ਸਿੱਖ ਆਗੂ ਭਾਜਪਾ ਦੇ ਜਾਲ ਤੋਂ ਸੁਚੇਤ ਰਹਿਣ…

ਜਸਪਾਲ ਸਿੰਘ ਹੇਰਾਂ

ਕੰਨਸੋਆਂ ਹਨ, ਚਰਚਾ ਹੈ ਕਿ ਭਾਜਪਾ ਵੱਲੋਂ ਸੀਨੀਅਰ ਵਕੀਲ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇੱਕ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਭਿਜਵਾ ਕੇ ਸਿੱਖ ਪੰਥ ਦੇ ਨਾਇਕ ਬਣੇ, ਐੱਚ. ਐੱਸ. ਫੂਲਕਾ ਨੂੰ ਆਪਣੀ ਛੱਤਰੀ ਤੇ ਬਿਠਾਉਣ ਲਈ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅਸੀਂ ਇਸ ਤੋਂ ਪਹਿਲਾ ਵੀ ਲਿਖਿਆ ਹੈ ਕਿ ਬਾਦਲਾਂ ਨੂੰ ਸਿੱਖ ਕੌਮ ਵੱਲੋਂ ਨਕਾਰ ਦਿੱਤੇ ਜਾਣ ਤੋਂ ਬਾਅਦ ਭਾਜਪਾ, ਕਿਸੇ ਹੋਰ ਸਿੱਖ ਚਿਹਰੇ ਦੀ ਭਾਲ ਕਰ ਰਹੀ ਹੈ। ਜਿਸਨੂੰ ਅੱਗੇ ਲਾਕੇ, ਸਿੱਖਾਂ ਨੂੰ ਵਕਤੀ ਤੌਰ ਤੇ ਖ਼ੁਸ਼ ਕੀਤਾ ਜਾ ਸਕੇ। ਇਸ ਤੋਂ ਪਹਿਲਾ ਵੀ ਬੈਂਸ ਭਰਾਵਾਂ ਤੇ ਡੋਰੇ ਪਾਉਣ ਤੋਂ ਲੈ ਕੇ ਚੰਦੂਮਾਜਰਾ ਤੇ ਢੀਂਡਸਾ ਤੱਕ ਨੂੰ ਭਾਜਪਾ ਨੇ ਚੋਗਾ ਪਾਉਣ ਦਾ ਹਰ ਸੰਭਵ ਯਤਨ ਕੀਤਾ ਹੈ। ਪੰਜਾਬ ਦੀ ਸਿਆਸਤ ‘ਚ ਇਸ ਸਮੇਂ ਬੇਯਕੀਨੀ ਵਾਲੀ ਹਾਲਤ ਬਣੀ ਹੋਈ ਹੈ।

ਪੰਜਾਬ ਦੇ ਲੋਕ ਸਥਾਪਿਤ ਧਿਰਾਂ ਕਾਂਗਰਸ, ਬਾਦਲ ਤੇ ਆਪ ਤੋਂ ਅੱਕੇ ਹੋਏ ਹਨ। ਬਾਦਲਾਂ ਪ੍ਰਤੀ ਨਫ਼ਰਤ ਹਾਲੇ ਠੰਡੀ ਨਹੀਂ ਹੋਈ। ਕਾਂਗਰਸ ਨੇ ਪੰਜਾਬ ਦਾ ਬੇੜਾ ਬਿਠਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਆਪ ਦੀ ਫੁੱਟ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੋਇਆ ਹੈ। ਇਸ ਕਾਰਨ ਪੰਜਾਬ ‘ਚ ਨਵੇਂ ਬਦਲ ਦੀ ਲੋੜ ਤਾਂ ਮਹਿਸੂਸ ਕੀਤੀ ਜਾ ਰਹੀ ਹੈ, ਪ੍ਰੰਤੂ ਭਾਜਪਾ ਜਿਸਨੇ ਮਈ ‘ਚ ਲੋਕ ਸਭਾ ਚੋਣਾਂ ਰਾਮ ਮੰਦਿਰ ਨੂੰ ਮੁੱਦਾ ਬਣਾਕੇ ਲੜਨੀਆਂ ਹਨ। ਉਹ ਹਿੰਦੂ ਵੋਟਰਾਂ ਦੇ ਧਰੁਵੀਕਰਨ ਦੀ ਆਸ ਲਾਈ ਬੈਠੀ ਹੈ ਅਤੇ ਸਿੱਖ ਚਿਹਰੇ ਨੂੰ ਅੱਗੇ ਕਰਕੇ, ਸਿੱਖ ਵੋਟਰਾਂ ‘ਚ ਸੰਨ੍ਹ ਲਾਉਣ ਦੀ ਕੋਸ਼ਿਸ਼ ‘ਚ ਹੈ। ਪ੍ਰੰਤੂ ਅਸੀਂ ਜਾਣਦੇ ਹਾਂ ਕਿ ਭਗਵਾਂ ਬ੍ਰਿਗੇਡ ਸਿੱਖਾਂ ਦੀ ਹੋਂਦ ਨੂੰ ਖ਼ਤਮ ਕਰਨ ਲਈ ਦ੍ਰਿੜ੍ਹ ਸੰਕਲਪ ਹੈ।

ਇਸ ਲਈ ਉਹ ਸਿੱਖਾਂ ਨੂੰ ਵਰਤਣ ਤੋਂ ਬਾਅਦ ਆਪਣੀ ਅਸਲੀ ਖੇਡ ਵੱਲ ਮੁੜੇਗੀ ਹੀ, ਇਸ ‘ਚ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ। ਅਸੀਂ ਜਾਣਦੇ ਹਾਂ ਕਿ ਸਿਆਸੀ ਆਗੂ, ਸਿਆਸੀ ਲਾਹੇ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਦਾ ਭਾਜਪਾ ਦੀ ਝੋਲੀ ਪੈਣਾ ਵੀ ਅਸੰਭਵ ਨਹੀਂ, ਪ੍ਰੰਤੂ ਅਸੀਂ ਆਪਣੇ ਅੱਜ ਦੇ ਹੋਕੇ ਰਾਹੀਂ ਉਨ੍ਹਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਸਿੱਖ ਬਾਦਲਕਿਆਂ, ਰਾਹੁਲਕਿਆਂ ਤੇ ਮੋਦੀਕਿਆਂ, ਤਿੰਨਾਂ ਤੋਂ ਹੀ ਛੁਟਕਾਰਾ ਚਾਹੁੰਦੇ ਹਨ। ਉਨ੍ਹਾਂ ਲਈ ਇਹ ਤਿੰਨੋ ਧਿਰਾਂ 19-21 ਦੇ ਫ਼ਰਕ ਨਾਲ ਖ਼ਤਰਨਾਕ ਹਨ, ਇਸ ਲਈ ਕੋਈ ਵੀ ਸਿੱਖ ਆਗੂ ਕਿਸੇ ਤਰ੍ਹਾਂ ਦਾ ਫ਼ੈਸਲਾ ਲੈਣ ਤੋਂ ਪਹਿਲਾ, ਸਿੱਖ ਭਾਵਨਾਵਾਂ ਦਾ ਖ਼ਿਆਲ ਜ਼ਰੂਰ ਕਰ ਲਵੇ। ਅਸੀਂ ਵਾਰ-ਵਾਰ ਹੋਕਾ ਦਿੱਤਾ ਹੈ ਕਿ ਭਗਵਾਂ ਬ੍ਰਿਗੇਡ ਦੇ ਮਨਸੂਬੇ ਦੇਸ਼ ਦੀਆਂ ਘੱਟਗਿਣਤੀਆਂ ਲਈ ਖ਼ਤਰਨਾਕ ਹਨ। ਉਹ ਵਾਰ-ਵਾਰ ਦੇਸ਼ ਦੇ ਹਿੰਦੂਕਰਨ ਦੀ ਗੱਲ ਦੁਹਰਾ ਰਹੇ ਹਨ ਅਤੇ ਸਿੱਖ ਧਰਮ ਨੂੰ ਵਾਰ-ਵਾਰ ਹਿੰਦੂ ਧਰਮ ਦਾ ਅੰਗ ਦੱਸਿਆ ਜਾ ਰਿਹਾ ਹੈ। ਸਿੱਖਾਂ ਪ੍ਰਤੀ ਸੰਘ ਦੀ ਸੋਚ ਫ਼ਿਰਕੂ ਹੀ ਨਹੀਂ ਸਗੋਂ ਨਫ਼ਰਤ ਭਰੀ ਵੀ ਹੈ। ਇਸ ਲਈ ਜਦੋਂ ਵੀ ਸਿੱਖਾਂ ਨੇ ਆਪਣੀਆਂ ਹੱਕੀ ਮੰਗਾਂ ਅਤੇ ਅਧਿਕਾਰਾਂ ਲਈ ਲੜਾਈ ਲੜੀ ਤਾਂ ਭਗਵਾਂ ਬ੍ਰਿਗੇਡ ਨੇ ਖੁੱਲ੍ਹ ਕੇ ਹੀ ਨਹੀਂ, ਸਗੋਂ ਡਟ ਕੇ ਸਿੱਖਾਂ ਦਾ ਵਿਰੋਧ ਕੀਤਾ। ਅੱਜ ਜਦੋਂ ਪੰਜਾਬ ਦੀ ਸੱਤਾ ਤੇ ਕਬਜ਼ੇ ਲਈ ਭਾਜਪਾ ਸਿੱਖਾਂ ਨੂੰ ਭਰਮਾਉਣ ਲੱਗੀ ਹੋਈ ਹੈ ਅਤੇ ਆਮ ਸਿੱਖ ਬਾਦਲ ਤੋਂ ਦੁਖੀ ਹੋਇਆ ਇਹ ਆਖ਼ੀ ਜਾ ਰਿਹਾ ਹੈ ਕਿ, ”ਚੱਲੋ! ਬਾਦਲਾਂ ਨਾਲੋਂ ਤਾਂ ਭਾਜਪਾ ਚੰਗੀ ਹੀ ਹੈ” ਅਸੀਂ ਕੌਮ ਨੂੰ ਪਹਿਲਾ ਵੀ ਚੇਤੰਨ ਕੀਤਾ ਹੈ ਕਿ ਭਗਵਾਂ ਬ੍ਰਿਗੇਡ ਅਜਗਰ ਹੈ, ਜਿਹੜੀ ਸਿੱਖਾਂ ਨੂੰ ਹੜੱਪਣ ਲਈ ਕਾਹਲੀ ਹੈ। ਇਹ ਕਦੇ ਵੀ ਸਿੱਖਾਂ ਦੀ ਮਿੱਤ ਨਹੀਂ ਹੋ ਸਕਦੀ। ਬਾਦਲਾਂ ਨੂੰ ਆਪਣੇ ਭਾਈਵਾਲ ਬਣਾਉਣ ਸਮੇਂ ਭਗਵਾਂ-ਬ੍ਰਿਗੇਡ ਨੇ ਉਨ੍ਹਾਂ ਦੀ ਸੱਤਾ ਭੁੱਖ ਨੂੰ ਦੇਖਦਿਆਂ, ਉਨ੍ਹਾਂ ਸਿੱਖਾਂ ਨੂੰ ਖੋਰਾ ਲਾਉਣ ਵਾਲਾ ਕਾਰਗਰ ਹਥਿਆਰ ਮੰਨ ਕੇ ਹੀ ਭਾਈਵਾਲ ਬਣਾਇਆ ਸੀ ਅਤੇ ਹੁਣ ਜਦੋਂ ਬਾਦਲਾਂ ਦਾ ਸਿੱਖਾਂ ‘ਚ ਆਧਾਰ ਲਗਭਗ ਖ਼ਤਮ ਹੋ ਰਿਹਾ ਹੈ ਤੇ ਉਹ ਭਾਜਪਾ ਦੀ ਮਾਂ ਸੰਘ ਦੇ ਮਿਸ਼ਨ ਦੀ ਪੂਰਤੀ ਲਈ ਕਾਰਗਰ ਨਹੀਂ ਰਹੇ, ਜਿਸ ਕਾਰਨ ਉਨ੍ਹਾਂ ਦੀ ਛੁੱਟੀ ਕਰਨ ਦੀ ਸਾਜ਼ਿਸ ਨਾਲ ਭਾਜਪਾ ਪੰਜਾਬ ‘ਚ ਇਕੱਲੇ ਸੱਤਾ ਪ੍ਰਾਪਤੀ ਲਈ, ਸਿੱਖਾਂ ਤੇ ਡੋਰੇ ਪਾ ਰਹੀ ਹੈ। ਪ੍ਰੰਤੂ ਜਦੋਂ ਸਿੱਖ ਜਜ਼ਬਾਤਾਂ, ਸਿੱਖ ਭਾਵਨਾਵਾਂ ਤੇ ਸਿੱਖੀ ਦੀ ਚੜ੍ਹਦੀ ਕਲਾ ਦਾ ਕੋਈ ਮੁੱਦਾ ਸਾਹਮਣੇ ਆਉਂਦਾ ਵਿਖਾਈ ਦੇਵੇਗਾ ਤਾਂ ਭਾਜਪਾ ਝੱਟ-ਛੜੱਪਾ ਮਾਰ ਕੇ ਪਾਸੇ ਹੋ ਜਾਵੇਗੀ, ਜਿਸ ਦਾ ਸਬੂਤ ਭਾਜਪਾ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੁੱਦੇ ਤੇ ਸਿਰ ਮਾਰ ਕੇ ਦੇ ਦਿੱਤਾ ਹੈ।

ਸਿੱਖ ਨਜ਼ਰਬੰਦਾਂ ਦੀ ਰਿਹਾਈ ਮੰਗੀ ਸੀ, ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਪ੍ਰੰਤੂ ਗ੍ਰਹਿ ਵਿਭਾਗ ਨੇ ਉਨ੍ਹਾਂ ਦੀ ਮੰਗ ਮੰਨਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਭਗਵਾਂ ਬ੍ਰਿਗੇਡ ਕਦੇ ਵੀ ਸਿੱਖ ਮੁੱਦਿਆਂ ਤੇ ਸੱਚੀ ਹਮਦਰਦੀ ਪ੍ਰਗਟਾ ਨਹੀਂ ਸਕਦੀ, ਉਹ ਆਪਣੇ ਸੁਆਰਥ ਲਈ ਸਿਰਫ਼ ਤੇ ਸਿਰਫ਼ ਮਗਰਮੱਛ ਦੇ ਹੰਝੂ ਹੀ ਵਹਾ ਸਕਦੀ ਹੈ। ਸੰਘ ਦਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਐਲਾਨ, ਹਵਾ ‘ਚ ਛੱਡਿਆ ਗਿਆ ਤੀਰ ਨਹੀਂ, ਸਗੋਂ ਇਹ ਡੂੰਘੀ ਸਾਜ਼ਿਸ ਹੈ, ਜਿਸ ਦੀ ਭਗਵਾਂ ਡੂੰਘੀ ਸੋਚ ਵਿਚਾਰ ਨਾਲ ਨੀਂਹ ਰੱਖੀ ਗਈ ਹੈ, ਉਸਦਾ ਹਿੱਸਾ ਹੈ। ਭਾਜਪਾ ਲਈ ਸਿੱਖ ਮੁੱਦੇ ਵੋਟ ਰਾਜਨੀਤੀ ਦਾ ਹਿੱਸਾ ਤਾਂ ਹੋ ਸਕਦੇ ਹਨ, ਪ੍ਰੰਤੂ ਸਿੱਖ ਹਮਦਰਦੀ ਦੇ ਨਹੀਂ।

ਸਾਕਾ ਦਰਬਾਰ ਸਾਹਿਬ ਬਾਰੇ ਇਸੇ ਭਗਵਾਂ ਬ੍ਰਿਗੇਡ ਨੇ ਲੱਡੂ ਵੰਡੇ ਸਨ ਅਤੇ ਇੰਦਰਾ ਗਾਂਧੀ ਨੂੰ ”ਦੇਰ ਆਏ ਦਰੁਸਤ ਆਏ” ਆਖਿਆ ਸੀ। ਸਿੱਖਾਂ ਲਈ ਇਹ ਵੱਡੀ ਤ੍ਰਾਸਦੀ ਹੀ ਆਖੀ ਜਾ ਸਕਦੀ ਹੈ, ਕਿ ਜਿਸ ਧਰਮ ਦੀ ਰਾਖੀ ਲਈ ਉਨ੍ਹਾਂ ਦੇ ਗੁਰੂ ਨੇ ਸ਼ਹਾਦਤ ਦਿੱਤੀ ਅਤੇ ਜਿਸ ਧਰਮ ਦੀਆਂ ਧੀਆਂ-ਭੈਣਾਂ ਨੂੰ ਗ਼ਜ਼ਨੀ ਦੇ ਬਜ਼ਾਰਾਂ ‘ਚ ਵਿਕਦੀਆਂ ਨੂੰ ਵਾਪਸ ਲਿਆਂਦਾ, ਅੱਜ ਉਸੇ ਧਰਮ ਦੇ ਠੇਕੇਦਾਰ, ਸਿੱਖੀ ਤੇ ਸਿੱਖਾਂ ਨੂੰ ਹੜੱਪਣ ਲਈ ਕਾਹਲੇ ਹਨ, ਉਸੇ ਦੇਸ਼ ਨੂੰ ਜਿਸ ਦੀ ਹੋਂਦ ਹੀ ਸਿੱਖਾਂ ਕਾਰਨ ਬਚੀ ਹੈ, ਹਿੰਦੂ ਰਾਸ਼ਟਰ ਬਣਾਉਣ ਦੇ ਦਮਗਜੇ ਮਾਰੇ ਜਾ ਰਹੇ ਹਨ। ਦੇਸ਼ ‘ਚ ਸਿੱਖਾਂ ਨੂੰ ਇਨਸਾਫ਼, ਲੈਣ ਲਈ ਭੁੱਖ ਹੜਤਾਲਾਂ, ਧਰਨੇ, ਰੋਸ, ਮੁਜ਼ਾਹਰੇ ਕਰਨੇ ਪੈਂਦੇ ਹਨ। ਪ੍ਰੰਤੂ ਇਸਦੇ ਬਾਵਜੂਦ ਅੰਨ੍ਹੀਆਂ-ਬੋਲ੍ਹੀਆਂ ਸਰਕਾਰਾਂ ਸਿੱਖੀ ਵਿਰੋਧੀ ਐਨਕਾਂ ਲਾ ਕੇ ਬੈਠੀਆਂ ਹਨ। ਉਨ੍ਹਾਂ ਨੂੰ ਕੁਝ ਵਿਖਾਈ ਹੀ ਨਹੀਂ ਦਿੰਦਾ। ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਵੀ ਰਿਹਾਈ ਤੋਂ ਤਾਂ ਇਨਕਾਰ ਕਰ ਦਿੱਤਾ ਗਿਆ ਹੈ। ਪ੍ਰੰਤੂ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਕਰਨ ਵਾਲੇ ਕਸਾਈਆਂ ਦੀਆਂ ਸੱਤ-ਸੱਤ ਫ਼ਾਸੀਆਂ ਮਾਫ਼, ਸਿੱਖ ਕਤਲੇਆਮ ਦੇ ਗੰਭੀਰ ਦੋਸ਼ੀਆਂ ਨੂੰ ਬਿਨਾਂ ਮੰਗੇ ਪੈਰੋਲ ਦੇਣ ‘ਚ ਕੋਈ ਝਿਜਕ ਨਹੀਂ ਹੁੰਦੀ।

ਅਸੀਂ ਕੌਮ ਨੂੰ ਸਮੇਤ ਬਾਦਲਾਂ ਦੇ ਇਹ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਭਗਵਾਂ ਬ੍ਰਿਗੇਡ ਤੇ ਭਰੋਸਾ ਕਰਨਾ ਛੱਡੋ। ਆਪਣੀਆਂ ਹੱਕੀ ਮੰਗਾਂ ਲਈ ਕੌਮ ਦੀ ਇੱਕਜੁੱਟਤਾ ਜ਼ਰੂਰੀ ਹੈ। ਅੱਜ ਭਾਜਪਾ ਨੂੰ ਹਰ ਪਾਸੇ ਹਰਾ-ਹਰਾ ਵਿਖਾਈ ਦੇ ਰਿਹਾ ਹੈ। ਉਸ ਨੂੰ ਜਾਪਦਾ ਹੈ ਕਿ ਸਿੱਖਾਂ ਦੀ ਜ਼ਮੀਰ ਮਰ ਚੁੱਕੀ ਹੈ, ਇਸੇ ਲਈ ਅੱਜ ਹਰ ਸਿੱਖ ਆਗੂ, ਸੰਘ ਦੀ ਨਿੱਕਰ ਪਾਉਣ ਲਈ ਕਾਹਲਾ ਹੋਇਆ ਫਿਰਦਾ ਹੈ, ਜਿਸ ਸਰਕਾਰੀ ਭਾਜਪਾ ਨੇ ਸਿੱਖ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਥਾਂ, ਇਨ੍ਹਾਂ ਨੂੰ ਆਪਣੀ ਸਿਆਸੀ ਖੇਡ ਦਾ ਮੋਹਰਾ ਬਣਾਉਣ ਦੀ ਰਣਨੀਤੀ ਅਪਣਾ ਲਈ ਹੈ। ਕੌਮ ਨੂੰ ਬਿਗਾਨੀ ਝਾਕ ਛੱਡ ਕੇ ਆਪਣੀ ਸ਼ਕਤੀ ਜਿਹੜੀ ਏਕਤਾ ਨਾਲ ਮਜ਼ਬੂਤ ਹੋਣੀ ਹੈ, ਉਸ ਸ਼ਕਤੀ ਦੇ ਬਲਬੂਤੇ ਸੰਘਰਸ਼ ਨਿਰੰਤਰ ਜਾਰੀ ਰੱਖਣ ਪਵੇਗਾ ਤਾਂ ਕਿ ਸਰਕਾਰ ਸਿੱਖਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਆਖ਼ਰ ਮਜਬੂਰ ਹੋ ਜਾਵੇ।

Comments

comments

Share This Post

RedditYahooBloggerMyspace