ਪ੍ਰਦੂਸ਼ਿਤ ਹਵਾ ਤੇ ਮੁਨੱਖੀ ਸਰੀਰ

ਡਾ. ਹਰਸ਼ਿੰਦਰ ਕੌਰ, ਐੱਮਡੀ

ਦੁਨੀਆ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ। ਇਨ੍ਹਾਂ ਗੈਸਾਂ ਨਾਲ ਸਰੀਰ ਦੇ ਵੱਖ ਵੱਖ ਹਿੱਸਿਆਂ ਉੱਤੇ ਅਸਰ ਪੈਂਦਾ ਹੈ। ਇਨ੍ਹਾਂ ਵਿਚ ਸ਼ਾਮਲ ਹਨ:

* ਫੇਫੜੇ
*ਚਮੜੀ ਉੱਤੇ ਤਿਲ ਅਤੇ ਝੁਰੜੀਆਂ
* ਦਿਲ ਵਿਚ ਨੁਕਸ
* ਸਿਰ ਪੀੜ, ਥਕਾਵਟ, ਘਬਰਾਹਟ
* ਅੱਖਾਂ, ਗਲੇ ਤੇ ਨੱਕ ਵਿਚ ਜਲਨ
* ਅੰਤੜੀਆਂ ਵਿਚ ਨੁਕਸ
* ਬੱਚੇ ਪੈਦਾ ਕਰਨ ਵਿਚ ਕਮਜ਼ੋਰੀ
*ਹੱਡੀਆਂ ਕਮਜ਼ੋਰ ਹੋਣੀਆਂ
*ਜਿਗਰ, ਤਿਲੀ ਤੇ ਲਹੂ ਉੱਤੇ ਮਾੜੇ ਅਸਰ
* ਦਿਮਾਗ਼ੀ ਨੁਕਸ
* ਵਾਲ ਝੜਨੇ

ਯੂਨਾਈਟਿਡ ਨੇਸ਼ਨਜ਼ ਨੇ ‘ਸਾਫ ਹਵਾ – ਸਾਡਾ ਹੱਕ’ ਤਹਿਤ 54 ਮੁਲਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਾਲ 2030 ਤੱਕ ਹਵਾ ਵਿਚਲੇ ਪ੍ਰਦੂਸ਼ਣ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਅੱਧੀ ਕੀਤੀ ਜਾ ਸਕੇ। ਦੁਨੀਆ ਦੀ 92 ਫੀਸਦੀ ਆਬਾਦੀ ਕਿਸੇ ਨਾ ਕਿਸੇ ਤਰੀਕੇ ਹਵਾ ਦੇ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੀ ਹੈ। ਪ੍ਰਦੂਸ਼ਣ ਇਕਦਮ ਵਧਣ ਉੱਤੇ ਅੱਖਾਂ ਵਿਚ ਰੜਕ ਤੇ ਪਾਣੀ ਵਗਣਾ, ਸਾਹ ਲੈਣ ਵਿਚ ਔਖਿਆਈ ਤੇ ਨਿੱਛਾਂ ਆਉਣੀਆਂ ਆਮ ਹੀ ਵੇਖਣ ਵਿਚ ਆਉਂਦੀਆਂ ਹਨ ਪਰ ਸ਼ਾਇਦ ਬਹੁਤਿਆਂ ਨੂੰ ਇਹ ਪਤਾ ਨਹੀਂ ਹੈ ਕਿ ਹਵਾ ਵਿਚਲਾ ਪ੍ਰਦੂਸ਼ਣ ਕਿਵੇਂ ਚੁੱਪਚਾਪ ਸਰੀਰ ਅੰਦਰਲੀਆਂ ਨਾੜੀਆਂ ਨੂੰ ਸਖ਼ਤ ਕਰ ਕੇ ਹਾਰਟ ਅਟੈਕ ਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਵਧਾ ਕੇ ਸਾਨੂੰ ਮੌਤ ਦੇ ਮੂੰਹ ਵੱਲ ਧੱਕ ਦਿੰਦਾ ਹੈ।

ਵਾਸ਼ਿੰਗਟਨ ਦੀ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ 2016 ਵਿਚ 61 ਲੱਖ ਲੋਕ ਹਵਾ ਵਿਚਲੇ ਪ੍ਰਦੂਸ਼ਣ ਕਰ ਕੇ ਮੌਤ ਦੇ ਮੂੰਹ ਜਾ ਪਏ; ਭਾਵ ਇਹ ਪ੍ਰਦੂਸ਼ਣ ਸਿਗਰਟ ਪੀਣ ਦੇ ਬਰਾਬਰ ਹੀ ਖ਼ਤਰਨਾਕ ਸਾਬਤ ਹੋ ਗਿਆ ਹੈ। ਇਹ ਖ਼ਤਰਾ ਸਿਰਫ਼ ਜੰਮਣ ਬਾਅਦ ਹੀ ਨਹੀਂ ਹੁੰਦਾ ਬਲਕਿ ਮਾਂ ਦੇ ਢਿੱਡ ਅੰਦਰ ਪਲ ਰਹੇ ਭਰੂਣ ਉੱਤੇ ਵੀ ਮਾਰੂ ਅਸਰ ਛੱਡ ਸਕਦਾ ਹੈ।

ਭਰੂਣ ਉੱਤੇ ਪੈਂਦੇ ਅਸਰ
* ਢਿਡ ਅੰਦਰ ਹੀ ਮੌਤ ਹੋ ਜਾਣੀ
* ਵਕਤ ਤੋਂ ਪਹਿਲਾਂ ਜਨਮ ਹੋਣਾ
* ਜਮਾਂਦਰੂ ਨੁਕਸ ਪੈਣੇ

ਜੰਮਣ ਬਾਅਦ
* ਓਟਿਜ਼ਮ (ਟਿਕ ਕੇ ਨਾ ਬਹਿ ਸਕਣਾ)
* ਦਮਾ
* ਦਿਮਾਗ਼ ਦਾ ਪੂਰਾ ਵਿਕਾਸ ਨਾ ਹੋਣਾ
* ਨਿਮੂਨੀਆ (ਹਰ ਸਾਲ 5 ਸਾਲ ਤੋਂ ਛੋਟੀ ਉਮਰ ਦੇ ਦਸ ਲੱਖ ਬੱਚੇ ਨਿਮੂਨੀਆ ਨਾਲ ਮੌਤ ਦੇ ਮੂੰਹ ਵਿਚ ਜਾ ਰਹੇ ਹਨ)

ਵੱਡਿਆਂ ਵਿਚ
* ਸਾਹ ਦੀਆਂ ਬਿਮਾਰੀਆਂ
* ਫੇਫੜਿਆਂ ਦੇ ਕੰਮ ਕਾਰ ਵਿਚ ਨੁਕਸ ਪੈਣਾ
* ਫੇਫੜਿਆਂ ਅੰਦਰ ਹਵਾ ਇਕੱਠੀ ਹੋ ਜਾਣੀ (ਐਮਫਾਈਜ਼ੀਮਾ)
* ਕਰੌਨਿਕ ਬਰੌਂਕਾਈਟਿਸ
* ਫੇਫੜਿਆਂ ਦਾ ਕੈਂਸਰ
* ਐਲਜ਼ੀਮਰ ਬਿਮਾਰੀ
* ਪਾਰਕਿਨਸਨ ਰੋਗ
* ਸਕੀਜ਼ੋਫਰੀਨੀਆ

ਇਹ ਅਸਰ ਹੁੰਦਾ ਕਿਵੇਂ ਹੈ?
ਸਾਹ ਰਾਹੀਂ ਤਾਂ ਸਮਝਿਆ ਜਾ ਸਕਦਾ ਹੈ ਕਿ ਨੱਕ ਤੇ ਫੇਫੜਿਆਂ ਉੱਤੇ ਸਿੱਧਾ ਅਸਰ ਪੈ ਜਾਂਦਾ ਹੈ। ਡੈਨਵਰ (ਅਮਰੀਕਾ) ਦੇ ਫੇਫੜਿਆਂ ਦੇ ਮਾਹਿਰ ਡਾ. ਐਂਥਨੀ ਨੇ ਆਪਣੀ ਖੋਜ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਆਵਾਜਾਈ ਦੇ ਸਾਧਨਾਂ ਵਿਚੋਂ ਨਿਕਲਦੇ ਧੂੰਏਂ, ਜੰਗਲਾਂ ਦੀਆਂ ਅੱਗਾਂ, ਪਾਵਰ ਪਲਾਂਟ, ਫੈਕਟਰੀਆਂ ਜਾਂ ਸਪਰੇਅ ਆਦਿ ਦਾ ਧੂੰਆਂ ਨੱਕ ਅੰਦਰ ਲੰਘਦਾ ਹੈ ਤਾਂ ਨੱਕ ਤੇ ਸਾਹ ਦੀਆਂ ਨਾਲੀਆਂ ਅੰਦਰਲੀ ਪਰਤ ਵਿਚ ਮਹੀਨ ਕਣ ਫਸ ਜਾਂਦੇ ਹਨ ਜਿਸ ਨਾਲ ਖ਼ਾਰਸ਼ ਤੇ ਐਲਰਜੀ ਸ਼ੁਰੂ ਹੋ ਜਾਂਦੀ ਹੈ। ਇੰਜ ਇਕਦਮ ਖੰਘ ਤੇ ਨੱਕ ਵੱਗਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਕਣ ਧੁਰ ਅੰਦਰ ਫੇਫੜਿਆਂ ਤੱਕ ਲੰਘ ਜਾਣ, ਸਰੀਰ ਉਨ੍ਹਾਂ ਨੂੰ ਬਾਹਰ ਕੱਢਣ ਦੇ ਜਤਨ ਵਿਚ ਜੁਟ ਜਾਂਦਾ ਹੈ ਤੇ ਢੇਰ ਸਾਰੇ ਸੈੱਲ ਉਸ ਪਾਸੇ ਸਫ਼ਾਈ ਕਰਨ ਲਈ ਭੇਜ ਦਿੰਦਾ ਹੈ।

ਜਿਵੇਂ ਖੰਘ ਜ਼ੁਕਾਮ ਨਾਲ ਸਰੀਰ ਟੁੱਟਦਾ ਮਹਿਸੂਸ ਹੁੰਦਾ ਹੈ ਤੇ ਕਮਜ਼ੋਰੀ ਜਾਂ ਹਲਕਾ ਬੁਖ਼ਾਰ ਹੋਣ ਲੱਗ ਪੈਂਦਾ ਹੈ, ਉਂਜ ਹੀ ਸਰੀਰ ਦੀ ਸਫ਼ਾਈ ਹੋਣ ਸਮੇਂ ਥਕਾਵਟ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸੇ ਸਫ਼ਾਈ ਦੌਰਾਨ ਕੁੱਝ ਮਾੜੇ ਕਣ ਫੇਫੜਿਆਂ ਰਾਹੀਂ ਲਹੂ ਵੱਲ ਲੰਘ ਜਾਂਦੇ ਹਨ ਤੇ ਫੇਰ ਹੌਲੀ ਹੌਲੀ ਪੂਰੇ ਸਰੀਰ ਉੱਤੇ ਅਸਰ ਪਾਉਣ ਲੱਗ ਪੈਂਦੇ ਹਨ। ਜੇ ਇਹ ਪ੍ਰਦੂਸ਼ਣ ਵਕਤੀ ਹੋਵੇ ਤਾਂ ਬੰਦਾ ਛੇਤੀ ਠੀਕ ਹੋ ਸਕਦਾ ਹੈ ਪਰ ਜੇ ਲਗਾਤਾਰ ਹਲਕੀ ਮਾਤਰਾ ਵਿਚ ਜਮਾਂ ਹੁੰਦਾ ਰਹੇ ਤਾਂ ਲੰਮੀ ਬਿਮਾਰੀ ਤੇ ਉਮਰ ਵੀ ਛੋਟੀ ਕਰ ਦਿੰਦਾ ਹੈ।

ਕੈਲੀਫੋਰਨੀਆ ਦੀ ਯੂਨੀਵਰਸਿਟੀ ਵਿਚ ਹੋਈ 25 ਸਾਲਾਂ ਦੀ ਖੋਜ ਰਾਹੀਂ ਪਤਾ ਲੱਗਿਆ ਕਿ ਜਿਹੜੇ ਬੱਚੇ ਵੱਧ ਪ੍ਰਦੂਸ਼ਣ ਵਾਲੇ ਇਲਾਕੇ ‘ਚੋਂ ਜਲਦੀ ਘੱਟ ਪ੍ਰਦੂਸ਼ਣ ਵਾਲੇ ਇਲਾਕੇ ਵੱਲ ਚਲੇ ਗਏ, ਉਨ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਪੂਰੀ ਤਰ੍ਹਾਂ ਠੀਕ ਹੋ ਗਈਆਂ।

ਯੂਨੀਸੈਫ਼ ਦੀ ਤਾਜ਼ਾ ਰਿਪੋਰਟ
ਭਰੂਣ ਦੇ ਬਣਦੇ ਦਿਮਾਗ਼ ਅੰਦਰ ਜਦੋਂ ਸੈੱਲਾਂ ਦੇ ਜੋੜ ਬਣ ਰਹੇ ਹੁੰਦੇ ਹਨ, ਉਨ੍ਹਾਂ ਵਿਚ ਹਵਾ ਵਿਚਲਾ ਪ੍ਰਦੂਸ਼ਣ ਸਦੀਵੀ ਨੁਕਸ ਪਾ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਪੂਰੀ ਉਮਰ ਦਾ ਨੁਕਸ ਬੱਚਾ ਜੰਮਣ ਪਹਿਲਾਂ ਹੀ ਸਹੇੜ ਲੈਂਦਾ ਹੈ। ਦਿਮਾਗ਼ ਨੂੰ ਬਚਾਉਣ ਵਾਲੀ ਕੁਦਰਤੀ ਪਰਤ (ਬਲੱਡ ਬਰੇਨ ਬੈਰੀਅਰ) ਵਿਚ ਨੁਕਸ ਪੈ ਜਾਂਦਾ ਹੈ ਜਿਸ ਨਾਲ ਵੱਡੇ ਹੋ ਕੇ ਭੁੱਲਣ ਦੀ ਬਿਮਾਰੀ (ਐਲਜ਼ੀਮਰ) ਜਾਂ ਪਾਰਕਿਨਸਨ ਰੋਗ ਸ਼ੁਰੂ ਹੋ ਜਾਂਦੇ ਹਨ।

ਤਾਜ਼ਾ ਖੋਜ ਅਨੁਸਾਰ ਜ਼ਿਆਦਾ ਹਵਾ ਪ੍ਰਦੂਸ਼ਣ ਨਾਲ ਜੂਝਦੇ ਬੱਚਿਆਂ ਦੀ ਯਾਦਾਸ਼ਤ ਘਟ ਹੋ ਰਹੀ ਹੈ ਤੇ ਥਥਲਾਉਣ ਦੇ ਨਾਲ ਲੇਟ ਬੋਲਣ ਜਾਂ ਬੋਲਣ ਵਿਚ ਅੜਨ ਤੇ ਆਈਕਿਊ ਦੇ ਘੱਟ ਹੋਣ ਦਾ ਖ਼ਤਰਾ ਵੀ ਕਈ ਗੁਣਾ ਵੱਧ ਹੋ ਗਿਆ ਹੈ। ਚਿੜਚਿੜਾਪਨ, ਲੜਾਕੇ ਹੋਣਾ, ਘਬਰਾਹਟ ਹੋਣੀ, ਛੇਤੀ ਡਰ ਜਾਣਾ ਤੇ ਅਨੇਕ ਵੱਖੋ-ਵੱਖ ਤਰ੍ਹਾਂ ਦੇ ਦਿਮਾਗ਼ੀ ਨੁਕਸ ਸਿਰਫ਼ ਹਵਾ ਵਿਚਲੇ ਪ੍ਰਦੂਸ਼ਣ ਸਦਕਾ ਹੀ ਦਿਸਣ ਲੱਗ ਪਏ ਹਨ। ਛੋਟੀ ਉਮਰੇ ਚਿਹਰੇ ਉੱਤੇ ਝੁਰੜੀਆਂ, ਤਿਲ, ਵਾਲ ਚਿੱਟੇ ਹੋਣਾ, ਵੀ ਇਸੇ ਸਦਕਾ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਜਵਾਨ ਹੋਣ ਉੱਤੇ ਦਿਮਾਗ਼ ਦੇ ਪੂਰੇ ਤੰਦਰੁਸਤ ਰਹਿਣ ਦੇ ਆਸਾਰ ਵੀ ਘਟ ਜਾਂਦੇ ਹਨ।

ਹਵਾ ਸਾਫ਼ ਕਿਵੇਂ ਕਰੀਏ
ਯੂਨੀਸੈਫ਼ ਅਨੁਸਾਰ ਵਿਸ਼ਵ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨੂੰ ਰੋਕਣ ਲਈ ਜੱਦੋ ਜਹਿਦ ਦੀ ਲੋੜ ਹੈ। ਇਸ ਵਾਸਤੇ:
1. ਕੋਲੇ ਤੇ ਤੇਲ ਦੀ ਵਰਤੋਂ ਘਟਾਈ ਜਾਵੇ
2. ਆਵਾਜਾਈ ਦੇ ਸਾਧਨ ਬਿਜਲੀ ਤੇ ਬੈਟਰੀ ਨਾਲ ਚੱਲਣ ਵਾਲੇ ਹੋਣ
3. ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਕਿਸੇ ਵੀ ਹਾਲ ਵਿਚ ਖੇਡਣ ਦੇ ਪਾਰਕ, ਸਕੂਲ ਜਾਂ ਹਸਪਤਾਲ ਦੇ ਨੇੜੇ ਨਹੀਂ ਹੋਣੇ ਚਾਹੀਦੇ।
4. ਹਰ ਬੱਚੇ ਨੂੰ ਹਵਾ ਵਿਚਲੇ ਪ੍ਰਦੂਸ਼ਣ ਬਾਰੇ ਸਕੂਲਾਂ ਵਿਚ ਜਾਣਕਾਰੀ ਦੇਣੀ ਜ਼ਰੂਰੀ ਹੈ ਤੇ ਇਸ ਪ੍ਰਦੂਸ਼ਣ ਨੂੰ ਰੋਕਣ ਤੇ ਇਸ ਤੋਂ ਬਚਣ ਬਾਰੇ ਵੀ ਦੱਸਣਾ ਚਾਹੀਦਾ ਹੈ।
5. ਹਵਾ ਵਿਚਲੇ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ।
6. ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਪੋ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ ਕਿਉਂਕਿ ਫੈਕਟਰੀਆਂ ਦੇ ਮਾਲਕਾਂ ਦੇ ਆਪਣੇ ਬੱਚੇ ਵੀ ਪ੍ਰਦੂਸ਼ਣ ਦੀ ਮਾਰ ਤੋਂ ਬਚ ਨਹੀਂ ਸਕਣ ਲੱਗੇ।
7. ਜਿਹੜਾ ਹਵਾ ਦੇ ਪ੍ਰਦੂਸ਼ਣ ਦੀ ਮਾਰ ਹੇਠ ਆ ਚੁੱਕਿਆ ਹੋਵੇ, ਉਸ ਨੂੰ ਤੁਰੰਤ ਰਹਿਣ ਦੀ ਥਾਂ ਬਦਲ ਲੈਣੀ ਚਾਹੀਦੀ ਹੈ।
ਦੱਸਣਾ ਜ਼ਰੂਰੀ ਹੈ ਕਿ ਜੇ ਵੇਲੇ ਸਿਰ ਨਾ ਸੰਭਲੇ ਤਾਂ ਸਾਡੀ ਆਉਣ ਵਾਲੀ ਪੁਸ਼ਤ ਇਸ ਧਰਤੀ ਉੱਤੇ ਜੀਅ ਹੀ ਨਹੀਂ ਸਕਣ ਲੱਗੀ, ਕਿਉਂਕਿ ਜ਼ਹਿਰੀਲੀ ਹਵਾ ਵਿਚ ਸਾਹ ਲੈਣਾ ਸੰਭਵ ਹੀ ਨਹੀਂ ਹੋਣਾ।

ਸੰਪਰਕ: 0175-2216783

Comments

comments

Share This Post

RedditYahooBloggerMyspace