ਜੇ ਪਰਾਲੀ ਸਾੜ ਲੈਂਦੇ ਤਾਂ ਐਨੇ ਝਮੇਲੇ ਨਾ ਪੈਂਦੇ

ਸੁੰਡੀ ਪ੍ਰਭਾਵਿਤ ਕਣਕ ਦੀ ਫਸਲ ਦੀ ਹਾਲਤ ਬਿਆਨਦੀ ਤਸਵੀਰ।


ਟੱਲੇਵਾਲ :
ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਬਗ਼ੈਰ ਫੂਕੇ ਕਣਕ ਦੀ ਬਿਜਾਈ ਦਾ ਹੁਕਮ ਕਿਸਾਨਾਂ ਲਈ ਆਰਥਿਕ ਪੱਖੋਂ ਬੇਹੱਦ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਕਣਕ ਦੀ ਬਿਜਾਈ ਨੂੰ ਡੇਢ ਮਹੀਨੇ ਤੋਂ ਵੱਧ ਹੋ ਗਿਆ ਹੈ ਪਰ ਹਾਲੇ ਤੱਕ ਫਸਲਾਂ ‘ਤੇ ਸੁੰਡੀ ਦਾ ਹਮਲਾ ਜਾਰੀ ਹੈ, ਜਦ ਕਿ ਗੁੱਲੀ ਡੰਡੇ ਦੇ ਖਾਤਮਾ ਵੀ ਨਹੀਂ ਹੋ ਰਿਹਾ ਹੈ। ਕਈ ਸਪਰੇਆਂ ਕਰਨ ਦੇ ਬਾਵਜੂਦ ਸਮੱਸਿਆ ਹੱਲ ਨਹੀਂ ਹੋ ਰਹੀ ਹੈ। ਪਰਾਲੀ ਨਾ ਮਚਾਉਣ ਕਾਰਨ ਲਾਭ ਹੋਣ ਦੇ ਦਾਅਵੇ ਕਰਨ ਵਾਲੀ ਸਰਕਾਰ ਅਤੇ ਪ੍ਰਸ਼ਾਸਨ ਵੀ ਹੁਣ ਕਿਸਾਨਾਂ ਦੀ ਸਾਰ ਲੈਣ ਤੋਂ ਇਨਕਾਰੀ ਹਨ। ਇਸ ਸਮੱਸਿਆ ਦੀ ਮਾਰ ਝੱਲ ਰਹੇ ਪਿੰਡ ਚੀਮਾ ਦੇ ਕਿਸਾਨ ਪਰਗਟ ਸਿੰਘ ਨੇ ਦੱਸਿਆ ਕਿ ਸਪਰੇਅ ਕਰਨ ਸਮੇਂ ਸੁੰਡੀ ਪਰਾਲੀ ਹੇਠਾਂ ਚਲੀ ਜਾਂਦੀ ਹੈ, ਜਿਸ ਕਰਕੇ ਸਪਰੇਅ ਦਾ ਅਸਰ ਉਪਰ ਹੀ ਰਹਿ ਜਾਂਦਾ ਹੈ। ਪਰਾਲੀ ਵਿੱਚ ਬੀਜੀ ਕਣਕ ਵਿੱਚ ਯੂਰੀਏ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ, ਕਿਉਂਕਿ ਇਹ ਵੀ ਪਰਾਲੀ ਉਪਰ ਹੀ ਰਹਿ ਜਾਂਦਾ ਹੈ। ਪਰਾਲੀ ਦੀ ਸੰਭਾਲ, ਬੀਜ, ਖਾਦ, ਯੂਰੀਆ ਅਤੇ ਸਪਰੇਆਂ ਦਾ ਖ਼ਰਚ ਹੁਣ ਤੱਕ ਪ੍ਰਤੀ ਏਕੜ 15 ਹਜ਼ਾਰ ਰੁਪਏ ਤੋਂ ਜ਼ਿਆਦਾ ਹੋ ਚੁੱਕਾ ਹੈ ਅਤੇ ਏਨਾ ਖ਼ਰਚ ਕਰਕੇ ਵੀ ਕਣਕ ਦੀ ਫ਼ਸਲ ਸਹੀ ਹੁੰਦੀ ਦਿਖਾਈ ਨਹੀਂ ਦੇ ਰਹੀ। ਕਿਸਾਨ ਬਿੰਦਰ ਸਿੰਘ ਭੋਤਨਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਵਿਭਾਗ ਪਰਾਲੀ ਨਾਲ ਝਾੜ ਵਧਣ ਦੇ ਦਾਅਵੇ ਕਰ ਰਿਹਾ ਸੀ ਪਰ ਹੁਣ ਤਾਂ ਝਾੜ ਪਹਿਲਾਂ ਨਾਲੋਂ ਵੀ ਘਟੇਗਾ ਅਤੇ ਲਾਗਤ ਹੋਰ ਵਧੇਗੀ। ਇਸ ਤੋਂ ਇਲਾਵਾ ਸੁੰਡੀ ਦੀ ਜ਼ਿਆਦਾ ਮਾਰ ਵਾਲੇ ਕਿਸਾਨਾਂ ਨੇ ਤਾਂ ਕਣਕ ਦੀ ਫ਼ਸਲ ਨੂੰ ਵਾਹ ਦਿੱਤਾ ਹੈ। ਪਿੰਡ ਗਹਿਲ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਕਪੂਰ ਸਿੰਘ ਨੇ ਤਿੰਨ ਏਕੜ, ਗੁਰਦੀਪ ਸਿੰਘ ਨੇ ਚਾਰ ਏਕੜ ਤੇ ਮਨਪ੍ਰੀਤ ਸਿੰਘ ਨੇ ਸੱਤ ਏਕੜ ਫ਼ਸਲ ਸੁੰਡੀ ਪੈਣ ਕਰਕੇ ਵਾਹ ਦਿੱਤੀ। ਇਨ੍ਹਾਂ ਤੋਂ ਇਲਾਵਾ ਜੰਗੀਆਣਾ ਦੇ ਕਿਸਾਨ ਗੁਰਦਿੱਤ ਸਿੰਘ ਨੇ ਚਾਰ ਏਕੜ ਅਤੇ ਊਧਮ ਸਿੰਘ ਨੇ ਇਕ ਏਕੜ ਕਣਕ ਦੀ ਫ਼ਸਲ ਸੁੰਡੀ ਪੈਣ ਕਰਕੇ ਵਾਹੁਣੀ ਪਈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਫਸਲ ਵਾਹ ਕੇ ਦੁਬਾਰਾ ਕਣਕ ਬੀਜੀ ਹੈ ਅਤੇ ਠੰਢ ਜ਼ਿਆਦਾ ਪੈਣ ਕਰਕੇ ਕਣਕ ਪੈਦਾ ਹੋਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜੱਜ ਸਿੰਘ ਗਹਿਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਨਾਲ ਹੋਏ ਆਰਥਿਕ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਵੇ ਨਹੀਂ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

ਕਿਸਾਨ ਮਹਿਕਮੇ ਨਾਲ ਸੰਪਰਕ ਕਰਨ: ਜ਼ਿਲ੍ਹਾ ਖੇਤੀ ਅਫਸਰ
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸਰਬਜੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਕਰਚਿਆਂ ਦਾ ਕੁਤਰਾ ਕਰਨ ਤੋਂ ਬਾਅਦ ਕਣਕ ਬੀਜੀ ਹੈ, ਉਥੇ ਸੁੰਡੀ ਦੀ ਸਮੱਸਿਆ ਹੈ। ਮਹਿਕਮੇ ਦੇ ਅਧਿਕਾਰੀ ਸੁੰਡੀ ਪ੍ਰਭਾਵਿਤ ਕਣਕ ਦਾ ਮੌਕਾ ਦੇਖ ਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰ ਰਹੇ ਹਨ। ਪੀੜਤ ਕਿਸਾਨ ਖੇਤੀਬਾੜੀ ਵਿਭਾਗ ਦੇ ਦਫ਼ਤਰ ਸੰਪਰਕ ਕਰ ਸਕਦੇ ਹਨ।

ਮੁਆਵਜ਼ੇ ਬਾਰੇ ਲਿਖਿਆ ਜਾਵੇਗਾ:ਡੀਸੀ
ਡਿਪਟੀ ਕਮਿਸ਼ਨਰ ਬਰਨਾਲਾ ਧਰਮਪਾਲ ਗੁਪਤਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਭੇਜ ਕੇ ਰਿਪੋਰਟ ਮੰਗਵਾਈ ਜਾਵੇਗੀ ਅਤੇ ਮੁਆਵਜ਼ੇ ਸਬੰਧੀ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ।

Comments

comments

Share This Post

RedditYahooBloggerMyspace