ਸਿਤਾਰਿਆਂ ਦਾ ਕਰੂ ਨਾਲ ਰਿਸ਼ਤਾ

ਅਸੀਮ ਚਕਰਵਰਤੀ

ਫ਼ਿਲਮੀ ਸਿਤਾਰਿਆਂ ਦੇ ਚਿਹਰੇ ਦੋ ਤਰ੍ਹਾਂ ਦੇ ਹੁੰਦੇ ਹਨ, ਪਹਿਲਾ ਬਹੁਤ ਸ਼ਾਲੀਨ ਜੋ ਆਮ ਤੌਰ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪੇਸ਼ੇਵਰ ਦੋਸਤਾਂ ਲਈ ਹੁੰਦਾ ਹੈ। ਦੂਜਾ ਹੁੰਦਾ ਹੈ ਕੰਮਕਾਜੀ ਲੋਕਾਂ ਵਿਚਕਾਰ ਤਾਲਮੇਲ ਵਾਲਾ। ਦੇਖਿਆ ਜਾਏ ਤਾਂ ਉਨ੍ਹਾਂ ਦਾ ਸਹੀ ਅਕਸ ਇਹੀ ਹੈ ਜੋ ਕੰਮਕਾਜੀ ਲੋਕਾਂ ਦੇ ਆਈਨੇ ਵਿਚ ਉੱਭਰਦਾ ਹੈ। ਸੈੱਟ ’ਤੇ ਮੌਜੂਦ ਸਹਾਇਕ, ਸੈਟਿੰਗ ਵਾਲੇ, ਸਪਾਟਬੌਇ, ਲਾਈਟਮੈਨ ਆਦਿ। ਆਖਿਰ ਇਨ੍ਹਾਂ ਬਾਰੇ ਕੀ ਸੋਚਦੇ ਹਨ…ਕਿਹੜਾ ਹੈ ਉਨ੍ਹਾਂ ਦੀ ਪਸੰਦ ਦਾ ਕਲਾਕਾਰ। ਸਿਤਾਰਿਆਂ ਨਾਲ ਇਨ੍ਹਾਂ ਦੇ ਕਿਸ ਤਰ੍ਹਾਂ ਦੇ ਸਬੰਧ ਹਨ। ਯੂਨਿਟ ਦੇ ਲੋਕਾਂ ਨੂੰ ਕਿਸ ਸਟਾਰ ਨਾਲ ਕੰਮ ਕਰਨ ਵਿਚ ਸਭ ਤੋਂ ਜ਼ਿਆਦਾ ਮਜ਼ਾ ਆਉਂਦਾ ਹੈ ਅਤੇ ਕਿਨ੍ਹਾਂ ਨਾਲ ਕੰਮ ਕਰਕੇ ਉਹ ਦੁਖੀ ਹੋ ਜਾਂਦੇ ਹਨ…ਦੇਖਿਆ ਜਾਏ ਤਾਂ ਇਹ ਹੀ ਉਹ ਗੱਲਾਂ ਹਨ ਜੋ ਇਕ ਸਿਤਾਰੇ ਨੂੰ ਸਹੀ ਮਾਅਨੇ ਵਿਚ ਸਿਤਾਰਾ ਬਣਾਉਂਦੀਆਂ ਹਨ। ਆਓ ਇਨ੍ਹਾਂ ਰਿਸ਼ਤਿਆਂ ’ਤੇ ਨਜ਼ਰ ਮਾਰੀਏ।

ਅਭਿਨੇਤਰੀ ਪ੍ਰਿਅੰਕਾ ਚੋਪੜਾ ਜਦੋਂ ਤੋਂ ਹੌਲੀਵੁੱਡ ਸਟਾਰ ਬਣੀ ਹੈ, ਉਦੋਂ ਤੋਂ ਉਸਦੇ ਵਿਵਹਾਰ ਵਿਚ ਵੱਡੀ ਤਬਦੀਲੀ ਆਈ ਹੈ। ਹੁਣ ਉਸਦੀ ਯੂਨਿਟ ਦੇ ਕਈ ਮੈਂਬਰਾਂ ਦਾ ਮੰਨਣਾ ਹੈ ਕਿ ਉਹ ਉਨ੍ਹਾਂ ਨੂੰ ਦੇਖਣ ’ਤੇ ਪਛਾਣਦੀ ਵੀ ਨਹੀਂ ਹੈ। ਜਦੋਂਕਿ ਪਹਿਲਾਂ ਉਹ ਆਪਣੇ ਕਈ ਕਰੂ ਮੈਂਬਰਾਂ ਨੂੰ ਨਾਂ ਤੋਂ ਪਛਾਣਦੀ ਸੀ, ਪਰ ਹੁਣ ਉਹ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੀ ਹੈ।

ਬੌਲੀਵੁੱਡ ਵਿਚ ਇਹ ਗੱਲ ਮਸ਼ਹੂਰ ਹੈ ਕਿ ਜੇਕਰ ਅਮਿਤਾਭ ਬੱਚਨ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹੋਣ ਤਾਂ ਉੱਥੋਂ ਦੇ ਸੈੱਟ ਦਾ ਮਾਹੌਲ ਤੁਹਾਨੂੰ ਅਲੱਗ ਨਜ਼ਰ ਆਏਗਾ। ਕਈ ਫ਼ਿਲਮਾਂ ਵਿਚ ਬਤੌਰ ਸਪਾਟਬੌਇ ਕੰਮ ਕਰ ਚੁੱਕੇ ਬਜ਼ੁਰਗ ਮਹੇਸ਼ ਦਲਵੀ ਦੱਸਦੇ ਹਨ,‘ਉਹ ਮਹਾਨ ਐਕਟਰ ਹਨ, ਪਰ ਉਨ੍ਹਾਂ ਦੇ ਅਨੁਸ਼ਾਸਨ ਨਾਲ ਨਖਰਾ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ। ਇਸ ਕਾਰਨ ਸ਼ੂਟਿੰਗ ਬਹੁਤ ਗੰਭੀਰ ਮਾਹੌਲ ਵਿਚ ਹੁੰਦੀ ਹੈ। ਕੁੱਲ ਮਿਲਾ ਕੇ ਅਮਿਤਾਭ ਬੱਚਨ ਤਾਂ ਘੜੀ ਦੀਆਂ ਸੂਈਆਂ ਨਾਲ ਕੰਮ ਕਰਕੇ ਆਪਣੇ ਘਰ ਚਲੇ ਜਾਂਦੇ ਹਨ। ਇਸ ਦੌਰਾਨ ਆਪਣੇ ਜ਼ਰੂਰੀ ਲੋਕਾਂ ਨਾਲ ਹੀ ਗੱਲ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਦੇ ਸੈੱਟ ’ਤੇ ਕਿਸੇ ਦੀ ਜਨਮ ਦਿਨ ਪਾਰਟੀ ਵੀ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਮਨਾਈ ਜਾਂਦੀ ਹੈ। ਅਜਿਹੇ ਮੌਕੇ ’ਤੇ ਵੀ ਅਮਿਤਾਭ ਇਕ ਪਾਸੇ ਬੈਠ ਕੇ ਕਿਤਾਬਾਂ ਪੜ੍ਹਦੇ ਰਹਿੰਦੇ ਹਨ।
ਲਾਈਟਮੈਨ ਹੋਣ ਜਾਂ ਸਪਾਟਬੌਇ ਸਭ ਸਲਮਾਨ ਖ਼ਾਨ ਦੇ ਦੋਸਤ ਹਨ। ਕੁਝ ਮਹੀਨੇ ਪਹਿਲਾਂ ‘ਰੇਸ-3’ ਦੇ ਸੈੱਟ ’ਤੇ ਜਨਮ ਦਿਨ ਮਨਾਉਣ ਦਾ ਇਕ ਸਿਲਸਿਲਾ ਸ਼ੁਰੂ ਹੋਇਆ ਸੀ ਜੋ ਸ਼ੂਟਿੰਗ ਖ਼ਤਮ ਹੋਣ ਤਕ ਜਾਰੀ ਰਿਹਾ। ਸਲਮਾਨ ਦੀਆਂ ਫ਼ਿਲਮਾਂ ਦੀ ਸ਼ੂਟਿੰਗ ’ਤੇ ਇਹ ਆਮ ਵਰਤਾਰਾ ਹੈ ਜਿਸ ਵਿਚ ਯੂਨਿਟ ਦੇ ਸਾਰੇ ਲੋਕ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਆਪਣੇ ਕਰੂ ਮੈਂਬਰਾਂ ਦੀਆਂ ਪਰੇਸ਼ਾਨੀਆਂ ਹੱਲ ਕਰਨੀਆਂ ਉਸਦਾ ਸੁਭਾਅ ਬਣ ਚੁੱਕਾ ਹੈ। ਫ਼ਿਲਮ ਸਨਅੱਤ ਦੇ ਕਈ ਕਰੂ ਮੈਂਬਰ ਹਨ ਜਿਨ੍ਹਾਂ ਨੂੰ ਸਲਮਾਨ ਪਛਾਣਦਾ ਹੈ। ਇਹ ਕਿੱਸਾ ਤਾਂ ਬਹੁਤ ਮਸ਼ਹੂਰ ਹੈ ਕਿ ਫ਼ਿਲਮ ‘ਦੇਵਦਾਸ’ ਦੇ ਸੈੱਟ ’ਤੇ ਜਦੋਂ ਇਕ ਉੱਚੀ ਮਚਾਨ ਤੋਂ ਗਿਰ ਕੇ ਇਕ ਲਾਈਟਮੈਨ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਤਾਂ ਉਸਦੇ ਇਲਾਜ ਦਾ ਸਾਰਾ ਖਰਚਾ ਸਲਮਾਨ ਖ਼ਾਨ ਨੇ ਚੁੱਕਿਆ ਸੀ ਜਦੋਂ ਕਿ ਸਲਮਾਨ ਇਸ ਫ਼ਿਲਮ ਦਾ ਮੈਂਬਰ ਨਹੀਂ ਸੀ। ਉਹ ਤਾਂ ਸਿਰਫ਼ ਸੰਜੇ ਲੀਲਾ ਭੰਸਾਲੀ ਨੂੰ ਮਿਲਣ ਗਿਆ ਸੀ, ਇਸ ਦੌਰਾਨ ਇਹ ਲਾਈਟਮੈਨ ਮਚਾਨ ਤੋਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।

ਸ਼ਾਹਰੁਖ਼ ਖ਼ਾਨ ਨੂੰ ਬਹੁਤ ਉਦਾਰ ਤਾਂ ਨਹੀਂ ਕਹਾਂਗੇ, ਪਰ ਕਿਸੇ ਕਰੂ ਮੈਂਬਰ ਨਾਲ ਖਰਾਬ ਵਿਵਹਾਰ ਦੀ ਖ਼ਬਰ ਵੀ ਕਦੇ ਨਹੀਂ ਆਈ। ਨਾ ਹੀ ਕਿਸੇ ਕਰੂ ਮੈਂਬਰ ਨੇ ਉਨ੍ਹਾਂ ਖਿਲਾਫ਼ ਕੋਈ ਗ਼ਲਤ ਧਾਰਨਾ ਬਣਾ ਰੱਖੀ ਹੈ। ਹਾਲ ਹੀ ਵਿਚ ਫ਼ਿਲਮ ‘ਜ਼ੀਰੋ’ ਦੀ ਸ਼ੂਟਿੰਗ ਦੇ ਆਖਰੀ ਦਿਨਾਂ ਵਿਚ ਉਸਨੇ ਕਰੂ ਮੈਂਬਰਾਂ ਨੂੰ ਛੋਟੀ ਜਿਹੀ ਪਾਰਟੀ ਦਿੱਤੀ।

ਨਿਰਮਾਤਾ ਨਿਰਦੇਸ਼ਕ ਕਰਨ ਜੌਹਰ ਬੇਸ਼ੱਕ ਵੱਡੀ ਹਸਤੀ ਹੈ, ਪਰ ਕਰੂ ਮੈਂਬਰਾਂ ਨਾਲ ਉਸਦਾ ਵਿਵਹਾਰ ਹਮੇਸ਼ਾਂ ਵਧੀਆ ਹੁੰਦਾ ਹੈ। ਲਾਈਟਮੈਨ ਤੋਂ ਲੈ ਕੇ ਸਪਾਟਬੌਇ ਤਕ ਹਰ ਕਰੂ ਮੈਂਬਰ ਉਸਦੀ ਦਰਿਆਦਿਲੀ ਤੋਂ ਖੁਸ਼ ਹੈ। ਉਹ ਹਮੇਸ਼ਾਂ ਆਪਣੇ ਕਰੂ ਮੈਂਬਰਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਫੀਸ ਦਿੰਦਾ ਹੈ। ਲਾਈਟਮੈਨ ਚੰਦਨ ਕਹਿੰਦਾ ਹੈ,‘ ਇਹ ਉਨ੍ਹਾਂ ਦੀ ਦਰਿਆਦਿਲੀ ਹੈ ਕਿ ਕਈ ਕਰੂ ਮੈਂਬਰਾਂ ਨੇ ਉਨ੍ਹਾਂ ਦੀ ਦਰਿਆ ਦਿਲੀ ਨਾਲ ਨਾ ਸਿਰਫ਼ ਹਵਾਈ ਯਾਤਰਾ ਕੀਤੀ, ਬਲਕਿ ਵਿਦੇਸ਼ ਯਾਤਰਾ ਵੀ ਕੀਤੀ ਹੈ।’

ਨਵੇਂ ਦੌਰ ਦਾ ਸਿਤਾਰਾ ਰਣਵੀਰ ਸਿੰਘ ਵੀ ਆਪਣੇ ਵਿਵਹਾਰ ਕਾਰਨ ਕਰੂ ਮੈਂਬਰਾਂ ਵਿਚਕਾਰ ਹਰਮਨਪਿਆਰਾ ਹੈ। ਉਸਦੀ ਫ਼ਿਲਮ ਦੇ ਸੈੱਟ ’ਤੇ ਕਿਸੇ ਨਾ ਕਿਸੇ ਬਹਾਨੇ ਛੋਟੀ ਮੋਟੀ ਪਾਰਟੀ ਤਾਂ ਹੁੰਦੀ ਹੀ ਹੈ। ਉਹ ਆਪਣੇ ਕਰੂ ਮੈਂਬਰਾਂ ਪ੍ਰਤੀ ਹਮੇਸ਼ਾਂ ਨਰਮ ਦਿਲ ਰਵੱਈਆ ਹੀ ਰੱਖਦਾ ਹੈ ਅਤੇ ਗਾਹ-ਬਗਾਹੇ ਉਨ੍ਹਾਂ ਦੀ ਨਿੱਜੀ ਤੌਰ ’ਤੇ ਮਦਦ ਵੀ ਕਰਦਾ ਰਹਿੰਦਾ ਹੈ।

ਬਿਨਾਂ ਸ਼ੱਕ ਅਭਿਨੇਤਾਵਾਂ ਦੀ ਤੁਲਨਾ ਵਿਚ ਜ਼ਿਆਦਾਤਰ ਅਭਿਨੇਤਰੀਆਂ ਕਰੂ ਮੈਂਬਰਾਂ ਨਾਲ ਨਖਰੇ ਦਿਖਾਉਂਦੀਆਂ ਹਨ, ਪਰ ਵਿਦਿਆ ਬਾਲਨ, ਸੋਨਾਕਸ਼ੀ ਸਿਨਹਾ, ਅਨੁਸ਼ਕਾ ਸ਼ਰਮਾ, ਕੰਗਨਾ ਰਣੌਤ, ਕ੍ਰਿਤੀ ਸੈਨਨ ਵਰਗੀਆਂ ਕੁਝ ਅਭਿਨੇਤਰੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਆਪਣੀ ਫ਼ਿਲਮ ਦੇ ਯੂਨਿਟ ਨਾਲ ਬਹੁਤ ਚੰਗਾ ਤਾਲਮੇਲ ਹੈ। ਵਿਦਿਆ ਬਾਲਨ ਦੀ ਫ਼ਿਲਮ ਦੇ ਸੈੱਟ ’ਤੇ ਕਰੂ ਮੈਂਬਰ ਬਿਨਾਂ ਕਿਸੇ ਤਣਾਅ ਦੇ ਕੰਮ ਕਰਦੇ ਹਨ। ਵਿਦਿਆ ਅਕਸਰ ਛੋਟੀਆਂ ਮੋਟੀਆਂ ਪਾਰਟੀਆਂ ਕਰਦੀ ਰਹਿੰਦੀ ਹੈ। ਇਸ ਤਰ੍ਹਾਂ ਹੀ ਸੋਨਾਕਸ਼ੀ ਦੀਆਂ ਕਈ ਫ਼ਿਲਮਾਂ ਦਾ ਸਪਾਟਬੌਇ ਗਣੇਸ਼ ਦੱਸਦਾ ਹੈ, ‘ਮੈਡਮ ਸਾਡੇ ਪ੍ਰਤੀ ਹਮੇਸ਼ਾਂ ਨਰਮ ਦਿਲ ਹੁੰਦੀ ਹੈ ਅਤੇ ਅਕਸਰ ਸਾਡਾ ਹਾਲ ਚਾਲ ਪੁੱਛਦੀ ਰਹਿੰਦੀ ਹੈ। ਸਾਨੂੰ ਚੰਗੀ ਬਖ਼ਸ਼ਿਸ਼ ਵੀ ਦਿੰਦੀ ਹੈ।’ ਇਸ ਤਰ੍ਹਾਂ ਹੀ ਅਨੁਸ਼ਕਾ ਕਰੂ ਮੈਂਬਰਾਂ ਨੂੰ ਨਿੱਜੀ ਤੌਰ ’ਤੇ ਪਛਾਣਦੀ ਹੈ। ਵਿਆਹ ਤੋਂ ਬਾਅਦ ਉਸਨੇ ਆਪਣੇ ਕੁਝ ਕਰੂ ਮੈਂਬਰਾਂ ਨੂੰ ਵਧੀਆ ਤੋਹਫ਼ੇ ਵੀ ਦਿੱਤੇ। ਅਨੁਸ਼ਕਾ ਦਾ ਸਪਾਟਬੌਇ ਅਨੁਰਾਗ ਦੱਸਦਾ ਹੈ, ‘ਮੈਡਮ ਸਾਨੂੰ ਮਿਲਣ ’ਤੇ ਝੱਟ ਪਛਾਣ ਜਾਂਦੀ ਹੈ। ਹਮੇਸ਼ਾਂ ਸਾਡਾ ਹਾਲ ਚਾਲ ਪੁੱਛਦੀ ਹੈ।’ ਨਵੇਂ ਦੌਰ ਦੀਆਂ ਅਭਿਨੇਤਰੀਆਂ ਵਿਚ ਕ੍ਰਿਤੀ ਸੈਨਨ ਵੀ ਆਪਣੇ ਸਹਾਇਕਾਂ ਦਾ ਬਹੁਤ ਧਿਆਨ ਰੱਖਦੀ ਹੈ।

Comments

comments

Share This Post

RedditYahooBloggerMyspace