ਹੁਣ ਸ਼ਾਸਤਰੀ ਦੀ ਮੌਤ ਬਾਰੇ ਫਿਲਮ ਮਚਾਏਗੀ ਸਿਆਸੀ ‘ਗ਼ਦਰ’

ਬਗਲੌਰ : ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦਾ ਵਿਵਾਦਤ ਟਰੇਲਰ ਰਿਲੀਜ਼ ਹੋਣ ਮਗਰੋਂ ਇਕ ਹੋਰ ਫਿਲਮ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਕਿਆਂ ’ਚ ਤੂਫ਼ਾਨ ਪੈਦਾ ਕਰੇਗੀ। ਇਹ ਫਿਲਮ ਮੁਲਕ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਰੂਸ ’ਚ ਭੇਤਭਰੇ ਢੰਗ ਨਾਲ ਹੋਈ ਮੌਤ ਬਾਰੇ ਹੈ। ਫਿਲਮ ‘ਦਿ ਤਾਸ਼ਕੰਦ ਫਾਈਲਜ਼’ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਨੇ ਕੀਤਾ ਹੈ। ਸ੍ਰੀ ਅਗਨੀਹੋਤਰੀ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਅਤੇ ਜੌਰਜ ਫਰਨਾਂਡੇਜ਼ ਸਮੇਤ ਹੋਰ ਕਈ ਵੱਡੇ ਸਿਆਸੀ ਆਗੂਆਂ ਵੱਲੋਂ ਸ੍ਰੀ ਸ਼ਾਸਤਰੀ ਦੀ ਮੌਤ ਦੇ ਰਹੱਸ ਤੋਂ ਪਰਦਾ ਉਠਾਉਣ ਦੀ ਲੋੜ ਜਤਾਏ ਜਾਣ ਮਗਰੋਂ ਉਨ੍ਹਾਂ ਫਿਲਮ ਬਣਾਉਣ ਬਾਰੇ ਸੋਚਿਆ। ਉਨ੍ਹਾਂ ਕਿਹਾ,‘‘10 ਜਨਵਰੀ 1966 ਨੂੰ ਸ਼ਾਸਤਰੀ ਨੇ ਤਾਸ਼ਕੰਦ ਸਮਝੌਤਾ ’ਤੇ ਦਸਤਖ਼ਤ ਕੀਤੇ ਸਨ ਅਤੇ ਕੁਝ ਘੰਟਿਆਂ ਮਗਰੋਂ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦਾ ਭੇਤ ਅੱਜ ਵੀ ਅਣਸੁਲਝਿਆ ਹੈ। ਕੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਾਂ ਜ਼ਹਿਰ ਦਿੱਤਾ ਗਿਆ ਸੀ? ਉਨ੍ਹਾਂ ਦੀ ਮੌਤ ਦੀ ਸਚਾਈ ਤੋਂ ਪਰਿਵਾਰ ਅਤੇ ਆਮ ਲੋਕ ਅਨਜਾਣ ਹਨ।’’ ਅਗਨੀਹੋਤਰੀ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਦੇ ਤੁਰੰਤ ਬਾਅਦ ਹੀ ਪਰਿਵਾਰਕ ਮੈਂਬਰਾਂ ਨੇ ਤਤਕਾਲੀ ਕਾਰਜਕਾਰੀ ਪ੍ਰਧਾਨ ਮੰਤਰੀ ਗੁਲਜ਼ਾਰੀ ਲਾਲ ਨੰਦਾ ਕੋਲ ਸ੍ਰੀ ਸ਼ਾਸਤਰੀ ਦੇ ਪੋਸਟਮਾਰਟਮ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ। ਇਸ ਮਗਰੋਂ ਪਰਿਵਾਰ ਨੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਕੋਲ ਵੀ ਬੇਨਤੀਆਂ ਕੀਤੀਆਂ ਸਨ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। ਫਿਲਮਸਾਜ਼ ਮੁਤਾਬਕ ਆਰਟੀਆਈ ਤਹਿਤ ਵੀ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ। ਫਿਲਮ ’ਚ ਨਸੀਰੂਦੀਨ ਸ਼ਾਹ ਅਤੇ ਮਿਥੁਨ ਚੱਕਰਵਰਤੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ ਅਤੇ ਇਸ ਦੇ ਫਰਵਰੀ ਜਾਂ ਮਾਰਚ ’ਚ ਰਿਲੀਜ਼ ਹੋਣ ਦੀ ਸੰਭਾਵਨਾ ਹੈ।

Comments

comments

Share This Post

RedditYahooBloggerMyspace