ਡੀਡੀਪੀਓ ਦੀ ਬਹਾਲੀ ਨਾਲ ਦੋ ਮੰਤਰੀਆਂ ’ਚ ਤਣਾਅ

ਚੰਡੀਗੜ੍ਹ : ਪੰਜਾਬ ਦੇ ਇਕ ਜ਼ਿਲ੍ਹੇ ਦੇ ਦੋ ਮੰਤਰੀਆਂ ਟਰਾਂਸਪੋਰਟ ਅਤੇ ਪੰਚਾਇਤ ਤੇ ਮਾਲ ਮੰਤਰੀ ਵਿਚਾਲੇ ਡੀਡੀਪੀਓ ਨੂੰ ਬਹਾਲ ਕਰਨ ਦੇ ਮਾਮਲੇ ਕਰਕੇ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ ਅਤੇ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ’ਚ ਪਹੁੰਚ ਗਿਆ ਹੈ।

ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਡੀਡੀਪੀਓ ਹਰਜਿੰਦਰ ਸਿੰਘ ਅਤੇ ਤਿੰਨ ਹੋਰ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਦੀ ਰਿਪੋਰਟ ਦੇ ਆਧਾਰ ’ਤੇ ਮੁਅੱਤਲ ਕੀਤਾ ਗਿਆ ਸੀ। ਉਸ ਵਿਰੁੱਧ ਦੀਨਾਨਗਰ ਬਲਾਕ ਦੇ 38 ਪਿੰਡਾਂ ਦੇ ਸਰਪੰਚਾਂ ਦਾ ਰਾਖਵਾਂਕਰਨ ਬਦਲਣ ਦੇ ਦੋਸ਼ ਲੱਗੇ ਸਨ। ਇਹ ਮਾਮਲਾ ਉਸ ਸਮੇਂ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਉਨ੍ਹਾਂ ਸਵਾਲ ਉਠਾਇਆ ਸੀ ਕਿ ਇਸ ਅਧਿਕਾਰੀ ਨੇ ਵਿਰੋਧੀ ਧਿਰ ਨੂੰ ਫਾਇਦਾ ਪਹੁੰਚਾਉਣ ਲਈ ਰਾਖਵਾਂਕਰਨ ਬਦਲ ਦਿੱਤਾ ਅਤੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਦੇ ਆਧਾਰ ’ਤੇ ਉਸ ਨੂੰ ਮੁਅੱਤਲ ਕੀਤੇ ਜਾਣ ਨਾਲ ਦੋਸ਼ਾਂ ਦੀ ਪੁਸ਼ਟੀ ਹੋ ਗਈ ਸੀ। ਹੁਣ ਇਸ ਅਧਿਕਾਰੀ ਦੀ ਬਹਾਲੀ ਨਾਲ ਮਾਮਲਾ ਮੁੜ ਤੂਲ ਫੜ ਗਿਆ ਹੈ। ਪੰਚਾਇਤ ਅਤੇ ਮਾਲ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਡੀਡੀਪੀਓ ਦੀ ਮੁਅੱਤਲੀ ਦੇ ਨਾਲ ਹੀ ਉਸ ਦੀ ਬਹਾਲੀ ਵੀ ਜਾਇਜ਼ ਹੈ। ਇਹ ਮਾਮਲਾ ਸਕੱਤਰੇਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਗੱਲ ਨੂੰ ਲੈ ਕੇ ਕਿਆਫੇ ਲਾਏ ਜਾ ਰਹੇ ਸਨ ਕਿ ਇਸ ਅਧਿਕਾਰੀ ਨੂੰ ਬਹਾਲੀ ਤੋਂ ਬਾਅਦ ਉਸੇ ਜ਼ਿਲ੍ਹੇ ਵਿਚ ਲਾਇਆ ਜਾਵੇਗਾ। ਇਸ ਮਾਮਲੇ ਨੂੰ ਹੱਲ ਕਰਵਾਉਣ ਲਈ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਵੱਲੋਂ ਦਖ਼ਲ ਦੇਣ ਤੋਂ ਬਾਅਦ ਅਧਿਕਾਰੀ ਨੂੰ ਜ਼ਿਲ੍ਹੇ ਵਿਚ ਲਾਉਣ ਦਾ ਮਾਮਲਾ ਹਾਲ ਦੀ ਘੜੀ ਲਟਕ ਗਿਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਹੁਣ ਅਧਿਕਾਰੀ ਦਾ ਗੁਰਦਾਸਪੁਰ ਜ਼ਿਲ੍ਹੇ ਵਿਚ ਲੱਗਣਾ ਮੁਸ਼ਕਲ ਜਾਪਦਾ ਹੈ।

Comments

comments

Share This Post

RedditYahooBloggerMyspace