ਸਾਹਿਤ ਸੰਮੇਲਨ ਲਈ ਨਯਨਤਾਰਾ ਨੂੰ ਭੇਜਿਆ ਸੱਦਾ ਵਾਪਸ ਲਿਆ

ਯਵਤਮਲ (ਮਹਾਰਾਸ਼ਟਰ) : ਸਰਬ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੇ ਪ੍ਰਬੰਧਕਾਂ ਨੇ ਉੱਘੀ ਅੰਗਰੇਜ਼ੀ ਲੇਖਿਕਾ ਨਯਨਤਾਰਾ ਸਹਿਗਲ (91) ਨੂੰ ਸੰਮੇਲਨ ਦੇ ਉਦਘਾਟਨੀ ਸਮਾਗਮ ਲਈ ਭੇਜਿਆ ਸੱਦਾ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ‘ਸਨਮਾਨ ਵਾਪਸੀ’ ਮੁਹਿੰਮ ਦੌਰਾਨ ਸਹਿਗਲ ਮੋਹਰੀ ਸੀ ਤੇ ‘ਕੁਝ ਲੋਕਾਂ’ ਨੇ ਉਨ੍ਹਾਂ ਦੇ ਵਿਰੋਧ ਵਿਚ ਇਸ ਸਮਾਗਮ ਵਿਚ ਅੜਿੱਕਾ ਪਾਉਣ ਦੀ ਚਿਤਾਵਨੀ ਦਿੱਤੀ ਹੈ। ਇਸ ਲਈ ਪ੍ਰਬੰਧਕਾਂ ਨੇ ਨਯਨਤਾਰਾ ਸਹਿਗਲ ਨੂੰ ਭੇਜਿਆ ਸੱਦਾ ਵਾਪਸ ਲੈ ਲਿਆ ਹੈ।
ਸਾਹਿਤ ਅਕਾਦਮੀ ਸਨਮਾਨ ਜੇਤੂ ਸਹਿਗਲ 2015 ਵਿਚ ‘ਦੇਸ਼ ਵਿਚ ਵੱਧ ਰਹੀ ਅਸਹਿਣਸ਼ੀਲਤਾ ਖ਼ਿਲਾਫ਼ ਚੱਲੀ ਮੁਹਿੰਮ’ ਦੌਰਾਨ ‘ਐਵਾਰਡ ਵਾਪਸੀ’ ਅੰਦੋਲਨ ਵਿਚ ਸ਼ਾਮਲ ਸੀ। ਇਹ ਮੁਹਿੰਮ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਦੇ ਪ੍ਰਗਟਾਵੇ ਵਜੋਂ ਚਲਾਈ ਗਈ ਸੀ। ਲੇਖਿਕਾ ਨਹਿਰੂ-ਗਾਂਧੀ ਪਰਿਵਾਰ ਨਾਲ ਸਬੰਧਤ ਹੈ ਤੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਰਿਸ਼ਤੇ ਵਿਚ ਭਤੀਜੀ ਲੱਗਦੀ ਹੈ। ਸਹਿਗਲ ਨੇ 11 ਜਨਵਰੀ ਨੂੰ ਹੋਣ ਵਾਲੇ 92ਵੇਂ ਸਾਹਿਤਕ ਸੰਮੇਲਨ ਦਾ ਉਦਘਾਟਨ ਕਰਨਾ ਸੀ। ਇਸ ਸਮਾਗਮ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਉੱਘੀ ਮਰਾਠੀ ਲੇਖਿਕਾ ਅਰੁਣਾ ਢੇਰੇ ਨੇ ਵੀ ਸ਼ਿਰਕਤ ਕਰਨੀ ਹੈ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਮਾਕਾਂਤ ਕੋਲਟੇ ਨੇ ਕਿਹਾ ਕਿ ਇਕ ਸਿਆਸੀ ਧਿਰ ਵੱਲੋਂ ਅੜਿੱਕਾ ਪਾਉਣ ਦੀ ਚਿਤਾਵਨੀ ਦੇ ਮੱਦੇਨਜ਼ਰ ਸੱਦਾ ਵਾਪਸ ਲੈ ਲਿਆ ਗਿਆ ਹੈ। ਨਯਨਤਾਰਾ ਸਹਿਗਲ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

Comments

comments

Share This Post

RedditYahooBloggerMyspace