ਪਾਣੀ ਦੇ ਦੋ ਪੱਤਣ ਡੀਕ ਚੁੱਕਾ ਪੰਜਾਬ

ਨਾਸਾ ਦੇ ਸੈਟੇਲਾਈਟ ਰਾਹੀਂ ਲਈ ਗਈ ਇਹ ਫ਼ੋਟੋ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਮੂੰਹ ਬੋਲਦੀ ਤਸਵੀਰ ਹੈ।

ਰਾਕੇਸ਼ ਰਮਨ

ਇਸ ਧਾਰਨਾ ਵਿਚ ਰੱਤੀ ਭਰ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ‘ਜਲ ਹੀ ਜੀਵਨ’ ਹੈ। ਜਲ ਸਰੋਤ ਮਹਾਨ ਸਭਿਆਤਾਵਾਂ ਦੇ ਜਨਮ ਅਤੇ ਵਿਕਾਸ ਦਾ ਮੂਲ ਆਧਾਰ ਬਣੇ ਹਨ। ਦੁਨੀਆ ਦੀਆਂ ਪ੍ਰਾਚੀਨ ਸਭਿਅਤਾਵਾਂ ਦਾ ਨਾਮਕਰਨ ਵੀ ਜਲ ਸਰੋਤਾਂ ਦੇ ਨਾਂ ਤੋਂ ਹੀ ਹੋਇਆ ਹੈ। ਜਦੋਂ ਮੁੱਢਲੇ ਆਰੀਆ ਕਬੀਲਿਆਂ ਨੇ ਭਾਰਤ ਵਿਚ ਪ੍ਰਵੇਸ਼ ਕੀਤਾ ਤਾਂ ਉਹ ਇੱਥੇ ਵਗਦੇ ਦਰਿਆਵਾਂ ਦਾ ਨਿਰਮਲ ਜਲ ਦੇਖ ਕੇ ਖ਼ੁਸ਼ੀ ਵਿਚ ਖੀਵੇ ਹੋ ਗਏ। ਉਨ੍ਹਾਂ ਇਸ ਇਲਾਕੇ ਨੂੰ ਜਲ ਦੇ ਵਿਸ਼ੇਸ਼ਣ ਨਾਲ ਹੀ ਅਲੰਕ੍ਰਿਤ ਕੀਤਾ। ਉਨ੍ਹਾਂ ਇਸ ਨੂੰ ‘ਸਪਤਸਿੰਧੂ’ ਅਰਥਾਤ ਸੱਤ ਨਦੀਆਂ ਦੀ ਧਰਤੀ ਕਹਿ ਕੇ ਵਡਿਆਇਆ। ਮਗਰੋਂ ‘ਪੰਜਾਬ’ ਨਾਮਕਰਨ ਵੀ ਜਲ ਸਰੋਤਾਂ ਦੀ ਪ੍ਰਮੁੱਖਤਾ ਨੂੰ ਦਰਸਾਉਣ ਵਾਲਾ ਹੈ। ਭਾਵੇਂ ਧਰਤੀ ਦਾ ਵਡੇਰਾ ਭਾਗ ਸਮੁੰਦਰਾਂ ਅਥਵਾ ਜਲ ਦੀ ਸ਼ਕਲ ਵਿਚ ਹੈ, ਫਿਰ ਵੀ ਜਿਸ ਜਲ ਨੂੰ ਅਸੀਂ ਜੀਵਨ ਰੇਖਾ ਆਖਦੇ ਹਾਂ ਉਸ ਪਾਣੀ ਨਾਲ ਕੁਝ ਵਿਸ਼ੇਸ਼ ਭੋਇੰ-ਖੇਤਰ ਹੀ ਵਰੋਸਾਏ ਹੋਏ ਹਨ। ਪੰਜਾਬ ਵੀ ਪ੍ਰਾਚੀਨ ਕਾਲ ਤੋਂ ਉਨ੍ਹਾਂ ਖੇਤਰਾਂ ਵਿਚ ਸ਼ਾਮਲ ਰਿਹਾ ਹੈ, ਪਰ ਪੰਜਾਬ ਦੇ ਜਲ ਸਰੋਤਾਂ ਦਾ ਵਰਤਮਾਨ ਤੇ ਭਵਿੱਖ ਸੁਰੱਖਿਅਤ ਨਹੀਂ ਰਿਹਾ। ਪੰਜਾਬ ਦਾ ਜਲ ਭਾਵੇਂ ਉਹ ਦਰਿਆਈ ਹੈ ਜਾਂ ਜ਼ਮੀਨਦੋਜ਼, ਤੇਜ਼ੀ ਨਾਲ ਸੰਕਟ ਦਾ ਸ਼ਿਕਾਰ ਹੋ ਰਿਹਾ ਹੈ। ਇਹ ਸੰਕਟ ਦੁਵੱਲਾ ਹੈ। ਇਕ ਪਾਸੇ ਜਲ ਖ਼ਤਮ ਹੁੰਦਾ ਜਾ ਰਿਹਾ ਹੈ, ਦੂਜੇ ਪਾਸੇ ਇਸ ਵਿਚ ਪ੍ਰਦੂਸ਼ਣ ਦੀ ਮਾਤਰਾ ਦਿਨੋਂ-ਦਿਨ ਵਧਦੀ ਜਾ ਰਹੀ ਹੈ।

ਪੰਜਾਬ ਵਿਚ ਅਸੀਂ ਜ਼ਮੀਨ ਹੇਠਲੇ ਪਾਣੀ ਦੇ ਦੋ ਪੱਤਣ ਮੁਕਾ ਚੁੱਕੇ ਹਾਂ। ਇਹ ਪਾਣੀ ਅਸੀਂ ਹਰੀ ਕ੍ਰਾਂਤੀ ਲਈ ਕਾਹਲੀ ਨਾਲ ਚੁਣੇ ਵਰਤਮਾਨ ਖੇਤੀ ਮਾਡਲ ਦੇ ਲੇਖੇ ਲਗਾ ਦਿੱਤੇ ਹਨ ਜਿਸ ਵਿਚ ਕਣਕ-ਝੋਨੇ ਦੇ ਫ਼ਸਲੀ ਚੱਕਰ ਦੀ ਸਰਦਾਰੀ ਕਾਇਮ ਹੈ। ਝੋਨੇ ਦੀ ਫ਼ਸਲ ਲਈ ਭਾਰੀ ਮਾਤਰਾ ਵਿਚ ਪਾਣੀ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਲਈ ਹਰੀ ਕ੍ਰਾਂਤੀ ਦੇ ਆਰੰਭ ਤੋਂ ਲੈ ਕੇ ਹੁਣ ਤਕ ਝੋਨਾ ਸਾਰੇ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਨੂੰ ਇਕ ਤਰ੍ਹਾਂ ਨਾਲ ਡੀਕ ਹੀ ਗਿਆ। ਮਹਿੰਗੇ ਕੁਦਰਤੀ ਸਰੋਤ ਦੇ ਖ਼ਾਤਮੇ ਦੀ ਕੀਮਤ ‘ਤੇ ਸਸਤਾ ਝੋਨਾ ਪੈਦਾ ਕਰਕੇ ਪੰਜਾਬੀਆਂ ਨੇ ਵੱਡੀ ਲਾਪ੍ਰਵਾਹੀ ਦਾ ਸਬੂਤ ਦਿੱਤਾ ਹੈ। ਕਿਹਾ ਜਾ ਸਕਦਾ ਹੈ ਕਿ ਇਹ ਘੋਰ ਲਾਪ੍ਰਵਾਹੀ ਅਸਲ ਵਿਚ ਖੇਤੀ ਮਾਹਿਰਾਂ ਦੀ ਹੀ ਬਣਦੀ ਹੈ ਜਿਨ੍ਹਾਂ ਨੇ ਅਲਪਕਾਲੀ ਲਾਭਾਂ ਲਈ ਪੰਜਾਬ ਦੇ ਦੀਰਘਕਾਲੀ ਹਿੱਤਾਂ ਦੀ ਬਲੀ ਦੇਣ ਨੂੰ ਝੰਡੀ ਦੇ ਦਿੱਤੀ। ਪੰਜਾਬ ਵਿਚ ਹਰੀ ਕ੍ਰਾਂਤੀ ਦੇ ਮੌਜੂਦਾ ਮਾਡਲ ਅਧੀਨ ਜਿਉਂ-ਜਿਉਂ ਝੋਨੇ ਦੇ ਅੰਬਾਰ ਉੱਚੇ ਹੁੰਦੇ ਗਏ, ਤਿਉਂ-ਤਿਉਂ ਪਾਣੀ (ਜ਼ਮੀਨ ਹੇਠਲੇ) ਦਾ ਪੱਧਰ ਨੀਵਾਂ ਹੁੰਦਾ ਚਲਾ ਗਿਆ। ਹੁਣ ਇਹ ਉਸ ਨਿਵਾਣ ਨੂੰ ਛੂਹ ਰਿਹਾ ਹੈ ਜਿੱਥੋਂ ਇਸ ਨੂੰ ਮੱਛੀ ਮੋਟਰਾਂ ਬਗੈਰ ਬਾਹਰ ਕੱਢਣਾ ਸੰਭਵ ਨਹੀਂ ਰਿਹਾ।

ਜਲ ਸੰਕਟ ਦਾ ਦੂਜਾ ਵੱਡਾ ਪੱਖ ਇਸ ਵਿਚ ਵਧ ਰਹੀ ਪ੍ਰਦੂਸ਼ਣ ਦੀ ਮਾਤਰਾ ਦਾ ਹੈ। ਪੰਜਾਬ ਦੇ ਕੁਝ ਕੁ ਬਲਾਕਾਂ ਦਾ ਪਾਣੀ ਹੀ ਇਸ ਸਮੇਂ ਸਿੱਧਿਆਂ ਪੀਣ ਯੋਗ ਹੈ। ਵਧੇਰੇ ਬਲਾਕਾਂ ਦੇ ਪਾਣੀ ਵਿਚ ਘਾਤਕ ਰਸਾਇਣ ਰਲੇ ਹੋਏ ਹਨ। ਪਾਣੀ ਦਾ ਇਹ ਪ੍ਰਦੂਸ਼ਣ ਵੀ ਗੰਭੀਰ ਮਨੁੱਖੀ ਕੋਤਾਹੀਆਂ ਦਾ ਨਤੀਜਾ ਹੈ। ਪੰਜਾਬ ਦੇ ਸਾਡੇ ਆਪਣੇ ਹਿੱਸੇ ਦੇ ਦਰਿਆਵਾਂ ਕੰਢੇ ਵਸਦੇ ਸ਼ਹਿਰਾਂ ਤੇ ਕਸਬਿਆਂ ਦਾ ਰਸਾਇਣ ਯੁਕਤ ਪਾਣੀ ਜੋ ਕਾਰਖ਼ਾਨਿਆਂ ਵਿਚ ਵਰਤਿਆ ਜਾਂਦਾ ਹੈ, ਦਰਿਆਈ ਪਾਣੀ ਵਿਚ ਜਾ ਰਲਦਾ ਹੈ। ਫਿਰ ਇਹ ਜ਼ਹਿਰੀਲਾ ਪਾਣੀ ਨਹਿਰਾਂ-ਨਾਲਿਆਂ ਰਾਹੀਂ ਤਕਰੀਬਨ ਸਾਰੇ ਪੰਜਾਬ ਵਿਚ ਜਾ ਨਿਕਲਦਾ ਹੈ। ਇਹੋ ਪਾਣੀ ਜ਼ਮੀਨ ਹੇਠਲੇ ਪਾਣੀ ਵਿਚ ਜਾ ਮਿਲਦਾ ਹੈ। ਟਰੀਟਮੈਂਟ ਪਲਾਂਟ ਲਗਾਉਣ ਵਿਚ ਵਰਤੀਆਂ ਗਈਆਂ ਢਿੱਲਾਂ ਨੇ ਦਰਿਆਈ ਪਾਣੀਆਂ ਨੂੰ ਗੰਦਾ ਕਰ ਦਿੱਤਾ ਹੈ ਤੇ ਪਾਣੀ ਦੀ ਇਸੇ ਗੰਦਗੀ ਨੇ ਪੂਰੇ ਪੰਜਾਬ ਦੇ ਪਾਣੀਆਂ ਨੂੰ ਕਿਤੇ ਵੱਧ ਤੇ ਕਿਤੇ ਘੱਟ, ਪਰ ਗੰਦਾ ਜ਼ਰੂਰ ਕਰ ਦਿੱਤਾ ਹੈ। ਇਸ ਲਾਪ੍ਰਵਾਹੀ ਦਾ ਸਿੱਟਾ ਦੱਖਣੀ ਮਾਲਵੇ ਦੇ ਲੋਕਾਂ ਨੂੰ ਮੁੱਖ ਤੌਰ ‘ਤੇ ਭੋਗਣਾ ਪੈ ਰਿਹਾ ਹੈ ਜਿੱਥੇ ਕੈਂਸਰ ਦੀ ਮਾਰੂ ਬਿਮਾਰੀ ਦਾ ਮੁੱਖ ਕਾਰਨ ਇਸ ਪ੍ਰਦੂਸ਼ਿਤ ਪਾਣੀ ਨੂੰ ਹੀ ਦੱਸਿਆ ਜਾ ਰਿਹਾ ਹੈ ਜੋ ਨਹਿਰਾਂ ਜ਼ਰੀਏ ਇਸ ਇਲਾਕੇ ਵਿਚ ਆ ਕੇ ਸਨਅਤੀ ਰਸਾਇਣਾਂ ਨੂੰ ਜ਼ਮੀਨਦੋਜ਼ ਪਾਣੀ ਵਿਚ ਮਿਲਾ ਦਿੰਦਾ ਹੈ। ਦਰਿਆਈ ਜਲ ਨੂੰ ਪ੍ਰਦੂਸ਼ਿਤ ਕਰਨ ਦਾ ਦੋਸ਼ੀ ਪਾਉਂਦਿਆਂ ਐੱਨਜੀਟੀ ਵੱਲੋਂ ਸੂਬਾ ਸਰਕਾਰ ਨੂੰ ਪੰਜਾਹ ਕਰੋੜ ਦਾ ਜੁਰਮਾਨਾ ਵੀ ਕੀਤਾ ਗਿਆ ਹੈ।

ਐਨਜੀਟੀ ਨੇ ਇਕ ਤਰ੍ਹਾਂ ਨਾਲ ਪੰਜਾਬ ਦੇ ਰਵਾਇਤੀ ਸਿਆਸਤਦਾਨਾਂ ਨੂੰ ਲਾਪ੍ਰਵਾਹੀ ਲਈ ਗੰਭੀਰ ਦੋਸ਼ੀ ਪਾਇਆ ਹੈ ਜਿਨ੍ਹਾਂ ਨੇ ਜਲ ਸਰੋਤਾਂ ਦੀ ਸਾਂਭ-ਸੰਭਾਲ ਤੇ ਸੁਚੱਜੀ ਵਰਤੋਂ ਦੀ ਥਾਂ ਪਾਣੀਆਂ ਦੀ ਹੋਛੀ, ਸਸਤੀ ਤੇ ਇਸ਼ਤਿਹਾਰੀ ਕਿਸਮ ਦੀ ਰਾਜਨੀਤੀ ਕਰਨ ਨੂੰ ਹੀ ਪਹਿਲ ਦਿੱਤੀ ਹੈ। ਵਿਡੰਬਨਾ ਇਹ ਹੈ ਕਿ ਪੰਜਾਬੀਆਂ ਨੇ ਵੋਟਾਂ ਪਾ ਕੇ ਅਜਿਹੇ ਸਿਆਸੀ ਆਗੂਆਂ ਨੂੰ ਪਾਣੀਆਂ ਦੇ ਰਾਖਿਆਂ ਦੇ ‘ਪ੍ਰਮਾਣ-ਪੱਤਰ’ ਵੀ ਦਿੱਤੇ ਹਨ। ਪਾਣੀਆਂ ਦੀ ਮੌਜੂਦਾ ਸਥਿਤੀ ਦੇ ਸਨਮੁੱਖ ਇਨ੍ਹਾਂ ਪ੍ਰਮਾਣ-ਪੱਤਰਾਂ ਉੱਪਰ ਮੁੜ ਗ਼ੌਰ ਕਰਨਾ ਜ਼ਰੂਰੀ ਹੋ ਗਿਆ ਹੈ। ਐੱਨਜੀਟੀ ਦੇ ਝਟਕੇ ਦਾ ਫ਼ੌਰੀ ਪ੍ਰਤੀਕਰਮ ਹੀ ਹੈ ਕਿ ਹੁਣ ਪੰਜਾਬ ਸਰਕਾਰ ਨੂੰ ‘ਪੰਜਾਬ ਜਲ ਸਰੋਤ ਬਿਲ 2018’ ਦਾ ਖਰੜਾ ਤਿਆਰ ਕਰਨਾ ਪਿਆ ਹੈ ਜਿਸ ਅਨੁਸਾਰ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਦਾ ਗਠਨ ਹੋਵੇਗਾ। ਇਹ ਪੀਣ ਵਾਲੇ, ਘਰੇਲੂ, ਵਪਾਰਕ ਜਾਂ ਉਦਯੋਗਿਕ ਵਰਤੋਂ ਲਈ ਪਾਣੀਆਂ ਦੀਆਂ ਦਰਾਂ ਤਾਂ ਨਿਸ਼ਚਿਤ ਕਰੇਗੀ ਹੀ, ਨਾਲ ਹੀ ਮੁੱਖ ਉਦੇਸ਼ ਵਜੋਂ ਇਹ ਪੰਜਾਬ ਦੇ ਜਲ ਸਰੋਤਾਂ ਦੀ ਵਰਤੋਂ ਅਤੇ ਪ੍ਰਬੰਧ ਨੂੰ ਢੁਕਵੇਂ ਅਤੇ ਤਰਕਸੰਗਤ ਢੰਗ ਨਾਲ ਯਕੀਨੀ ਬਣਾਵੇਗੀ। ਇਸ ਬਿਲ ਬਾਰੇ ਕਈ ਤਰ੍ਹਾਂ ਦੇ ਪ੍ਰਤੀਕਰਮ ਹੋ ਸਕਦੇ ਹਨ। ਇਸ ਨੂੰ ਦੇਰ ਨਾਲ ਉਠਾਇਆ ਗਿਆ ਦਰੁਸਤ ਕਦਮ ਕਿਹਾ ਜਾ ਸਕਦਾ ਹੈ। ਜ਼ਰਾ ਹਿਰਖ਼ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ‘ਈਦ ਪਿੱਛੋਂ ਹੁਣ ਤੰਬਾ ਫੂਕਣਾ ਹੈ?’ ਪਾਣੀਆਂ ਨੂੰ ਭੰਡਾਰਾਂ ਅਤੇ ਗੁਣਵੱਤਾ ਦੇ ਮਾਮਲੇ ਵਿਚ ਸੁਰੱਖਿਅਤ ਰੱਖਣ ਦਾ ਵਕਤ ਸ਼ਾਇਦ ਅਸੀਂ ਖੁੰਝਾ ਬੈਠੇ ਹਾਂ।

ਜ਼ਮੀਨ ਹੇਠਲੇ ਪਾਣੀ ਦੇ ਖ਼ਾਤਮੇ ਲਈ ਇਕੱਲੀ ਝੋਨੇ ਦੀ ਫ਼ਸਲ ਹੀ ਕਾਫ਼ੀ ਹੈ। ਇਹ ਫ਼ਸਲ ਐਨੀ ਧੜੱਲੇਦਾਰ ਬਣਾ ਦਿੱਤੀ ਗਈ ਹੈ ਕਿ ਇਸ ਦਾ ਕੋਈ ਲਾਭਕਾਰੀ ਬਦਲ ਪੇਸ਼ ਕਰਨ ਲਈ ਕੋਈ ਵੀ ਧਿਰ ਅੱਗੇ ਆਉਣ ਲਈ ਤਿਆਰ ਨਹੀਂ। ਸਰਕਾਰ ਵਿਚ ਅਫ਼ਸਰਸ਼ਾਹੀ ਦਾ ਬੋਲਬਾਲਾ ਹੈ ਜਿਸ ਕੋਲ ਜਲ ਸਰੋਤਾਂ ਵਾਲੇ ਸੰਵੇਦਨਸ਼ੀਲ ਮਸਲਿਆਂ ਨੂੰ ਨਜਿੱਠਣ ਵਾਲੀ ਮਾਨਸਿਕਤਾ ਹੀ ਨਹੀਂ ਹੈ। ਸਿਆਸਤਦਾਨ ਮੁੱਦਿਆਂ ਦੇ ਸੰਭਾਵਿਤ ਹੱਲ ਦੀ ਥਾਂ ਇਨ੍ਹਾਂ ਦੇ ਸਿਆਸੀਕਰਨ ਵਿਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ ਤੇ ਅਕਸਰ ਹੀ ਗ਼ੈਰ-ਜ਼ਿੰਮੇਵਾਰਾਨਾ ਲੱਫ਼ਾਜ਼ੀ ਰਾਹੀਂ ਇਨ੍ਹਾਂ ਨੂੰ ਉਲਝਾਉਂਦੇ ਹਨ। ਇਸ ਲਈ ਸਰਕਾਰਾਂ ਝੋਨੇ ਦਾ ਬਦਲ ਲਿਆਉਣ ਲਈ ਕੋਈ ਉਤਸ਼ਾਹਜਨਕ ਮਾਹੌਲ ਤਿਆਰ ਨਹੀਂ ਕਰ ਸਕੀਆਂ।

ਜਿਵੇਂ ਕਿ ਉੱਪਰ ਵੀ ਜ਼ਿਕਰ ਕੀਤਾ ਗਿਆ ਹੈ ਕਿ ਦਰਿਆਵਾਂ ਦੇ ਕੰਢਿਆਂ ਉੱਪਰ ਪੈਂਦੇ ਸ਼ਹਿਰਾਂ ਤੇ ਕਸਬਿਆਂ ਵਿਚਲੇ ਕਾਰਖ਼ਾਨਿਆਂ ਦੇ ਰਸਾਇਣਯੁਕਤ ਤਰਲ ਪਦਾਰਥਾਂ ਦੀ ਦਰਿਆਵਾਂ ਵਿਚ ਨਿਕਾਸੀ ਨੇ ਇਨ੍ਹਾਂ ਦਾ ਪਾਣੀ ਪਲੀਤ ਕਰ ਦਿੱਤਾ ਹੈ। ਇਹ ਕਾਰਖ਼ਾਨੇ ਰਸੂਖਵਾਨ ਲੋਕਾਂ ਦੇ ਹਨ ਜਿਹੜੇ ਆਪਣੇ ਪ੍ਰਦੂਸ਼ਿਤ ਪਾਣੀ ਆਦਿ ਨੂੰ ਅਣਸੋਧੇ ਰੂਪ ਵਿਚ ਹੀ ਦਰਿਆਵਾਂ ਵਿਚ ਜਾਣ ਦਿੰਦੇ ਹਨ। ਆਪਣੇ ਪ੍ਰਦੂਸ਼ਿਤ ਪਾਣੀ ਦੇ ਨਿਪਟਾਰੇ ਸਬੰਧੀ ਜਿਹੜੇ ਮਾਪਦੰਡ ਇਨ੍ਹਾਂ ਲਈ ਮਿੱਥੇ ਗਏ ਹਨ, ਇਹ ਸ਼ਰੇਆਮ ਉਨ੍ਹਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਨ੍ਹਾਂ ਨੂੰ ਅਜਿਹਾ ਕਰਨੋਂ ਕੌਣ ਰੋਕੇਗਾ? ਸ਼ਾਇਦ ਹਾਲ ਦੀ ਘੜੀ ਕੋਈ ਨਹੀਂ ਕਿਉਂਕਿ ਇਹ ਤਾਂ ਖ਼ੁਦ ‘ਪਹੁੰਚ ਵਾਲੇ’ ਹਨ। ਉਂਜ, ਜਲ ਪ੍ਰਦੂਸ਼ਣ ਵਿਚ ਵੱਡੀ ਹਿੱਸੇਦਾਰੀ ਪਾ ਕੇ ਇਹ ਉਸ ਟਾਹਣ ਨੂੰ ਟੱਕ ਲਾ ਰਹੇ ਹਨ ਜਿਸ ਉੱਪਰ ਇਹ ਖ਼ੁਦ ਬੈਠੇ ਹਨ।
ਜਲ ਸੰਕਟ ਦੀ ਇਸ ਔਖੀ ਘੜੀ ਅਸੀਂ ਇਹ ਵੀ ਸੋਚ ਸਕਦੇ ਹਾਂ ਕਿ ਪਾਣੀ ਹੀ ਮੁੱਕਿਆ ਹੈ ਜਾਂ ਮੁੱਕਣ ਦੀ ਹੱਦ ਤੱਕ ਘਟਿਆ ਹੈ, ਕੰਟੇਨਰ ਤਾਂ ਨਹੀਂ ਹੱਥੋਂ ਗਿਆ। ਬਥੇਰਾ ਮੀਂਹ ਪੈਂਦਾ ਹੈ, ਇਸ ਮੀਂਹ ਦੇ ਪਾਣੀ ਨਾਲ ਅਸੀਂ ਕੰਟੇਨਰ ਨੂੰ ਮੁੜ ਭਰ ਵੀ ਸਕਦੇ ਹਾਂ। ਜ਼ਮੀਨ ਹੇਠਲੇ ਪਾਣੀ ਦੇ ਸਰੋਤਾਂ ਨੂੰ ਰੀਚਾਰਚ ਕਰਨ ਦਾ ਸਾਡੇ ਕੋਲ ਇਕ ਰਵਾਇਤੀ ਸਾਧਨ ਹੈ। ਇਹ ਹੈ ਹਰ ਪਿੰਡ ਦਾ ਛੱਪੜ ਜਾਂ ਟੋਭਾ ਜਿਸ ਵਿਚ ਵਰਖਾ ਦਾ ਪਾਣੀ ਇਕੱਠਾ ਹੁੰਦਾ ਹੈ ਤੇ ਫਿਰ ਜ਼ਮੀਨ ਹੇਠਲੇ ਪੱਤਣ ਨੂੰ ਰੀਚਾਰਜ ਕਰਨ ਦਾ ਬੇਹੱਦ ਮਹੱਤਵਪੂਰਨ ਕਾਰਜ ਕਰਦਾ ਹੈ। ਦੁੱਖ ਇਸ ਗੱਲ ਦਾ ਹੈ ਕਿ ਛੱਪੜਾਂ ਦੇ ਮਰਸੀਏ ਵੀ ਪੜ੍ਹ ਦਿੱਤੇ ਗਏ ਹਨ। ਛੱਪੜਾਂ ਉੱਪਰ ਨਾਜਾਇਜ਼ ਕਬਜ਼ਿਆਂ ਦੀ ਅਣਐਲਾਨੀ ਖੁੱਲ੍ਹ ਮਿਲੀ ਹੋਈ ਹੈ। ਕਾਬਜ਼ਕਾਰਾਂ ਨੇ ਛੱਪੜ ਪੂਰ ਕੇ ਇਨ੍ਹਾਂ ਉੱਪਰ ਵਸੇਬਾ ਕਰ ਲਿਆ ਹੈ। ਵਰਤਮਾਨ ਸਰਕਾਰ ਨੇ ਐਲਾਨ ਵੀ ਕੀਤਾ ਸੀ ਕਿ ਛੱਪੜ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਏ ਜਾਣਗੇ ਤੇ ਛੱਪੜਾਂ ਵਾਲੀ ਥਾਂ ਦੀ ਗਿਰਦਾਵਰੀ ਕਰਵਾਈ ਜਾਵੇਗੀ। ਇਹ ਕਾਰਜ ਸਰਕਾਰ ਵੱਲੋਂ ਅਜੇ ਤਕ ਸ਼ੁਰੂ ਹੀ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਕੀ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਅਸੀਂ ਖਾਲੀ ਹੋਏ ਕੰਟਨੇਰਾਂ ਨੂੰ ਮੁੜ ਭਰ ਸਕਾਂਗੇ। ਸ਼ਾਇਦ ਕੋਈ ਚਮਤਕਾਰ ਹੀ ਜ਼ਮੀਨ ਦੇ ਖਾਲੀ ਹੋਏ ਪੱਤਣਾਂ ਦੀ ਪਹਿਲੀ ਸਥਿਤੀ ਬਹਾਲ ਕਰ ਸਕਦਾ ਹੈ। ਹੁਣ ਆਪਾਂ ਸਾਰੇ ਪੰਜਾਬੀਆਂ ਨੂੰ ਅਜਿਹੇ ਕਿਸੇ ਚਮਤਕਾਰ ਦੀ ਉਡੀਕ ਹੀ ਕਰਨੀ ਪੈ ਰਹੀ ਹੈ ਕਿਉਂਕਿ ਹੋਰ ਕਿਸੇ ਪਾਸਿਓਂ ਤਾਂ ਆਸ ਦੀ ਕੋਈ ਕਿਰਨ ਦਿਖਾਈ ਨਹੀਂ ਦੇ ਰਹੀ। ਉਂਜ, ਉਡੀਕ ਦਾ ਵੇਲਾ ਹੈ ਨਹੀਂ। ੲ

Comments

comments

Share This Post

RedditYahooBloggerMyspace