ਮਾਨਸਾ ’ਚ ਫੜੇ ਪੈਸਿਆਂ ਦੇ ਤਾਰ ਸੌਦਾ ਸਾਧ ਨਾਲ ‘ਜੁੜੇ’

ਮਾਨਸਾ  : ਮਾਨਸਾ ਪੁਲੀਸ ਵੱਲੋਂ ਪਤੀ-ਪਤਨੀ ਪਾਸੋਂ ਬੀਤੇ ਦਿਨ ਜ਼ਬਤ ਕੀਤੀ ਗਈ 3 ਕਰੋੜ ਦੀ ਨਗਦੀ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਭਾਵੇਂ ਪੁਲੀਸ ਨੇ ਇਹ ਮਾਮਲਾ ਬਠਿੰਡਾ ਇਨਕਮ ਟੈਕਸ ਵਿਭਾਗ ਹਵਾਲੇ ਕਰਕੇ ਸਾਰੀ ਕਰੰਸੀ ਸੀਲ ਕਰ ਦਿੱਤੀ ਗਈ ਹੈ, ਪਰ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਵੱਡੀ ਰਕਮ ਨੂੰ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਭੇਜੀ ਗਈ ਦੱਸਿਆ ਗਿਆ ਹੈ। ਪਾਰਟੀ ਨੇ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਮੁੜ ਤੋਂ ਲਾਂਬੂ ਲਾਉਣ ਦੀ ਇੱਕ ਵੱਡੀ ਕੋਸ਼ਿਸ਼ ਹੋ ਸਕਦੀ ਹੈ, ਜਿਸ ਦੀ ਮਾਨਸਾ ਪੁਲੀਸ ਸਮੇਤ ਪੰਜਾਬ ਪੁਲੀਸ ਵੱਲੋਂ ਬਾਰੀਕੀ ਨਾਲ ਪੜਤਾਲ ਕਰਨੀ ਚਾਹੀਦੀ ਹੈ।

ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਪਹਿਲਾਂ ਮੌੜ ਬੰਬ ਕਾਂਡ ਮਾਮਲੇ ਵਿੱਚ ਡੇਰਾ ਦੀ ਸ਼ਮੂਲੀਅਤ ਜੱਗ ਜ਼ਾਹਿਰ ਹੋ ਚੁੱਕੀ ਹੈ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਹੁਣ ਡੇਰਾ ਮੁਖੀ ਨੂੰ ਸਿਰਸਾ ਦੇ ਇਕ ਪੱਤਰਕਾਰ ਛੱਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਣਾ ਹੈ, ਜਿਸ ਦੇ ਮੱਦੇਨਜ਼ਰ ਇਹ ਵੱਡੀ ਰਕਮ ਦੇ ਕੇ ਫਿਰ ਹਿੰਸਾ ਫੈਲਾਉਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਇਸ ਸਾਧਾਰਨ ਡਰਾਈਵਰ ਤੋਂ ਇੰਨੀ ਵੱਡੀ ਰਕਮ ਦਾ ਫੜੇ ਜਾਣਾ ਕਿਸੇ ਵੀ ਤਰ੍ਹਾਂ ਮਾਮੂਲੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਸਾਫ ਕਿਹਾ ਕਿ ਉਕਤ ਪਤੀ-ਪਤਨੀ, ਉਨ੍ਹਾਂ ਵੱਲੋਂ ਦੱਸੇ ਜਾਂਦੇ ਠੇਕੇਦਾਰ ਤੇ ਹੋਰ ਵਿਅਕਤੀ ਡੇਰਾ ਸਿਰਸਾ ਨਾਲ ਜੁੜੇ ਹੋਏ ਹਨ, ਇਸ ਦੀ ਪੁਲੀਸ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ।
ਮਾਨਸਾ ਦੇ ਐੱਸਐੱਸਪੀ ਮਨਧੀਰ ਸਿੰਘ ਨੇ ਕਿਹਾ ਕਿ ਉਕਤ ਮਾਮਲਾ ਡੇਰਾ ਨਾਲ ਜੁੜੇ ਹੋਣ ਦਾ ਕੋਈ ਸੁਰਾਗ ਆਦਿ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਚੁੱਕੀ ਹੈ, ਜਦੋਂ ਕਿ ਇਸ ਰਾਸ਼ੀ ਦੀ ਮਾਲਕੀ ਅਤੇ ਇਸ ਨੂੰ ਅੱਗੇ ਭੇਜਣ ਵਾਲੇ ਮਾਮਲੇ ਦੀ ਇਨਕਮ ਟੈਕਸ ਵਿਭਾਗ ਵੱਲੋਂ ਪੜਤਾਲ ਆਰੰਭ ਹੋ ਗਈ ਹੈ, ਜਿਸ ਦੀ ਰਿਪੋਰਟ ’ਤੇ ਪੁਲੀਸ ਵੱਲੋਂ ਬਕਾਇਦਾ ਪਰਚਾ ਦਰਜ ਕੀਤਾ ਜਾਵੇਗਾ।

ਪੰਜਾਬ ਤੇ ਹਰਿਆਣਾ ਪੁਲੀਸ ਨੇ ਜਾਂਚ ਵਿੱਢੀ
ਸਿਰਸਾ  : ਮਾਨਸਾ ਪੁਲੀਸ ਵੱਲੋਂ ਬੀਤੇ ਦਿਨ 2 ਕਰੋੜ 99 ਲੱਖ 53 ਹਜ਼ਾਰ ਰੁਪਏ ਦੀ ਨਕਦੀ ਨਾਲ ਫੜਿਆ ਗਿਆ ਨਿਰਮਲ ਇੰਸਾਂ ਸਿਰਸਾ ਦੇ ਸੰਤਨਗਰ ਦਾ ਵਾਸੀ ਹੈ। ਨਿਰਮਲ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਦੱਸਿਆ ਗਿਆ ਹੈ ਕਿ 25 ਅਗਸਤ 2017 ਨੂੰ ਪੰਚਕੂਲਾ ਵਿੱਚ ਹੋਈ ਹਿੰਸਾ ਵਿੱਚ ਨਿਰਮਲ ਇੰਸਾਂ ਦਾ ਪੁੱਤਰ ਖੁਸ਼ਪ੍ਰੀਤ ਸਿੰਘ ਸ਼ਾਮਲ ਸੀ ਤੇ ਪੁਲੀਸ ਵੱਲੋਂ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। 11 ਜਨਵਰੀ ਨੂੰ ਛਤਰਪਤੀ ਕੇਸ ਮਾਮਲੇ ਦਾ ਫੈਸਲਾ ਆਉਣ ਦੀ ਸੰਭਾਵਨਾ ਹੈ। ਇਸ ਤੋਂ ਦੋ ਦਿਨ ਪਹਿਲਾਂ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨਿਰਮਲ ਸਿੰਘ ਤੇ ਸੁਖਪਾਲ ਕੌਰ ਤੋਂ ਬਰਾਮਦ ਕਰੀਬ 3 ਕਰੋੜ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਜਿਥੇ ਪੰਜਾਬ ਪੁਲੀਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਉਥੇ ਹੀ ਸਿਰਸਾ ਪੁਲੀਸ ਵੀ ਹਰਕਤ ਵਿੱਚ ਆ ਗਈ ਹੈ, ਕਿਉਂਕਿ ਨਿਰਮਲ ਦਾ ਸਬੰਧ ਸਿਰਸਾ ਨਾਲ ਹੈ।

Comments

comments

Share This Post

RedditYahooBloggerMyspace