੜਾ ਖ਼ੌਫਨਾਕ ਮਹਿਸੂਸ ਕਰਦਾ ਹੈ। ਉਦੋਂ ਸਿਨਮਾ ਘਰਾਂ ਵਿਚ ਇਹ ਪਰੰਪਰਾ ਵੀ ਸੀ ਕਿ ਲੋਕ ਕਿਸੇ ਸੰਵਾਦ ਤੋਂ ਬਾਅਦ ਆਪਣਾ ਪ੍ਰਤੀਕਰਮ ਦਿੰਦੇ ਸਨ। ਉਹ ਜਾਂ ਤਾਂ ਤਾੜੀ ਮਾਰ ਕੇ ਜਾਂ ਫਿਰ ਮੂੰਹ ਨਾਲ ਸੀਟੀ ਵਜਾ ਕੇ। ਹੁਣ ਇਸ ਤਰ੍ਹਾਂ ਦੇ ਪ੍ਰਤੀਕਰਮ ਨੂੰ ਅਭੱਦਰ ਜਾਂ ਅਸੱਭਿਅਕ ਸਮਝਿਆ ਜਾਂਦਾ ਹੈ ਜੋ ਕਿ ਪੂੰਜੀਵਾਦ ਨਿਜ਼ਾਮ ਦੀ ਦੇਣ ਹੈ। ਲੋਕਾਂ ਦਾ ਸੁਭਾਅ ਵੀ ਉਸ ਤਰ੍ਹਾਂ ਦਾ ਬਣ ਗਿਆ ਹੈ ਕਿ ਉਹ ਕਿਸੇ ਗੱਲ ’ਤੇ ਵੀ ਪ੍ਰਤੀਕਰਮ ਨਹੀਂ ਦਿੰਦੇ।

ਹੁਣ ਜੇਕਰ ਆਮ ਬੰਦਾ ਔਖਾ-ਸੌਖਾ ਹੋ ਕੇ ਸਿਨਮਾ ਘਰ ਫ਼ਿਲਮ ਦੇਖਣ ਵੀ ਚਲਾ ਜਾਂਦਾ ਹੈ ਤਾਂ ਉੱਥੋਂ ਦੇ ਕਾਰਪੋਰੇਟ ਸਿਸਟਮ ਵਿਚ ਉਹ ਘੁੱਟਿਆ ਮਹਿਸੂਸ ਕਰਦਾ ਹੈ। ਜਿਹੜੇ ਭੱਠੀ ਦੇ ਦਾਣੇ ਪਿੰਡ ਵਿਚ ਉਹ ਭਾੜਾ ਦੇ ਕੇ ਹੀ ਚੱਬਦਾ ਰਿਹਾ, ਉਨ੍ਹਾਂ ਦਾਣਿਆਂ ਨੂੰ ਪੋਪਕੌਰਨ ਕਹਿ ਕੇ ਵੇਚਿਆ ਜਾਂਦਾ ਹੈ। ਉਨ੍ਹਾਂ ਦਾਣਿਆਂ ਨੂੰ ਜਿੰਨੇ ਮਹਿੰਗੇ ਮੁੱਲ ’ਤੇ ਵੇਚਿਆ ਜਾਂਦਾ ਹੈ ਜੋ ਕਿ ਫੈਸ਼ਨ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਸੌਫਟ ਡਰਿੰਕ ਤਾਂ ਦਸ ਗੁਣਾਂ ਜ਼ਿਆਦਾ ਮੁੱਲ ’ਤੇ ਵੇਚੇ ਜਾਂਦੇ ਹਨ। ਕਹਿਣ ਤੋਂ ਭਾਵ ਆਮ ਬੰਦਾ ਜਿੱਥੇ ਪਹਿਲਾਂ ਫ਼ਿਲਮ ਦੇਖ ਕੇ ਚਿੰਤਨ ਤੇ ਚੇਤਨਾ ਪੱਖੋਂ ਭਰਿਆ ਹੋਇਆ ਮਹਿਸੂਸ ਕਰਦਾ ਸੀ, ਹੁਣ ਉਹ ਠੱਗਿਆ ਹੋਇਆ ਮਹਿਸੂਸ ਕਰਦਾ ਹੈ।

ਇਸ ਤਰ੍ਹਾਂ ਕੁਝ ਹੋਰ ਵੀ ਤਬਦੀਲੀਆਂ ਨਜ਼ਰ ਆ ਰਹੀਆਂ ਹਨ ਕਿ ਪਹਿਲੇ ਦੌਰ ਵਿਚ ਸਿਨਮਾ ਹਾਲ ਵਿਚ ਲੋਕ ਹਰੇਕ ਸੀਟ ’ਤੇ ਬੈਠਣ ਦਾ ਅਧਿਕਾਰ ਰੱਖਦੇ ਸਨ ਅਤੇ ਫ਼ਿਲਮ ਦਾ ਆਨੰਦ ਮਾਣਦੇ ਸਨ। ਹੁਣ ਉਹ ਫ਼ਿਲਮ ਆਵਾਜ਼ ਦੀ ਤੇਜ਼ ਗਤੀ ਦੇ ਮਾਧਿਅਮ ਰਾਹੀਂ ਪੇਸ਼ ਕੀਤੀ ਜਾਂਦੀ ਹੈ ਜਿਸ ਨੂੰ ਤਕਨੀਕੀ ਸ਼ਬਦਾਵਲੀ ਵਿਚ ਡੋਲਬੀ ਸਿਸਟਮ ਵੀ ਕਿਹਾ ਜਾਂਦਾ ਹੈ। ਜਿਸ ਨਾਲ ਹਰੇਕ ਤਰ੍ਹਾਂ ਦੇ ਦ੍ਰਿਸ਼ਾਂ ਨੂੰ ਫ਼ਿਲਮਾਉਣ ਲਈ ਆਵਾਜ਼ ਦੀ ਮਦਦ ਲਈ ਜਾਂਦੀ ਹੈ। ਗੱਲ ਤਾਂ ਸਹੀ ਲੱਗਦੀ ਹੈ, ਪਰ ਆਵਾਜ਼ ਦੀ ਤੇਜ਼ ਗਤੀ ਹੋਣ ਨਾਲ ਦਰਸ਼ਕਾਂ ਤੇ ਅਦਾਕਾਰਾਂ ਵਿਚਲਾ ਪਾੜਾ ਵੱਧ ਜਾਂਦਾ ਹੈ। ਦਰਸ਼ਕਾਂ ਦੀ ਹਾਜ਼ਰੀ ਵੀ ਗ਼ੈਰਹਾਜ਼ਰੀ ਵਰਗੀ ਹੋ ਨਿਬੜਦੀ ਹੈ। ਜ਼ਿਆਦਾ ਆਵਾਜ਼ ਦੇ ਸ਼ੋਰ ਨਾਲ ਫ਼ਿਲਮ ਦੀ ਸੰਜੀਦਗੀ ਘੱਟ ਜਾਂਦੀ ਹੈ।

Comments

comments

Share This Post

RedditYahooBloggerMyspace