ਕਾਂਗਰਸ ਰਾਫ਼ਾਲ ਬਾਰੇ ਦਾਅਵਿਆਂ ਨੂੰ ਸਾਬਤ ਕਰ ਕੇ ਦਿਖਾਏ: ਮੋਦੀ

ਸ਼ੋਲਾਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਰਲ ਵਰਗ ਲਈ 10 ਫੀਸਦ ਰਾਖ਼ਵਾਂਕਰਨ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਬਿੱਲ ਦਾ ਲੋਕ ਸਭਾ ਵਿਚ ਪਾਸ ਹੋਣਾ ‘ਝੂਠ ਫੈਲਾਉਣ’ ਵਾਲਿਆਂ ਨੂੰ ਕਰਾਰਾ ਜਵਾਬ ਹੈ। ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਰਾਫਾਲ ਮੁੱਦੇ ਬਾਰੇ ਲਾਏ ਜਾ ਰਹੇ ਦੋਸ਼ਾਂ ਨੂੰ ਸਾਬਿਤ ਕਰੇ। ਇੱਥੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਰਾਜ ਸਭਾ ਵੀ ਬੁੱਧਵਾਰ ਨੂੰ ਬਿੱਲ ਨੂੰ ਪਾਸ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪੱਛੜੇ ਵਰਗਾਂ, ਦਲਿਤਾਂ ਤੇ ਆਦਿਵਾਸੀਆਂ ਦੇ ਹੱਕ ਇਸ ਬਿੱਲ ਨਾਲ ਪ੍ਰਭਾਵਿਤ ਨਹੀਂ ਹੋਣਗੇ। ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਕਿ ਨਾਗਰਿਕਤਾ ਬਿੱਲ ਨਾਲ ਅਸਾਮ ਤੇ ਉੱਤਰ-ਪੂਰਬੀ ਲੋਕਾਂ ਦੇ ਹੱਕ ਵੀ ਸੁਰੱਖਿਅਤ ਰਹਿਣਗੇ।

ਪ੍ਰਧਾਨ ਮੰਦਰੀ ਮੋਦੀ ਨੇ ਕਿਹਾ ਕਿ ਅਗਸਤਾ ਵੈਸਟਲੈਂਡ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਕ੍ਰਿਸਟੀਅਨ ਮਿਸ਼ੇਲ ਰਾਫਾਲ ਬਣਾਉਣ ਵਾਲੀ ਫਰਾਂਸੀਸੀ ਕੰਪਨੀ ਦੇ ਮੁਕਾਬਲੇਬਾਜ਼ਾਂ ਲਈ ਵੀ ਕੰਮ ਕਰ ਰਿਹਾ ਸੀ। ਨਰਿੰਦਰ ਮੋਦੀ ਨੇ ਕਿਹਾ ਕਿ ਯੂਪੀਏ ਸਰਕਾਰ ਦੌਰਾਨ ਵਿਚੋਲਿਆਂ ਦੀ ਮਦਦ ਲੈਣਾ ਸਰਕਾਰੀ ਢਾਂਚੇ ਦਾ ਹਿੱਸਾ ਹੀ ਬਣ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਦੇਸ਼ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ। ਆਪਣੇ ਆਪ ਨੂੰ ਇਕ ਵਾਰ ਫੇਰ ਤੋਂ ‘ਚੌਕੀਦਾਰ’ ਦੱਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਭ੍ਰਿਸ਼ਟਾਚਾਰ ਦਾ ਸਫ਼ਾਇਆ ਕਰਨ ਦਾ ਤਹੱਈਆ ਕੀਤਾ ਹੈ ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵੋਟ ਬੈਂਕ ਦੀ ਰਾਜਨੀਤੀ ਕਰਦੀ ਰਹੀ ਹੈ ਤੇ ਪੱਛੜੇ ਇਲਾਕਿਆਂ ਦੇ ਵਿਕਾਸ ਨੂੰ ਵਿਸਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹੇ ਇਲਾਕਿਆਂ ਦੇ ਵਿਕਾਸ ਨੂੰ ਤਵੱਜੋ ਦੇਵੇਗੀ। ਉਨ੍ਹਾਂ ਇਸ ਮੌਕੇ ਸ਼ੋਲਾਪੁਰ-ਓਸਮਾਨਾਬਾਦ ਚਹੁੰ-ਮਾਰਗੀ ਸੜਕੀ ਪ੍ਰਾਜੈਕਟ ਦਾ ਉਦਘਾਟਨ ਕੀਤਾ ਤੇ ਆਵਾਸ ਯੋਜਨਾ ਤਹਿਤ 30,000 ਘਰ ਬਣਾਉਣ ਲਈ ਨੀਂਹ ਪੱਥਰ ਵੀ ਰੱਖਿਆ। -ਪੀਟੀਆਈ

ਆਗਰਾ ਵਿਚ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ
ਆਗਰਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ 2,980 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਜਲ ਸਪਲਾਈ ਲਈ ‘ਗੰਗਾਜਲ’ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਆਗਰਾ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਏਕੀਕ੍ਰਿਤ ਕਮਾਂਡ ਤੇ ਕੰਟਰੋਲ ਕੇਂਦਰ ਦਾ ਨੀਂਹ ਪੱਥਰ ਵੀ ਰੱਖਿਆ। ਸਮਾਜਵਾਦੀ ਪਾਰਟੀ ਸੁਪਰੀਮੋ ਅਖਿਲੇਸ਼ ਯਾਦਵ ਨੇ ਟਵੀਟ ਕਰਦਿਆਂ ਕਿਹਾ ਕਿ ਆਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਤਾਜ ਮਹਿਲ ਦੇ ਸ਼ਹਿਰ ’ਚੋਂ ‘ਪ੍ਰੇਮ’ ਦਾ ਪੈਗ਼ਾਮ ਲੈ ਕੇ ਗਏ ਹੋਣਗੇ ਤੇ ਉਨ੍ਹਾਂ ਨੂੰ ਆਲੂ ਤੇ ਗੰਨਾ ਕਾਸ਼ਤਕਾਰਾਂ ਦੇ ਦੁੱਖ ਨਜ਼ਰ ਆਏ ਹੋਣਗੇ।

Comments

comments

Share This Post

RedditYahooBloggerMyspace