ਕੰਧ ਨਿਰਮਾਣ ਲਈ ਫੰਡ ਨਾ ਮਿਲਣ ਤੇ ਟਰੰਪ ਨੇ ਅੱਧ ਵਿਚਾਲੇ ਛੱਡੀ ਬੈਠਕ

ਵਾਸ਼ਿੰਗਟਨ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਵਿਵਾਦਮਈ ਅਮਰੀਕੀ-ਮੈਕਸੀਕੋ ਸੀਮਾ ਕੰਧ ਯੋਜਨਾ ਲਈ ਰਾਸ਼ੀ ਦਿੱਤੇ ਜਾਣ ਤੋਂ ਇਨਕਾਰ ਕਰਨ ਦੇ ਬਾਅਦ ਉੱਚ ਡੈਮੋਕ੍ਰੇਟਿਕ ਨੇਤਾਵਾਂ ਨੈਨਸੀ ਪੇਲੋਸੀ ਅਤੇ ਚੱਕ ਸ਼ੁਮਰ ਨਾਲ ਬੈਠਕ ਅੱਧ ਵਿਚਾਲੇ ਹੀ ਛੱਡ ਕੇ ਚਲੇ ਗਏ। ਟਰੰਪ ਇਸ ਕੰਧ ਦੇ ਨਿਰਮਾਣ ਲਈ 5.7 ਅਰਬ ਡਾਲਰ ਦੀ ਰਾਸ਼ੀ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਵਿਰੋਧੀ ਧਿਰ ਦੀ ਪਾਰਟੀ ਦੇ ਫੰਡ ਦੀ ਵੰਡ ਲਈ ਰਾਜ਼ੀ ਨਾ ਹੋਣ ਦੀ ਸਥਿਤੀ ਵਿਚ ਕੌਮੀ ਐਮਰਜੈਂਸੀ ਲਾਗੂ ਕਰਨ ਦੀ ਧਮਕੀ ਦਿੱਤੀ ਸੀ ਤਾਂ ਜੋ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿਚ ਆਉਣ ਤੋਂ ਰੋਕਣ ਲਈ ਕੰਧ ਜਾਂ ਅਵਰੋਧਕ ਬਣਾਉਣ ਦੀ ਆਪਣੀ ਯੋਜਨਾ ਨੂੰ ਲਾਗੂ ਕਰ ਸਕਣ।

ਟਰੰਪ ਨੇ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਅਤੇ ਸੈਨੇਟ ਵਿਚ ਘੱਟ ਗਿਣਤੀ ਦੇ ਨੇਤਾ ਚੱਕ ਸ਼ੁਮਰ ਤੋਂ ਪੁੱਛਿਆ ਕਿ ਜੇ ਅੰਸ਼ਕ ਰੂਪ ਨਾਲ ਬੰਦ ਪਏ ਸਰਕਾਰੀ ਕੰਮਕਾਜ ਨੂੰ ਮੁੜ ਸ਼ੁਰੂ ਕਰ ਦਿੱਤਾ ਜਾਵੇ ਤਾਂ ਕੀ ਆਉਣ ਵਾਲੇ ਦਿਨਾਂ ਵਿਚ ਸੀਮਾ ਕੰਧ ਲਈ ਰਾਸ਼ੀ ਨਿਰਧਾਰਿਤ ਕੀਤੇ ਜਾਣ ਦੇ ਕਦਮ ਦਾ ਸਮਰਥਨ ਕਰਨਗੇ। ਪੇਲੋਸੀ ਨੇ ਜਦੋਂ ਇਸ ਦਾ ਜਵਾਬ  ‘ਨਹੀਂ’ ਵਿਚ ਦਿੱਤਾ ਤਾਂ ਟਰੰਪ ਨਾਰਾਜ਼ ਹੋ ਗਏ। ਨਾਰਾਜ਼ ਟਰੰਪ ਨੇ ਟਵੀਟ ਕੀਤਾ,”ਮੈਂ ਚੱਕ ਅਤੇ ਨੈਨਸੀ ਨਾਲ ਬੈਠਕ ਅੱਧ ਵਿਚਾਲੇ ਹੀ ਛੱਡ ਕੇ ਆ ਗਿਆ। ਸਮੇਂ ਦੀ ਪੂਰੀ ਬਰਬਾਦੀ ਸੀ। ਮੈਂ ਪੁੱਛਿਆ ਕਿ ਜੇ ਅਸੀਂ ਕੰਮਕਾਜ ਮੁੜ ਸ਼ੁਰੂ ਕਰ ਦਈਏ ਤਾਂ 30 ਦਿਨ ਵਿਚ ਕੀ ਤੁਸੀਂ ਕੰਧ ਜਾਂ ਸਟੀਲ ਅਵਰੋਧਕ ਸਮੇਤ ਸੀਮਾ ਸੁਰੱਖਿਆ ਨੂੰ ਮਨਜ਼ੂਰੀ ਦੇਣਗੇ? ਨੈਨਸੀ ਨੇ ਕਿਹਾ ਕਿ ਨਹੀਂ। ਮੈਂ ਅਲਵਿਦਾ ਕਹਿ ਦਿੱਤਾ। ਹੁਣ ਹੋਰ ਕੁਝ ਨਹੀਂ ਕੀਤਾ ਜਾ ਸਕਦਾ।”

ਟਰੰਪ ਦੇ ਬੈਠਕ ਅੱਧ ਵਿਚਾਲੇ ਛੱਡ ਕੇ ਚਲੇ ਜਾਣ ਦੇ ਬਾਅਦ ਅਮਰੀਕਾ ਵਿਚ ਰਾਜਨੀਤਕ ਅਸਥਿਰਤਾ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਟਰੰਪ ਦੇ ਬਾਹਰ ਜਾਣ ਦੇ ਬਾਅਦ  ਨੈਨਸੀ ਅਤੇ ਸ਼ੁਮਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਕਿਸੇ ਵੀ ਹਾਲ ਵਿਚ ਕੰਧ ਦੇ ਲਈ ਧਨ ਨਿਰਧਾਰਿਤ ਕਰਨ ਦੇ ਇਛੁੱਕ ਨਹੀਂ ਹਨ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਪਾਰਟੀ ਇਸ ਮਾਮਲੇ ਵਿਚ ਆਪਣਾ ਰੱਵਈਆ ਨਹੀਂ ਬਦਲੇਗੀ। ਪੇਲੋਸੀ ਨੇ ਵ੍ਹਾਈਟ ਹਾਊਸ ਦੇ ਸਿਚੁਏਸ਼ਨ ਰੂਮ ਵਿਚ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਬੈਠਕ ਵਾਲੇ ਕਮਰੇ ਵਿਚ ਮਾਹੌਲ ਚੰਗਾ ਨਹੀਂ ਸੀ। ਸ਼ੁਮਰ ਨੇ ਕਿਹਾ ਕਿ ਟਰੰਪ ਦੀ ਗੱਲ ਨਹੀਂ ਮੰਨੀ ਗਈ ਅਤੇ ਉਹ ਬੈਠਕ ਵਿਚੋਂ ਚਲੇ ਗਏ।

ਇਸ ਤੋਂ ਪਹਿਲਾਂ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰੀ ਐਮਰਜੈਂਸੀ ਲਗਾਉਣਾ ਆਖਰੀ ਵਿਕਲਪ ਹੈ। ਇਸ ਵਿਚਕਾਰ ਟਰੰਪ ਨੇ ਦੇਸ਼ ਵਿਚ ‘ਵਾਸਤਵਿਕ ਇਮੀਗ੍ਰੇਸ਼ਨ ਸੁਧਾਰ’ ਦੀ ਲੋੜ ਦੀ ਗੱਲ ਕੀਤੀ ਅਤੇ ਤਰਕ ਦਿੱਤਾ ਕਿ ਦੁਨੀਆ ਭਰ ਵਿਚ ਪ੍ਰਤਿਭਾਸ਼ਾਲੀ ਲੋਕਾਂ ਦੀ ਤਲਾਸ਼ ਕਰ ਰਹੀਆਂ ਅਮਰੀਕੀ ਕੰਪਨੀਆਂ ਦੀ ਤਰੱਕੀ ਲਈ ਇਹ ਖਾਸ ਹੈ। ਉਨ੍ਹਾਂ ਨੇ ਹਾਲਾਤ ਵਿਚ ਸੁਧਾਰ ਲਈ ਇਕ ਵੱਡੇ ਇਮੀਗ੍ਰੇਸ਼ਨ ਬਿੱਲ ਨੂੰ ਲਿਆਉਣ ਦੀ ਵੀ ਗੱਲ ਕੀਤੀ। ਟਰੰਪ ਨੇ ਕਿਹਾ,”ਅਸੀਂ ਦੇਸ਼ ਵਿਚ ਵਾਸਤਵਿਕ ਇਮੀਗ੍ਰੇਸ਼ਨ ਸੁਧਾਰ ਦੇਖਣਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਇਸ ਦੀ ਲੋੜ ਹੈ ਅਤੇ ਇਹ ਚੰਗੀ ਚੀਜ਼ ਹੋਵੇਗੀ।”

Comments

comments

Share This Post

RedditYahooBloggerMyspace