ਪੰਜਾਬ ਸੰਤਾਲੀ ਤੇ ਪਾਗਲਪਣ

ਯਾਦਵਿੰਦਰ ਸਿੰਘ

ਇਤਿਹਾਸ ਸਫ਼ਿਆਂ ‘ਤੇ ਲਿਖੇ ਜਾਣ ਤੋਂ ਪਹਿਲਾਂ ਮਨੁੱਖੀ ਦੇਹ ਉੱਤੇ ਲਿਖਿਆ ਜਾਂਦਾ ਹੈ। ਸੰਨ ਸੰਤਾਲੀ ਵਿਚ ਹਿੰਦੁਸਤਾਨ ਤੇ ਪਾਕਿਸਤਾਨ ਜਦੋਂ ਆਪਣੀ ਆਜ਼ਾਦ ਹਸਤੀ ਦਾ ਜਸ਼ਨ ਮਨਾ ਰਹੇ ਸਨ ਤਾਂ ਦੋ ਹਿੱਸਿਆਂ ਵਿਚ ਵੰਡੇ ਪੰਜਾਬ ਦੀ ਤਵਾਰੀਖ਼ ਖ਼ੂਨ ਦੀ ਸਿਆਹੀ ਨਾਲ ਲਿਖੀ ਜਾ ਰਹੀ ਸੀ। ਸੰਤਾਲੀ ਦੀ ਪੰਜਾਬ ਵੰਡ ਸਿਰਫ਼ ਭੂਗੋਲਿਕ ਜਾਂ ਸਿਆਸੀ ਤਕਸੀਮ ਨਹੀਂ ਸੀ। ਇਸ ਵੰਡ ਨੇ ਪੰਜਾਬੀ ਬੰਦੇ ਦੀ ਮਾਨਸਿਕਤਾ ਨੂੰ ਵੀ ਨਵੇਂ ਸਿਰਿਓਂ ਘੜਿਆ। ਭੌਇੰਮੁਖੀ ਪੰਜਾਬੀ ਲੋਕਾਂ ਦਾ ਆਪਣੀ ਜ਼ਮੀਨ ਤੋਂ ਜਲਾਵਤਨ ਹੋਣਾ ਅਜਿਹਾ ਨਾਸੂਰ ਸੀ ਜਿਸ ਨੇ ਪੰਜਾਬੀ ਅਵਚੇਤਨ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਸੱਤਰ ਵਰ੍ਹਿਆਂ ਬਾਅਦ ਵੀ ਪੰਜਾਬੀ ਮਨ ਸੰਨ ਸੰਤਾਲੀ ਨੂੰ ਆਜ਼ਾਦੀ ਵਰ੍ਹੇ ਵਾਂਗ ਸਵੀਕਾਰ ਨਹੀਂ ਕਰ ਸਕਿਆ। ਉਸ ਦੇ ਜ਼ਿਹਨ ਵਿਚ ਅੱਜ ਵੀ ਇਹ ਸਾਲ ਵੰਡ, ਬਟਵਾਰੇ, ਦੰਗਿਆਂ ਜਾਂ ਹੱਲਿਆਂ ਦੀਆਂ ਸਿਮਰਤੀਆਂ ਦੇ ਰੂਪ ਵਿਚ ਸਾਂਭਿਆ ਪਿਆ ਹੈ।

ਸਿਗਮੰਡ ਫਰਾਇਡ ਦੱਸਦਾ ਹੈ ਕਿ ਮਨੁੱਖ ਸਾਰੀ ਉਮਰ ਉਨ੍ਹਾਂ ਯਾਦਾਂ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਦਾ ਸਬੰਧ ਉਸ ਦੇ ਬਚਪਨ ਦੇ ਦਮਨ ਨਾਲ ਹੁੰਦਾ ਹੈ। ਇਸ ਦੇ ਬਾਵਜੂਦ ਬਚਪਨ ਦੀਆਂ ਕੌੜੀਆਂ ਸਿਮਰਤੀਆਂ ਵਾਰ-ਵਾਰ ਉਸ ਦੇ ਚੇਤੇ ਵਿਚ ਖ਼ਲਲ ਪਾਉਂਦੀਆਂ ਹਨ। ਕੌਮਾਂ ਦੇ ਇਤਿਹਾਸ ਵਿਚ ਵੀ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਉਸ ਕੌਮੀਅਤ ਦੇ ਬਾਸ਼ਿੰਦੇ ਭੁੱਲਣਾ ਲੋਚਦੇ ਹਨ, ਪਰ ਨਾ ਚਾਹੁੰਦਿਆਂ ਵੀ ਉਨ੍ਹਾਂ ਨੂੰ ਵਾਰ-ਵਾਰ ਅਜਿਹੇ ਸਦਮਿਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਸੰਨ ਸੰਤਾਲੀ ਪੰਜਾਬੀਆਂ ਦੀ ਅਜਿਹੀ ਹੀ ਸਿਮਰਤੀ ਹੈ ਜੋ ਪੰਜਾਬੀ ਮਨੁੱਖ ਦੇ ਅਵਚੇਤਨ ਵਿਚੋਂ ਕਦੇ ਖਾਰਜ ਨਹੀਂ ਹੋ ਸਕੀ। ਸੰਤਾਲੀ, ਉਹ ਵਰ੍ਹਾ ਹੈ ਜਦੋਂ ਹਿੰਦੋਸਤਾਨੀ ਤੇ ਪਾਕਿਸਤਾਨੀ ਨੇਸ਼ਨ-ਸਟੇਟ ਬਣਨ ਪਿੱਛੇ ਲੁਕੀ ਹਿੰਸਾ ਦੇ ਬਿਰਤਾਂਤ ਨੂੰ ਪਛਾਣਨ ਤੋਂ ਖੁੰਝਿਆ ਪੰਜਾਬੀ ਵਿਅਕਤੀ ਆਪਣੇ ਹੀ ਹਮਸਾਇਆਂ ਦਾ ਕਾਤਲ ਬਣਦਾ ਹੈ ਅਤੇ ਖ਼ੁਦ ਕਤਲੇਆਮ ਦੀ ਧਿਰ ਹੋਣ ਕਾਰਨ ਇਸ ਹਾਦਸੇ ਬਾਰੇ ਖ਼ਾਮੋਸ਼ੀ ਧਾਰ ਲੈਂਦਾ ਹੈ।

ਸੰਤਾਲੀ ਦੀ ਵੰਡ ਦੀ ਇਤਿਹਾਸਕਾਰੀ ਨਾਲ ਜੁੜਿਆ ਸਭ ਤੋਂ ਅਹਿਮ ਸੁਆਲ ਇਹ ਹੈ ਕਿ ਪੰਜਾਬੀ ਸੰਤਾਲੀ ਦੀ ਵੰਡ ਦੌਰਾਨ ਪੰਜਾਬ ਦੀ ਦੇਹ ‘ਤੇ ਲਿਖੀ ਹਿੰਸਾ ਦੀ ਇਬਾਰਤ ਨੂੰ ਪੜ੍ਹਨ ਤੋਂ ਕਿਉਂ ਖੁੰਝ ਗਏ? ਵੰਡ ਦੌਰਾਨ ਵਾਪਰੀ ਜ਼ਾਹਰ ਹਿੰਸਾ ਦਾ ਸਾਹਿਤਕ, ਸਭਿਆਚਾਰਕ ਤੇ ਸਿਆਸੀ ਮੁਲਾਂਕਣ ਤਾਂ ਹੋਇਆ, ਪਰ ਇਸ ਪਿੱਛੇ ਛਿਪੀ ਸੂਖ਼ਮ ਹਿੰਸਾ ਦੀ ਮਹੀਨ ਪਰਤ ਕਿਸੇ ਦਾਨਿਸ਼ਵਰ ਦੇ ਹੱਥ ਕਿਉਂ ਨਾ ਲੱਗੀ? ਸਾਡੇ ਸਾਹਿਤਕਾਰ ਪੰਜਾਬ ਦੀ ਕਲਾ ਤੇ ਸਾਹਿਤ ਵਿਚ ਸੰਤਾਲੀ ਦੌਰਾਨ ਪੰਜਾਬੀਆਂ ਅੰਦਰ ਮਘ ਰਹੇ ਵਹਿਸ਼ੀ ਪਾਗਲਪਣ ਦੀ ਥਾਹ ਪਾਉਣ ਤੋਂ ਕਿਉਂ ਖੁੰਝ ਗਏ? ਪੰਜਾਬ ਲੰਬੇ ਸਮੇਂ ਤੱਕ ਸੰਨ ਸੰਤਾਲੀ ਅਤੇ ਪਾਗਲਪਣ ਦੇ ਆਪਸੀ ਸਬੰਧਾਂ ਨੂੰ ਸਾਹਿਤਕ ਪ੍ਰਵਚਨ ਵਿਚ ਢਾਲਣ ਤੋਂ ਕਿਨਾਰਾ ਕਰਦਾ ਰਿਹਾ। ਇਸ ਸਭ ਲਈ ਪੰਜਾਬੀ ਦੋਸ਼ ਦਿੰਦੇ ਵੀ ਤਾਂ ਕਿਸ ਨੂੰ? ਆਖ਼ਰ ਇਸ ਕਤਲੇਆਮ ਨੂੰ ਨੇਪਰੇ ਤਾਂ ਖ਼ੁਦ ਪੰਜਾਬੀਆਂ ਨੇ ਹੀ ਚਾੜ੍ਹਿਆ ਸੀ। ਨਤੀਜਾ, ਅਸੀਂ ਮੁਸੀਬਤ ਵੇਲੇ ਆਪਣੇ ਵੱਡ-ਵਡੇਰਿਆਂ ਨੂੰ ਆਵਾਜ਼ਾਂ ਮਾਰਨ ਤੱਕ ਹੀ ਸੀਮਿਤ ਰਹੇ। ਬਾਬਾ ਨਾਨਕ ਤੇ ਵਾਰਿਸ ਸ਼ਾਹ ਨੂੰ ਮੁਖ਼ਾਤਬ ਹੋ ਕੇ ਪੰਜਾਬੀ ਕਵੀ ਖ਼ੁਦ ਨੂੰ ਸੁਰਖ਼ਰੂ ਮਹਿਸੂਸ ਕਰਨ ਲੱਗੇ ਅਤੇ ਪੰਜਾਬ ਵੰਡ ਦੀ ਸੂਖ਼ਮ ਹਿੰਸਾ ਪਿੱਛੇ ਲੁਕੀ ਮਾਨਸਿਕਤਾ ‘ਤੇ ਧੁੰਦ ਦਾ ਗ਼ੁਬਾਰ ਛਾਇਆ ਰਿਹਾ।

ਪੰਜਾਬ ਦੀ ਵੰਡ ਦੇ ਮਾਨਸਿਕ ਕਾਰਨਾਂ ਦਾ ਪਹਿਲਾ ਨੋਟਿਸ ਮੰਟੋ ਨੇ ਲਿਆ। ਸਿਆਹ ਹਾਸ਼ੀਏ ਲਿਖ ਕੇ ਉਸ ਨੇ ਇਹ ਨੁਕਤਾ ਸਾਂਝਾ ਕੀਤਾ ਕਿ ਪੰਜਾਬ ਦੀ ਵੰਡ ਤੇ ਪਾਗਲਪਣ ਦਾ ਆਪਸ ਵਿਚ ਜ਼ਰੂਰ ਕੋਈ ਸਬੰਧ ਹੈ। ਮੰਟੋ ਦੀ ਸ਼ਾਹਕਾਰ ਕਹਾਣੀ ‘ਟੋਬਾ ਟੇਕ ਸਿੰਘ’ ਇਹ ਸੁਆਲ ਖੜ੍ਹਾ ਕਰਦੀ ਹੈ ਕਿ ਕੀ ਸੰਤਾਲੀ ਦੇ ਕਤਲੇਆਮ ਦੌਰਾਨ ਸਾਰਾ ਪੰਜਾਬ ਹੀ ਪਾਗਲਖ਼ਾਨੇ ਵਿਚ ਤਬਦੀਲ ਨਹੀਂ ਸੀ ਹੋ ਗਿਆ? ਮੰਟੋ ਦੀ ਇਸ ਪਹਿਲਕਦਮੀ ਦੇ ਬਾਵਜੂਦ ਲੰਬੇ ਸਮੇਂ ਤੱਕ ਪੰਜਾਬੀ ਸਾਹਿਤ ਤੇ ਕਲਾ ਜਗਤ ਨੇ ਬਟਵਾਰੇ ਤੇ ਪੰਜਾਬੀ ਮਾਨਸਿਕਤਾ ਵਿਚਲੇ ਸਬੰਧਾਂ ਬਾਰੇ ਖ਼ਾਮੋਸ਼ੀ ਧਾਰੀ ਰੱਖੀ। ਆਜ਼ਾਦ ਹੋਏ ਮੁਲਕ ਵਿਚ ਨਵੇਂ ਸੁਪਨਿਆਂ ਦੀ ਤਾਮੀਰ ਪਿੱਛੇ ਲੱਗਿਆ ਪੰਜਾਬੀ ਮਨੁੱਖ ਇਸ ਬੁਰੇ ਅਤੀਤ ਨੂੰ ਦਫ਼ਨ ਕਰ ਦੇਣ ਦਾ ਭਰਮ ਪਾਲਦਾ ਰਿਹਾ। 2013 ਵਿਚ ਅਨੂਪ ਸਿੰਘ ਨੇ ਆਪਣੀ ਫ਼ਿਲਮ ‘ਕਿੱਸਾ’ ਰਾਹੀਂ ਇਸ ਧੁੰਦ ਨੂੰ ਹਟਾਉਣ ਦਾ ਯਤਨ ਕੀਤਾ। ਉਸ ਨੇ ਬਟਵਾਰੇ ਦੀ ਹਿੰਸਕ ਮਾਨਸਿਕਤਾ ਨੂੰ ਪ੍ਰੇਤ ਦੇ ਰੂਪਕ ਵਿਚ ਢਾਲਿਆ।

ਇਸ ਫ਼ਿਲਮ ਦਾ ਬੁਨਿਆਦੀ ਨੁਕਤਾ ਹੈ ਕਿ ਸੰਤਾਲੀ ਦਾ ਪ੍ਰੇਤ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬੀਆਂ ਦਾ ਖਹਿੜਾ ਨਹੀਂ ਛੱਡ ਰਿਹਾ। ਇਹ ਪ੍ਰੇਤ ਉਸ ਪੀੜ੍ਹੀ ਨੂੰ ਹੀ ਨਹੀਂ ਚਿੰਬੜਿਆ, ਜਿਸ ਨੇ ਸੰਤਾਲੀ ਦਾ ਸੰਤਾਪ ਭੋਗਿਆ ਸਗੋਂ ਉਸ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਇਹ ਸਰਾਪਿਆ ਕਿੱਸਾ ਭੋਗਣਾ ਪੈਣਾ ਹੈ।

2018 ਵਿਚ ਡਾ. ਅਨਿਰੁੱਧ ਕਾਲਾ ਨੇ ਅੰਗਰੇਜ਼ੀ ਜ਼ੁਬਾਨ ਵਿਚ ਲਿਖੇ ਆਪਣੇ ਕਹਾਣੀ ਸੰਗ੍ਰਹਿ ‘ਦਿ ਅਨਸੇਫ ਅਸਾਇਲਮ’ ਵਿਚ ਮੰਟੋ ਤੇ ਅਨੂਪ ਸਿੰਘ ਵੱਲੋਂ ਖੜ੍ਹੇ ਕੀਤੇ ਸੁਆਲਾਂ ਨੂੰ ਇਕ ਵਾਰ ਫਿਰ ਸਾਹਮਣੇ ਲਿਆਂਦਾ ਹੈ। ਡਾ. ਕਾਲਾ ਪੇਸ਼ੇ ਵਜੋਂ ਮਨੋਚਿਕਿਤਸਕ ਹੈ। ਉਸ ਨੇ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੇ ਮਨੋਰੋਗ ਮਾਹਰਾਂ ਦੀ ਇਕ ਸਭਾ ਬਣਾਈ ਹੈ। ਇਸ ਕਿਤਾਬ ਦੀਆਂ ਕਹਾਣੀਆਂ ਦੋਵਾਂ ਪੰਜਾਬਾਂ ਦੇ ਮਾਨਸਿਕ ਰੋਗੀਆਂ ਨਾਲ ਉਸ ਦੇ ਤਜਰਬਿਆਂ ‘ਤੇ ਆਧਾਰਿਤ ਹਨ। ਆਪਸ ਵਿਚ ਇਕ-ਦੂਜੇ ਨਾਲ ਜੁੜਿਆ ਇਨ੍ਹਾਂ ਤੇਰਾਂ ਕਹਾਣੀਆਂ ਦਾ ਬਿਰਤਾਂਤ ਸੰਤਾਲੀ ਦੀ ਵੰਡ ਦੌਰਾਨ ਘੜੇ ਪੰਜਾਬੀ ਅਵਚੇਤਨ ਦੀਆਂ ਗਹਿਰੀਆਂ ਪਰਤਾਂ ਨੂੰ ਫਰੋਲਦਾ ਹੈ।

ਪੰਜਾਬੀ ਲੋਕ ਇਸ ਅਤੀਤ ਨੂੰ ਕਿਤੇ ਗਹਿਰਾ ਦੱਬ ਕੇ ਸੁਰਖਰੂ ਹੋਣਾ ਚਾਹੁੰਦੇ ਹਨ, ਪਰ ਉਨ੍ਹਾਂ ਦਾ ਅੰਤਰਮਨ ਵਾਰ-ਵਾਰ ਬਟਵਾਰੇ ਵੱਲ ਪਰਤਦਾ ਹੈ। ਸੱਤਰ ਵਰ੍ਹਿਆਂ ਬਾਅਦ ਵੀ ਦੋਵਾਂ ਪੰਜਾਬਾਂ ਦੇ ਵਸਨੀਕਾਂ ਦੀ ਮਾਨਸਿਕਤਾ ‘ਤੇ ਸੰਤਾਲੀ ਦੀ ਵੰਡ ਦਾ ਗਹਿਰਾ ਅਸਰ ਹੈ ਅਤੇ ਵੰਡ ਦੀਆਂ ਸਿਮਰਤੀਆਂ ਸਿਰਫ਼ ਉਸ ਪੀੜੀ ਤੱਕ ਸੀਮਤ ਨਹੀਂ ਜਿਸ ਨੇ ਇਹ ਸੰਤਾਪ ਹੰਢਾਇਆ। ਪਰਿਵਾਰਕ ਮਨੋਰੋਗ ਵਾਂਗ ਇਹ ਸੰਤਾਪ ਵੀ ਇਕ ਤੋਂ ਦੂਜੀ ਪੀੜੀ ਤੱਕ ਸੰਚਾਰ ਕਰਦਾ ਹੈ।

ਇਸ ਸੰਗ੍ਰਹਿ ਦੀ ਇਕ ਕਹਾਣੀ ਦਾ ਸਿਰਲੇਖ ਫਰਾਂਸਿਸੀ ਜ਼ੁਬਾਨ ਦਾ ਸ਼ਬਦ ‘ਫੌਲੀ ਅ ਡਿਉ’ ਹੈ ਜਿਸ ਦਾ ਭਾਵ ਹੈ ਸਮੂਹਿਕ ਮਨੋਰੋਗ। ਇਸ ਮਨੋਰੋਗ ਵਿਚ ਕਿਸੇ ਇਕ ਵਿਅਕਤੀ ਦੇ ਭਰਮ ਨੂੰ ਹੌਲੀ-ਹੌਲੀ ਦੂਜੇ ਲੋਕ ਵੀ ਸੱਚ ਮੰਨ ਲੈਂਦੇ ਹਨ।

ਅਕਸਰ ਕਿਸੇ ਬੰਦੇ ਦੇ ਨੇੜਲੇ ਸਾਥੀ ਜਾਂ ਪਰਿਵਾਰ ਦੇ ਜੀਅ ਜਦੋਂ ਉਸ ਦੇ ਭਰਮ ਨੂੰ ਹਕੀਕਤ ਮੰਨ ਕੇ ਸਵੀਕਾਰ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮਾਨਸਿਕ ਰੋਗ ਤੋਂ ਪੀੜਤ ਮੰਨਿਆ ਜਾਂਦਾ ਹੈ। ਕਹਾਣੀ ‘ਫੌਲੀ ਅ ਡਿਉ’ ਵਿਚ ਸੰਨ ਸੰਤਾਲੀ ਦੇ ਵੀਹ ਵਰ੍ਹਿਆਂ ਬਾਅਦ ਇਕ ਔਰਤ ਨੂੰ ਹੱਥ ਵਿਚ ਨੰਗੀਆਂ ਤਲਵਾਰਾਂ ਲਈ ਮੁਸਲਮਾਨ ਨਜ਼ਰ ਆਉਣ ਲੱਗਦੇ ਹਨ। ਕੁਝ ਸਮਿਆਂ ਬਾਅਦ ਮੁਸਲਮਾਨਾਂ ਦਾ ਇਹ ਟੋਲਾ ਉਸ ਦੇ ਪੁੱਤ ਤੇ ਧੀਆਂ ਨੂੰ ਵੀ ਦਿਖਾਈ ਦੇਣ ਲੱਗਦਾ ਹੈ। ਬੇਸ਼ੱਕ ਇਨ੍ਹਾਂ ਬੱਚਿਆਂ ਦਾ ਜਨਮ ਸੰਤਾਲੀ ਦੀ ਵੰਡ ਤੋਂ ਬਾਅਦ ਹੋਇਆ ਹੈ, ਪਰ ਫਿਰ ਵੀ ਉਨ੍ਹਾਂ ਨੂੰ ਵੱਢ-ਟੁੱਕ ਕਰਦੇ ਮੁਸਲਮਾਨ ਨਜ਼ਰ ਆਉਂਦੇ ਹਨ। ਡਾ. ਕਾਲਾ ਦੀ ਇਹ ਕਹਾਣੀ ਪੜ੍ਹ ਕੇ ਸਮਝ ਲੱਗਦਾ ਹੈ ਕਿਵੇਂ ਸੰਤਾਲੀ ਦੌਰਾਨ ਸਾਰਾ ਪੰਜਾਬ ਹੀ ਇਕੋ ਤਰ੍ਹਾਂ ਦੇ ਮਾਨਸਿਕ ਰੋਗ ਦਾ ਪੀੜਤ ਬਣ ਗਿਆ ਸੀ। ਸਾਨੂੰ ਦੂਜੇ ਧਰਮ ਦਾ ਹਰ ਬੰਦਾ ਹੀ ਹੱਥ ਵਿਚ ਤਲਵਾਰਾਂ ਫੜੀ ਦੁਸ਼ਮਣ ਨਜ਼ਰ ਆਉਣ ਲੱਗਿਆ। ਪੰਜਾਬੀਆਂ ਨੇ ਛੇਤੀ ਹੀ ਇਸ ਭਰਮ ਨੂੰ ਹਕੀਕਤ ਮੰਨ ਲਿਆ ਅਤੇ ਗੁਰੂ ਦੇ ਨਾਂ ‘ਤੇ ਜਿਉਂਦਾ ਪੰਜਾਬ ਇਕ ਵਾਰ ਫੇਰ ਹਿੰਦੂ ਤੇ ਮੁਸਲਮਾਨ ਬਣ ਗਿਆ।

ਕਹਾਣੀ ‘ਜੰਗਬੰਦੀ ਦੌਰਾਨ ਮੁਹੱਬਤ’ ਦਾ ਸੁਨੀਲ ਬਟਵਾਰੇ ਦੌਰਾਨ ਆਪਣੇ ਪਿਓ ਨੂੰ ਗੁਆ ਚੁੱਕਾ ਹੈ। ਸ਼ਿਮਲੇ ਵਿਚ ਚਾਰ ਦਿਨਾਂ ਲਈ ਆਪਣੇ ਪਿਤਾ ਜ਼ੁਲਿਫ਼ਕਾਰ ਅਲੀ ਭੁੱਟੋ ਨਾਲ ਆਈ ਉਸ ਦੀ ਜਵਾਨ ਧੀ ਬੇਨਜ਼ੀਰ ਭੁੱਟੋ ਨੂੰ ਸੁਨੀਲ ਦਾ ਪੁੱਤ ਬ੍ਰਿਜ ਭੂਸ਼ਨ ਦੇਖਦਾ ਹੈ ਤਾਂ ਉਸੇ ਦਾ ਹੋ ਕੇ ਰਹਿ ਜਾਂਦਾ ਹੈ।

ਬੇਨਜ਼ੀਰ ਤਾਂ ਚਾਰ ਦਿਨਾਂ ਬਾਅਦ ਵਾਪਸ ਪਰਤ ਜਾਂਦੀ ਹੈ, ਪਰ ਬ੍ਰਿਜ ਭੂਸ਼ਨ ਉਸ ਦੀ ਯਾਦ ਵਿਚ ਮਾਨਸਿਕ ਰੋਗੀ ਹੋ ਜਾਂਦਾ ਹੈ ਤੇ ਉਸ ਨੂੰ ਸ਼ਿਮਲੇ ਦੀਆਂ ਪਹਾੜੀਆਂ ‘ਤੇ ਲੱਭਦਾ ਫਿਰਦਾ ਹੈ। ਆਪਣੇ ਪੁੱਤ ਦੀ ਮਾਨਸਿਕ ਸਥਿਤੀ ਤੋਂ ਪਰੇਸ਼ਾਨ ਸੁਨੀਲ, ਮਨੋਚਿਕਿਤਸਕ ਡਾ. ਪ੍ਰਕਾਸ਼ ਕੋਹਲੀ ਨੂੰ ਪੁੱਛਦਾ ਹੈ, ”ਇਹ ਬਟਵਾਰਾ ਸਾਡਾ ਖਹਿੜਾ ਕਦੋਂ ਛੱਡੇਗਾ? ਪਹਿਲਾਂ ਮੈਂ ਆਪਣੀਆਂ ਅੱਖਾਂ ਸਾਹਵੇਂ ਆਪਣਾ ਪਿਓ ਗਵਾਇਆ, ਤੇ ਹੁਣ ਮੇਰਾ ਪੁੱਤ।” ਜਿਵੇਂ ਇਹ ਤਿੰਨ ਪੀੜ੍ਹੀਆਂ ਇਕੋ ਦੁਖਾਂਤ ਦੀ ਹੋਣੀ ਭੋਗਦੀਆਂ ਹਨ, ਉਵੇਂ ਹੀ ਪੰਜਾਬ ਵੀ ਸੰਤਾਲੀ ਦੀ ਵੰਡ ਦਾ ਸਰਾਪਿਆ ਕਿੱਸਾ ਵਾਰ-ਵਾਰ ਭੋਗਣ ਲਈ ਮਜ਼ਬੂਰ ਹੈ।
ਚੁਰਾਸੀ ਇਸ ਸਰਾਪੇ ਕਿੱਸੇ ਦੀ ਹੀ ਅਗਲੀ ਕੜੀ ਹੈ। ਕਥਾ ਬਿਰਤਾਂਤ ਦੇ ਪਾਤਰ ਬਦਲ ਜਾਂਦੇ ਹਨ, ਪਰ ਕਥਾਨਕ ਉਹੀ ਰਹਿੰਦਾ ਹੈ। ਚੁਰਾਸੀ ਦੀ ਇਕ ਸ਼ਾਮ ਨੂੰ ਡਾ. ਪ੍ਰਕਾਸ਼ ਕੋਹਲੀ ਦੀ ਮਾਂ ਪੁੱਛਦੀ ਹੈ, ”ਕੀ ਹੁਣ ਫੇਰ ਬਟਵਾਰਾ ਹੋਣ ਲੱਗਿਆ?” ਡਾ. ਕੋਹਲੀ ਦਾ ਜੁਆਬ ਹੈ, ”ਕਮਲੀ ਨਾ ਬਣ। ਬਟਵਾਰੇ ਕੋਈ ਰੋਜ਼-ਰੋਜ਼ ਹੁੰਦੇ ਨੇ।” ਪਰ ਸੁਆਲ ਇਹ ਵੀ ਪੁੱਛਿਆ ਜਾਣਾ ਬਣਦਾ ਹੈ ਕਿ ਪੰਜਾਬ ਨੂੰ ਬਟਵਾਰੇ ਦਾ ਸੁਪਨਾ ਵਾਰ-ਵਾਰ ਕਿਉਂ ਆਉਂਦਾ ਹੈ? ‘ਦਿ ਅਨਸੇਫ ਅਸਾਇਲਮ’ ਦੀਆਂ ਕਹਾਣੀਆਂ ਸਭਿਅਕ/ਅਸਭਿਅਕ ਦੀ ਦਰਜਾਬੰਦੀ ਅਤੇ ਪਾਗਲਖ਼ਾਨਿਆਂ ਬਾਰੇ ਸਾਡੀ ਰਵਾਇਤੀ ਸੋਚ ‘ਤੇ ਵੀ ਸੁਆਲੀਆ ਨਿਸ਼ਾਨ ਲਾਉਂਦੀਆਂ ਹਨ। ਸਮਾਜ ਤੋਂ ਵੱਖ ਕੀਤੇ ਪਾਗਲਾਂ ਦੇ ਹਾਸ਼ੀਆਗਤ ਦਰਜੇ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਜਾਂਦਾ ਹੈ ਕਿ ਇਨ੍ਹਾਂ ਨੂੰ ਪਾਗਲਖ਼ਾਨਿਆਂ ਵਿਚ ਰੱਖਣ ਦੀ ਲੋੜ ਇਸ ਲਈ ਹੈ ਕਿਉਂਕਿ ਇਨ੍ਹਾਂ ਦਾ ਵਿਹਾਰ ਕਿਸੇ ਵੀ ਸਮੇਂ ਹਿੰਸਕ ਹੋ ਸਕਦਾ ਹੈ। ਦੂਜੇ ਪਾਸੇ ਇਨ੍ਹਾਂ ਕਹਾਣੀਆਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਮਨੁੱਖ ਅੰਦਰ ਸਭਿਅਕ/ਪਾਗਲ, ਨੈਤਿਕ/ਅਨੈਤਿਕ ਤੇ ਚੰਗਾ/ਮਾੜਾ ਇਉਂ ਰਲਗੱਡ ਹਨ ਕਿ ਇਨ੍ਹਾਂ ਨੂੰ ਇਕ-ਦੂਜੇ ਤੋਂ ਆਸਾਨੀ ਨਾਲ ਨਿਖੇੜਿਆ ਨਹੀਂ ਜਾ ਸਕਦਾ। ਕਹਾਣੀ ‘ਮਾਫ਼ੀ ਦੀ ਲੋੜ ਨਹੀਂ’ ਵਿਚ ਸੰਤਾਲੀ ਦੇ ਕਤਲੇਆਮ ਸਮੇਂ ਲਾਹੌਰ ਦੇ ਸਰਕਾਰੀ ਪਾਗਲਖ਼ਾਨੇ ਵਿਚ ਬੰਦ ਮੁਸਲਮਾਨ ਫੱਤੂ ਆਪਣੇ ਸਿੱਖ ਦੋਸਤ ਰੁਲਦੇ ਨੂੰ ਕਹਿੰਦਾ ਹੈ ਕਿ ਲਾਹੌਰ ਵਿਚ ਜਿਸ ਤਰ੍ਹਾਂ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ, ਕਿਉਂ ਨਾ ਪਾਗਲਖ਼ਾਨੇ ਦੇ ਸਾਇਨਬੋਰਡ ਦੀ ਦਿਸ਼ਾ ਲਾਹੌਰ ਸ਼ਹਿਰ ਵੱਲ ਕਰ ਦਿੱਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਪਾਗਲ ਅਸਲ ਵਿਚ ਕਿੱਥੇ ਰਹਿੰਦੇ ਹਨ। ਸੰਗ੍ਰਹਿ ਦੀ ਆਖ਼ਰੀ ਕਹਾਣੀ ‘ਰੁਲਦੇ ਦੀ ਰਿਹਾਈ’ ਵਿਚ ਪਾਗਲਖ਼ਾਨੇ ਤੋਂ ਰਿਹਾਅ ਹੋਇਆ ਰੁਲਦਾ ਜਦੋਂ ਦਿੱਲੀ ਪਹੁੰਚਦਾ ਹੈ ਤਾਂ ਉਸ ਦੇ ਸਾਹਮਣੇ ਚੁਰਾਸੀ ਦਾ ਕਤਲੇਆਮ
ਵਾਪਰ ਰਿਹਾ ਹੈ। ਸਿੱਖਾਂ ਦਾ ਕਤਲ ਕਰ ਰਹੀ ਹਜੂਮੀ ਭੀੜ ਉਸ ਦਾ ਪਿੱਛਾ ਕਰਨ ਲੱਗਦੀ ਹੈ ਤਾਂ ਉਹ ਬਚਦਾ-ਬਚਾਉਂਦਾ ਨਿਜ਼ਾਮੂਦੀਨ ਦੀਆਂ ਗਲੀਆਂ ਵਿਚ ਪਹੁੰਚਦਾ ਹੈ। ਰੁਲਦੇ ਨੂੰ ਇਸ ਤਰ੍ਹਾਂ ਬਦਹਵਾਸ ਦੇਖ ਜਦੋਂ ਇਕ ਟੈਕਸੀ ਡਰਾਈਵਰ ਉਸ ਨੂੰ ਪੁੱਛਦਾ ਹੈ ਕਿ ਸਰਦਾਰ ਜੀ ਕਿੱਥੇ ਜਾਣਾ ਹੈ ਤਾਂ ਰੁਲਦੇ ਦਾ ਜੁਆਬ ਹੈ, ”ਕੀ ਇਸ ਸ਼ਹਿਰ ‘ਚ ਕੋਈ ਪਾਗਲਖ਼ਾਨਾ ਹੈ?” ਰੁਲਦੇ ਨੂੰ ਸਭਿਅਕ ਲੋਕਾਂ ਦੀ ਇਸ ਦੁਨੀਆਂ ਤੋਂ ਅਸਭਿਅਕ ਲੋਕਾਂ ਦਾ ਪਾਗਲਖ਼ਾਨਾ ਕਿਤੇ ਵੱਧ ਸੁਰੱਖਿਅਤ ਥਾਂ ਜਾਪਦਾ ਹੈ।
ਇਸ ਕਿਤਾਬ ਦੀ ਖ਼ੂਬਸੂਰਤੀ ਇਸ ਗੱਲ ਵਿਚ ਹੈ ਕਿ ਹਨੇਰੇ ਸਮਿਆਂ ਦੀ ਬਾਤ ਪਾਉਂਦਿਆਂ ਵੀ ਇਸ ਸੰਗ੍ਰਹਿ ਦੀਆਂ ਕਹਾਣੀਆਂ ਮਨੁੱਖੀ ਸੰਵੇਦਨਾ ਦਾ ਪੱਲਾ ਨਹੀਂ ਛੱਡਦੀਆਂ। ਇਹ ਕਹਾਣੀਆਂ ਸਾਨੂੰ ਚੇਤੇ ਕਰਵਾਉਂਦੀਆਂ ਹਨ ਕਿ ਹਿੰਸਾ ਨੂੰ ਹਰਗਿਜ਼ ਵੀ ਹਿੰਸਾ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਕਹਾਣੀ
‘ਮਾਫ਼ੀ ਦੀ ਲੋੜ ਨਹੀਂ’ ਵਿਚ ਡਾ. ਆਸਿਫ਼ ਜੁਨੈਦ ਹੁਸੈਨ ਸੰਤਾਲੀ ਵਿਚ ਕਤਲ ਹੋਏ ਆਪਣੇ ਪਿਤਾ ਦੇ ਕਾਤਲ ਨੂੰ ਮਿਲਣ ਲਈ ਪਾਕਿਸਤਾਨ ਤੋਂ ਹਿੰਦੁਸਤਾਨ ਆਉਂਦਾ ਹੈ। ਕਾਤਲ ਰਮਣੀਕ ਸਿੰਘ ਉਸ ਦੇ ਸਾਹਮਣੇ ਇਕਬਾਲ ਕਰਦਾ ਹੈ ਕਿ ਉਸ ਨੇ ਹੀ ਜੁਨੈਦ ਦੇ ਪਿਓ ਨੂੰ ਮਾਰਿਆ ਹਾਲਾਂਕਿ ਉਹ ਜੁਨੈਦ ਦੇ ਪਿਤਾ ਨੂੰ ਜਾਣਦਾ ਤੱਕ ਨਹੀਂ ਸੀ। ਉਹ ਖ਼ੁਦ ਵੀ ਕਦੇ ਇਹ ਸਮਝ ਨਹੀਂ ਸਕਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ। ਇਹ ਕਹਿ ਕੇ ਉਹ ਬੱਚਿਆਂ ਵਾਂਗ ਫੁੱਟ-ਫੁੱਟ ਕੇ ਰੋਣ ਲੱਗਦਾ ਹੈ। ਕਹਾਣੀਕਾਰ ਲਿਖਦਾ ਹੈ, ‘ਨਾ ਹੀ ਮਾਫ਼ੀ ਮੰਗਣ ਲਈ ਕਿਹਾ ਗਿਆ, ਤੇ ਨਾ ਹੀ ਹੁਣ ਇਸਦੀ ਕੋਈ ਲੋੜ ਸੀ।’ ਜੁਨੈਦ ਪਾਕਿਸਤਾਨ ਪਰਤਣ ਤੋਂ ਪਹਿਲਾਂ ਰਮਣੀਕ ਸਿੰਘ ਲਈ ਦੁਆ ਕਰਦਾ ਹੈ ਕਿ ਅੱਜ ਦੀ ਰਾਤ ਉਸ ਨੂੰ ਚੈਨ ਦੀ ਨੀਂਦ ਨਸੀਬ ਹੋਵੇ।
ਦੂਜੇ ਨੂੰ ਨਾ ਸਵੀਕਾਰਨ, ਉਸ ਨੂੰ ਹਾਸ਼ੀਏ ‘ਤੇ ਧੱਕ ਕੇ ਜਾਂ ਉਸ ਦੀ ਸ਼ਨਾਖ਼ਤ ਨੂੰ ਦਰੜਨ ਕਾਰਨ ਹੀ ਸੰਤਾਲੀ ਜਾਂ ਚੁਰਾਸੀ ਵਾਪਰਦੇ ਹਨ। ‘ਗੁਜਰਾਤ ਫਾਈਲਜ਼’ ਕਿਤਾਬ ਦੀ ਲੇਖਕ ਰਾਣਾ ਅਯੂਬ ਕਹਿੰਦੀ ਹੈ ਕਿ ਸੰਨ 2002 ਵਿਚ ਜੋ ਮੁਸਲਮਾਨਾਂ ਨਾਲ ਵਾਪਰਿਆ ਬੇਸ਼ੱਕ ਉਹ ਬੁਰਾ ਸੀ, ਪਰ ਉਸ ਤੋਂ ਵੀ ਬੁਰਾ ਸੀ ਕਿ ਇਹ ਸਭ ਚੁਰਾਸੀ ਤੋਂ ਬਾਅਦ ਵਾਪਰਿਆ। ਅੱਜ ਜਦੋਂ ਇਕ ਵਾਰ ਫੇਰ ਮੁਲਕ ਨੂੰ ਸੰਤਾਲੀ ਦਾ ਤਾਪ ਚੜ੍ਹਿਆ ਹੈ, ਹਜੂਮੀ ਹਿੰਸਾ ਹਿੰਦੁਸਤਾਨ ਦੀਆਂ ਸੜਕਾਂ ‘ਤੇ ਖ਼ੂਨ ਦੀ ਹੋਲ਼ੀ ਖੇਡ ਰਹੀ ਹੈ ਤਾਂ ਸੰਤਾਲੀ, ਚੁਰਾਸੀ ਅਤੇ ਦੋ ਹਜ਼ਾਰ ਦੋ ਦੀਆਂ ਸਿਮਰਤੀਆਂ ਨੂੰ ਚੇਤੇ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ੲ
ਸੰਪਰਕ: 70420-73084

Comments

comments

Share This Post

RedditYahooBloggerMyspace