ਲਾਸਾਨੀ ਸ਼ਹਾਦਤਾਂ ਦੇ ਇਤਿਹਾਸ ਨਾਲ ਸਾਜਿਸ਼ੀ ਛੇੜਖ਼ਾਨੀਆਂ ਤੋਂ ਖ਼ਬਰਦਾਰ ਹੋਵੇ ਖ਼ਾਲਸਾ ਪੰਥ…

ਮਹਿੰਦਰ ਸਿੰਘ ਖਹਿਰਾ

ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਹੋਈ ਸਤਿਗੁਰੂ ਨਾਨਕ ਸਾਹਿਬ ਦੀ ਨਾਦੀ ਸੰਤਾਨ ‘ਖ਼ਾਲਸਾ ਪੰਥ’ ਭਾਵ ਸਿੱਖ ਕੌਮ ਦਸੰਬਰ ਦੇ ਮਹੀਨੇ ਨੂੰ ਸਫਰ-ਏ-ਸ਼ਹਾਦਤ ਦੇ ਮਹੀਨੇ ਵਜੋਂ ਮਨਾਉਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੀ ਕੁਰਾਨ ਦੀ ਸਹੁੰ ਅਤੇ ਹਿੰਦੂ ਰਾਜਿਆਂ ਦੀ ਗਊ ਦੀ ਸਹੁੰ ਤੇ ਇਤਬਾਰ ਕਰਕੇ ਅਨੰਦਪੁਰ ਸਥਿਤ ਅਨੰਦਗੜ੍ਹ ਕਿਲ੍ਹਾ ਖ਼ਾਲੀ ਕਰਕੇ ਅਨੰਦਪੁਰੋਂ ਬਾਹਰ ਨਿਕਲ ਤੁਰੇ ਓਧਰ ਕੀਤੇ ਹੋਏ ਅਹਿਦ ਤੇ ਖਾਧੀਆਂ ਕਸਮਾਂ ਨੂੰ ਤੋੜ ਕੇ ਹਿੰਦੂ ਪਹਾੜੀ ਰਾਜੇ ਤੇ ਮੁਗ਼ਲ ਫ਼ੌਜ ਨੇ ਗੁਰੂ ਗੋਬਿੰਦ ਸਿੰਘ ਦੇ ਕਾਫ਼ਲਿਆਂ ਤੇ ਹਮਲਾ ਕਰ ਦਿੱਤਾ। ਸਿੰਘਾਂ ਦਾ ਕਾਫ਼ਲਾ ਦੁਸ਼ਮਣ ਨਾਲ ਲੜਦਾ ਭਿੜਦਾ ਤੁਰਿਆ ਗਿਆ, ਸਰਸਾ ਨਦੀ ਦੇ ਕਿਨਾਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ, ਕੀਰਤਨ ਦੀ ਸਮਾਮਤੀ ਤੋਂ ਬਾਅਦ ਸਰਸਾ ਪਾਰ ਕਰਨ ਸਮੇਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ (ਅੰਮ੍ਰਿਤ ਛਕਣ ਤੋਂ ਬਾਅਦ ਮਾਤਾ ਗੁਜਰ ਕੌਰ) ਗੁਰੂ ਸਾਹਿਬ ਨਾਲੋਂ ਵਿਛੜ ਗਏ। ਉਨ੍ਹਾਂ ਨੂੰ ਰਸਤੇ ਵਿੱਚ ਕੁੰਮਾ ਮਾਸ਼ਕੀ ਮਿਲਿਆ, ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਗੁਜ਼ਾਰੀ ਤੇ ਉੱਥੋਂ ਉਨਾ੍ਹਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਲੈ ਗਿਆ। ਅਕ੍ਰਿਤਘਣ ਗੰਗੂ ਬ੍ਰਾਹਮਣ ਨੇ ਰਾਤ ਵੇਲੇ ਮਾਤਾ ਜੀ ਦੀ ਧੰਨ ਦੀ ਖ਼ੁਰਜੀ ਚੁਰਾ ਲਈ ਅਤੇ ਮੁਗ਼ਲ ਸਰਕਾਰ ਕੋਲੋਂ ਇਨਾਮ ਲੈਣ ਲਈ ਧੰਨ ਦੇ ਲਾਲਚ ਕਾਰਨ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਕੇ, ਪੰਜਾ ਪਿਆਰਿਆਂ, ਦੋ ਵੱਡੇ ਸਾਹਿਬਜ਼ਾਦਿਆਂ ਅਤੇ 37 ਕੁ ਦੇ ਕਰੀਬ ਸਿੰਘਾਂ ਸਮੇਤ ਚਮਕੌਰ ਪਹੁੰਚੇ, ਚਮਕੌਰ ਦੀ ਗੜ੍ਹੀ ਨੂੰ ਹਿੰਦੂ ਰਾਜਿਆਂ ਤੇ ਮੁਗ਼ਲਾਂ ਦੀ ਸਾਂਝੀ ਦਸ ਲੱਖ ਫ਼ੌਜ ਨੇ ਘੇਰਾ ਪਾ ਲਿਆ। ਦੁਨੀਆ ਦੀ ਆਸਾਵੀਂ ਜੰਗ ਖ਼ਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਲੜੀ। ਦੋ ਵੱਡੇ ਸਾਹਿਬਜ਼ਾਦੇ, ਤਿੰਨ ਪਿਆਰੇ ਅਤੇ 35 ਕੁ ਦੇ ਕਰੀਬ ਸਿੰਘ ਮੈਦਾਨੇ ਜੰਗ ਵਿੱਚ ਹਿੰਦੂ ਰਾਜਿਆਂ ਅਤੇ ਮੁਗ਼ਲਾਂ ਦੀਆਂ ਸਾਂਝੀਆਂ ਲੱਖਾਂ ਫ਼ੌਜਾਂ ਨਾਲ ਲੜਦੇ ਸ਼ਹੀਦ ਹੋ ਗਏ। ਇੱਥੇ ਹੈਰਾਨੀ ਜਨਕ ਤੱਥ ਇਹ ਹੈ ਕਿ ਬੁੱਤ ਤੋੜਨ ਵਾਲਿਆਂ ਤੇ ਬੁੱਤ ਪੂਜਣ ਵਾਲਿਆਂ ਦੀ ਸਾਂਝੀ ਫ਼ੌਜ ਨੇ ਉਸ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰਾ ਪਾਇਆ ਜਿਹੜਾ ਨਾ ਬੁੱਤ ਤੋੜਦਾ ਹੈ ਤੇ ਨਾ ਹੀ ਬੁੱਤ ਪੂਜਦਾ ਹੈ ਸਗੋਂ ਅਕਾਲ ਪੁਰਖ ਵੱਲੋਂ ਸਥਾਪਿਤ ਸਿੱਖ ਧਰਮ ਅਨੁਸਾਰ ਇੱਕ ਅਕਾਲ ਦਾ ਪੁਜਾਰੀ ਹੈ। ਗੁਰੂ ਪੰਥ ਦੀ ਆਗਿਆ ਮੰਨ ਕੇ ਗੁਰੂ ਸਾਹਿਬ ਤਿੰਨਾਂ ਸਿੰਘਾਂ ਸਮੇਤ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ) ਚੌਹਾਂ ਦਿਸ਼ਾਵਾਂ ਰਾਹੀਂ ਤਾੜੀ ਮਾਰ ਕੇ, ਬੁੱਤ ਤੋੜ ਤੇ ਬੁੱਤ ਪੂਜਕਾਂ ਦੀ ਸਾਂਝੀ ਦਸ ਲੱਖ ਫ਼ੌਜ ਦਾ ਘੇਰਾ ਤੋੜ ਕੇ ਜੇਤੂ ਹੋ ਕੇ ਬਾਹਰ ਨਿਕਲ ਗਏ।

ਚਮਕੌਰ ਦੀ ਗੜ੍ਹੀ ਛੱਡਣ ਤੋਂ ਬਾਅਦ ਪੋਹ ਮਹੀਨੇ ਦੀ ਕੜਕਦੀ ਠੰਢ ਅਤੇ ਹਨੇਰੀ ਰਾਤ ਵਿੱਚ ਨੰਗੇ ਪੈਰੀਂ ਮਾਛੀਵਾੜੇ ਪਹੁੰਚੇ, ਜਿੱਥੇ ਗੁਰੂ ਸਾਹਿਬ ਨੂੰ ਉਹ ਤਿੰਨੇ ਸਿੰਘ ਵੀ ਆ ਮਿਲੇ ਜਿਹੜੇ ਉਨ੍ਹਾਂ ਨਾਲ ਚਮਕੌਰ ਦੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਸਨ। ਦਸੰਬਰ ਦੇ ਮਹੀਨੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਨੇ ‘ਪੰਥ ਵਸੇ ਮੈਂ ਉਜੜਾਂ’ ਦੀ ਭਾਵਨਾ ਤਹਿਤ ਅਕਿਹ ਤੇ ਅਸਹਿ ਕਸ਼ਟ ਝੱਲੇ ਸਨ।

ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਦਸੰਬਰ ਦੇ ਮਹੀਨੇ ਸਾਕਾ ਚਮਕੌਰ ਤੇ ਸਾਕਾ ਸਰਹੰਦ ਵਿੱਚ ਗੁਰੂ ਪਰਿਵਾਰ ਦੀਆਂ ਸ਼ਹੀਦੀਆਂ ਅਤੇ ਚਮਕੌਰ ਗੜ੍ਹੀ ਦੀਆਂ ਸ਼ਹੀਦੀਆਂ ਬਾਰੇ ਵਿਸਥਾਰ ਸਹਿਤ ਲਿਖਿਆ ਜਾਵੇ। ਕੇਵਲ ਟੂਕ ਮਾਤਰ ਹਵਾਲੇ ਹੀ ਦਿੱਤੇ ਹਨ। ਹਥਲਾ ਲੇਖ ਦਾ ਕਾਰਨ ਇਹ ਹੈ ਕਿ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਅਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਿੱਖ ਧਰਮ ਦੇ ਨਿਆਰੇਪਣ ਅਤੇ ਗੁਰੂ ਨਾਨਕ ਵੱਲੋਂ ਚਲਾਏ ‘ਤੀਸਰੇ ਪੰਥ’ ਭਾਵ ਸਿੱਖ ਕੌਮ ਦੀ ਅੱਡਰੀ ਨਿਆਰੀ, ਵਿਲੱਖਣ ਤੇ ਸੁਤੰਤਰ ਹੋਂਦ ਹਸਤੀ ਨੂੰ ਕਾਇਮ ਰੱਖਣ ਲਈ ਅਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਹੋਈਆਂ, ਇਨ੍ਹਾਂ ਸ਼ਹਾਦਤਾਂ ਸਦਕਾ ਹੀ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਸਥਾਪਿਤ ਕੀਤਾ ਜੋ ਕਿ ਸਿੱਖ ਇਨਕਲਾਬ ਸੀ। ਪਰ ਅੱਜ ਗਿਣੀ ਮਿਥੀ ਸਾਜ਼ਿਸ਼ ਤਹਿਤ ‘ਰਾਸ਼ਟਰੀ ਸ੍ਵੈ-ਸੇਵਕ ਸੰਘ’ ਤੇ ਇਸ ਦੀ ਭੈਣ ‘ਰਾਸ਼ਟਰੀ ਸਿੱਖ ਸੰਗਤ’ ਤੇ ਬਾਦਲ-ਭਾਜਪਾ ਗੱਠਜੋੜ ਤੇ ਕਾਂਗਰਾਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭਾਰਤ ਦੇ ਅਖੌਤੀ ‘ਰਾਸ਼ਟਰੀ ਗੌਰਵ’ ਦੇ ਖਾਤੇ ਵਿੱਚ ਪਾਉਣਾ ਚਾਹੁੰਦੀ ਹੈ।

ਹੁਣ ਇਹ ਗੱਲ ਜਗ ਜਾਹਿਰ ਹੋ ਚੁਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਜਪਾ ਨਾਲ ‘ਪਤੀ ਪਤਨੀ’ ਦਾ ਰਿਸਤਾ ਨਿਭਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਿੱਖ ਵਿਰੋਧੀ ਸੰਸਥਾ ਆਰ. ਐੱਸ. ਐੱਸ. ਦੇ ਅਧੀਨ ਕੀਤਾ ਹੋਇਆ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਵਾਈਆਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਸਿੱਖਾਂ ਦੀਆਂ ਇਨ੍ਹਾਂ ਧਾਰਮਿਕ ਜਥੇਬੰਦੀਆਂ ਨੂੰ ਵੀ ਰਾਸ਼ਟਰਵਾਦ ਦਾ ਭੂਤ ਚਿੰਬੜਦਾ ਜਾ ਰਿਹਾ ਹੈ।

ਇਸ ਦਾ ਪ੍ਰਤੱਖ ਸਬੂਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਦੇ 25 ਦਸੰਬਰ, 2016 ਨੂੰ ‘ਅਜੀਤ ਅਖ਼ਬਾਰ’ ਵਿੱਚ ਛਪੇ ਲੇਖ ‘ਸਾਕਾ ਸਰਹਿੰਦ’ ਨਿੱਕੀਆਂ ਜਿੰਦਾਂ ਦਾ ਵੱਡਾ ਸਾਕਾ ਵਿੱਚ ਮਿਲਦਾ ਹੈ ਇਸ ਲੇਖ ਵਿੱਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਲਿਖਦੇ ਹਨ ਕਿ ‘ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆਂ ਗਿਆ, ਦੁਨੀਆ ਦੀ ਇਹ ਅਜ਼ੀਮ, ਨਿਵੇਕਲੀ, ਲਾਮਿਸਾਲ, ਦਿਲ ਕੰਬਾਊ ਅਤੇ ਇਤਿਹਾਸਕ ਸ਼ਹੀਦੀ ਨੇ ਭਾਰਤ ਦੇ ਇਤਿਹਾਸ ਦਾ ਵਹਿਣ ਹੀ ਮੋੜ ਦਿੱਤਾ ਅਤੇ ਦੁਨੀਆ ਨੂੰ ਅਸ਼ਚਰਜਤਾ ਵਿੱਚ ਪਾ ਦਿੱਤਾ, ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਂਟ ਕਰਕੇ, ਸਿੱਖ ਕੌਮ ਅਤੇ ਭਾਰਤ ਦਾ ਸੀਸ ਉੱਚਾ ਕਰ ਦਿੱਤਾ’ਸ਼। ਅੱਗੇ ਪ੍ਰੋ. ਬਡੂੰਗਰ ਲਿਖਦੇ ਹਨ ਕਿ ‘ਬ੍ਰਿਧ ਉਮਰੇ ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ਵਿੱਚ ਅੰਤਾਂ ਦੇ ਤਸੀਹੇ ਝੱਲਦੇ ਹੋਏ ਸ਼ਹੀਦੀ ਪਾ ਗਏ। ਭਾਰਤ ਅਤੇ ਸਿੱਖ ਕੌਮ ਦੇ ਇਤਿਹਾਸ ਵਿੱਚ ਸੱਚ, ਹੱਕ, ਧਰਮ, ਮਨੁੱਖੀ ਅਧਿਕਾਰ ਅਤੇ ‘ਰਾਸ਼ਟਰੀ ਗੌਰਵ’ ਲਈ ਕਿਸੇ ਇਸਤਰੀ ਦੀ ਇਹ ਪਹਿਲੀ ਸ਼ਹੀਦੀ ਸੀ’।

ਜਾਪਦਾ ਹੈ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਹਿੰਦੂ ਰਾਸ਼ਟਰਵਾਦ ਨੂੰ ਸਮਰਪਿਤ ਬਾਦਲ-ਭਾਜਪਾ ਗੱਠਜੋੜ ਨੂੰ ਖ਼ੁਸ਼ ਕਰਨ ਲਈ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ‘ਭਾਰਤ ਦੇ ਰਾਸ਼ਟਰੀ ਗੌਰਵ’ ਦੇ ਖਾਤੇ ਵਿੱਚ ਪਾਉਣ ਦਾ ਵੱਡਾ ਗੁਨਾਹ ਕੀਤਾ ਹੈ ਕਿਉਂਕਿ ਜਦੋਂ ਦਸੰਬਰ 1704 ਈਸਵੀ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਅਤੇ ਮਾਤਾ ਗੁਜਰ ਕੌਰ ‘ਠੰਢੇ ਬੁਰਜ ਵਿੱਚ ਅੰਤਾਂ ਦੇ ਤਸੀਹੇ ਝੱਲਦੇ ਹੋਏ ਸ਼ਹੀਦੀ ਪਾ ਗਏ’ ਉਦੋਂ ਭਾਰਤ ਦਾ ਇੱਕ ਦੇਸ ਵਜੋਂ ਕੋਈ ਵਜੂਦ ਹੀ ਨਹੀਂ ਸੀ। ਇਸ ਦਾ ਹਵਾਲਾ ‘ਪੰਜਾਬ: ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ’ ਦੀ ਪੁਸਤਕ ਦੇ ਪੰਨਾ 9 ਪਹਿਲੇ ਅਧਿਆਇ ਦੇ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦੇ ਪੰਜਾਬ ਦਾ ਇਤਿਹਾਸ ਇੰਜ ਵਰਣਨ ਕੀਤਾ ਗਿਆ ਹੈ ”ਕਿ ਔਰੰਗਜ਼ੇਬ ਤੋਂ ਪਹਿਲਾਂ ਪੰਜਾਬ ਕਿਹੋ ਜਿਹਾ ਹੋਇਆ ਕਰਦਾ ਸੀ, ਇਹ ਪਿਛੋਕੜ ਜਾਣਨਾ ਲਾਹੇਵੰਦ ਹੋਵੇਗਾ। ਕਿ ਪੰਜਾਬ ਦੇ ਵਾਵਰੋਲੇ ਤਿੰਨ ਹਿੱਸਿਆਂ ਵਿੱਚ ਵੰਡਾਂਗੇ ਪਹਿਲਾ ਪੂਰਬ ਮੁਗ਼ਲ ਕਾਲ ਦਾ ਪੰਜਾਬ, ਦੂਜਾ ਮੁਗ਼ਲ ਰਾਜ ਦਾ ਪੰਜਾਬ ਤੇ ਤੀਜਾ ‘ਸਿੱਖ ਗੁਰੂ ਸਾਹਿਬਾਨ ਦਾ ਪੰਜਾਬ’ ਭਾਵ ‘ਫਿਰ ਉੱਠੀ ਆਖ਼ਿਰ ਸਦਾਅ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਏਕ ਮਰਦਿ ਕਾਮਲ ਨੇ ਜਗਾਇਆ ਖੁਆਬ ਸੇ” (ਸਿੱਖ ਧਰਮ ਦੇ ਬਾਨੀ ਤੇ ਨਿਰਮਲ ਪੰਥ ਦੇ ਸੰਸਥਾਪਕ ਸਤਿਗੁਰੂ ਨਾਨਕ ਸਾਹਿਬ ਜੀ ਨੇ)।

‘ਇਹ ਤਾਂ ਆਮ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਦਾ ਕਈ ਗੱਲਾਂ ਕਰਕੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਪੰਜਾਬ ਤੋਂ ਬਿਨਾ ਸਾਰੇ ਖ਼ਿੱਤੇ ਨੂੰ ਡੰਡੇ ਨਾਲ ਇਕੱਠਾ ਕੀਤਾ ਸੀ। ਤਾਂ ਹੀ ਅੱਜ ਹਿੰਦੂ ਲੀਡਰ ਕਸ਼ਮੀਰ ਤੇ ਨਾਗਾਲੈਂਡ ਨੂੰ ਦੇਸ ਦਾ ”ਅਤੁੱਟ ਅੰਗ” ਕਹਿਣ ਜੋਗੇ ਹੋਏ ਹਨ, ਨਹੀਂ ਤਾਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਅੱਜ ਵਾਲਾ ਭਾਰਤ 600 ਤੋਂ ਵੀ ਵੱਧ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ, ਕੋਈ ਇੱਕ ਦੂਜੇ ਨੂੰ ਜਾਣਦਾ ਤੱਕ ਨਹੀਂ ਸੀ। ਮੁਗ਼ਲ ਰਾਜ ਤੋਂ ਪਹਿਲਾਂ ਵੀ ਹਿੰਦੂ ਧਰਮ ਨੇ ਦੇਸ਼ ਨੂੰ ਇੱਕ ਨਹੀਂ ਰਹਿਣ ਦਿੱਤਾ ਸਗੋਂ ਉਸਦੇ ਹਰ ਛੋਟੇ ਜਿਹੇ ਰਾਜ ਨੂੰ ਵੱਖਰਾ ਦੇਸ ਸਮਝਣ ਦਾ ਉਪਦੇਸ਼ ਦਿੱਤਾ। ਜਿਸ ਕਾਰਨ ਅਖੰਡ ਭਾਰਤ ਦੀ ਭਾਵਨਾ ਕਦੇ ਪੂਰੀ ਹੀ ਨਹੀਂ ਹੋ ਸਕੀ। ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ‘ਪ੍ਰਦੇਸ ਦੀਆਂ ਪਰਿਭਾਸ਼ਾਵਾਂ ਅਨੇਕਾਂ ਥਾਵਾਂ ਤੇ ਮਿਲਦੀਆਂ ਹਨ। ਜਿਨ੍ਹਾਂ ਨੂੰ ਪੜ੍ਹਨ ਨਾਲ ਸਾਰੀ ਗੱਲ ਸਪਸ਼ਟ ਹੋ ਜਾਂਦੀ ਹੈ। ‘ਧਰਮ ਸਿੰਧੂ’ ਧਰਮ ਗ੍ਰੰਥ ਦੇ ਅਨੁਸਾਰ ਬ੍ਰਾਹਮਣ ਲਈ ਆਪਣੇ ਨਿਵਾਸ ਸਥਾਨ ਤੋਂ 20 ਕੋਹ, ਖੱਤਰੀ ਲਈ 24 ਕੋਹ, ਵੈਸ਼ ਲਈ 30 ਕੋਹ ਅਤੇ ਸ਼ੂਦਰ ਲਈ 60 ਕੋਹ ਦੂਰ ਦਾ ਇਲਾਕਾ ਵਿਦੇਸ਼ ਮੰਨਿਆ ਜਾਂਦਾ ਸੀ।

‘ਭਾਰਤ ਦੀ ਏਕਤਾ ਤੇ ਅਖੰਡਤਾ’ ਦਾ ਰਾਗ ਅਕਸਰ ਹੀ ਸੁਣਨ ਨੂੰ ਮਿਲਦਾ ਰਹਿੰਦਾ ਹੈ, ਕਿਹਾ ਜਾਂਦਾ ਹੈ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਤੇ ਇੱਕ ਹੀ ਰਹੇਗਾ, ਪਰ ਜੇਕਰ ਇਤਿਹਾਸ ਤੇ ਸਰਸਰੀ ਨਜ਼ਰ ਵੀ ਮਾਰੀ ਜਾਵੇ ਤਾਂ ਇਹ ਕਥਨ ਕੋਰਾ ਝੂਠ ਸਾਬਤ ਹੋ ਜਾਂਦਾ ਹੈ, ਨਿਰਾ-ਦੰਭ ਬ੍ਰਾਹਮਣਵਾਦੀ ਗ੍ਰੰਥਾਂ ਦੀ ਹਰੇਕ ਗੱਪ ਵਾਂਗ ਕੋਰਾ ਝੂਠ ਹੈ’। ਉਕਤ ਤੱਥਾਂ ਦੇ ਆਧਾਰ ਤੇ ਦਸੰਬਰ 1704 ਈ. ਨੂੰ ਜਦੋਂ ਸਾਕਾ ਚਮਕੌਰ ਤੇ ਸਾਕਾ ਸਰਹੰਦ ਦਿਲ ਕੰਬਾਊ ਸਾਕੇ ਵਰਤੇ ਉਦੋਂ ਦੁਨੀਆ ਦੇ ਨਕਸ਼ੇ ਤੇ ਭਾਰਤ ਨਾਂ ਦਾ ਕੋਈ ਦੇਸ਼ ਹੀ ਨਹੀਂ ਸੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੀ ਮਾਤਾ ਤੇ ਚਾਰ ਸਾਹਿਬਜ਼ਾਦੇ ਕਿਹੜੇ ਭਾਰਤ ਦੇਸ ਦੇ ਨਾਗਰਿਕ ਹੋ ਗਏ! ਇਸ ਦਾ ਅਸੀਂ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਕਿ ਸਿੱਖੀ ਦੀ ਦੁਸ਼ਮਣ ਤੇ ਕੱਟੜਵਾਦੀ ਹਿੰਦੂ ਜਥੇਬੰਦੀ ਆਰ. ਐੱਸ. ਐੱਸ. ਵਾਲੇ ਗੁਰਇਤਿਹਾਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਆਪਣੀਆਂ ਸ਼ਾਖਾਵਾਂ ਵਿੱਚ ਜਿੱਥੇ ਮਹਾਰਾਣਾ ਪ੍ਰਤਾਪ ਅਤੇ ਸ਼ਿਵਾਜੀ ਮਰਹੱਟਾ ਦੀ ਫ਼ੋਟੋ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਫ਼ੋਟੋ ਵੀ ਰੱਖਦੇ ਹਨ ਤੇ ਆਪਣੀਆਂ ਸ਼ਾਖਾਵਾਂ ਵਿੱਚ ਅਜਿਹੇ ਗੀਤ ਵੀ ਗਾਉਂਦੇ ਹਨ ਕਿ ‘ਅਸੀਂ ਸਾਹਿਬਜ਼ਾਦਿਆਂ ਤੇ ਬੰਦਾ ਸਿੰਘ ਦੇ ਵਾਰਿਸ ਹਾਂ, ਦਸਮੇਸ਼ ਪਿਤਾ ਅਸੀਂ ਤੇਰੇ ਪੁੱਤ ਹਾਂ, ਤੇ ਤੇਰੇ ਦਰਸਾਏ ਰਾਹ ਤੇ ਚੱਲ ਕੇ ਦੁਸ਼ਟਾਂ ਦਾ ਨਾਸ ਕਰਾਂਗੇ ਤੇ ਭਾਰਤ ਲਈ ਮਰ ਮਿਟਾਂਗੇ’।

ਹੁਣ ਵਿਚਾਰਨਯੋਗ ਤੱਥ ਇਹ ਹੈ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲਿਆਂ ਦੇ ਗੰਗੂ ਬ੍ਰਾਹਮਣ ਤੇ ਸੁੱਚਾ ਨੰਦ ਦੇ ਵਾਰਸ, ਸਾਹਿਬਜ਼ਾਦਿਆਂ ਦੇ ਵਾਰਸ ਕਿਵੇਂ ਹੋ ਸਕਦੇ ਹਨ ? ਸਾਹਿਬਜ਼ਾਦਿਆਂ ਅਤੇ ਬੰਦਾ ਸਿੰਘ ਦਾ ਵਾਰਸ ਖ਼ਾਲਸਾ ਪੰਥ ਹੈ। ਜੋ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਨਾਦੀ ਸੰਤਾਨ ਹੈ, ਇਸ ਤੱਥ ਦੀ ਪ੍ਰੋੜ੍ਹਤਾ ਸਿਰਦਾਰ ਕਪੂਰ ਸਿੰਘ ਨੇ ‘ਸਾਚੀ ਸਾਖੀ’ ਦੇ ਪੰਨਾ 70 ਉੱਤੇ ਇਸ ਪ੍ਰਕਾਰ ਕੀਤੀ ਹੈ ਕਿ ‘ਸੰਨ 1705ਈ. ਵਿੱਚ ਜਦੋਂ ਮਾਤਾ ਸੁੰਦਰੀ (ਸੁੰਦਰ ਕੌਰ) ਸਾਹਿਬ ਦਸਵੇਂ ਪਾਤਸ਼ਾਹ ਨੂੰ ਸਾਬੋ ਕੀ ਤਲਵੰਡੀ ਭਰੇ ਦੀਵਾਨ ਵਿੱਚ ਮਿਲੇ, ਤਦ ਚੌਹਾਂ ਸਾਹਿਬਜ਼ਾਦਿਆਂ ਬਾਰੇ ਪੁੱਛੇ ਜਾਣ ਉੱਤੇ ਮਾਤਾ ਸੁੰਦਰੀ ਨੂੰ ਗੁਰੂ ਸਾਹਿਬ ਨੇ ਇਹ ਜਗਤ – ਬਿਖਿਆਤ ਉਤਰ ਦਿੱਤਾ, ਤੇ ਦੀਵਾਨ ਵਿੱਚ ਇਕੱਤਰ ਹੋਏ ਸਿੰਘਾਂ ਵਲ ਹੱਥ ਦਾ ਇਸ਼ਾਰਾ ਕਰ ਕੇ ਕਿਹਾ ”ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।” ਭਾਵ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਬਿੰਦੀ ਪੁੱਤਰ ਆਪਣੇ ਨਾਦੀ ਪੁੱਤਰ ਖ਼ਾਲਸੇ ਪੰਥ ਉੱਤੋਂ ਵਾਰ ਦਿੱਤੇ, ਇੱਥੇ ਜ਼ਿਕਰਯੋਗ ਹੈ ਕਿ ਸਿੱਖ ਕੌਮ ਦਾ ਕੌਮੀ ਸਰੂਪ ਖ਼ਾਲਸਾ ਪੰਥ ਹੈ ਅਤੇ ਖ਼ਾਲਸਾ ਪੰਥ ਦਾ ਮਾਲਕ ਆਪ ਅਕਾਲ ਪੁਰਖ ਹੈ। ਚਮਕੌਰ ਸਾਹਿਬ ਵਿਖੇ ਗੁਰਦੁਆਰਾ ਕਤਲਗੜ੍ਹ ਦੇ ਮੁੱਖ ਦੁਆਰ ਉੱਤੇ ਅੱਲਾ ਯਾਰ ਖ਼ਾਨ ਜੋਗੀ ਦਾ ਇਹ ਸ਼ਿਅਰ ਲਿਖਿਆ ਹੋਇਆ ਹੈ ਕਿ ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ।ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਏ।

ਭਾਵ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਵੱਲੋਂ ਸਥਾਪਿਤ ਮਨੁੱਖੀ ਏਕਤਾ ਤੇ ਰੱਬੀ ਏਕਤਾ ਨੂੰ ਸਮਰਪਿਤ ਸਿੱਖ ਧਰਮ ਉੱਤੋਂ ਆਪਣੇ ਸਾਹਿਬਜ਼ਾਦੇ ਵਾਰ ਦਿੱਤੇ।

ਖ਼ਾਲਸਾ ਪੰਥ ਦਾ ਭਾਰਤੀ ਕਰਨ, ਕਰਨ ਲਈ ਜਲੰਧਰ ਦੇ ਦੈਨਿਕ ਪੱਤਰ ‘ਹਿੰਦ ਸਮਾਚਾਰ’ ਮਿਤੀ 15 ਜਨਵਰੀ, ਸੰਨ 1978 ਦੇ ਐਡੀਟੋਰੀਅਲ ਵਿੱਚ ਲਾਲਾ ਜਗਤ ਨਾਰਾਇਣ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਆੜ ਹੇਠ, ਗੁਰੂ ਸਾਹਿਬ ਦੇ ਮੁਖਾਰਬਿੰਦ ਚੋਂ ਇਹ ਸ਼ਬਦ ਇਸ ਤਰ੍ਹਾਂ ਲਿਖਵਾਏ ਸਨ ਕਿ ‘ਇਸ ਭਾਰਤ ਵਰਸ਼ ਕੇ ਸ਼ੀਸ਼ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ। ਸਿੱਖ ਵਿਰੋਧੀ ਲਾਲਾ ਜਗਤ ਨਾਰਾਇਣ ਨੇ ਸਾਜਿਸ਼ੀ ਬੁੱਧੀ ਦੁਆਰਾ ਖ਼ਾਲਸਾ ਪੰਥ ਦੀ ਥਾਂ ਭਾਰਤ ਵਰਸ਼ ਸ਼ਬਦ ਦੀ ਵਰਤੋਂ ਕੀਤੀ, ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਦੀ ਥਾਂ, ਇਸ ਭਾਰਤ ਵਰਸ਼ ਕੇ ਸ਼ੀਸ਼ ਪਰ ਵਾਰ ਦੀਏ ਸੁੱਤ ਚਾਰ। ਲਿਖ ਕੇ ਖ਼ਾਲਸਾ ਪੰਥ ਦੀ ਵੱਖਰੀ ਹੋਂਦ ਨੂੰ ਮਿਟਾਉਣ ਲਈ, ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਕੀਤਾ ਸੀ।

ਇਸੇ ਤਰ੍ਹਾਂ ਖ਼ਾਲਸਾ ਪੰਥ ਬਾਰੇ ਇੱਕ ਤੱਥ ਵਿਹੂਣੀ ਅਤੇ ਗੁੰਮਰਾਹਕੁੰਨ ਟਿੱਪਣੀ ਐੱਲ. ਕੇ. ਅਡਵਾਨੀ ਨੇ ਆਪਣੀ ਪੁਸਤਕ ‘ਮਾਈ ਕੰਟਰੀ ਮਾਈ ਲਾਈਫ’ ਦੇ ਪੰਨਾ 424 ਉੱਤੇ ਇਸ ਪ੍ਰਕਾਰ ਕੀਤੀ ਹੈ। “The Khalsa Panth was created three hundred years ago by Guru Gobind Singh the last of the ten Guru to defend the Hindus and protect Hinduism from the bigoted Muslim rulers of the time. ਅਰਥਾਤ: ਸਿੱਖ ਗੁਰੂਆਂ ਵਿੱਚੋਂ ਅਖੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨ ਹਾਕਮਾਂ ਤੋਂ ਬਚਾਉਣ ਲਈ ਤਿੰਨ ਸੌ ਸਾਲ ਪਹਿਲਾਂ ਖ਼ਾਲਸਾ ਪੰਥ ਪੈਦਾ ਕੀਤਾ ਸੀ” ਐੱਲ. ਕੇ. ਅਡਵਾਨੀ ਜੋ ਕਿ ਆਰ. ਐੱਸ.ਐੱਸ. ਦਾ ਕੱਟੜ ਸਮਰਥਕ ਮੈਂਬਰ ਹੈ ਦੀ ਟਿੱਪਣੀ ਅਨੁਸਾਰ, ਖ਼ਾਲਸਾ ਪੰਥ (ਸਿੱਖ ਕੌਮ) ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਮੰਨਣ ਤੋਂ ਇਨਕਾਰੀ ਹੈ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਲਾਏ ਤੀਸਰੇ ਪੰਥ (ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ) ਨਾਲੋਂ ਕੋਈ ਵੱਖਰਾ ਪੰਥ ਨਹੀਂ ਸੀ ਚਲਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਭਾਈ ਪ੍ਰਹਲਾਦ ਸਿੰਘ ਨੇ ਆਪਣੇ ਰਹਿਤਨਾਮੇ ਵਿੱਚ ਗਵਾਹੀ ਭਰੀ ਹੈ ਕਿ ਪੰਥ ਗੁਰੂ ਨਾਨਕ ਨੇ ਹੀ ਚਲਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਸਾਜਨਾ ਭਾਵ ਪੰਥ ਦਾ ਅੰਤਿਮ ਸਰੂਪ ਬੰਨ੍ਹ ਕੇ ਉਸ ਨੂੰ ਗੁਰਿਆਈ ਸੌਂਪੀ। ‘ਪੰਥ ਚਲਿਓ ਹੈ ਜਗਤ ਮੈ ਗੁਰੂ ਨਾਨਕ ਪ੍ਰਸਾਦਿ।

ਗੁਰੂ ਕਾਲ ਸਮੇਂ ਮਨੂ ਸਿਮਰਤੀ ਦੇ ਵਿਧਾਨ ਅਨੁਸਾਰ ਕੋਈ, ਧਰਮ- ਅਧਿਕਾਰ ਤੋਂ ਵੰਚਿਤ ਸੀ ਤੇ ਕੋਈ ਰਾਜ ਅਧਿਕਾਰ ਤੋਂ ਵੰਚਿਤ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਸਾਰਿਆ ਨੂੰ ਧਰਮ ਅਧਿਕਾਰੀ ਤੇ ਰਾਜ ਅਧਿਕਾਰੀ ਬਣਾਇਆ। ਭਾਈ ਰਤਨ ਸਿੰਘ ਭੰਗੂ ਨੇ ਸਾਰੀਆਂ ਉਹ ਜਾਤਾਂ ਗਿਣੀਆਂ ਹਨ ਜਿਹੜੀਆਂ ਅੰਮ੍ਰਿਤ ਛਕ ਕੇ ਧਰਮ ਅਧਿਕਾਰੀ ਤੇ ਰਾਜ ਅਧਿਕਾਰੀ ਹੋਈਆਂ।

ਗੁਜਰ, ਲੋਹਾਰ, ਆਹੀਰ, ਕਮਜਾਤ।
ਕੰਬੋ ਸ਼ੂਦਰਨ ਕੋ ਪੁਛੇ ਨਾ ਬਾਤ।
ਝੀਵਰ, ਨਾਈ, ਔ ਰੋੜੇ ਘੁਮਿਆਰ।
ਸੈਣੀ, ਸੁਨਿਆਰੇ, ਚੂੜ, ਚੁਮਾਰ।
ਭਟ, ਔ ਹੁਤੇ, ਮੰਗਵਾਰ।
ਬਹੁਰੂਪੀਏ, ਲੁਬਾਣੇ ਔ ਘੁਮਿਆਰ।

ਖ਼ਾਲਸੇ ਦੀ ਸਿਰਜਨਾ ਉਪਰੰਤ ਦਸਵੇਂ ਗੁਰੂ, ਗੋਬਿੰਦ ਸਿੰਘ ਨੇ ਖ਼ਾਲਸੇ ਬਣਨ ਲਈ ਇੱਕ ਸਿਧਾਂਤ ਦਿੱਤਾ, ਜਿਸ ਨੂੰ ਇਤਿਹਾਸ ਵਿੱਚ ‘ਨਾਸ਼ ਸਿਧਾਂਤ’ (Nash Doctrine) ਨਾਲ ਜਾਣਿਆਂ ਜਾਂਦਾ ਹੈ। ਹਰ ਵਿਅਕਤੀ ਨੂੰ ਖ਼ਾਲਸਾ ਬਣਨ ਤੋਂ ਪਹਿਲਾਂ ਚਾਰ ਗੱਲਾਂ ਦਾ ਤਿਆਗ ਜ਼ਰੂਰੀ ਹੈ ਜਿਵੇਂ ਕਿ 1. ਧਰਮ ਨਾਸ਼ 2. ਕੁਲ ਨਾਸ 3. ਕਿਰਤ ਨਾਸ਼ ਅਤੇ 4. ਕਰਮ ਨਾਸ਼। ਗੁਰੂ ਗੋਬਿੰਦ ਜੀ ਨੇ ਨਾਸ਼ ਸਿਧਾਂਤ ਅਨੁਸਾਰ ਸਾਰੀਆਂ ਜਾਤਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਬਚਨ ਕੀਤਾ ‘ਇਨ ਗ਼ਰੀਬ ਸਿੰਘਨ ਕੋ ਦੇਊ ਪਾਤਿਸ਼ਾਹੀ। ਏਹ ਯਾਦ ਰਖੇ ਹਮਰੀ ਗੁਰਿਆਈ’। (ਭਾਈ ਰਤਨ ਸਿੰਘ ਭੰਗੂ, ਸ੍ਰੀ ਗੁਰੂ ਪੰਥ ਪ੍ਰਕਾਸ਼ ਪੰਨਾ 32) ਭਾਵ ਗੁਰੂ ਗੋਬਿੰਦ ਸਿੰਘ ਜੀ ਨੇ ਗ਼ਰੀਬ ਸਿੱਖਾਂ ਨੂੰ ਰਾਜ ਭਾਗ ਦੇਣ ਲਈ ਖ਼ਾਲਸਾ ਪ੍ਰਗਟ ਕੀਤਾ ਸੀ ਨਾ ਕਿ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਜੀ ਹਨ ਭਾਈ ਨੰਦ ਲਾਲ ਦੇ ਰਹਿਤਨਾਮੇ ਵਿੱਚ ਗੁਰੂ ਸਾਹਿਬ ਦੇ ਇਹ ਮੁੱਖ ਵਾਕ ਦਰਜ ਹਨ। ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ। ਭਾਵ ਓਹੀ ਗੁਰੂ ਗੋਬਿੰਦ ਸਿੰਘ ਹੈ, ਤੇ ਓਹੀ ਨਾਨਕ ਗੁਰੂ ਹੈ ਅਤੇ ‘ਰਾਜ ਕਰੇਗਾ ਖ਼ਾਲਸਾ’। ਭਾਵ ਰਾਜ ਕਰੇਗਾ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਮੁਖਵਾਕ ਹੈ। ਦੂਸਰਾ ਨੁਕਤਾ ਜੋ ਐੱਲ. ਕੇ. ਅਡਵਾਨੀ ਕਹਿੰਦਾ ਹੈ ਕਿ ਹਿੰਦੂਆਂ ਨੂੰ ਕੱਟੜ ਮੁਸਲਮਾਨ ਹਾਕਮਾਂ ਕੋਲੋਂ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਪੈਦਾ ਕੀਤਾ ਸੀ ਇਹ ਵੀ ਇਤਿਹਾਸਕ ਸਚਾਈ ਦੇ ਬਿਲਕੁਲ ਉਲਟ ਹੈ ਕਿਉਂਕਿ ਬਾਈ ਧਾਰ ਦੇ ਹਿੰਦੂ ਰਾਜਿਆਂ ਨੇ ਤਾਂ ਗੁਰੂ ਗੋਬਿੰਦ ਨੂੰ ਆਪਣੀ ਰਿਆਸਤ ਵਿੱਚੋਂ ਬਾਹਰ ਕੱਢਣ ਲਈ ਕਈ ਕਹਿਰੀ ਹਮਲੇ ਕੀਤੇ।

ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਬਾਈਧਾਰ ਦੇ ਰਾਜਿਆਂ ਦੇ ਹਮਲੇ ਰੋਕਣ ਲਈ ਅਨੰਦਪੁਰ ਸਾਹਿਬ ਵਿਖੇ ਪੰਜ ਕਿਲ੍ਹੇ ਉਸਾਰਨੇ ਪਏ ਸਨ। 1.ਕਿਲ੍ਹਾ ਲੋਹ ਗੜ੍ਹ ਸਾਹਿਬ 2.ਕਿਲ੍ਹਾ ਹੋਲ ਗੜ੍ਹ ਸਾਹਿਬ 3.ਕਿਲ੍ਹਾ ਕੇਸ ਗੜ੍ਹ ਸਾਹਿਬ 4.ਕਿਲ੍ਹਾ ਤਾਰਾ ਗੜ੍ਹ ਸਾਹਿਬ 5.ਮੁੱਖ ਕਿਲ੍ਹਾ ਅਨੰਦ ਗੜ੍ਹ ਸਾਹਿਬ। ਪਹਾੜੀ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਤੇ ਲਗਭਗ 14 ਹਮਲੇ ਕੀਤੇ ਜਿਸ ਵਿੱਚ ਹਿੰਦੂ ਰਾਜਿਆਂ ਨੂੰ ਹਰ ਵਾਰੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਛੇਕੜ ਅਨੰਦ ਗੜ੍ਹ ਦੇ ਕਿਲ੍ਹੇ ਤੇ ਕਬਜ਼ਾ ਕਰਨ ਲਈ ਹੀ ਬਾਈ ਧਾਰ ਦੇ ਹਿੰਦੂ ਰਾਜਿਆਂ ਨੇ ਔਰੰਗਜ਼ੇਬ ਕੋਲੋਂ ਫ਼ੌਜੀ ਮਦਦ ਮੰਗੀ ਸੀ, ਦੋਹਾਂ ਧਿਰਾਂ ਦੀਆਂ ਮਿਲਵੀਆਂ ਫ਼ੌਜਾਂ ਵੀ ਜਦ ਅੱਠ ਮਹੀਨੇ ਗੁਰੂ ਗੋਬਿੰਦ ਸਿੰਘ ਕੋਲੋਂ ਅਨੰਦ ਗੜ੍ਹ ਦਾ ਕਿਲ੍ਹਾ ਖ਼ਾਲੀ ਨਾ ਕਰਵਾ ਸਕੀਆਂ ਤਾਂ ਉਨ੍ਹਾਂ ਨੇ ਕੁਟਲ ਨੀਤੀ ਅਨੁਸਾਰ ਔਰੰਗਜ਼ੇਬ ਨੇ ਕੁਰਾਨ ਸ਼ਰੀਫ਼ ਦੀ ਕਸਮ ਅਤੇ ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਸਹੁੰ ਖਾਧੀ ਗੁਰੂ ਸਾਹਿਬ ਨੇ ਉਨ੍ਹਾਂ ਦੀਆਂ ਧਰਮ ਦੀਆਂ ਖਾਧੀਆਂ ਸਹੁੰਆਂ ਤੇ ਇਤਬਾਰ ਕਰਕੇ ਕਿਲ੍ਹਾ ਖ਼ਾਲੀ ਕਰ ਦਿੱਤਾ। ਪਰ ਦੋਹਾਂ ਧਿਰਾਂ ਨੇ ਆਪਣੀਆਂ ਧਰਮ ਦੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਦਸੰਬਰ ਮਹੀਨੇ ਦੇ ਸ਼ਹਾਦਤਾਂ ਦੇ ਸਫ਼ਰ ਵਿੱਚ, ਸਰਸਾ ਦਾ ਯੁੱਧ ਪਰਿਵਾਰ ਵਿਛੋੜਾ, ਚਮਕੌਰ ਦਾ ਸਾਕਾ ਅਤੇ ਸਾਕਾ ਸਰਹੰਦ ਵਾਰੇ ਵਰਣਨ ਕੀਤਾ ਜਾ ਚੁੱਕਾ ਹੈ। ਅੰਤ ਵਿੱਚ ਅੱਲਾ ਯਾਰ ਖ਼ਾਨ ਯੋਗੀ ਦੇ ਸ਼ਬਦਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ ਨਾਲ ਸਮਾਪਤੀ ਕਰਦੇ ਹਾਂ।

ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ।
ਸਿੱਖੀ ਕੀ ਨੀਂਵ ਹੈ, ਸਰਪਰ ਉਠਾ ਚਲੇ।
ਗੁਰਿਆਈ ਕਾ ਕਿੱਸਾ, ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ, ਪੌਦਾ ਲਗਾ ਚਲੇ।
ਗਦੀ ਵੀ-ਤਾਜੋ-ਤਖਤ ਅਬ ਕੌਮ ਪਾਏਗੀ।
ਦੁਨੀਆ ਮੇਂ ਜਾਲਮੋਂ ਕਾ ਨਿਸ਼ਾਂ ਤੱਕ ਮਿਟਾਏਗੀ।
(ਭਾਵ ਇੱਕ ਦਿਨ ਇੱਥੇ ਸਿੱਖ ਕੌਮ ਦਾ ਰਾਜ ਹੋਵੇਗਾ)

ਹਥਲਾ ਲੇਖ ਲਿਖਣ ਤੋਂ ਭਾਵ ਹੈ ਕਿ 1704 ਈ. ਦੇ ਦਸੰਬਰ ਦੇ ਮਹੀਨੇ ਸ਼ਹੀਦੀ ਸਾਕਾ ਚਮਕੌਰ ਤੇ ਸਹੀਦੀ ਸਾਕਾ ਸਰਹੰਦ ਵਿੱਚ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਉਹ ਮਨੁੱਖਤਾ ਦੀ ਰਾਖੀ ਅਤੇ ਖ਼ਾਲਸਾ ਪੰਥ ਦੀ ਸੁਤੰਤਰ ਹੋਂਦ ਹਸਤੀ ਅਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਹੋਈਆਂ ਸਨ ਨਾ ਕਿ ਭਾਰਤ ਬਰਸ਼ ਲਈ, ਕਿਉਂਕਿ 1704 ਈ. ਵਿੱਚ ਭਾਰਤ ਦਾ ਇੱਕ ਦੇਸ਼ ਵਜੋਂ ਕੋਈ ਵਜੂਦ ਹੀ ਨਹੀਂ ਸੀ। ਇਸ ਕਰਕੇ ਚੌਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਰਾਸ਼ਟਰਵਾਦ ਦੇ ਖਾਤੇ ਵਿੱਚ ਪਾਉਣਾ, ਸਿੱਖ ਕੌਮ ਦੀ ਅੱਡਰੀ ਹੋਂਦ ਹਸਤੀ ਨੂੰ ਮਲੀਆ ਮੇਟ ਕਰਨ ਲਈ ਆਰ. ਐੱਸ. ਐੱਸ. ਦੀ ਗੰਭੀਰ ਸਾਜ਼ਿਸ਼ ਹੈ, ਇਸ ਕਰਕੇ ਖ਼ਾਲਸਾ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ।

Comments

comments

Share This Post

RedditYahooBloggerMyspace