ਇਕ ਮਹਾਨ ਮਨੋਵਿਗਿਆਨੀ ਤੇ ਚਿੰਤਕ ਸਨ ਗੁਰੂ ਗੋਬਿੰਦ ਸਿੰਘ ਜੀ

1207572__5

ਡਾ. ਹਰਚੰਦ ਸਿੰਘ ਸਰਹਿੰਦੀ

ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ ਬਹੁਤ ਸਾਰੇ ਗੁਣਾਂ ਦਾ ਸੁਮੇਲ ਸੀ। ਉੱਨੀਵੀਂ ਸਦੀ ਦਾ ਪ੍ਰਸਿੱਧ ਇਤਿਹਾਸਕਾਰ ਸੱਯਦ ਮੁਹੰਮਦ ਲਤੀਫ਼ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਵਿਚ ਇਕ ਜੇਤੂ ਯੋਧਾ, ਮਸਨਦ ਉੱਤੇ ਸ਼ਹਿਨਸ਼ਾਹ, ਗੁਰੂ ਰੂਪ ਵਿਚ ਗਿਆਨ ਦਾ ਦਾਤਾ ਅਤੇ ਖਾਲਸੇ ਦੀ ਸੰਗਤ ਵਿਚ ਫ਼ਕੀਰ ਸੀ। ਗੱਲ ਕੀ, ਗੁਰੂ ਸਾਹਿਬ ਵਿਚ ਇਕੋ ਸਮੇਂ ਅਧਿਆਤਮਿਕ ਨੇਤਾ, ਉੱਚ ਕੋਟੀ ਦੇ ਸੰਗਠਨਕਰਤਾ, ਜਮਾਂਦਰੂ ਸੈਨਾ ਨਾਇਕ, ਪ੍ਰਤਿਭਾਸ਼ਾਲੀ ਵਿਦਵਾਨ ਅਤੇ ਸੱਚੇ ਸੁਧਾਰਕ ਦੇ ਗੁਣ ਵਿਦਮਾਨ ਸਨ। ਸ਼ਾਇਦ ਹੀ ਕੋਈ ਅਜਿਹੀ ਇਨਸਾਨੀ ਖੂਬੀ ਹੋਵੇ ਜੋ ਉਨਾਂ ਦੀ ਸ਼ਖਸੀਅਤ ਦੇ ਵਿਸ਼ਾਲ ਘੇਰੇ ਵਿਚ ਨਾ ਆਉਂਦੀ ਹੋਵੇ। ਤਾਹੀਉਂ ਗੁਰੂ ਸਾਹਿਬ ਦੀ ਨਿਰਾਲੀ ਸ਼ਖ਼ਸੀਅਤ ਨੂੰ ਸਾਧੂ ਟੀ. ਐਲ. ਵਾਸਵਾਨੀ ਨੇ ‘ਸਤਰੰਗੀ ਪੀਂਘ’ ਨਾਲ ਤੁਲਨਾ ਦਿੱਤੀ ਹੈ।

ਗੁਰੂ ਗੋਬਿੰਦ ਸਿੰਘ ਦੀ ਵਿਲੱਖਣ ਤੇ ਬਹੁਪੱਖੀ ਸ਼ਖਸੀਅਤ ਨੂੰ ਕਲਮ ਦੀ ਬੰਦਿਸ਼ ਵਿਚ ਲਿਆਉਣਾ ਇਕ ਬੜਾ ਕਠਿਨ ਕੰਮ ਹੈ, ਕਿਉਂਕਿ ਹਰ ਲੇਖਕ/ਕਵੀ ਦੀ ਆਪਣੀ ਇਕ ਸੀਮਾ ਹੁੰਦੀ ਹੈ। ਅੱਲਾ ਯਾਰ ਖਾਂ ਜੋਗੀ ਵਰਗਾ ਉਸਤਾਦ ਸ਼ਾਇਰ ਵੀ ਗੁਰੂ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਬਿਆਨ ਕਰਨ ਲਈ ਸ਼ਬਦਾਂ ਦੀ ਘਾਟ ਮਹਿਸੂਸ ਕਰਦਾ ਹੈ ਅਤੇ ਆਪਣੀ ਸਮਰੱਥਾ ‘ਤੇ ਸ਼ੱਕ ਕਰਦਾ ਹੋਇਆ ਲਿਖਦਾ ਹੈ : ਕਰਤਾਰ ਕੀ ਸੌਗੰਧ, ਨਾਨਕ ਕੀ ਕਸਮ ਹੈ। ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੋਹ ਕਮ ਹੈ। ਹਰ ਚੰਦ ਮੇਰੇ ਹਾਥ ਮੇਂ ਪੁਰਜ਼ੋਰ ਕਲਮ ਹੈ। ਸਤਿਗੁਰੂ ਕੇ ਲਿਖੂੰ ਵਸਫ ਕਹਾਂ ਤਾਬਿ ਰਕਮ ਹੈ। ਦਰਅਸਲ, ਗੁਰੂ ਸਾਹਿਬ ਬਾਰੇ ਲਿਖਣ ਵਾਲਾ ਲਗਭਗ ਹਰ ਲੇਖਕ/ਕਵੀ, ਗੁਰੂ ਜੀ ਦੀ ਸ਼ਖ਼ਸੀਅਤ ਦੇ ਉਨਾਂ ਪੱਖਾਂ ਨੂੰ ਹੀ ਉਘਾੜਦਾ ਹੈ ਜਿਹੜੇ ਪੱਖ ਉਸ ਦੇ ਮਨ ‘ਤੇ ਡੂੰਘਾ ਪ੍ਰਭਾਵ ਛੱਡਦੇ ਹਨ।

ਉਂਝ ਤਾਂ ਗੁਰੂ ਸਾਹਿਬ ਬਹੁ-ਪੱਖੀ ਵਡਿਆਈ ਦੇ ਮਾਲਕ ਹਨ ਪਰ ਜੇਕਰ ਉਨਾਂ ਦੀ ਸ਼ਖ਼ਸੀਅਤ ਨੂੰ ਬਹੁਤ ਹੀ ਸੰਖੇਪ ਵਿਚ ਬਿਆਨ ਕਰਨਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਇਕੋ ਸਮੇਂ ਬਾਦਸ਼ਾਹ ਤੇ ਦਰਵੇਸ਼ ਅਤੇ ਸੰਤ ਸਿਪਾਹੀ ਸਨ। ਇਹ ਗੱਲ ਵੱਖਰੀ ਹੈ ਕਿ ਸਿੱਖ ਆਪਣੇ ਮਹਾਨ ਨਾਇਕ ਨੂੰ ਸੰਤ ਨਾਲੋਂ ਸਿਪਾਹੀ ਵਜੋਂ ਵੱਧ ਮਾਨਤਾ ਦਿੰਦੇ ਹਨ। ਤਾਹੀਉਂ ਸਿੱਖਾਂ ਤੇ ਗ਼ੈਰ-ਸਿੱਖਾਂ ਨੇ ਵੀ ਉਨਾਂ ਨੂੰ ਯੁੱਧ ਦੇ ਮੈਦਾਨ ਨੂੰ ਜਾਂਦੇ ਹੀ ਚਿਤਰਿਆ ਹੈ। ਘੋੜੇ ‘ਤੇ ਸਵਾਰ ਅਤੇ ਹੱਥ ਵਿਚ ਤਲਵਾਰ ਹੈ। ਵੈਸੇ, ਗੁਰੂ ਗੋਬਿੰਦ ਸਿੰਘ ਦੇ ਕੱਦ-ਕਾਠ ਨੂੰ ਕੇਵਲ ਉਨਾਂ ਦੀਆਂ ਜੰਗੀ ਪ੍ਰਾਪਤੀਆਂ ਦੇ ਗਜ਼ ਨਾਲ ਨਹੀਂ ਮਾਪਿਆ ਜਾ ਸਕਦਾ, ਕਿਉਂਕਿ ਉਨਾਂ ਦੀਆਂ ਪ੍ਰਾਪਤੀਆਂ ਸਰਬ-ਪੱਖੀ ਹਨ। ”ਗੁਰੂ ਗੋਬਿੰਦ ਸਿੰਘ ਜੀ ਹਰ ਪੱਖ ਤੋਂ ਇਕ ਮਹਾਨ ਵਿਅਕਤੀ ਸਨ, ਜਿਨਾਂ ਨੇ ਸਿਰਫ਼ 42 ਸਾਲਾਂ ਦੇ ਆਪਣੇ ਜੀਵਨ-ਕਾਲ (16661708 ਈ:) ਦੌਰਾਨ ਵੱਡੀਆਂ ਮੱਲਾਂ ਮਾਰੀਆਂ। ਉਨਾਂ ਨੇ ਉੱਤਰੀ ਭਾਰਤ ਦੀ ਪੂਰੀ ਦੀ ਪੂਰੀ ਤਵਾਰੀਖ਼ ਹੀ ਬਦਲ ਕੇ ਰੱਖ ਦਿੱਤੀ।”-ਖੁਸ਼ਵੰਤ ਸਿੰਘ। ਗੱਲ ਕੀ, ਗੁਰੂ ਗੋਬਿੰਦ ਸਿੰਘ ਜੀ ਸਮੇਂ ਦੀ ਹਿੱਕ ‘ਤੇ ਕਦੇ ਨਾ ਮਿਟਣ ਵਾਲੀਆਂ ਪੈੜਾਂ ਪਾ ਗਏ ਹਨ, ਜਿਨਾਂ ਤੋਂ ਆਉਣ ਵਾਲੀਆਂ ਨਸਲਾਂ ਸੇਧ ਲੈਂਦੀਆਂ ਰਹਿਣਗੀਆਂ। ਇਹੋ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਹਾਨ ਅਤੇ ਆਕਰਸ਼ਕ ਵਿਅਕਤੀਆਂ ਵਿਚੋਂ ਪ੍ਰਮੁੱਖ ਮੰਨੇ ਜਾਂਦੇ ਹਨ। ”ਨਿਰਸੰਦੇਹ, ਗੁਰੂ ਗੋਬਿੰਦ ਸਿੰਘ ਦੀ ਸਭ ਯੁਗਾਂ ਦੇ ਸਭ ਤੋਂ ਮਹਾਨ ਭਾਰਤੀਆਂ ਵਿਚ ਗਿਣਤੀ ਕੀਤੀ ਜਾਣੀ ਚਾਹੀਦੀ ਹੈ।”-ਡਾ: ਇੰਦੂ ਭੂਸ਼ਨ ਬੈਨਰਜੀ

ਬੇਸ਼ੱਕ ਗੁਰੂ ਸਾਹਿਬ ਬਾਰੇ ਲਿਖਣ ਵਾਲਿਆਂ ਨੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ‘ਤੇ ਭਰਪੂਰ ਰੌਸ਼ਨੀ ਪਾਈ ਹੈ, ਫਿਰ ਵੀ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੇ ਕੁਝ ਪਹਿਲੂ, ਜਾਣੇ-ਅਣਜਾਣੇ, ਅਣਗੌਲੇ ਹੀ ਰਹਿ ਗਏ ਹਨ। ਗੁਰੂ ਸਾਹਿਬ ਇਕ ਮਹਾਨ ਫ਼ਿਲਾਸਫ਼ਰ, ਮਨੋਵਿਗਿਆਨੀ ਅਤੇ ਮਨੋ-ਵਿਸ਼ਲੇਸ਼ਕ ਵੀ ਸਨ। (ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੇ ਇਹ ਪਹਿਲੂ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਅਣਗੌਲੇ ਹੀ ਰਹਿ ਗਏ ਹਨ।) ਉਨ੍ਹਾਂ ਦਾ ਜੀਵਨ, ਯੁੱਗ-ਪਲਟਾਊ ਘਟਨਾਵਾਂ ਦੀ ਕਹਾਣੀ ਹੈ।

ਤੁਸੀਂ ਵੇਖੋਗੇ ਕਿ ਹਰ ਮਹੱਤਵਪੂਰਨ ਘਟਨਾ ਦੇ ਪਿੱਛੇ ਗੁਰੂ ਸਾਹਿਬ ਦੀ ਮਨੋਵਿਗਿਆਨਕ ਸੂਝ ਜਾਂ ਕੋਈ ਡੂੰਘਾ ਫ਼ਲਸਫਾ ਕੰਮ ਕਰਦਾ ਨਜ਼ਰ ਆਉਂਦਾ ਹੈ। ਗੁਰੂ ਸਾਹਿਬ ਦੀ ਫਿਲਾਸਫ਼ੀ, ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਦੀ ਗੱਲ ਕਰਦੀ ਹੈ। ਮਿਸਾਲ ਵਜੋਂ, ਗੁਰੂ ਸਾਹਿਬ ਨੇ ਆਪਣੇ ਸੰਘਰਸ਼ਮਈ ਜੀਵਨ ਦੇ ਆਰੰਭਕ ਪੜਾਅ ਦੌਰਾਨ ਆਪਣੇ-ਆਪ ਨੂੰ, ਵਾਹ ਲਗਦੀ, ਪਹਾੜੀ ਰਾਜਿਆਂ ਨਾਲ ਛੋਟੇ-ਮੋਟੇ ਝਗੜਿਆਂ ਵਿਚ ਉਲਝਣ ਤੋਂ ਬਚਾਈ ਰੱਖਿਆ, ਕਿਉਂਕਿ ਉਹ ਅਜਿਹੇ ਝਗੜਿਆਂ ਵਿਚ ਆਪਣੀ ਸੈਨਿਕ ਸ਼ਕਤੀ ਨੂੰ ਕਮਜ਼ੋਰ ਨਹੀਂ ਸਨ ਕਰਨਾ ਚਾਹੁੰਦੇ, ਬਲਕਿ ਕੁਝ ਵਰਿਆਂ ਤੱਕ ਵੱਡੇ ਪੈਮਾਨੇ ‘ਤੇ ਮੁਗ਼ਲਾਂ ਵਿਰੁੱਧ ਸੈਨਿਕ ਤਿਆਰੀਆਂ ਕਰਨਾ ਚਾਹੁੰਦੇ ਸਨ। ਸੋ, ਵਕਤ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ, ਗੁਰੂ ਸਾਹਿਬ ਆਪਣੇ ਪਰਿਵਾਰ ਤੇ ਸੈਨਿਕਾਂ ਸਹਿਤ ਨਾਹਨ ਰਿਆਸਤ ਦੇ ਇਲਾਕੇ ਵਿਚ ਚਲੇ ਗਏ ਅਤੇ ਪਾਉਂਟਾ ਸਾਹਿਬ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ। ਇਥੇ ਰਹਿੰਦਿਆਂ ਹੀ, ਸੰਨ 1688 ਈ: ਵਿਚ ਭੰਗਾਣੀ ਦੀ ਜੰਗ ਲੜੀ ਅਤੇ ਪਹਾੜੀ ਰਾਜਿਆਂ ਨੂੰ ਸ਼ਿਕਸਤ ਦਿੱਤੀ। ਇਸ ਤਰਾਂ ਜੋਸ਼ ਤੇ ਹੋਸ਼ ਦਾ ਸੰਤੁਲਨ ਕਾਇਮ ਰੱਖਦਿਆਂ, ਗੁਰੂ ਸਾਹਿਬ ਨੇ ਕੇਵਲ 22 ਵਰਿਆਂ ਦੀ ਉਮਰ ਵਿਚ ਪਹਾੜੀ ਰਾਜਿਆਂ ਨੂੰ ਲੱਕ ਤੋੜਵੀਂ ਹਾਰ ਦਿੱਤੀ। ਭੰਗਾਣੀ ਦੀ ਜਿੱਤ ਤੋਂ ਬਾਅਦ ਗੁਰੂ ਸਾਹਿਬ ਨੇ ਮੁੜ ਅਨੰਦਪੁਰ ਸਾਹਿਬ ਨੂੰ ਆਪਣੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਬਣਾ ਲਿਆ ਅਤੇ ਮੌਕੇ ਤੋਂ ਲਾਭ ਉਠਾਉਂਦਿਆਂ, ਅਨੰਦਪੁਰ ਸਾਹਿਬ ਵਿਖੇ ਅਨੰਦਗੜ, ਕੇਸਗੜ, ਲੋਹਗੜ, ਫਤਹਿਗੜ ਅਤੇ ਹੋਲਗੜ ਨਾਮੀ ਪੰਜ ਕਿਲਿਆਂ ਦੀ ਉਸਾਰੀ ਕਰਵਾਈ। ਗੁਰੂ ਸਾਹਿਬ ਏਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਉਨਾਂ ਨੇ ਹੱਥ ਆਏ ਕਿਸੇ ਵੀ ਅਵਸਰ ਨੂੰ ਕਦੇ ਅਜਾਈਂ ਨਹੀਂ ਗਵਾਇਆ।

ਗੁਰੂ ਸਾਹਿਬ ਨੇ ਜੀਵਨ ਭਰ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਦੇ ਫ਼ਲਸਫੇ ‘ਤੇ ਡੱਟ ਕੇ ਪਹਿਰਾ ਦਿੱਤਾ ਅਤੇ ਸ਼ਾਨਦਾਰ ਨਤੀਜੇ ਸਾਹਮਣੇ ਆਏ। ਨੋਟ ਕਰੋ! ਆਪਣੇ ਜੀਵਨ ਵਿਚ ਲੜੀ ਆਖ਼ਰੀ ਜੰਗ (ਮੁਕਤਸਰ ਦੀ ਜੰਗ) ਤੋਂ ਗੁਰੂ ਸਾਹਿਬ ਨੇ ਹੋਸ਼ ਨੂੰ ਜੋਸ਼ ਉਤੇ ਭਾਰੂ ਰੱਖਦਿਆਂ, ਸਿੱਖ ਸ਼ਕਤੀ ਨੂੰ ਨਸ਼ਟ ਹੋਣ ਤੋਂ ਬਚਾਅ ਲਿਆ ਅਤੇ ਇਸੇ ਦੌਰਾਨ ਸਿੱਖਾਂ ਨੂੰ ਮੁਗ਼ਲਾਂ ਨਾਲ ਟੱਕਰ ਲੈਣ ਲਈ ਮਾਨਸਿਕ ਤੇ ਜਥੇਬੰਦਕ ਤੌਰ ਤੇ ਤਿਆਰ ਕਰਦੇ ਰਹੇ। ਫਿਰ ਸਿੱਖ ਪੰਥ ਦੀ ਰਹਿਨੁਮਾਈ ਕਰਨ ਲਈ, ਬੜੇ ਨਾਟਕੀ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕੀਤੀ ਅਤੇ ਮੁਗ਼ਲਾਂ ਨਾਲ ਸਾਹਮਣਿਓਂ ਟੱਕਰ ਲੈਣ ਲਈ ਪੰਜਾਬ ਵੱਲ ਭੇਜਿਆ। ਕਮਾਲ ਦੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਉਸ ਸਮੇਂ ਮੈਦਾਨ ਵਿਚ ਉਤਾਰਿਆ ਜਦੋਂ ‘ਲੋਹਾ ਗਰਮ’ ਸੀ ਅਤੇ ਬੰਦਾ ਸਿੰਘ ਦੀ ‘ਇਕੋ ਸੱਟ’ ਨੇ ਮੁਗ਼ਲ ਹਕੂਮਤ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਨੋਵਿਗਿਆਨਕ ਤੇ ਜੰਗੀ ਸੂਝ ਦਾ ਸਿਖਰ ਕਿਹਾ ਜਾ ਸਕਦਾ ਹੈ। ਵੈਸੇ, ਜੇ ਗਹੁ ਨਾਲ ਵੇਖਿਆ ਜਾਵੇ ਤਾਂ ਗੁਰੂ ਸਾਹਿਬ ਦੀ ਹਰ ਜੰਗੀ ਸਰਗਰਮੀ, ਉਨਾਂ ਦੀ ਮਨੋਵਿਗਿਆਨਕ ਤੇ ਜੰਗੀ ਸੂਝ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਅਨੰਦਪੁਰ ਸਾਹਿਬ ਵਰਗੇ ਢੁੱਕਵੇਂ ਸਥਾਨ ਨੂੰ ਆਪਣੀਆਂ ਮੁੱਖ ਸਰਗਰਮੀਆਂ ਦਾ ਕੇਂਦਰ ਬਣਾਉਣਾ, ਉਨਾਂ ਦੀ ਜੰਗੀ ਸੂਝ ਵੱਲ ਸੰਕੇਤ ਕਰਦਾ ਹੈ। ਫਿਰ, ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਉਪਰੰਤ, ਪਿੱਛਾ ਕਰ ਰਹੀ ਟਿੱਡੀ ਦਲ ਮੁਗ਼ਲ ਫ਼ੌਜ ਨੂੰ ਠੱਲਣ ਲਈ ਤੱਤ-ਭੜੱਤ ਵਿਚ ਉੱਚੀ ਥਾਂ ‘ਤੇ ਸਥਿਤ ਇਕ ਕੱਚੀ ਹਵੇਲੀ (ਚਮਕੌਰ ਦੀ ਗੜੀ) ਵਿਚ ਮੋਰਚੇ ਸੰਭਾਲ ਲੈਣਾ ਅਤੇ ਦੁਸ਼ਮਣ ਦੇ ਭੀੜੇ ਘੇਰੇ ਨੂੰ ਚੀਰ ਕੇ ਸ਼ਪੱਟ ਨਿਕਲ ਜਾਣਾ, ਉਨਾਂ ਦੀ ਫ਼ੌਜੀ ਸੂਝ ਦੀ ਇਕ ਬਹੁਤ ਹੀ ਸ਼ਾਨਦਾਰ ਮਿਸਾਲ ਪੇਸ਼ ਕਰਦਾ ਹੈ। ਗੁਰੂ ਗੋਬਿੰਦ ਸਿੰਘ ਡੂੰਘੀ ਸੋਚ-ਵਿਚਾਰ ਤੋਂ ਬਾਅਦ ਹੀ ਕਿਸੇ ਕੰਮ ਨੂੰ ਹੱਥ ਪਾਉਂਦੇ ਸਨ ਅਤੇ ਉਨਾਂ ਦਾ ਨਜ਼ਰੀਆ ਇਕਦਮ ਵਿਗਿਆਨਕ ਸੀ।

ਭਾਰਤ ਦੇ ਇਤਿਹਾਸ ਵਿਚ ਗੁਰੂ ਗੋਬਿੰਦ ਸਿੰਘ ਚੜਦੀ ਕਲਾ ਦੇ ਅਵਤਾਰ ਮੰਨੇ ਜਾਂਦੇ ਹਨ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਚੜਦੀ ਕਲਾ ਦਾ ਨਾਅਰਾ ਦਿੱਤਾ ਅਤੇ ‘ਜਿੱਤ ਤੱਕ ਸੰਘਰਸ਼ ਕਰਨ ਦਾ’ ਸਬਕ ਕੰਠ ਕਰਵਾਇਆ, ਕਿਉਂਕਿ ”ਸਵੈ ਭਰੋਸੇ ਨਾਲ ਹੀ ਕੋਈ ਕੰਮ ਨੇਪਰੇ ਚੜਦਾ ਹੈ।”-(ਵਿਰਜਿਲ)। ਸੋ, ਲਿਤਾੜੀ ਅਤੇ ਸਾਹ-ਸਤ ਗੁਆ ਚੁੱਕੀ ਭਾਰਤੀ ਜਨਤਾ ਨੂੰ ਚੜਦੀ ਕਲਾ ਦਾ ਨਾਅਰਾ ਦੇਣਾ ਸਮੇਂ ਦੀ ਮੰਗ ਸੀ, ਕਿਉਂਕਿ ਢਹਿੰਦੀ ਕਲਾ ਵਿਚ ਜਾ ਰਹੀ ਕੌਮ ਤੋਂ ਕਿਸੇ ਠੋਸ ਪ੍ਰਾਪਤੀ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ। ਚੜਦੀ ਕਲਾ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਨ ਦੀ ਮਰਯਾਦਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾ ਅਪਣਾਈ ਰੱਖਿਆ। ‘ਅਰਦਾਸਾ ਸੋਧਣ’ ਦੀ ਸਿੱਖੀ ਰਵਾਇਤ, ਵਿਗਿਆਨਕ ਸੋਚ ‘ਤੇ ਆਧਾਰਿਤ ਹੈ। ਤੁਸੀਂ ਪੁੱਛੋਗੇ, ਕਿਵੇਂ? ਇਸ ਤੱਥ ਨੂੰ ਅਸਰਦਾਰ ਢੰਗ ਨਾਲ ਸਮਝਣ ਲਈ ਗੱਲ ਨੂੰ ਥੋੜਾ ਘੁਮਾ ਕੇ ਲਿਆਉਣਾ ਪਵੇਗਾ। ਦੁਬਿਧਾ ਤੇ ਦੁਚਿੱਤੀ ਵਿਚ ਫਸਿਆ ਵਿਅਕਤੀ ਆਪਣੀ ਮੰਜ਼ਲ ‘ਤੇ ਨਹੀਂ ਪਹੁੰਚ ਸਕਦਾ, ਜਦੋਂ ਕਿ ਫੈਸਲਾ ਲੈ ਕੇ ਦ੍ਰਿੜਤਾ ਨਾਲ ਆਪਣੇ ਨਿਸ਼ਾਨੇ ਵੱਲ ਵਧਣ ਵਾਲਾ ਵਿਅਕਤੀ ਸਹਿਜੇ ਹੀ ਸਫ਼ਲਤਾ ਪ੍ਰਾਪਤ ਕਰ ਲੈਂਦਾ ਹੈ। ਇਸ ਸਬੰਧ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਇਹ ਸ਼ਬਦ ਕਿੰਨੇ ਭਾਵਪੂਰਤ ਹਨ-”ਕੋਈ ਮੁਸ਼ਕਿਲ ਏਡੀ ਮੁਸ਼ਕਿਲ ਨਹੀਂ ਹੁੰਦੀ, ਜੇਡੀ ਦੁਚਿੱਤੀ। ਘਬਰਾਹਟ ਵੀ ਸਾਰੀ ਦੁਚਿੱਤੀ ਵਿਚ ਹੁੰਦੀ ਹੈ।” ਦੁਚਿੱਤੀ ਵਿਚ ਪਏ ਵਿਅਕਤੀ ਦੀਆਂ ਸਮੱਸਿਆਵਾਂ, ਫੈਸਲੇ ਖੁਣੋਂ ਜਿਉਂ ਦੀਆਂ ਤਿਉਂ ਪਈਆਂ ਰਹਿੰਦੀਆਂ ਹਨ। ਸੋ, ”ਵੱਡਾ ਦੁਖੀਆ ਉਹ ਹੈ, ਜੋ ਸਲਾਹੀਂ ਪੈ ਜਾਵੇ।” -ਕਾਰਲਾਈਲ। ਗੁਰੂ ਗੋਬਿੰਦ ਸਿੰਘ ਨੂੰ ਇਸ ਗੱਲ ਦਾ ਗਿਆਨ ਸੀ ਕਿ ”ਡਾਵਾਂਡੋਲ ਮਨ ਕੇਵਲ ਨੀਚ ਸੰਪਤੀ ਹੈ।”-(ਯੂਰੀਪੀਡਟੀਜ਼)। ਸੋ, ਗੁਰੂ ਸਾਹਿਬ ਨੇ ਦੁਬਿਧਾ ਤੇ ਦੁਚਿੱਤੀ ਨੂੰ ਖਤਮ ਕਰਨ ਲਈ ‘ਅਰਦਾਸਾ ਸੋਧਣ’ ਦੀ ਚਮਤਕਾਰੀ ਸਿੱਖੀ ਰਵਾਇਤ ਪ੍ਰਚੱਲਤ ਕੀਤੀ।

ਆਓ! ਇਸ ਰਵਾਇਤ ਦੀ ਬੁੱਕਲ ਵਿਚ ਕੰਮ ਕਰ ਰਹੇ ਫ਼ਲਸਫ਼ੇ ਨੂੰ ਥੋੜਾ ਹੋਰ ਨੇੜਿਉਂ ਵੇਖਣ ਤੇ ਸਮਝਣ ਦੀ ਕੋਸ਼ਿਸ਼ ਕਰੀਏ। ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਅਸੰਭਵ ਨੂੰ ਸੰਭਵ ਬਣਾਉਣਾ ਚਾਹੁੰਦੇ ਸਨ, ਯਾਨੀ ਸਵਾ ਲੱਖ ਨਾਲ ਇਕ ਨੂੰ ਭਿੜਾਉਣਾ ਚਾਹੁੰਦੇ ਸਨ ਅਤੇ ”ਚਿੜੀਓਂ ਸੇ ਮੈਂ ਬਾਜ ਤੁੜਾਊਂ॥ ਤਬੈ ਗੋਬਿੰਦ ਸਿੰਘ ਨਾਮ ਕਹਾਊਂ॥” ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਸਨ। ਇਸ ਸਭ ਕਾਸੇ ਲਈ ਕਿਸੇ ਚਮਤਕਾਰੀ ਢੰਗ ਦੀ ਲੋੜ ਸੀ। ਅਰਦਾਸਾ ਸੋਧਣ ਦਾ ਸਿਧਾਂਤ, ਕਸਵੱਟੀ ‘ਤੇ ਖਰਾ ਉਤਰਦਾ ਨਜ਼ਰ ਆਇਆ। ਸੋ, ਗੁਰੂ ਸਾਹਿਬ ਨੇ ਇਸ ਸਿਧਾਂਤ ‘ਤੇ ਆਪਣੀ ਮੋਹਰ ਲਗਾ ਦਿੱਤੀ, ਯਾਨੀ ਇਸ ਨੂੰ ਸਿੱਖ ਰਹਿਤ ਮਰਯਾਦਾ ਦਾ ਇਕ ਅੰਗ ਬਣਾ ਦਿੱਤਾ ਅਤੇ ‘ਅਰਦਾਸਾ ਸੋਧ ਕੇ’ ਭੱਜਣ ਨੂੰ ਸਿੱਖੀ ਰਵਾਇਤਾਂ ਦੇ ਵਿਰੁੱਧ ਕਰਾਰ ਦਿੱਤਾ।

ਗੱਲ ਨੂੰ ਸਮੇਟਦਿਆਂ, ਦੁਬਿਧਾ ਤੇ ਦੁਚਿੱਤੀ ਸਵੈ-ਵਿਸ਼ਵਾਸ ਦੀ ਘਾਟ ਤੋਂ ਉਪਜਦੀ ਹੈ। ‘ਅਰਦਾਸਾ ਸੋਧਣ’ ਦੀ ਪਰੰਪਰਾ, ਸਵੈ-ਵਿਸ਼ਵਾਸ ਤੇ ਚੜਦੀ ਕਲਾ ਦੀ ਪ੍ਰਤੀਕ ਹੈ। ਗੱਲ ਕੀ, ਇਸ ਦੀ ਪਾਲਣਾ ਕਰਨ ਨਾਲ ਦੁਚਿੱਤੀ ਮੁੱਕ ਜਾਂਦੀ ਹੈ ਅਤੇ ਫੈਸਲਾ ਲੈ ਕੇ ਦ੍ਰਿੜਤਾ ਨਾਲ ਮੰਜ਼ਲ ਵੱਲ ਵਧਣ ਨਾਲ ਕਾਮਯਾਬੀ ਪੈਰ ਚੁੰਮਦੀ ਹੈ। ਇਸ ਤਰਾਂ ਇਹ ਚਮਤਕਾਰੀ ਰਵਾਇਤ, ਪਾਲਣਾ ਕਰਨ ਵਾਲੇ ਸਿੱਖ ਨੂੰ ਦੁਬਿਧਾ ਅਤੇ ਦੁਚਿੱਤੀ ਦੀ ਦਲਦਲ ਵਿਚੋਂ ਕੱਢ ਕੇ, ਦ੍ਰਿੜਤਾ ਤੇ ਸਿਦਕਦਿਲੀ ਨਾਲ ਨਿਸ਼ਾਨੇ ਵੱਲ ਵਧਣ ਲਈ ਪ੍ਰੇਰਿਤ ਕਰਦੀ ਹੈ। ਇਤਿਹਾਸ ਗਵਾਹ ਹੈ ਕਿ ਇਹ ਰੀਤ, ਸਿੱਖਾਂ ਲਈ ਸ਼ਕਤੀ ਦਾ ਇਕ ਸੋਮਾ ਹੋ ਨਿਬੜੀ-ਸਿੱਖਾਂ ਨੇ ਇਸ ਤੋਂ ਬਲ ਪ੍ਰਾਪਤ ਕਰਕੇ ਅਨੇਕਾਂ ਅਜੋੜ ਤੇ ਅਸਾਵੀਆਂ ਜੰਗਾਂ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਅਕਾਲੀ ਫੂਲਾ ਸਿੰਘ ਵਲੋਂ ਅਰਦਾਸਾ ਸੋਧ ਕੇ ਜੰਗ ਲਈ ਕੂਚ ਕਰਨ ਉਪਰੰਤ, ਮਹਾਰਾਜਾ ਰਣਜੀਤ ਸਿੰਘ ਵਲੋਂ ਨਿਮਰਤਾ ਸਹਿਤ ਬੇਨਤੀ ਕਰਨ ‘ਤੇ ਵੀ ਪਿਛਾਂਹ ਨਾ ਹਟਣ ਅਤੇ ਪਠਾਣਾਂ ਵਿਰੁੱਧ ਇਕ ਅਜੋੜ ਜੰਗ ਵਿਚ ਜਿੱਤ ਪ੍ਰਾਪਤ ਕਰਨ ਦੀ ਬਹੁ-ਚਰਚਿਤ ਘਟਨਾ, ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਖ਼ੈਰ!

ਗੁਰੂ ਗੋਬਿੰਦ ਸਿੰਘ ਦੀ ਮਨੋ-ਵਿਗਿਆਨਕ ਸੂਝ ਅਤੇ ਦੂਰ-ਅੰਦੇਸ਼ੀ ਨੂੰ ਦਰਸਾਉਂਦੀਆਂ ਕਈ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਪਰ ਇਥੇ, ਥਾਂ ਦੀ ਥੁੜ ਕਾਰਨ, ਇਨਾਂ ਸਾਰੀਆਂ ਦਾ ਜ਼ਿਕਰ ਕਰਨਾ ਸੰਭਵ ਨਹੀਂ ਹੈ। ਸੋ, ਲੇਖਕ ਨੇ ਤੁਹਾਡੇ ਨਾਲ ਇਕ ਅਜਿਹੀ ਚੋਣਵੀਂ ਮਿਸਾਲ ਸਾਂਝੀ ਕਰਨ ਦਾ ਮਨ ਬਣਾਇਆ ਹੈ, ਜੋ ‘ਹਾਥੀ ਦੀ ਪੈੜ ‘ਚ ਸਾਰੀਆਂ ਪੈੜਾਂ ਆ ਜਾਣ’ ਦੀ ਹੈਸੀਅਤ ਰੱਖਦੀ ਹੈ। ਇਤਿਹਾਸ ਦੱਸਦਾ ਹੈ ਕਿ 16-99 ਈ: ਦੌਰਾਨ ਗੁਰੂ ਸਾਹਿਬ ਨੂੰ ਨਾ ਮੁਗ਼ਲਾਂ ਅਤੇ ਨਾ ਹੀ ਪਹਾੜੀ ਰਾਜਿਆਂ ਤੋਂ ਕੋਈ ਖਤਰਾ ਰਿਹਾ। ਸੋ, ਇਸ ਅਰਸੇ ਦੌਰਾਨ ਉਨਾਂ ਨੇ ਆਪਣੀ ਸੂਝ-ਬੂਝ ਤੇ ਸ਼ਕਤੀ ਨੂੰ ਪੂਰਨ ਰੂਪ ਵਿਚ ਆਪਣੇ ਜੀਵਨ ਦੇ ਅਸਲੀ ਉਦੇਸ਼ ਦੀ ਪੂਰਤੀ ਵੱਲ ਮੋੜਿਆ।

ਗੁਰੂ ਸਾਹਿਬ ਦੇ ਜੀਵਨ ਦਾ ਮੁੱਖ ਮਨੋਰਥ ਇਹ ਸੀ ਕਿ ਲੋਕਾਂ ਨੂੰ ਜ਼ੁਲਮ ਅਤੇ ਬਦੀ ਦੇ ਖਿਲਾਫ ਮੁਕਾਬਲਾ ਕਰਨ ਦੇ ਸਮਰੱਥ ਬਣਾਇਆ ਜਾਵੇ ਅਤੇ ਸਮਾਂ ਆਉਣ ‘ਤੇ ਇਨਕਲਾਬ ਦਾ ਝੰਡਾ ਬੁਲੰਦ ਕੀਤਾ ਜਾਵੇ। ਇਸ ਮਕਸਦ ਦੀ ਪੂਰਤੀ ਲਈ ਇਕ ਅਜਿਹੀ ਸਿਰਲੱਥ ਕੌਮ ਦਾ ਨਿਰਮਾਣ ਕਰਨ ਦੀ ਲੋੜ ਸੀ, ਜੋ ਮੁਗ਼ਲ ਹਕੂਮਤ ਨੂੰ ਸਾਹਮਣਿਉਂ ਲਲਕਾਰ ਸਕੇ ਪਰ ਇਕ ਸ਼ਕਤੀਸ਼ਾਲੀ ਹਕੂਮਤ ਵਿਰੁੱਧ ਇਨਕਲਾਬ ਦਾ ਝੰਡਾ ਬੁਲੰਦ ਕਰਨਾ ਕੋਈ ਆਸਾਨ ਕੰਮ ਨਹੀਂ ਸੀ।

ਸੋ, ਅਜਿਹੇ ਅਸੰਭਵ ਕਾਰਜ ਨੂੰ ਸੰਭਵ ਬਣਾਉਣ ਲਈ ਕਿਸੇ ਚਮਤਕਾਰੀ ਤਰਕੀਬ ਦੀ ਲੋੜ ਸੀ। ਗੁਰੂ ਗੋਬਿੰਦ ਸਿੰਘ, ਤੁਹਾਨੂੰ ਪਤਾ ਹੀ ਹੈ, ਜਿਥੇ ਇਕ ਆਲਾ ਦਰਜੇ ਦੇ ਦੂਰ-ਅੰਦੇਸ਼ ਸਨ ਉਥੇ ਇਕ ਮਹਾਨ ਚਿੰਤਕ ਤੇ ਮਨੋਵਿਗਿਆਨੀ ਵੀ ਸਨ। ਗੁਰੂ ਸਾਹਿਬ ਦੀ ਮਨੋਵਿਗਿਆਨਕ ਸੂਝ ਨੇ ਇਕ ਡੂੰਘੀ ਚੁੱਭੀ ਮਾਰੀ ਅਤੇ ‘ਚਿੜੀਆਂ ਨੂੰ ਬਾਜ਼ਾਂ ਦੇ ਖੰਭ ਨੋਚਣ’ ਦੇ ਸਮਰੱਥ ਬਣਾਉਣ ਵਾਲੀ ਇਕ ਚਮਤਕਾਰੀ ਵਿਧੀ ਅਮਲ ਵਿਚ ਲਿਆਂਦੀ। ਇਹ ਵਿਧੀ ਸੀ-‘ਖੰਡੇ ਦਾ ਪਹੁਲ’, ਯਾਨੀ ਅੰਮ੍ਰਿਤ ਛਕਾਉਣ ਦਾ ਸਿਧਾਂਤ। ਇਸ ਸਿਧਾਂਤ ਨੂੰ ਧੁਰਾ ਮਿੱਥ ਕੇ, ਸੰਨ 1699 ਈਸਵੀ ਵਿਚ, ਗੁਰੂ ਸਾਹਿਬ ਨੇ ਖਾਲਸੇ ਦੀ ਸਾਜਨਾ ਕੀਤੀ ਅਤੇ ਫਿਰ ਖਾਲਸੇ ਨੂੰ ਉਸ ਦੀ ਬਾਰੂਦੀ ਸ਼ਕਤੀ ਦਾ ਅਹਿਸਾਸ ਕਰਾਉਂਦਿਆਂ ਕਿਹਾ :

”ਪਿਆਰੀਓ ਚਿੜੀਓ! ਹੁਣ ਤੁਸੀਂ ਉਹ ਨਹੀਂ…ਹੁਣ ਤਾਂ ‘ਖ਼ਾਲਸਾ ਮੇਰੋ ਰੂਪ ਹੈ ਖਾਸ॥ ਖ਼ਾਲਸੇ ਮਹਿ ਹਉ ਕਰਉਂ ਨਿਵਾਸ॥’…ਜਾਓ, ਬਾਜ਼ਾਂ ਦੇ ਖੰਭ ਤੋੜੋ।” (ਸੰਤੋਖ ਸਿੰਘ ਧੀਰ) ਇਤਿਹਾਸ ਗਵਾਹ ਹੈ ਕਿ ‘ਚਿੜੀਆਂ’ ਨੇ ‘ਬਾਜ਼ਾਂ’ ਦੇ ਖੰਭ ਤੋੜੇ। ਇਹ ਗੁਰੂ ਸਾਹਿਬ ਦੀ ਮਨੋਵਿਗਿਆਨਕ ਸੂਝ ਦਾ ਹੀ ਕ੍ਰਿਸ਼ਮਾ ਸੀ ਕਿ ਜਦੋਂ ਗੁਰੂ ਦਾ ਸਾਜਿਆ-ਨਿਵਾਜਿਆ ਖ਼ਾਲਸਾ ਹੱਥਾਂ ਵਿਚ ਸ਼ਮਸ਼ੀਰ ਲੈ ਕੇ ਮੈਦਾਨ ਵਿਚ ਨਿੱਤਰਿਆ ਤਾਂ ਤਖ਼ਤਾਂ ਤੇ ਤਾਜਾਂ ਨੇ ਉਨਾਂ ਨੂੰ ਪ੍ਰਣਾਮ ਕੀਤਾ। ਫਿਰ ਇਕ ਸਮਾਂ ਆਇਆ ਜਦੋਂ ਖ਼ਾਲਸੇ ਨੇ ਸਦੀਆਂ ਦੀ ਗ਼ੁਲਾਮੀ ਤੋਂ ਬਾਅਦ ਮੁਗ਼ਲਾਂ ‘ਤੇ ਫ਼ਤਹਿ ਹਾਸਲ ਕਰਕੇ ਗ਼ਜ਼ਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨਾਂ ਵਿਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ।

ਦੂਜਾ, ਖ਼ਾਲਸੇ ਦੀ ਸਥਾਪਨਾ ਨਾਲ ਸਿੱਖ ਸਮਾਜ ਵਿਚ (ਸਿਧਾਂਤਾਂ ‘ਤੇ ਆਧਾਰਿਤ) ਲੋਕਤੰਤਰੀ ਤੱਤਾਂ ਦਾ ਸੰਚਾਲਨ ਹੋਇਆ, ਕਿਉਂਕਿ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਿੱਖਾਂ ਦੇ ਸਾਰੇ ਫੈਸਲੇ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ।
ਹੁਣ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਨਾਂ ਯੁੱਗ-ਪਲਟਾਊ ਘਟਨਾਵਾਂ ਦੇ ਪਿੱਛੇ, ਹੋਰ ਗੱਲਾਂ ਤੋਂ ਇਲਾਵਾ, ਗੁਰੂ ਸਾਹਿਬ ਦੀ ਮਨੋਵਿਗਿਆਨਕ ਸੂਝ ਜਾਂ ਕੋਈ ਡੂੰਘਾ ਫ਼ਲਸਫ਼ਾ ਕੰਮ ਕਰ ਰਿਹਾ ਹੁੰਦਾ ਹੈ। ਜੇ ਗਹੁ ਨਾਲ ਵੇਖਿਆ ਜਾਵੇ ਤਾਂ ਪੰਜ ਪਿਆਰਿਆਂ ਦੀ ਸਿਰਜਣਾ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕਰਨ ਵੇਲੇ ਤੱਕ ਗੁਰੂ ਸਾਹਿਬ ਦੀ ਵਿਗਿਆਨਕ ਤੇ ਮਨੋਵਿਗਿਆਨਕ ਸੂਝ ਹਰ ਥਾਂ ਉਭਰ ਕੇ ਸਾਹਮਣੇ ਆਉਂਦੀ ਹੈ। ਇਸ ਤਰਾਂ ਗੁਰੂ ਗੋਬਿੰਦ ਸਿੰਘ ਦੀ, ਨਿਰਸੰਦੇਹ, ਦੁਨੀਆਂ ਦੇ ਮਹਾਨ ਮਨੋਵਿਗਿਆਨੀਆਂ ਤੇ ਚਿੰਤਕਾਂ ਵਿਚ ਗਿਣਤੀ ਕੀਤੀ ਜਾਣੀ ਚਾਹੀਦੀ ਹੈ।

Comments

comments

Share This Post

RedditYahooBloggerMyspace