ਖ਼ੁਸ਼ਗਵਾਰ ਜੀਵਨ ਦੇ ਮੰਤਰ

ਕੈਲਾਸ਼ ਚੰਦਰ ਸ਼ਰਮਾ

ਜ਼ਿੰਦਗੀ ਦੇ ਸਫ਼ਰ ਦੌਰਾਨ ਮਨੁੱਖ ਨੂੰ ਅਨੇਕਾਂ ਚੰਗੀਆਂ-ਮਾੜੀਆਂ ਘਟਨਾਵਾਂ ਦੇ ਰੂਬਰੂ ਹੋਣਾ ਪੈਂਦਾ, ਜੋ ਯਾਦਾਂ ਦੇ ਰੂਪ ‘ਚ ਮਨੁੱਖ ਦੇ ਮਨ-ਮਸਤਕ ‘ਤੇ ਉਕਰ ਜਾਂਦੀਆਂ ਹਨ। ਜਦੋਂ ਕਿਤੇ ਇਹ ਯਾਦਾਂ ਰੀਲ ਵਾਂਗ ਅੱਖਾਂ ਅੱਗੇ ਘੁੰਮਣ ਲਗਦੀਆਂ ਤਾਂ ਕਈ ਵਾਰ ਸਾਨੂੰ ਖ਼ੁਸ਼ੀ ਮਿਲਦੀ ਤੇ ਕਈ ਵਾਰ ਅਤੀਤ ਉਦਾਸ ਵੀ ਕਰ ਦਿੰਦਾ ਹੈ…

ਜ਼ਿੰਦਗੀ ਦੀ ਅਸਲੀ ਸਮਝ ਅਨੁਭਵ ਨਾਲ ਹੀ ਪੈਦਾ ਹੁੰਦੀ ਹੈ। ਵਿਅਕਤੀ ਦੀ ਸਮਰੱਥਾ ਦਾ ਮੁਲਾਂਕਣ ਵੀ ਅਨੁਭਵ ਨਾਲ ਹੀ ਕੀਤਾ ਜਾ ਸਕਦਾ ਹੈ। ਯਤਨਸ਼ੀਲ ਰਹਿਣ ਨਾਲ ਹੀ ਸਮਰੱਥਾ ਨਿਖਰਦੀ ਹੈ ਅਤੇ ਸਮਰੱਥਾ ਦੀ ਸਹੀ ਸਮਝ ਅਤੇ ਹਾਲਾਤ ਦੀ ਸਦਵਰਤੋਂ ਨਾਲ ਹੀ ਵਿਕਾਸ ਦੀ ਧਾਰਾ ਫੁੱਟਦੀ ਹੈ। ਜ਼ਿੰਦਗੀ ਵਿਚ ਵਿਚਰਦਿਆਂ ਕਈ ਵਾਰ ਸਾਡੇ ਕਦਮ ਉਨਾਂ ਰਾਹਾਂ ਤੋਂ ਨਿਖੜ ਜਾਂਦੇ ਹਨ ਜਿਨਾਂ ‘ਤੇ ਤੁਰ ਕੇ ਅਸੀਂ ਆਪਣੀ ਜ਼ਿੰਦਗੀ ਦੇ ਸੋਹਣੇ ਸੁਪਨੇ ਵੇਖੇ ਹੁੰਦੇ ਹਨ।

ਸੁਪਨੇ ਪੂਰੇ ਨਾ ਹੋ ਸਕਣ ਕਾਰਨ ਅਸੀਂ ਦੁਖੀ ਹੋ ਜਾਂਦੇ ਹਾਂ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਦਿਲ-ਦਿਮਾਗ਼ ਉਦਾਸੀਆਂ ਤੇ ਚਿੰਤਾਵਾਂ ਨੂੰ ਭਰਨ ਲਈ ਨਹੀਂ ਬਣੇ ਸਗੋਂ ਇਹ ਤਾਂ ਖ਼ੁਸ਼ੀਆਂ ਅਤੇ ਮਿੱਠੀਆਂ ਯਾਦਾਂ ਦੇ ਗੁਲਾਬ ਸੰਭਾਲਣ ਲਈ ਬਣੇ ਹਨ। ਦੁੱਖ ਦੇ ਪਲਾਂ ਵਿਚ ਨਿਰਾਸ਼ਾ ਦੀ ਮੌਜੂਦਗੀ ਨਾਲ ਮਨ ਦੀਆਂ ਸਾਰੀਆਂ ਸ਼ਕਤੀਆਂ ਘਟਣ ਲਗਦੀਆਂ ਹਨ, ਜੋ ਵਿਅਕਤੀ ਨੂੰ ਅੰਦਰੋ-ਅੰਦਰ ਖੋਖਲਾ ਕਰੀ ਜਾਂਦੀਆਂ ਹਨ, ਜਿਸ ਕਾਰਨ ਹੌਲੀਹੌਲੀ ਮਨੁੱਖੀ ਜੀਵਨ ਵਿਨਾਸ਼ ਦੇ ਕਿਨਾਰੇ ਪਹੁੰਚ ਜਾਂਦਾ ਹੈ।

ਇਸ ਲਈ ਮੁਸ਼ਕਲ ਵੇਲਿਆਂ ਵਿਚ ਦੁਖੀ ਹੋਣ ਦੀ ਬਜਾਏ ਖ਼ੁਦ ਨੂੰ ਉਸਾਰੂ ਕੰਮਾਂ ਵਿਚ ਲਗਾਈਏ ਅਤੇ ਇਨਾਂ ਵਿੱਚੋਂ ਹੀ ਖ਼ੁਸ਼ੀ ਦੇ ਬਿੰਦੂ ਲੱਭਣ ਦੀ ਕੋਸ਼ਿਸ਼ ਕਰੀਏ। ਜ਼ਿੰਦਗੀ ਨੂੰ ਜ਼ਬਰਦਸਤ ਤਰੀਕੇ ਨਾਲ ਜਿਊਣ ਲਈ ਕੁਝ ਗੱਲਾਂ ਨੂੰ ਸਦਾ ਯਾਦ ਰੱਖੀਏ।

ਗ਼ਰੀਬੀ,ਯਾਦਾਂ ਤੇ ਧੋਖਾ

ਤਿੰਨ ਚੀਜ਼ਾਂ ਜ਼ਿੰਦਗੀ ਵਿਚ ਬਹੁਤ ਦਰਦ ਦਿੰਦੀਆਂ ਹਨ। ਗ਼ਰੀਬੀ, ਯਾਦਾਂ ਅਤੇ ਧੋਖਾ। ਗ਼ਰੀਬੀ ਇਕ ਬਹੁਤ ਵੱਡਾ ਸਰਾਪ ਹੈ। ਗ਼ਰੀਬ ਨੂੰ ਇਸ ਦੁਨੀਆ ਵਿਚ ਕੋਈ ਨਹੀਂ ਪੁੱਛਦਾ। ਗ਼ਰੀਬੀ ਦੀ ਪੀੜ ਬਹੁਤ ਦੁਖਦਾਈ ਹੁੰਦੀ ਹੈ। ਅਸੀਂ ਸਮਾਜ ਵਿਚ ਆਪਣੇ ਆਪ ਨੂੰ ਸ਼੍ਰੇਸ਼ਠ ਵਿਖਾਉਣ ਅਤੇ ਦੂਜਿਆਂ ਉੱਪਰ ਆਪਣਾ ਪ੍ਰਭਾਵ ਪਾਉਣ ਲਈ ਲੋੜੋਂ ਵੱਧ ਖ਼ਰਚ ਕਰਨ ਵਿਚ ਆਪਣੀ ਟੌਹਰ ਸਮਝਦੇ ਹਾਂ। ਇਸ ਤਰਾਂ ਕਰਨ ਨਾਲ ਮੱਧ-ਵਰਗੀ ਲੋਕ ਆਪਣਾ ਨੁਕਸਾਨ ਕਰੀ ਜਾਂਦੇ ਹਨ। ਬੱਚਤ ਘਟ ਰਹੀ ਹੈ ਅਤੇ ਲੋਕ ਕਰਜ਼ਾਈ ਹੁੰਦੇ ਜਾ ਰਹੇ ਹਨ ਜਿਸ ਕਾਰਨ ਸਾਡੀਆਂ ਚਿੰਤਾਵਾਂ ਵਿਚ ਵਾਧਾ ਹੁੰਦਾ ਹੈ। ਇਸ ਲਈ ਫਜ਼ੂਲਖ਼ਰਚੀ ਤੋਂ ਬਚਣਾ ਚਾਹੀਦਾ ਹੈ। ਯਾਦ ਰੱਖੋ ਜਦੋਂ ਪ੍ਰਭਾਵਸ਼ਾਲੀ ਦਿਸਣ ਲਈ ਦੂਸਰਿਆਂ ਨੂੰ ਪ੍ਰਭਾਵਿਤ ਕਰਨਾ ਟੀਚਾ ਬਣ ਜਾਵੇ ਤਾਂ ਵਿਅਕਤੀ ਨੂੰ ਸਥਾਈ ਖ਼ੁਸ਼ੀ ਨਹੀਂ ਮਿਲਦੀ। ਇਸ ਲਈ ਜ਼ਿੰਦਗੀ ‘ਚ ਦੋਗਲੇਪਣ ਨਾਲ ਨਾ ਵਿਚਰੋ। ਤੁਸੀਂ ਜੋ ਹੋ ਉਹੀ ਬਣ ਕੇ ਵਿਚਰੋ। ਫੁਕਰੇ ਅਤੇ ਚਕਮੇ ਲੋਕਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਲੋਕ ਸਾਨੂੰ ਆਪਣੀ ਚਾਦਰ ਨੂੰ ਵੇਖਣ ਹੀ ਨਹੀਂ ਦਿੰਦੇ। ਪਾਰਦਰਸ਼ੀ ਤੇ ਸਹਿਜ ਬਣ ਕੇ ਵਿਚਰਣ ਨਾਲ ਅੰਦਰੂਨੀ ਤੇ ਬਾਹਰੀ ਖ਼ੁਸ਼ੀ ਬਰਕਰਾਰ ਰਹਿੰਦੀ ਹੈ।

ਜ਼ਿੰਦਗੀ ਦੇ ਸਫ਼ਰ ਦੌਰਾਨ ਮਨੁੱਖ ਨੂੰ ਅਨੇਕਾਂ ਚੰਗੀਆਂ-ਮਾੜੀਆਂ ਘਟਨਾਵਾਂ ਦੇ ਰੂਬਰੂ ਹੋਣਾ ਪੈਂਦਾ ਹੈ ਜੋ ਯਾਦਾਂ ਦੇ ਰੂਪ ਵਿਚ ਮਨੁੱਖ ਦੇ ਮਨ-ਮਸਤਕ ‘ਤੇ ਉਕਰ ਜਾਂਦੀਆਂ ਹਨ। ਜਦੋਂ ਕਿਤੇ ਇਹ ਯਾਦਾਂ ਰੀਲ ਵਾਂਗ ਅੱਖਾਂ ਅੱਗੇ ਘੁੰਮਣ ਲੱਗਦੀਆਂ ਹਨ ਤਾਂ ਕਈ ਵਾਰ ਸਾਨੂੰ ਖ਼ੁਸ਼ੀ ਮਿਲਦੀ ਹੈ ਅਤੇ ਕਈ ਵਾਰ ਅਤੀਤ ਉਦਾਸ ਵੀ ਕਰ ਦਿੰਦਾ ਹੈ। ਜ਼ਿੰਦਗੀ ਵਿਚ ਚੋਭਵੀਆਂ ਯਾਦਾਂ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰੋ ਅਤੇ ਸਮੇਂ-ਸਮੇਂ ‘ਤੇ ਮਿੱਠੀਆਂ ਯਾਦਾਂ ਦੀ ਮਹਿਕ ਲੈਂਦੇ ਰਹੋ ਤਾਂ ਜੋ ਖ਼ੁਸ਼ੀਆਂ ਤੁਹਾਡੇ ਵਿਹੜੇ ਚਹਿਕਦੀਆਂ ਰਹਿਣ। ਅੱਜ ਦੇ ਮਖੌਟਾਧਾਰੀ ਯੁੱਗ ਵਿਚ ਕਈ ਅਜਿਹੇ ਲੋਕਾਂ ਨਾਲ ਵਾਹ ਪੈ ਜਾਂਦਾ ਹੈ ਜੋ ਸ਼ਹਿਦ ਨਾਲੋਂ ਵੀ ਮਿੱਠੇ ਸ਼ਬਦਾਂ ਨਾਲ ਵਾਣੀ ਦਾ ਪ੍ਰਵਾਹ ਕਰਦੇ ਹੋਏ ਸਾਡੀ ਅਕਸਰ ਤਾਰੀਫ਼ ਕਰਦੇ ਹਨ। ਹੌਲੀ-ਹੌਲੀ ਅਸੀਂ ਉਨਾਂ ‘ਤੇ ਇੰਨਾ ਵਿਸ਼ਵਾਸ ਕਰਨ ਲੱਗ ਪੈਂਦੇ ਹਾਂ ਕਿ ਆਪਣੇ ਕਈ ਭੇਦ ਵੀ ਉਨਾਂ ਨਾਲ ਸਾਂਝੇ ਕਰਨ ਲੱਗ ਪੈਂਦੇ ਹਾਂ। ਅਜਿਹੇ ਲੋਕ ਆਪਣਾ ਮਤਲਬ ਨਿਕਲ ਜਾਣ ਤੋਂ ਬਾਅਦ ਸਾਡੀਆਂ ਕਮਜ਼ੋਰੀਆਂ ਨੂੰ ਢਾਲ ਬਣਾ ਕੇ ਸਾਨੂੰ ਅਜਿਹਾ ਡੰਗ ਮਾਰਦੇ ਹਨ ਕਿ ਪੂਰੀ ਤਰਾਂ ਬਰਬਾਦ ਕਰ ਦਿੰਦੇ ਹਨ। ਅਜਿਹੇ ਧੋਖੇਬਾਜ਼ ਲੋਕਾਂ ਤੋਂ ਬਚਣਾ ਹੀ ਚੰਗਾ ਹੁੰਦਾ ਹੈ। ਇਸ ਲਈ ਜ਼ਿੰਦਗੀ ਵਿਚ ਕਿਸੇ ‘ਤੇ ਵੀ ਵਿਸ਼ਵਾਸ ਕਰਨ ਤੋਂ ਪਹਿਲਾਂ ਚੰਗੀ ਤਰਾਂ ਪਰਖ ਲੈਣਾ ਚਾਹੀਦਾ ਹੈ।

ਉਮੀਦ, ਅਪਮਾਨ ਤੇ ਹੰਕਾਰ
ਤਿੰਨ ਚੀਜ਼ਾਂ ਜ਼ਿੰਦਗੀ ਵਿਚ ਕਦੇ ਨਾ ਕਰੋ : ਉਮੀਦ, ਅਪਮਾਨ ਅਤੇ ਹੰਕਾਰ। ਕਦੇ ਵੀ ਕਿਸੇ ਕੋਲੋਂ ਉਮੀਦ ਨਾ ਰੱਖੋ ਭਾਵੇਂ ਇਹ ਪੈਸੇ ਦੀ ਹੋਵੇ ਜਾਂ ਆਪਣੇ ਕੰਮਾਂ ਦੀ ਕਿਉਂਕਿ ਜਦੋਂ ਅਜਿਹੀਆਂ ਉਮੀਦਾਂ ਟੁੱਟਦੀਆਂ ਹਨ ਤਾਂ ਵਿਅਕਤੀ ਨੂੰ ਲੱਗੀ ਠੇਸ ਉਸ ਨੂੰ ਤੋੜ ਕੇ ਰੱਖ ਦਿੰਦੀ ਹੈ। ਜੇ ਉਮੀਦ ਰੱਖਣੀ ਹੈ ਤਾਂ ਖ਼ੁਦ ਤੋਂ ਰੱਖੋ, ਆਪਣੇ ਆਤਮ-ਵਿਸ਼ਵਾਸ, ਆਪਣੀ ਮਿਹਨਤ ਅਤੇ ਬੁਲੰਦ ਇਰਾਦਿਆਂ ਤੋਂ। ਇਹੀ ਸਦੀਵੀ ਖ਼ੁਸ਼ੀ ਦਾ ਮੰਤਰ ਹੈ। ਕਿਸੇ ਨੂੰ ਵੀ ਅਪਮਾਨਿਤ ਨਾ ਕਰੋ ਕਿਉਂਕਿ ਅਜਿਹਾ ਕਰਨ ਲਈ ਵਰਤੇ ਜਾਂਦੇ ਸ਼ਬਦ ਜਿੱਥੇ ਉਸ ਵਿਅਕਤੀ ਦਾ ਕਲੇਜਾ ਛਲਣੀ ਕਰ ਦਿੰਦੇ ਹਨ ਉੱਥੇ ਅਜਿਹੇ ਸ਼ਬਦ ਵਰਤਣ ਵਾਲੇ ਨੂੰ ਵੀ ਨੁਕਸਾਨ ਕਰਦੇ ਹਨ ਠੀਕ ਉਸੇ ਤਰਾਂ ਜਿਸ ਤਰਾਂ ਤੇਜ਼ਾਬ ਉਸ ਬਰਤਨ ‘ਤੇ ਵੀ ਅਸਰ ਕਰਦਾ ਹੈ ਜਿਸ ਵਿਚ ਇਸ ਨੂੰ ਰੱਖਿਆ ਹੋਵੇ। ਇਸ ਲਈ ਕਿਸੇ ਨਾਲ ਗੱਲਬਾਤ ਕਰਦੇ ਸਮੇਂ ਸ਼ਬਦਾਂ ਦੀ ਸੁਚੱਜੀ ਵਰਤੋਂ ਕਰੋ। ਹੰਕਾਰ ਦੀ ਬਿਮਾਰੀ ਉਸ ਸ਼ਰਾਬ ਜਿਹੀ ਹੈ ਜਿਸ ਦਾ ਖ਼ੁਦ ਨੂੰ ਛੱਡ ਕੇ ਸਾਰਿਆਂ ਨੂੰ ਪਤਾ ਲੱਗਦਾ ਹੈ ਕਿ ਇਸ ਨੂੰ ਚੜ ਗਈ ਹੈ। ਹੰਕਾਰੀ ਵਿਅਕਤੀ ਦੀ ਭਾਵਨਾ ਜਿੱਥੇ ਉਸ ਨੂੰ ਅੰਦਰੋ- ਅੰਦਰ ਸਾੜਦੀ ਰਹਿੰਦੀ ਹੈ ਉੱਥੇ ਵਧੀਆ ਰਿਸ਼ਤਿਆਂ ਵਿਚ ਕੁੜੱਤਣ ਵੀ ਪੈਦਾ ਕਰ ਦਿੰਦੀ ਹੈ। ਇਸ ਲਈ ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰੋ ਭਾਵੇਂ ਇਹ ਪੈਸੇ ਦਾ ਹੋਵੇ, ਹੁਸਨ ਦਾ ਜਾਂ ਰੁਤਬੇ ਦਾ। ਸਿਰਫ਼ ਚੰਗੇ ਕਰਮ ਕਰੋ, ਚੰਗੀ ਸੋਚ ਰੱਖੋ, ਚੰਗੇ ਹੀ ਮਿਲਣਗੇ ਅਤੇ ਚੰਗਾ ਹੀ ਹੋਵੇਗਾ।

ਕਿਸਮਤ, ਸੁਭਾਅ ਅਤੇ ਰੂਪ
ਤਿੰਨ ਚੀਜ਼ਾਂ ਹਰ ਵਿਅਕਤੀ ਦੀਆਂ ਅਲੱਗ-ਅਲੱਗ ਹੁੰਦੀਆਂ ਹਨ : ਕਿਸਮਤ, ਸੁਭਾਅ ਅਤੇ ਰੂਪ। ਦੂਜਿਆਂ ਦੀਆਂ ਸਫਲਤਾਵਾਂ ਅਤੇ ਆਪਣੀਆਂ ਅਸਫਲਤਾਵਾਂ ਨੂੰ ਕਿਸਮਤ ਨਾਲ ਜੋੜ ਕੇ ਵੇਖਣ ਵਾਲਿਆਂ ਦੀ ਜ਼ਿੰਦਗੀ ਕਦੇ ਵੀ ਖ਼ੁਸ਼ਗਵਾਰ ਨਹੀਂ ਹੁੰਦੀ। ਜਿਸ ਤਰਾਂ ਬਾਰਸ਼ ਵਿਚ ਨਹਾਉਣਾ ਆਸਾਨ ਹੈ ਲੇਕਿਨ ਰੋਜ਼ ਨਹਾਉਣ ਲਈ ਬਾਰਸ਼ ਦੇ ਸਹਾਰੇ ਨਹੀਂ ਰਹਿ ਸਕਦੇ। ਇਸੇ ਤਰਾਂ ਕਦੇ-ਕਦੇ ਕੁਝ ਚੀਜ਼ਾਂ ਆਸਾਨੀ ਨਾਲ ਮਿਲ ਜਾਣ ਤਾਂ ਇਸ ਨੂੰ ਕਿਸਮਤ ਨਾਲ ਮਿਲਿਆ ਸਮਝ ਕੇ ਸਦਾ ਕਿਸਮਤ ਦੇ ਭਰੋਸੇ ਨਹੀਂ ਰਿਹਾ ਜਾ ਸਕਦਾ। ਕਿਸਮਤ ਤਾਂ ਕੇਵਲ ਮਿਹਨਤ, ਦ੍ਰਿੜ-ਇਰਾਦੇ ਅਤੇ ਵਿਅਕਤੀ ਦੇ ਆਤਮ-ਵਿਸ਼ਵਾਸ ‘ਤੇ ਨਿਰਭਰ ਕਰਦੀ ਹੈ। ਇਸ ਲਈ ਇਨਾਂ ਤਿੰਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਕਿਉਂਕਿ ਜਿੱਥੇ ਯਤਨਾਂ ਦੀ ਉਚਾਈ ਅਧਿਕ ਹੁੰਦੀ ਹੈ ਉੱਥੇ ਨਸੀਬਾਂ ਨੂੰ ਝੁਕਣਾ ਹੀ ਪੈਂਦਾ ਹੈ। ਵਿਅਕਤੀ ਦਾ ਸੁਭਾਅ ਉਸ ਦੇ ਵਿਚਾਰਾਂ ਦੀ ਹੀ ਦੇਣ ਹੈ। ਨਿਮਰਤਾ ਨਾਲ ਤੁਸੀਂ ਆਪਣੇ ਗੁਣਾਂ ਵਿਚ ਇਕ ਹੋਰ ਸ਼ਿੰਗਾਰ ਦਾ ਵਾਧਾ ਕਰ ਸਕਦੇ ਹੋ। ਬੋਲ-ਬਾਣੀ ਵਿਚ ਮਿਠਾਸ ਅਤੇ ਨਿਮਰਤਾ ਵਾਲੇ ਲੋਕ ਦੂਜਿਆਂ ਦੀਆਂ ਯਾਦਾਂ ਵਿਚ ਸਦਾ ਵੱਸਦੇ ਰਹਿੰਦੇ ਹਨ। ਬੋਲੀ ਦੀ ਮਿਠਾਸ ਅਤੇ ਸ਼ਬਦਾਂ ਦੀ ਢੁਕਵੀਂ ਚੋਣ ਜਾਦੂ ਵਰਗਾ ਅਸਰ ਕਰਦੀ ਹੈ। ਇਸ ਲਈ ਜ਼ਿੰਦਗੀ ਦੇ ਝਮੇਲਿਆਂ ਵਿਚੋਂ ਆਪਣੇ-ਆਪ ਨੂੰ ਬਾਹਰ ਕੱਢਣ ਤੇ ਬਿਤਾਏ ਜਾ ਰਹੇ ਪਲਾਂ ਦੀ ਸੁਗੰਧ ਲੈਣ ਲਈ ਰਸਭਰੀ ਸ਼ਬਦਾਂ ਵਾਲੀ ਬਾਣੀ ਦੀ ਵਰਤੋਂ ਕਰੋ। ਵਿਅਕਤੀ ਦਾ ਰੂਪ ਕੁਦਰਤ ਦਾ ਤੋਹਫ਼ਾ ਹੈ। ਇਸ ਨੂੰ ਦੂਜਿਆਂ ਵੱਲ ਵੇਖ ਕੇ ਆਪਣੇ ‘ਚ ਹੀਣ ਭਾਵਨਾ ਨਾ ਲਿਆਓ। ਰੂਪ ਕੇਵਲ ਗੋਰੀ ਚਮੜੀ ਨਾਲ ਹੀ ਵਧੀਆ ਨਹੀਂ ਹੁੰਦਾ। ਵਿਅਕਤੀ ਦੇ ਚੰਗੇ ਗੁਣ ਉਸ ਨੂੰ ਚਾਰ ਚੰਨ ਲਾ ਦਿੰਦੇ ਹਨ ਅਤੇ ਅਜਿਹਾ ਵਿਅਕਤੀ ਦੂਜਿਆਂ ਦਾ ਚਹੇਤਾ ਹੁੰਦਾ ਹੈ।

ਸਲਾਹ, ਉਧਾਰ ਅਤੇ ਜਵਾਬ
ਜ਼ਿੰਦਗੀ ਵਿਚ ਤਿੰਨ ਚੀਜ਼ਾਂ ਕਿਸੇ ਨੂੰ ਸੋਚ-ਸਮਝ ਕੇ ਦਿਓ : ਸਲਾਹ, ਉਧਾਰ ਅਤੇ ਜਵਾਬ। ਕਦੇ ਵੀ ਕਿਸੇ ਨੂੰ ਉਸ ਦੀਆਂ ਸਮੱਸਿਆਵਾਂ ‘ਤੇ ਸਲਾਹ ਨਾ ਦਿਓ ਜਿੰਨੀ ਦੇਰ ਤਕ ਉਹ ਇਸ ਲਈ ਨਾ ਕਹੇ ਕਿਉਂਕਿ ਬਿਨ-ਮੰਗਿਆਂ ਕਿਸੇ ਨੂੰ ਦਿੱਤੀ ਚੀਜ਼ ਦੀ ਕੋਈ ਕਦਰ ਨਹੀਂ ਹੁੰਦੀ। ਇਸ ਤੋਂ ਇਲਾਵਾ ਬਿਨ-ਮੰਗੀ ਸਲਾਹ ਦੇਣ ਨਾਲ ਦੂਸਰੇ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਵਿਅਕਤੀ ਮੇਰੀ ਕਾਬਲੀਅਤ ਨੂੰ ਘਟਾ ਕੇ ਵੇਖਦਾ ਹੈ। ਕਿਸੇ ਨੂੰ ਉਧਾਰ ਸੋਚਸਮਝ ਕੇ ਦੇਵੋ। ਜੇ ਉਧਾਰ ਦੇ ਕੇ ਉਸ ਵਿਅਕਤੀ ਨੂੰ ਜ਼ਲੀਲ ਕਰਦੇ ਰਹਿਣਾ ਹੈ ਤਾਂ ਕਦੇ ਵੀ ਨਾ ਦਿਓ। ਇਸ ਨਾਲੋਂ ਚੰਗਾ ਹੈ ਕਿ ਦਲੀਲ ਨਾਲ ਆਪਣੀ ਅਸਮਰਥਾ ਪ੍ਰਗਟਾ ਦਿਓ। ਕਈ ਵਾਰ ਉਧਾਰ ਦਿੱਤੀ ਚੀਜ਼ ਵਾਪਸ ਮੰਗਣ ਨਾਲ ਉਧਾਰ ਲੈਣ ਵਾਲੇ ਵਿਅਕਤੀ ਨਾਲ ਰਿਸ਼ਤੇ ਵੀ ਖਰਾਬ ਹੋ ਜਾਂਦੇ ਹਨ। ਕਿਸੇ ਵੱਲੋਂ ਕਹੀ ਗੱਲ ਦਾ ਤੁਰੰਤ ਜਵਾਬ ਨਾ ਦਿਓ। ਕਈ ਵਾਰ ਕਾਹਲੀ ਵਿਚ ਉੱਤਰ ਦੇਣ ਸਮੇਂ ਵਰਤੇ ਜਾਂਦੇ ਸ਼ਬਦ ਘਾਤਕ ਅਸਰ ਕਰਦੇ ਹਨ। ਇਸ ਲਈ ਜਵਾਬ ਦੇਣ ਤੋਂ ਪਹਿਲਾਂ ਜ਼ਰਾ ਸੋਚੇ। ਜੇ ਵਿਅਕਤੀ ਮਹੱਤਵਪੂਰਨ ਹੈ ਤਾਂ ਚੁੱਪ ਰਹੋ ਜਾਂ ਠਰੰਮੇ ‘ਤੇ ਤਰਕ ਨਾਲ ਸੁਚੱਜੇ ਸ਼ਬਦਾਂ ਦੀ ਵਰਤੋਂ ਨਾਲ ਜਵਾਬ ਦਿਓ। ਇਸ ਲਈ ਇਨਾਂ ਕੁਝ ਗੱਲਾਂ ਦਾ ਜੀਵਨ ‘ਚ ਧਿਆਨ ਰੱਖਦੇ ਹੋਏ ਖ਼ੁਸ਼ਗਵਾਰ ਜ਼ਿੰਦਗੀ ਦਾ ਆਨੰਦ ਲਿਆ ਜਾ ਸਕਦਾ ਹੈ। ੲ

Comments

comments

Share This Post

RedditYahooBloggerMyspace