ਭਾਰਤ ਬੰਦ ਦੌਰਾਨ ਕਾਮਰੇਡਾਂ ਵੱਲੋਂ ਹਿੰਸਕ ਪ੍ਰਦਰਸ਼ਨ

ਨਵੀਂ ਦਿੱਲੀ : ਭਾਰਤ ਬੰਦ ਦੇ ਦੂਜੇ ਦਿਨ ਬੁੱਧਵਾਰ ਨੂੰ ਪੱਛਮੀ ਬੰਗਾਲ ਅਤੇ ਕੇਰਲਾ ’ਚ ਹਿੰਸਾ ਦੀਆਂ ਘਟਨਾਵਾਂ ਸਮੇਤ ਕਈ ਹੋਰ ਸੂਬਿਆਂ ’ਚ ਰੇਲਾਂ ਰੋਕੀਆਂ ਗਈਆਂ। ਬੰਦ ਕਾਰਨ ਬੈਂਕਿੰਗ ਅਤੇ ਬੀਮਾ ਸੇਵਾਵਾਂ ’ਤੇ ਅੰਸ਼ਕ ਅਸਰ ਪਿਆ। ਹੜਤਾਲ ਦਾ ਸੱਦਾ 10 ਕੇਂਦਰੀ ਟਰੇਡ ਯੂਨੀਅਨਾਂ ਨੇ ਦਿੱਤਾ ਸੀ ਜਿਸ ਕਾਰਨ ਖਣਨ, ਬੱਸਾਂ ਅਤੇ ਬਿਜਲੀ ਸਪਲਾਈ ’ਤੇ ਮਾੜਾ ਅਸਰ ਪਿਆ। ਟਰੇਡ ਯੂਨੀਅਨਾਂ ਨੇ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਬੰਦ ਦਾ ਸੱਦਾ ਦਿੱਤਾ ਸੀ। ਪੱਛਮੀ ਬੰਗਾਲ ਦੇ ਵੱਖ ਵੱਖ ਹਿੱਸਿਆਂ ’ਚ ਬੁੱਧਵਾਰ ਨੂੰ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਹਾਵੜਾ ਜ਼ਿਲ੍ਹੇ ’ਚ ਸਕੂਲ ਬੱਸਾਂ ’ਤੇ ਪਥਰਾਅ ਕੀਤਾ ਗਿਆ। ਮੰਗਲਵਾਰ ਨੂੰ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ। ਕੇਰਲਾ ਦੇ ਤਿਰੂਵਨੰਤਪੁਰਮ ’ਚ ਭਾਰਤੀ ਸਟੇਟ ਬੈਂਕ ਦੀ ਸ਼ਾਖਾ ’ਤੇ ਹਮਲਾ ਕੀਤਾ ਗਿਆ। ਸੂਬੇ ’ਚ ਕਈ ਥਾਵਾਂ ’ਤੇ ਰੇਲਾਂ ਵੀ ਰੋਕੀਆਂ ਗਈਆਂ। ਸੂਬੇ ’ਚ ਬਹੁਤੀਆਂ ਥਾਵਾਂ ’ਤੇ ਦੁਕਾਨਾਂ, ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਸੜਕਾਂ ’ਤੇ ਬੱਸਾਂ ਤੇ ਆਟੋ ਰਿਕਸ਼ਾ ਨਹੀਂ ਚੱਲੇ। ਤਾਮਿਲਨਾਡੂ ’ਚ ਕੁਝ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਰੇਲਾਂ ਰੋਕੀਆਂ ਜਦਕਿ ਤਿਲੰਗਾਨਾ ’ਚ ਕੁਝ ਸਰਕਾਰੀ ਬੈਕਾਂ ਦੀਆਂ ਸੇਵਾਵਾਂ ’ਤੇ ਅਸਰ ਪਿਆ। ਗੋਆ ’ਚ ਵੀ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਪ੍ਰਾਈਵੇਟ ਬੱਸਾਂ ਅਤੇ ਟੈਕਸੀਆਂ ਨਹੀਂ ਚਲੀਆਂ। ਮੁੰਬਈ ’ਚ ‘ਬੈਸਟ’ ਦੀ ਹੜਤਾਲ ਕਰਕੇ ਬੱਸਾਂ ’ਚ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੰਗਲੌਰ ’ਚ ਖੱਬੇ ਪੱਖੀ ਟਰੇਡ ਯੂਨੀਅਨਾਂ ਦੇ ਪ੍ਰਦਰਸ਼ਨਕਾਰੀਆਂ ਨੇ ਸੈਂਟਰਲ ਬੱਸ ਸਟੈਂਡ ’ਤੇ ਬੱਸ ਸੇਵਾਵਾਂ ’ਚ ਅੜਿੱਕਾ ਪਾਇਆ। ਜਾਣਕਾਰੀ ਮੁਤਾਬਕ ਹੜਤਾਲ ਕਰਕੇ ਮੰਗਲਵਾਰ ਨੂੰ 20 ਹਜ਼ਾਰ ਕਰੋੜ ਰੁਪਏ ਦੇ ਕਰੀਬ ਚੈੱਕ ਕਲੀਅਰ ਨਹੀਂ ਹੋ ਸਕੇ। ਹਿੰਦ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਹਰਭਜਨ ਸਿੰਘ ਸਿੱਧੂ ਨੇ ਕਿਹਾ ਕਿ ਅਸਾਮ, ਬਿਹਾਰ, ਉੜੀਸਾ, ਮਨੀਪੁਰ, ਮੇਘਾਲਿਆ, ਮਹਾਰਾਸ਼ਟਰ ਅਤੇ ਗੋਆ ’ਚ ਹੜਤਾਲ 100 ਫ਼ੀਸਦੀ ਰਹੀ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਨਅਤੀ ਇਲਾਕਿਆਂ ’ਚ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਦਿੱਲੀ ’ਚ ਮੰਡੀ ਹਾਊਸ ਤੋਂ ਸੰਸਦ ਵੱਲ ਕਰੀਬ ਚਾਰ ਹਜ਼ਾਰ ਵਰਕਰਾਂ ਨੇ ਰੋਸ ਮਾਰਚ ਕੱਢਿਆ। -ਪੀਟੀਆਈ

Comments

comments

Share This Post

RedditYahooBloggerMyspace