ਰਾਜ ਸਭਾ ਵੱਲੋਂ ਵੀ ਨਵਾਂ ਕੋਟਾ ਬਿੱਲ ਪਾਸ

ਨਵੀਂ ਦਿੱਲੀ : ਆਮ ਸ਼੍ਰੇਣੀ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ 10 ਫ਼ੀਸਦੀ ਰਾਖਵਾਂਕਰਨ ਦੇਣ ਸਬੰਧੀ ਬਿੱਲ ’ਤੇ ਅੱਜ ਰਾਜ ਸਭਾ ਨੇ ਵੀ ਦੇਰ ਰਾਤ ਨੂੰ ਮੋਹਰ ਲਗਾ ਦਿੱਤੀ। ਜ਼ੋਰਦਾਰ ਬਹਿਸ ਮੁਕੰਮਲ ਹੋਣ ਤੋਂ ਬਾਅਦ ਬਿੱਲ ਦੇ ਪੱਖ ’ਚ 165 ਵੋਟਾਂ ਪਈਆਂ ਅਤੇ 7 ਨੇ ਉਸ ਖ਼ਿਲਾਫ਼ ਵੋਟਾਂ ਪਾਈਆਂ। ਡੀਐਮਕੇ ਆਗੂ ਕਨੀਮੋਝੀ ਵੱਲੋਂ ਬਿੱਲ ਸਿਲੈਕਟ ਕਮਟੀ ਦੇ ਹਵਾਲੇ ਕਰਨ ਦੇ ਮਤੇ ਨੂੰ ਹੁੰਗਾਰਾ ਨਹੀਂ ਮਿਲਿਆ। ਬਿੱਲ ਸਿਲੈਕਟ ਕਮੇਟੀ ਹਵਾਲੇ ਕੀਤੇ ਜਾਣ ਦੇ ਵਿਰੋਧ ’ਚ 155 ਵੋਟ ਪਏ ਜਦਕਿ ਉਸ ਦੀ ਹਮਾਇਤ ’ਚ 18 ਵੋਟ ਪਏ। ਇਸ ਨਾਲ ਮਤਾ ਖਾਰਜ ਹੋ ਗਿਆ। ਪ੍ਰਾਈਵੇਟ ਸੈਕਟਰ ’ਚ ਰਾਖਵਾਂਕਰਨ ਲਾਗੂ ਕਰਨ ਸਮੇਤ ਕਈ ਹੋਰ ਸੋਧ ਮਤੇ ਵੀ ਰੱਦ ਹੋ ਗਏ। ਇਸ ਤੋਂ ਪਹਿਲਾਂ ਬਹਿਸ ਦਾ ਜਵਾਬ ਦਿੰਦਿਆਂ ਸਮਾਜ ਭਲਾਈ ਅਤੇ ਸ਼ਕਤੀਕਰਨ ਮੰਤਰੀ ਥਾਵਰਚੰਦ ਗਹਿਲੋਤ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਕਿ ਸਰਕਾਰ ਦਾ ਇਰਾਦਾ ਨੇਕ ਹੈ ਅਤੇ ਉਸ ਦਾ ਨਿਸ਼ਾਨਾ ਦੇਸ਼ ਦੇ ਗਰੀਬਾਂ ਦਾ ਭਲਾ ਕਰਨਾ ਹੈ।

ਸਵੇਰੇ ਸ੍ਰੀ ਗਹਿਲੋਤ ਨੇ ਰਾਜ ਸਭਾ ’ਚ ‘ਸੰਵਿਧਾਨ (124ਵੀਂ ਸੋਧ) ਬਿੱਲ, 2019 ਪੇਸ਼ ਕੀਤਾ ਸੀ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਇਸ ਮੁੱਦੇ ’ਤੇ ਸਿਆਸਤ ਖੇਡ ਰਹੀ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਰਾਜ ਸਭਾ ’ਚ ਬਿੱਲ ਪੇਸ਼ ਕਰਨ ਦਾ ਤਿੱਖਾ ਵਿਰੋਧ ਕਰਦਿਆਂ ਬਿੱਲ ਸਿਲੈਕਟ ਕਮੇਟੀ ਹਵਾਲੇ ਕਰਨ ਦੀ ਹਮਾਇਤ ਕੀਤੀ। ਮੰਗਲਵਾਰ ਨੂੰ ਬਿੱਲ ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ ਸੀ। ਸ੍ਰੀ ਗਹਿਲੋਤ ਕਾਂਗਰਸ, ਡੀਐਮਕੇ, ਆਰਜੇਡੀ ਅਤੇ ਆਮ ਆਦਮੀ ਪਾਰਟੀ ਦੇ ਮੈਂਬਰ ਸਭਾਪਤੀ ਦੇ ਆਸਨ ਮੂਹਰੇ ਆ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਰੌਲਾ ਵਧਦਿਆਂ ਦੇਖ ਕੇ ਉਪ ਸਭਾਪਤੀ ਨੂੰ ਇਕ ਵਾਰ ਤਾਂ ਬਿੱਲ ’ਤੇ ਬਹਿਸ ਮੁਲਤਵੀ ਕਰਨੀ ਪਈ। ਡੀਐਮਕੇ ਮੈਂਬਰ ਕਨੀਮੋਝੀ ਨੇ ਸੰਵਿਧਾਨਕ ਸੋਧ ਬਿੱਲ ਸਿਲੈਕਟ ਕਮੇਟੀ ਕੋਲ ਭੇਜਣ ਦੀ ਵਕਾਲਤ ਕੀਤੀ ਅਤੇ ਮਤੇ ’ਤੇ ਵੋਟਿੰਗ ਦੀ ਮੰਗ ਕੀਤੀ। ਸੀਪੀਆਈ ਦੇ ਡੀ ਰਾਜਾ ਅਤੇ ਕਾਂਗਰਸ ਸਮੇਤ ਕੁਝ ਹੋਰ ਪਾਰਟੀਆਂ ਨੇ ਉਸ ਨੂੰ ਹਮਾਇਤ ਦਿੰਦਿਆਂ ਉਪ ਸਭਾਪਤੀ ਨੂੰ ਮਤੇ ’ਤੇ ਵੋਟਿੰਗ ਕਰਾਉਣ ਲਈ ਕਿਹਾ। ਇਸ ’ਤੇ ਉਪ ਸਭਾਪਤੀ ਨੇ ਕਿਹਾ ਕਿ ਬਿੱਲ ’ਤੇ ਬਹਿਸ ਮਗਰੋਂ ਹੀ ਅਜਿਹਾ ਸੰਭਵ ਹੈ ਜਿਸ ’ਤੇ ਵਿਰੋਧੀ ਮੈਂਬਰਾਂ ਨੇ ਨਾਅਰੇਬਾਜ਼ੀ ਤੇਜ਼ ਕਰ ਦਿੱਤੀ। ਕਾਂਗਰਸ ਮੈਂਬਰ ਆਨੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿੱਲ ਦੀ ਹਮਾਇਤ ਕਰਦੀ ਹੈ ਪਰ ਜਿਸ ਢੰਗ ਨਾਲ ਬਿੱਲ ਲਿਆਂਦਾ ਜਾ ਰਿਹਾ ਹੈ, ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਆਮ ਸ਼੍ਰੇਣੀ ਦੇ ਗਰੀਬਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨੌਕਰੀਆਂ ’ਚ 10 ਫ਼ੀਸਦੀ ਰਾਖਵਾਂਕਰਨ ਮਿਲੇਗਾ। ਸ੍ਰੀ ਪ੍ਰਸਾਦ ਨੇ ਕਿਹਾ ਕਿ ਸੂਬੇ ਆਪਣੇ ਹਿਸਾਬ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਮਾਪਦੰਡ ਤੈਅ ਕਰਨ ਸਕਣਗੇ ਅਤੇ ਸੰਵਿਧਾਨ ਉਨ੍ਹਾਂ ਨੂੰ ਇਸ ਦੀ ਤਾਕਤ ਦੇਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਬਿੱਲ ਸਰਕਾਰ ਲਈ ਆਖਰੀ ਗੇਂਦ ’ਤੇ ਮੈਚ ਜਿਤਾਉਣ ਵਾਲਾ ਛੱਕਾ ਸਾਬਿਤ ਹੋਵੇਗਾ। ਬਹਿਸ ’ਚ ਹਿੱਸਾ ਲੈਂਦਿਆਂ ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਇਹ ਛੱਕਾ ਬਾਊਂਡਰੀ ਵੀ ਪਾਰ ਨਹੀਂ ਕਰ ਸਕੇਗਾ ਅਤੇ ਬਿੱਲ ਦਾ ਹਸ਼ਰ ਫਿਲਮ ‘ਲਗਾਨ’ ਵਰਗਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਬਸਪਾ ਅਤੇ ਸਮਾਜਵਾਦੀ ਪਾਰਟੀ ਦੇ ਇਕੱਠਿਆਂ ਆਉਣ ਕਰਕੇ ਭਾਜਪਾ ਨੇ ਰਾਤੋਂ ਰਾਤ ਬਿੱਲ ਨੂੰ ਲੈ ਆਉਂਦਾ ਹੈ।
-ਪੀਟੀਆਈ

ਉੱਤਰ ਪੂਰਬ ਦੀ ਪਛਾਣ ਬਣਾਈ ਰੱਖਣ ਲਈ ਵਚਨਬੱਧ: ਰਾਜਨਾਥ
ਨਵੀਂ ਦਿੱਲੀ: ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜ ਸਭਾ ’ਚ ਦੱਸਿਆ ਕਿ ਨਾਗਰਿਕਤਾ ਸੋਧ ਬਿੱਲ ਨਾਲ ਤਿੰਨ ਮੁਲਕਾਂ ’ਚ ਰਹਿੰਦੇ ਘੱਟ ਗਿਣਤੀਆਂ ਲਈ ਭਾਰਤੀ ਨਾਗਰਿਕਤਾ ਦਾ ਰਾਹ ਪੱਧਰਾ ਹੋਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਉੱਤਰ ਪੂਰਬ ਦੀ ਪਛਾਣ ਅਤੇ ਸੱਭਿਅਚਾਰ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਬਿੱਲ ਨਾਲ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਗ਼ੈਰ ਮੁਸਲਿਮ ਨਾਗਰਿਕਾਂ ਨੂੰ ਕੁਝ ਸ਼ਰਤਾਂ ਨਾਲ ਭਾਰਤੀ ਨਾਗਰਿਕਤਾ ਮਿਲ ਸਕੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸਾਮ, ਤ੍ਰਿਪੁਰਾ ਅਤੇ ਮੇਘਾਲਿਆ ’ਚ ਬੰਦ ਦੌਰਾਨ ਹਿੰਸਾ ਮਗਰੋਂ ਹੁਣ ਉਥੇ ਹਾਲਾਤ ਠੀਕ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਅਸਾਮ ਸਮਝੌਤੇ ਨੂੰ ਲਾਗੂ ਕਰਨ ਲਈ ਠੋਸ ਕਦਮ ਉਠਾਏ ਹਨ।

Comments

comments

Share This Post

RedditYahooBloggerMyspace