ਕੀ ਆਹ ਗੁਰੂ ਨਾਨਕ ਸਾਹਿਬ ਦਾ ਪੰਜਾਬ ਹੈ?

ਕੁਝ ਅਹਿਮ ਘਟਨਾਵਾਂ, ਜਿਹੜੀਆਂ ਸਾਡੇ ਸਮਾਜ ਦਾ ਕਰੂਪ ਚਿਹਰਾ ਵਿਖਾਉਣ ਵਾਲੀਆਂ ਅਤੇ ਗੰਭੀਰ ਚਿੰਤਾ ਦੇ ਵਿਸ਼ੇ ਨਾਲ ਸਬੰਧਿਤ ਹੁੰਦੀਆਂ ਹਨ, ਕਈ ਵਾਰ ਅਛੋਪਲ਼ੇ ਜਿਹੇ ਵਾਪਰ ਕੇ, ਭੂਤ ਕਾਲ ਦੇ ਹਨੇਰੇ ‘ਚ ਗੁਆਚ ਜਾਂਦੀਆਂ ਹਨ। ਪਿਛਲੇ ਦਿਨੀਂ ਦੋ ਖ਼ਬਰਾਂ ਨੇ ਜਿਹੜੀਆਂ ‘ਧੀਆਂ’ ਨਾਲ ਸਬੰਧਿਤ ਸਨ, ਦਿਲ-ਕੰਬਾਊ ਅੰਕੜੇ ਪੇਸ਼ ਕੀਤੇ, ਪਹਿਲੀ ਖ਼ਬਰ ਸੀ, ਪਿਛਲੇ 10 ਸਾਲਾਂ ‘ਚ ਤੇਰਾਂ ਲੱਖ ਮਾਵਾਂ ਦੀਆਂ ਕੁੱਖਾਂ ‘ਚੋਂ ਬੱਚੇ ਗ਼ਾਇਬ ਹੋ ਗਏ। ਸ਼ਾਇਦ ਪਹਿਲੀ ਨਜ਼ਰੇ ਇਹ ਖ਼ਬਰ ਅਜੀਬ ਲੱਗੇ, ਪ੍ਰੰਤੂ ਇਹ ਕੌੜੀ ਸਚਾਈ ਹੈ। ਜਿਹੜੀ ਗੁਰੂਆਂ ਦੀ ਧਰਤੀ ਤੇ ਕੁੱਖਾਂ ‘ਚ ਮਾਰੀਆਂ ਜਾਂਦੀਆਂ ਧੀਆਂ ਦੀ ਚੀਖ਼ ਪੁਕਾਰ ਨੂੰ ਸਾਡੇ ਬੋਲੇ ਕੰਨ੍ਹਾਂ ਤੱਕ ਪਹੁੰਚਾਉਣ ਦੇ ਸਮਰੱਥ ਨਹੀਂ ਹੋ ਸਕੀ। ਸਿਹਤ ਵਿਭਾਗ ਪਾਸ ਹਰ ਗਰਭਵਤੀ ਔਰਤ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਅਤੇ ਉਸ ਤੋਂ ਬਾਅਦ ਬੱਚਿਆਂ ਦੇ ਜਨਮ ਦਾ ਰਿਕਾਰਡ ਵੀ ਤਿਆਰ ਹੁੰਦਾ ਹੈ। ਉਸ ਰਿਕਾਰਡ ਅਨੁਸਾਰ ਪਿਛਲੇ 10 ਸਾਲਾਂ ‘ਚ 143 ਲੱਖ ਔਰਤਾਂ ਨੇ ਗਰਭਵਤੀ ਹੋਣ ਦੀ ਰਜਿਸਟ੍ਰੇਸ਼ਨ ਹੋਈ ਸੀ, ਪ੍ਰੰਤੂ ਇਨ੍ਹਾਂ 10 ਸਾਲਾਂ ‘ਚ ਬੱਚੇ ਪੈਦਾ ਹੋਣ ਦੀ ਸੰਖਿਆ ਸਿਰਫ਼ 130 ਲੱਖ ਹੈ, ਜਿਸਦਾ ਸਿੱਧਾ-ਸਿੱਧਾ ਅਰਥ ਹੈ ਕਿ ਜਿਹੜੇ 13 ਲੱਖ ਬੱਚੇ ਮਾਵਾਂ ਦੇ ਗਰਭ ‘ਚੋਂ ਹੀ ਗ਼ਾਇਬ ਹੋ ਗਏ, ਇਹ, ਉਹ ਬਦਨਸੀਬ ਧੀਆਂ ਸਨ, ਜਿਨ੍ਹਾਂ ਨੂੰ ਚੁੱਪ-ਚੁਪੀਤੇ ਹੀ ਕੁੱਖ ‘ਚ ਕਤਲ ਕਰ ਦਿੱਤਾ ਗਿਆ। ਭਾਵੇਂ ਸਰਕਾਰ ਵੱਲੋਂ ਭਰੂਣ ਹੱਤਿਆ ਰੋਕਣ ਸਬੰਧੀ ਸਖ਼ਤ ਕਾਨੂੰਨ ਬਣਾਇਆ ਹੋਇਆ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਸ ਸਬੰਧੀ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ, ਪ੍ਰੰਤੂ ਹਕੀਕਤ ਇਹ ਹੈ ਕਿ ਹਰ ਵਰ੍ਹੇ ਪੰਜਾਬ ‘ਚ ਲੱਖ ਤੋਂ ਵਧੇਰੇ ਧੀਆਂ ਦਾ ਕੁੱਖ ‘ਚ ਕਤਲ ਹੋ ਰਿਹਾ ਹੈ।

ਦੂਜੀ ਖ਼ਬਰ ਵੀ ਪੰਜਾਬ ਦੀਆਂ ਧੀਆਂ ਨਾਲ ਹੀ ਸਬੰਧਿਤ ਹੈ, ਉਸ ਖ਼ਬਰ ਅਨੁਸਾਰ ਪੰਜਾਬ ਦੇ ਜਿਹੜੇ 12516 ਵਿਅਕਤੀ ਪਿਛਲੇ ਵਰ੍ਹੇ ਲਾਪਤਾ ਹੋਏ ਅਤੇ ਉਨ੍ਹਾਂ ਦਾ ਕੋਈ ਉੱਘ-ਸੁੱਘ ਨਹੀਂ ਮਿਲੀ, ਉਨ੍ਹਾਂ ਚ 8716 ਕੁੜੀਆਂ ਸਨ। ਗੁਰੂਆਂ ਦੀ ਧਰਤੀ, ਜਿਸ ਧਰਤੀ ‘ਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਦੀ ਦਾਤ ਨਾਲ ਸਭਿਅਤਾ ਦੀ ਆਰੰਭਤਾ ਕੀਤੀ, ਜੇ ਅੱਜ ਉਹ ਧਰਤੀ, ਧਰਮ ਤੇ ਤਹਿਜ਼ੀਬ ਦੋਵੇਂ ਹੀ ਭੁੱਲਣ ਲੱਗ ਪਈ ਹੈ ਤਾਂ ਇਸ ਧਰਤੀ ਦੇ ਜਾਇਆਂ ਨੂੰ ਇਸ ਧਰਤੀ ‘ਤੇ ਬੋਝ ਹੋਣ ਬਾਰੇ ਆਤਮ ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ। ਸਾਨੂੰ ਸੋਚਣਾ ਪਵੇਗਾ ਕਿ ਬਾਬੇ ਨਾਨਕ ਦਾ ਇਹ ਵਿਹੜਾ ਜਿੱਥੇ ਉਸ ਜਗਤ ਬਾਬੇ ਦੀ ਸਿੱਖੀ ਨੇ ‘ਸਚਹੁ ਉਰੇ ਸਭ ਕੋ ਉੱਪਰ ਸੱਚ ਅਚਾਰ,’ ਦਾ ਬੀਜ ਬੀਜਿਆ ਸੀ, ਉਹ ਝੂਠਿਆਂ ਤੇ ਪਾਖੰਡੀ ਦੀ ਧਰਤੀ ਕਿਵੇਂ ਬਣ ਗਈ ਹੈ। ਜਿਸ ਧਰਤੀ ‘ਤੇ ਰਿਸ਼ਤਿਆਂ ਨੂੰ ਪੂਰਾ-ਪੂਰਾ ਮਾਣ, ਦਿਲ ਦੀਆਂ ਡੁੰਘਾਈਆਂ ‘ਚੋਂ ਮਿਲਦਾ ਸੀ, ਉਸ ਧਰਤੀ ‘ਤੇ ਰਿਸ਼ਤਿਆਂ ਦਾ ਕਤਲ ਕਿਉਂ ਤੇ ਕਿਵੇਂ ਹੋਣ ਲੱਗ ਪਿਆ ਹੈ। ਸਿੱਖੀ ਦਾ, ਗੁਰਮੁਖੀ ਦਾ, ਗੁਰਮੁਖ ਸਭਿਆਚਾਰ ਦਾ, ਗੁਰਮਤਿ ਅਚਾਰ ਵਿਉਹਾਰ ਅਤੇ ਸੰਗਤੀ ਸਮਾਜ ਦਾ ਬੀਜ ਆਖ਼ਰ ਨਾਸ਼ ਕਿਉਂ ਹੋ ਰਿਹਾ ਹੈ। ਅਖ਼ਬਾਰਾਂ ਦੀ ਉਸ ਸੁਰਖ਼ੀ ਦਾ, ਜਿਹੜੀ ਸਾਡੇ ਸਮਾਜ ਨੂੰ ਕਿਸੇ ਭਿਅੰਕਰ ਭੂਚਾਲ ਤੋਂ ਵੀ ਵੱਧ ਹਿਲਾਉਣ ਵਾਲੀ ਸੀ, ਕਿਸੇ ਨੇ ਨੋਟਿਸ ਹੀ ਨਹੀਂ ਲਿਆ। ਇਸ ਖ਼ਬਰ ਅਨੁਸਾਰ ਪਿਛਲੇ ਇੱਕ ਦਹਾਕੇ ‘ਚ ਪੰਜਾਬ ਦੀਆਂ 781 ਧੀਆਂ ਲਾਪਤਾ ਹਨ, ਜਿਨ੍ਹਾਂ ਬਾਰੇ ਕੋਈ ਉੱਘ-ਸੁੱਘ ਨਹੀਂ ਕਿ ਉਨ੍ਹਾਂ ਨੂੰ ਅਸਮਾਨ ਖਾ ਗਿਆ ਜਾਂ ਪਤਾਲ ਨਿਗਲ ਗਿਆ। ਇਹ ਉਹ ਅੰਕੜੇ ਹਨ, ਜਿਨ੍ਹਾਂ ਦੀ ਜਾਣਕਾਰੀ ਥਾਣਿਆਂ ਤੱਕ ਪੁੱਜੀ ਹੋਈ ਹੈ ਅਤੇ ਅਸਲ ਅੰਕੜੇ ਕੀ ਹੋਣਗੇ? ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਅੱਜ ਆਧੁਨਿਕਤਾ ਦੀ ਹਨੇਰੀ ਵਗਦੀ ਹੈ, ਤਬਾਹ ਹੋ ਚੁੱਕੀ ਆਰਥਿਕਤਾ ਨੇ ਜ਼ਮੀਰਾਂ ਮਾਰ ਦਿੱਤੀਆਂ ਹਨ, ਇਹ ਦੋਵੇਂ ਕਾਰਨ ਦੇ ਨਾਲ-ਨਾਲ ਸਾਡੇ ਸਮਾਜ ‘ਚ ਖ਼ਤਮ ਹੋ ਰਿਹਾ ਆਪਸੀ ਭਾਈਚਾਰਾ ਵੀ ਜ਼ਿੰਮੇਵਾਰ ਹੈ। ਮੁੰਡੇ-ਕੁੜੀਆਂ ਦੀ ਸੋਚ ਤੇ ਆਧੁਨਿਕਤਾ ਤੇ ਟੀ. ਵੀ. ਲੱਚਰਤਾ ਨੇ ਅਜਿਹਾ ਹਨੇਰਾ ਧੂੜਿਆ ਹੈ, ਜਿਸਨੂੰ ਦੂਰ ਕਰਨਾ ਫ਼ਿਲਹਾਲ ਸੰਭਵ ਵਿਖਾਈ ਨਹੀਂ ਦਿੰਦਾ। ਮਾਪਿਆਂ ਪਾਸ ਸਮੇਂ ਦੀ ਕਮੀ ਅਤੇ ਪੁਰਾਤਨ ਸਦਾਚਾਰਕ ਕੀਮਤਾਂ ਤੋਂ ਕਿਨਾਰਾ ਕਰਕੇ ਬੇਲਗ਼ਾਮ ਹੋਈ ਨਵੀਂ ਪੀੜ੍ਹੀ ਨੂੰ, ਵੱਸ ਕਰਨ ਤੋਂ ਅਸਮਰਥ ਹੈ। ਉੱਚ ਸਿੱਖਿਆ ਦੇ ਨਾਂ ‘ਤੇ ਖੁੱਲ੍ਹੀਆਂ ਵਪਾਰਕ ਹੱਟੀਆਂ, ਵੀ ਜੁਆਨੀ ਦੇ ਅਰਥ ਸਿਰਫ਼ ਐਸ਼ ਪ੍ਰਸਤੀ ਹੁੰਦੇ ਹਨ, ਨੂੰ ਪੱਕਾ ਕਰਨ ‘ਚ ਸਹਾਈ ਹੋ ਰਹੀਆਂ ਹਨ। ਦੂਸਰਾ ਆਰਥਿਕ ਮੰਦਹਾਲੀ ਨੇ ਗਰੀਬ ਤੇ ਖ਼ਾਸ ਕਰਕੇ ਮੱਧਵਰਗੀ ਪਰਿਵਾਰਾਂ ਨੂੰ ਖ਼ੋਖਲਾ ਕਰ ਛੱਡਿਆ ਹੈ, ਪ੍ਰੰਤੂ ਵਿਖਾਵੇ ਦੀ ਦੁਨੀਆ ‘ਚ ਜਿਊਂਦੇ ਰਹਿਣ ਲਈ ਉਹ ਆਪਣੀ ਜ਼ਮੀਰ ਨੂੰ ਮਾਰਨ ਜਾਂ ਵੇਚਣ ਤੋਂ ਭੋਰਾ-ਭਰ ਵੀ ਗੁਰੇਜ਼ ਨਹੀਂ ਕਰਦੇ, ਜਿਸ ਕਾਰਨ ਘਰ ਦੀ ਇੱਜ਼ਤ ਘਰਦੀਆਂ ਬਰੂਹਾਂ ਤੋਂ ਬਾਹਰ ਨਿਲਾਮ ਹੋ ਰਹੀ ਹੈ।

ਜਿਸ ਪੰਜਾਬ ‘ਤੇ ਪਹਿਲਾਂ ਹੀ ‘ਕੁੜੀਮਾਰਾਂ’ ਦਾ ਸੂਬਾ ਹੋਣ ਦਾ ਧੱਬਾ ਲੱਗ ਰਿਹਾ ਹੈ ਜੇ ਹੁਣ ਉਹ ਘਰੋਂ ਭੱਜਣ ਵਾਲੀਆਂ ਕੁੜੀਆਂ ਦੇ ਸੂਬਿਆਂ ਦੀ ਗਿਣਤੀ ‘ਚ ਆ ਖੜ੍ਹਾ ਹੋਵੇਗਾ ਤਾਂ ਇਸਨੂੰ ਗੁਰੂ, ਪੀਰਾਂ, ਫ਼ਕੀਰਾਂ ਦੀ ਧਰਤੀ ਕੌਣ ਕਹੇਗਾ? ਅਤੇ ਸਿੱਖੀ ਦੇ ਵਿਹੜੇ ਦੀ ਗੱਲ ਕਿਵੇਂ ਕਰਾਂਗੇ? ਇਸ ਕੌੜੀ ਸਚਾਈ ਨੂੰ ਕਿ ਅੱਜ ਪੰਜਾਬ ਦੀਆਂ ਧੀਆਂ-ਭੈਣਾਂ ਨਰਕ-ਕੁੰਭੀ ਜੀਵਨ ‘ਚ ਪੈ ਰਹੀਆਂ ਹਨ, ਸਾਨੂੰ ਸਵੀਕਾਰ ਕਰਕੇ, ਇਸਦੇ ਹੱਲ ਲਈ ਗੰਭੀਰ ਹੋਣਾ ਪਵੇਗਾ। ਅਣਖ਼, ਗ਼ੈਰਤ, ਸਵੈਮਾਣ, ਜਿਊਂਦੀ ਜ਼ਮੀਰ ਹੀ ਸਾਡਾ ਕੌਮੀ ਸਰਮਾਇਆ ਹੈ, ਜੇ ਅਸੀਂ ਉਸ ਤੋਂ ਹੱਥ ਧੋ ਬੈਠੇ ਫ਼ਿਰ ਮੁੱਛਾਂ ‘ਚ ਕੁੰਡਲ ਪਵਾਉਣੇ, ਮਿਹਣਾ ਬਣ ਜਾਣਗੇ। ਸਰਕਾਰ, ਧਾਰਮਿਕ ਆਗੂ, ਸੁਹਿਰਦ ਸਮਾਜਕ ਜਥੇਬੰਦੀਆਂ ਨੂੰ ਪੰਜਾਬ ‘ਚੋਂ ਧੀਆਂ ਦੇ ਲਾਪਤਾ ਹੋਣ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਭਿਆਨਕ ਸਚਾਈ ਨੂੰ ਤੱਥਾਂ ਸਮੇਤ ਨੰਗਾ ਕਰਨਾ ਜ਼ਰੂਰੀ ਹੈ। ਦੂਸਰਾ ਉਨ੍ਹਾਂ ਪੰਜਾਬਣ ਕੁੜੀਆਂ ਬਾਰੇ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪੇ ਵਿਦੇਸ਼ ਚਾਹਤ ਦੀ ਅੰਨ੍ਹੀ ਦੌੜ ਕਾਰਨ ਇਕੱਲੀਆਂ ਨੂੰ ਬਿਨਾਂ ਕਿਸੇ ਸਹਾਰੇ ਦੇ ਵਿਦੇਸ਼ ਭੇਜ ਰਹੇ ਹਨ, ਉਨ੍ਹਾਂ ਨੂੰ ਸਮਝਾਉਣ ਅਤੇ ਸਭ ਤੋਂ ਪਹਿਲਾਂ ਵਿਦੇਸ਼ਾਂ ‘ਚ ਰੁਲ ਰਹੀਆਂ ਉਨ੍ਹਾਂ ਧੀਆਂ ਦੀ ਸਾਰ ਲੈਣ ਦੀ ਵੀ ਵੱਡੀ ਲੋੜ ਹੈ। ਇਸ ਤੋਂ ਇਲਾਵਾ ਵਿਦੇਸ਼ੀ ਦੌੜ ਲਈ ਰਿਸ਼ਤਿਆਂ ਦੇ ਹੁੰਦੇ ਕਤਲ ਨੂੰ ਠੱਲ ਪਾਉਣੀ ਵੀ ਜ਼ਰੂਰੀ ਹੈ। ਭਾਵੇਂ ਕਾਗ਼ਜ਼ਾਂ ਦਾ ਢਿੱਡ ਭਰਨ ਲਈ ਰਸਮੀ ਕਾਰਵਾਈ ਹੀ ਸਹੀ, ਪ੍ਰੰਤੂ ਗੁਰੂ ਦੇ ਸਨਮੁੱਖ ਹੁੰਦੇ ਝੂਠੇ ਵਿਆਹਾਂ ਦੀ ਆਗਿਆ ਕਦਾਚਿਤ ਨਹੀਂ ਦਿੱਤੀ ਜਾਣੀ ਚਾਹੀਦੀ।

ਸਾਨੂੰ ਧਾਰਮਿਕ ਬਿਰਤੀ ਤੇ ਸਦਾਚਾਰਕ ਕਦਰਾਂ ਕੀਮਤਾਂ ਵਾਲੇ ਇਨਸਾਨ ਸਿਰਜਣ ਵਾਲਾ ਮਾਹੌਲ ਪੈਦਾ ਕਰਨਾ ਹੋਵੇਗਾ। ਝੂਠੀ ਸ਼ੁਹਰਤ ਲਈ ਵਿਖਾਵੇ ਤੇ ਫ਼ਜ਼ੂਲ ਖ਼ਰਚੀ ਰੋਕ ਕੇ, ਸਬਰ ਤੇ ਸੰਤੋਖ ਵਾਲੀ ਗੁਰਮੁਖ ਭਾਵਨਾ ਨੂੰ ਮੁੜ ਜਗਾਉਣਾ ਹੋਵੇਗਾ। ਸਿੱਖ ਸਭਿਆਚਾਰ, ਗੁਰੂ ਸਾਹਿਬਾਨ ਦੀ ਦੇਣ ਹੈ, ਇਸ ਲਈ ਇਸਦੀ ਰਾਖੀ ਤੋਂ ਕੁਤਾਹੀ ਨਹੀਂ ਹੋਣੀ ਚਾਹੀਦੀ ਸੀ ਅਤੇ ਜਿਹੜੀ ਗ਼ਲਤੀ ਅਸੀਂ ਹੁਣ ਤੱਕ ਕਰ ਚੁੱਕੇ ਹਾਂ, ਉਸ ਨੂੰ ਸੁਧਾਰਨ ਵੱਲ ਮੋੜਾ ਪਾਉਣਾ ਚਾਹੀਦਾ ਹੈ। ਸਾਡੇ ਸਮਾਜ ਨੂੰ ਆਪਣੇ ਮੱਥੇ ‘ਤੇ ਲੱਗ ਰਹੇ ਕਲੰਕਾਂ ਦਾ ਗਿਆਨ ਜਲਦੀ ਹੀ ਕਰ ਲੈਣਾ ਚਾਹੀਦੇ ਹੈ ਅਤੇ ਇਨ੍ਹਾਂ ਕਲੰਕਾਂ ਨੂੰ ਪੱਕ ਜਾਣ ਤੋਂ ਪਹਿਲਾਂ ਹੀ ਧੋ ਦਿੱਤਾ ਜਾਣਾ ਬਣਦਾ ਹੈ। ਇਸ ਲਈ ਅਸੀਂ ਇੱਕ ਵਾਰ ਫ਼ਿਰ ਕੌਮ ਦਰਦੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਸੂਬੇ ਤੇ ਕੌਮ ਦੀ ਇੱਜ਼ਤ ਨੂੰ ਸਾਡੇ ਬਜ਼ੁਰਗਾਂ ਵਾਂਗੂੰ ਆਪਣੀ ਘਰ ਦੀ ਇੱਜ਼ਤ ਮੰਨਣ ਅਤੇ ਉਸਦੀ ਰਾਖੀ ਲਈ ਡਟਵੀਂ ਪਹਿਰੇਦਾਰੀ ਕੀਤੀ ਜਾਵੇ। ੲ

Comments

comments

Share This Post

RedditYahooBloggerMyspace