23 ਪੋਹ ਬਨਾਮ ਪੋਹ ਸੁਦੀ 7

ਸਰਵਜੀਤ ਸਿੰਘ ਸੈਕਰਾਮੈਂਟੋ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਇਹ ਦੋਵੇਂ ਤਾਰੀਖ਼ਾਂ, ਭਾਵੇਂ ਅੱਜ ਤੋਂ 353 ਸਾਲ ਪਹਿਲਾ ਇੱਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਅਤੇ ਦੂਜੀ ਪੋਹ ਸੁਦੀ 7, ਚੰਦਰ ਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋ ਤਾਰੀਖ਼ਾਂ ‘ਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚੁਨੌਤੀ ਬਣਦੀ ਜਾਂ ਰਹੀ। ਇਹ ਚੁਨੌਤੀ, ਕਿਸੇ ਹੋਰ ਨੇ ਨਹੀਂ ਦਿੱਤੀ ਸਗੋਂ ਸਾਡੇ ਧਾਰਮਿਕ ਮੁਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।

ਕੈਲੰਡਰ ਵਿਗਿਆਨ ਦਾ ਆਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਹਨੇਰੇ ਦਾ ਹੀ ਗਿਆਨ ਸੀ। ਖ਼ਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਉਂ-ਜਿਉਂ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਿਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਿਤ ਹੈ ਅਤੇ ਸਿੱਖ ਧਰਮ ਚੰਦਰ ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਸੀ: ਈ: ਕੈਲੰਡਰ ਪ੍ਰਚੱਲਿਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀਂ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜ੍ਹਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ।

ਧਰਤੀ ਆਪਣੇ ਧੁਰੇ ਤੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿੱਚ ਪੁਰਾ ਹੁੰਦਾ ਹੈ। ਚੰਦ ਦੇ ਸਾਲ ਵਿੱਚ ਵੀ 12 ਮਹੀਨੇ ਹੀ ਹੁੰਦੇ ਹਨ। ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ। ਚੰਦ ਦਾ ਇਕ ਸਾਲ ਮੌਸਮੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ, 2017 ਸੀ: ਈ: ਵਿਚ 5 ਜਨਵਰੀ ਨੂੰ ਆਇਆ ਸੀ ਅਤੇ ਉਸ ਤੋਂ ਅਗਲਾ ਪੁਰਬ ਇਸ ਤੋਂ 11 ਦਿਨ ਪਹਿਲਾ ਭਾਵ 25 ਦਸੰਬਰ 2017ਸੀ: ਈ: ਨੂੰ ਆਇਆ ਸੀ। ਇਸ ਹਿਸਾਬ ਨਾਲ ਤਾਂ 2018 ਵਿਚ ਇਹ 14 ਦਸੰਬਰ ਨੂੰ ਆਉਣਾ ਚਾਹੀਦਾ ਸੀ। ਪਰ ਨਹੀਂ! ਹੁਣ ਇਹ 13 ਜਨਵਰੀ ਨੂੰ ਆਵੇਗਾ।

ਇਸ ਦਾ ਕਾਰਨ ਇਹ ਹੈ ਕਿ ਜਦੋਂ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ ਇਕ ਸਾਲ ਵਿਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਪਿੱਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ।ਇਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹਨ। ਇਸ ਸਾਲ ਜੇਠ ਦਾ ਮਹੀਨਾ ਦੋ ਵਾਰੀ ਆਇਆ ਸੀ।(19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ) ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ।ਮਲ ਸਾਸ ਦੇ ਪਿੱਛੋਂ ਆਉਣ ਵਾਲੇ ਦਿਨ ਤਿਉਹਾਰ, ਪਿਛਲੇ ਸਾਲ ਨਾਲੋਂ 11 ਦਿਨ ਪਹਿਲਾ ਆਉਣ ਦੀ ਬਿਜਾਏ 18/19 ਦਿਨ ਪਛੜ ਕੇ ਆਉਂਦੇ ਹਨ। ਜਿਹੜਾ ਦਿਹਾੜਾ14 ਦਸੰਬਰ 2018 ਨੂੰ ਆਉਣਾ ਚਾਹੀਦਾ ਸੀ ਹੁਣ ਉਹ 2019ਵਿਚ 13 ਜਨਵਰੀ ਨੂੰ ਆਵੇਗਾ। ਹੁਣ ਚੰਦ ਦੇ ਸਾਲ ਲੰਬਾਈ ਮੁਤਾਬਕ ਗੁਰਪੁਰਬ 11 ਦਿਨ ਪਹਿਲਾ ਭਾਵ 2 ਜਨਵਰੀ 2020 ਨੂੰ ਆਵੇਗਾ।ਹੁਣ ਫੇਰ ਚੰਦ ਦੇ ਸਾਲ ਵਿਚ ਇਕ ਮਲ ਮਾਸ ਆ ਜਾਵੇਗਾ (ਅੱਸੂ ਦੇ ਦੋ ਮਹੀਨੇ ਹੋਣਗੇ) ਅਤੇ ਉਸ ਤੋਂ ਅਗਲਾ 20 ਜਨਵਰੀ 2021 ਨੂੰ ਆਵੇਗਾ। ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ।

ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਵੀ ਸੀ। ਜਦੋਂ ਇਸ ਤਾਰੀਖ ਨੂੰ ਜੂਲੀਅਨ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 22 ਦਸੰਬਰ 1666 ਈ: ਲਿਖੀ ਗਈ ਸੀ। ਯਾਦ ਰਹੇ 2017 ਈ: ਵਿਚ 23 ਪੋਹ ਨਾਨਕਸ਼ਾਹੀ ਅਤੇ ਪੋਹ ਸੁਦੀ 7 ਦੋਵੇਂ ਹੀ ਇੱਕੋ ਦਿਨ, 5 ਜਨਵਰੀ ਨੂੰ ਇਕੱਠੀਆਂ ਆਈਆਂ ਸਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਿਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀਂ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀਂ ਵਦੀ-ਸੁਦੀ ਦੇ ਮੱਕੜ ਜਾਲ ‘ਚ ਨਿਕਲ ਜਾਂਦੇ ਹਾਂ। ਸਾਡਾ ਇਹ ਲਾਭ ਸ਼ਾਇਦ ਕਿਸੇ (?) ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ (?) ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜ਼ਿਆਦਾ ਫ਼ਿਕਰ ਹੈ।

ਹੁਣ ਜਦੋਂ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਿਜਾਏ, ਨਾਨਕਸ਼ਾਹੀ ਕੈਲੰਡਰ ਮੁਤਾਬਕ 23 ਪੋਹ ਨੂੰ ਮਨਾਉਂਦੇ ਹਾਂ ਤਾਂ ਇਹ ਦਿਹਾੜਾ ਹਰ ਸਾਲ5 ਜਨਵਰੀ ਨੂੰ ਹੀ ਆਵੇਗਾ।ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ ਛਾਪਿਆ ਜਾਂਦਾ ਹੈ। ਉਹ ਸੂਰਜੀ ਬਿਕ੍ਰਮੀ ਕੈਲੰਡਰ ਹੈ। ਜਿਸ ਦਾ ਆਰੰਭ 1 ਚੇਤ ਤੋਂ ਹੁੰਦਾ ਹੈ ਅਤੇ 30ਫੱਗਣ ਸਾਲ ਦਾ ਆਖ਼ਰੀ ਦਿਨ ਹੁੰਦਾ ਹੈ। ਇਸ ਕੈਲੰਡਰ ਮੁਤਾਬਕ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਆਉਂਦੀ ਹੈ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਹੀ ਆਉਂਦਾ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ (ਪ੍ਰਵਿਸ਼ਟਾ) ਹਰ ਸਾਲ ਬਦਲ ਜਾਂਦਾ ਹੈ। ਜਿਵੇਂ ਸੰਮਤ 546 ਨਾਨਕਸ਼ਾਹੀ ਵਿੱਚ (2014-15 ਈ:)13 ਪੋਹ, 547 ਨਾਨਕਸ਼ਾਹੀ ਵਿੱਚ 3 ਮਾਘ, ਸੰਮਤ 548 ਵਿੱਚ 22 ਪੋਹ, 549 ਵਿੱਚ 11 ਪੋਹ, 550 ਵਿੱਚ 29 ਪੋਹ,551, 18 ਪੋਹ ਅਤੇ 552 (2020-2021) ਵਿਚ 7 ਮਾਘ ਨੂੰ ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਛਾਪੇ ਜਾਂਦੇ ਕੈਲੰਡਰ ਵਿੱਚ ਕੁਝ ਦਿਹਾੜੇ ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ) ਮੁਤਾਬਕ ਜਿਸ ਦੇ ਸਾਲ ਦੀ ਲੰਬਾਈ 365.2536 ਦਿਨ ਹੈ, ਕੁਝ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ ਜਿਸ ਦੇ ਸਾਲ ਦੀ ਲੰਬਾਈ 354.53 ਦਿਨ ਹੈ ਅਤੇ ਕੁਝ ਦਿਹਾੜੇ ਸੀ: ਈ: ਕੈਲੰਡਰ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ, ਮੁਤਾਬਕ ਦਰਜ ਕੀਤੇ ਜਾਂਦੇ ਹਨ। (ਦੇਖੋ ਟੇਬਲ)

ਨਾਨਕਸ਼ਾਹੀ ਕੈਲੰਡਰ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਸੰਮਤ 535 ਨਾਨਕਸ਼ਾਹੀ (2003-2004 ਈ:) ਵਿਚ ਲਾਗੂ ਕੀਤਾ ਸੀ। ਪਰ ਅਚਾਨਕ ਹੀ ਇਸ ਨੂੰ ਰੱਦ ਕਰਕੇ, ਮਾਰਚ 2010 ਈ: ਵਿਚ ਦੋ ਮਾਹਿਰਾਂ ਦੀ ਕਮੇਟੀ, ਜਿਸ ਵਿਚ ਭਾਈ ਅਵਤਾਰ ਸਿੰਘ ਮੱਕੜ ਅਤੇ ਭਾਈ ਹਰਨਾਮ ਸਿੰਘ ਧੁੰਮਾ ਸ਼ਾਮਿਲ ਸਨ, ਦੀ ਸਿਫ਼ਾਰਿਸ਼ ਤੇ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ, ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਗਿਆ।

ਨਾਨਕਸ਼ਾਹੀ ਕੈਲੰਡਰ ਜਿਸ ਦੇ ਸਾਲ ਦੀ ਲੰਬਾਈ, ਬਾਣੀ ਦੀ ਪਾਵਨ ਪੰਗਤੀ ”ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” ਤੇ ਅਧਾਰਿਤ ਹੈ। ਭਾਵ 365.2425 ਦਿਨ ਹੈ। ਇਸ ਦੇ ਮਹੀਨੇ ਦਾ ਆਰੰਭ ਹਰ ਸਾਲ ਇੱਕੋ ਸਮੇਂ ਹੀ ਹੁੰਦਾ ਹੈ। ਅਤੇ ਮਹੀਨੇ ਦੇ ਦਿਨ ਵੀ ਧੁਮੱਕੜਸ਼ਾਹੀ ਕੈਲੰਡਰ ਵਾਂਗੂ, ਹਰ ਸਾਲ ਨਹੀਂ ਬਦਲਦੇ, ਇਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ (5 ਜਨਵਰੀ) ਨੂੰ ਹੀ ਆਉਂਦਾ ਹੈ।ਪਿਛਲੇ ਸਾਲਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਕਈ ਵਾਰ ਲਿਖਤੀ ਬੇਨਤੀਆਂ ਕੀਤੀਆਂ ਹਨ ਪਰ ਉਨ੍ਹਾਂ ਨੇ ਕਦੇ ਹੁੰਗਾਰਾ ਨਹੀਂ ਭਰਿਆ। ਮੈਂ ਆਪਣੇ ਨਿੱਜੀ ਤਜਰਬੇ ਦੇ ਆਧਾਰ ਤੇ ਕਹਿ ਸਕਦਾ ਹਾਂ ਕਿ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਤੋਂ ਕਿਸੇ ਵੀ ਮਸਲੇ ਦੇ ਹੱਲ ਦੀ ਆਸ ਨਹੀਂ ਕਰਨੀ ਚਾਹੀਦੀ। ਸ਼੍ਰੋਮਣੀ ਕਮੇਟੀ ਦੇ ਉੱਚ ਸਿੱਖਿਆ ਪ੍ਰਾਪਤ ਵਿਦਵਾਨ/ਅਧਿਕਾਰੀ ਤਾਂ ”ਉਪਰੋਂ ਆਏ ਹੁਕਮ” ਦੇ ਗੁਲਾਮ ਹਨ। ਹੁਣ ਇਹ ਫ਼ੈਸਲਾ ਪੂਰੇ ਵਿਸ਼ਵ ‘ਚ ਫੈਲ ਚੁੱਕੀ ਸਿੱਖ ਕੌਮ ਨੇ ਕਰਨਾ ਹੈ, ਕੀ ਸਾਨੂੰ ਰੁੱਤੀ ਸਾਲ (Tropical year) ਤੇ ਅਧਾਰਿਤ ਵਿਗਿਆਨਕ ਕੈਲੰਡਰ, ਭਾਵ ਨਾਨਕਸ਼ਾਹੀ ਕੈਲੰਡਰ, ਜਿਸ ਦੀਆਂ ਤਾਰੀਖ਼ਾਂ(ਪ੍ਰਵਿਸ਼ਟੇ) ਸਦਾ ਵਾਸਤੇ ਇੱਕੋ ਹੀ ਰਹਿਣਗੀਆਂ, ਦੀ ਲੋੜ ਹੈ ਜਾਂ ਧੁਮੱਕੜਸ਼ਾਹੀ ਕੈਲੰਡਰ ਦੀ?ਜਿਸ ਦੀਆਂ ਤਾਰੀਖ਼ਾਂ ਹਰ ਸਾਲ ਬਦਲ ਜਾਂਦੀਆਂ ਹਨ ਅਤੇ ਤਾਰੀਖ਼ਾਂ ਦਾ ਪਤਾ ਕਰਨ ਲਈ ਵੀ ਕਿਸੇ ਨੂੰ ਪੁੱਛਣਾ ਹੀ ਪਵੇਗਾ।

Comments

comments

Share This Post

RedditYahooBloggerMyspace