ਆਲੋਕ ਵਰਮਾ ਨੇ ਅਸਤੀਫਾ ਦਿੱਤਾ

ਨਵੀਂ ਦਿੱਲੀ : ਉੱਚ ਤਾਕਤੀ ਚੋਣ ਕਮੇਟੀ ਵੱਲੋਂ ਬੀਤੇ ਦਿਨ ਅਹੁਦੇ ਤੋਂ ਹਟਾਏ ਗਏ ਸਾਬਕਾ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੇ ਅੱਜ ਫਾਇਰ ਸਰਵਿਸਿਜ਼, ਸਿਵਲ ਡਿਵੈਂਸ ਤੇ ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ ਵਜੋਂ ਚਾਰਜ ਲੈਣ ਤੋਂ ਇਨਕਾਰ ਕਰਦਿਆਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਸ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ‘ਮੁਕੰਮਲ ਹੋਈਆਂ’ ਮੰਨ ਲਈਆਂ ਜਾਣ।

ਸ੍ਰੀ ਵਰਮਾ ਨੇ ਪਰਸੋਨਲ ਤੇ ਟਰੇਨਿੰਗ ਵਿਭਾਗ ਦੇ ਸਕੱਤਰ ਨੂੰ ਲਿਖਿਆ ਕਿ ਉੱਚ ਤਾਕਤੀ ਚੋਣ ਕਮੇਟੀ ਨੇ ਉਸ ਨੂੰ ਸੀਵੀਸੀ ਦੀ ਰਿਪੋਰਟ ’ਚ ਲਗਾਏ ਗਏ ਦੋਸ਼ਾਂ ਬਾਰੇ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਵਿਅਕਤੀ ਵੱਲੋਂ ਲਗਾਏ ਗਏ ਝੂਠੇ ਤੇ ਬੇਬੁਨਿਆਦ ਦੋਸ਼ਾਂ ਦੇ ਆਧਾਰ ’ਤੇ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਸ੍ਰੀ ਵਰਮਾ ਨੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦਾ ਨਾਂ ਲਏ ਬਿਨਾਂ ਕਿਹਾ, ‘ਨਿਆਂ ਦਾ ਕੁਦਰਤੀ ਢੰਗ ਪੂਰੀ ਤਰ੍ਹਾਂ ਉਲਟਾ ਦਿੱਤਾ ਗਿਆ ਤੇ ਸਾਰੀ ਪ੍ਰਕਿਰਿਆ ਨੂੰ ਆਪਣੇ ਢੰਗ ਨਾਲ ਚਲਾਉਂਦਿਆਂ ਸਿਰਫ਼ ਇਹ ਲਿਖ ਦਿੱਤਾ ਗਿਆ ਕਿ ਉਕਤ ਵਿਅਕਤੀ ਨੂੰ ਸੀਬੀਆਈ ਦੇ ਡਾਇਰਕੈਟਰ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਚੋਣ ਕਮੇਟੀ ਨੇ ਇਸ ਤੱਥ ਨੂੰ ਵਿਚਾਰਿਆ ਹੀ ਨਹੀਂ ਕਿ ਸੀਵੀਸੀ ਦੀ ਰਿਪੋਰਟ ਉਸ ਵਿਅਕਤੀ ਦੇ ਦੋਸ਼ਾਂ ਦੇ ਆਧਾਰ ’ਤੇ ਹੈ ਜੋ ਇਸ ਸਮੇਂ ਖੁਦ ਸੀਬੀਆਈ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ।’

ਉਨ੍ਹਾਂ ਇਸ ਗੱਲ ’ਤੇ ਧਿਆਨ ਦਿਵਾਇਆ ਕਿ ਸੀਵੀਸੀ ਨੇ ਸਿਰਫ਼ ਸ਼ਿਕਾਇਤਕਰਤਾ (ਅਸਥਾਨਾ) ਦੇ ਦਸਤਖ਼ਤਾਂ ਵਾਲੀ ਰਿਪੋਰਟ ਹੀ ਪੇਸ਼ ਕੀਤੀ ਤੇ ਸ਼ਿਕਾਇਤਕਰਤਾ ਕਦੀ ਵੀ ਜਸਟਿਸ (ਸੇਵਾਮੁਕਤ) ਏਕੇ ਪਟਨਾਇਕ ਸਾਹਮਣੇ ਪੇਸ਼ ਨਹੀਂ ਹੋਇਆ ਜੋ ਇਸ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਕਿਹਾ, ‘ਜਸਟਿਸ ਪਟਨਾਇਕ ਨੇ ਵੀ ਇਹ ਮੰਨਿਆ ਹੈ ਕਿ ਰਿਪੋਰਟ ’ਚ ਦਰਜ ਤੱਥ ਤੇ ਸਿੱਟੇ ਉਨ੍ਹਾਂ ਦੇ ਨਹੀਂ ਹਨ।’ ਉਨ੍ਹਾਂ ਕਿਹਾ, ‘ਸੰਸਥਾਵਾਂ ਭਾਰਤੀ ਲੋਕਤੰਤਰ ਦੇ ਸਭ ਤੋਂ ਮਜ਼ਬੂਤ ਚਿਨ੍ਹਾਂ ’ਚੋਂ ਇੱਕ ਹਨ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਸੀਬੀਆਈ ਦੇਸ਼ ਦੀਆਂ ਸਭ ਤੋਂ ਅਹਿਮ ਸੰਸਥਾਵਾਂ ’ਚੋਂ ਇੱਕ ਹੈ। ਬੀਤੇ ਦਿਨ ਸੁਣਾਏ ਗਏ ਫ਼ੈਸਲੇ ਦਾ ਸਬੰਧ ਸਿਰਫ਼ ਮੇਰੀ ਕਾਰਗੁਜ਼ਾਰੀ ਨਾਲ ਨਹੀਂ ਬਲਕਿ ਇਸ ਗੱਲ ਦਾ ਵੀ ਸਬੂਤ ਹੈ ਕਿ ਹਾਕਮ ਧਿਰ ਵੱਲੋਂ ਨਿਯੁਕਤ ਕੀਤੇ ਬਹੁਗਿਣਤੀ ਨੁਮਾਇੰਦਿਆਂ ਦੇ ਆਧਾਰ ’ਤੇ ਬਣੀ ਸੀਵੀਸੀ ਰਾਹੀਂ ਸਰਕਾਰਾਂ ਸੀਬੀਆਈ ਵਰਗੀਆਂ ਸੰਸਥਾਵਾਂ ਨਾਲ ਕੀ ਸਲੂਕ ਕਰਦੀਆਂ ਹਨ।’ ਉਨ੍ਹਾਂ ਕਿਹਾ ਕਿ ਉਨ੍ਹਾਂ ਭਾਰਤੀ ਪੁਲੀਸ ਸੇਵਾਵਾਂ ਦੌਰਾਨ ਵੱਖ ਵੱਖ ਸੰਸਥਾਵਾਂ ’ਚ ਕੰਮ ਕੀਤਾ ਹੈ। ਉਨ੍ਹਾਂ ਸਾਰੀਆਂ ਸੰਸਥਾਵਾਂ ਦੇ ਅਫਸਰਾਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਨਵੇਂ ਹੁਕਮਾਂ ਤੱਕ ਸੀਬੀਆਈ ਦੇ ਨਿਯੁਕਤ ਕੀਤੇ ਗਏ ਅੰਤਰਿਮ ਡਾਇਰੈਕਟਰ ਐੱਮ ਨਾਗੇਸ਼ਵਰ ਰਾਓ ਨੇ ਸ੍ਰੀ ਵਰਮਾ ਵੱਲੋਂ ਤਬਾਲਿਆਂ ਸਬੰਧੀ ਲਏ ਗਏ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਅੱਜ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ।

ਵਰਮਾ ਵੱਲੋਂ ਅਸਤੀਫੇ ਦਾ ਤਰਕ
ਆਲੋਕ ਵਰਮਾ ਨੇ ਆਪਣੇ ਅਸਤੀਫੇ ’ਚ ਕਿਹਾ, ‘ਇਹ ਵੀ ਗੌਰ ਕੀਤਾ ਜਾਵੇ ਕਿ ਨਿਮਨ ਹਸਤਾਖਰੀ 31 ਜੁਲਾਈ 2017 ਨੂੰ ਹੀ ਸੇਵਾਮੁਕਤ ਹੋ ਚੁੱਕਾ ਹੈ ਅਤੇ 31 ਜਨਵਰੀ 2019 ਤੱਕ ਸੀਬੀਆਈ ਦੇ ਨਿਰਦੇਸ਼ਕ ਵਜੋਂ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਕਿਉਂਕਿ ਇਹ ਤੈਅ ਕਾਰਜਕਾਲ ਵਾਲੀ ਭੂਮਿਕਾ ਹੁੰਦੀ ਹੈ। ਨਿਮਨ ਹਸਤਾਖਰੀ ਹੁਣ ਸੀਬੀਆਈ ਦਾ ਨਿਰਦੇਸ਼ਕ ਨਹੀਂ ਹੈ ਅਤੇ ਫਾਇਰ ਬ੍ਰਿਗੇਡ ਸੇਵਾਵਾਂ, ਨਾਗਰਿਕ ਸੁਰੱਖਿਆ ਤੇ ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਦੇ ਲਿਹਾਜ਼ ਨਾਲ ਪਹਿਲਾਂ ਹੀ ਸੇਵਾਮੁਕਤੀ ਦੀ ਉਮਰ ਪਾਰ ਕਰ ਚੁੱਕਾ ਹੈ। ਇਸ ਲਈ ਨਿਮਨ ਹਸਤਾਖਰੀ ਨੂੰ ਅੱਜ ਤੋਂ ਹੀ ਸੇਵਾਮੁਕਤ ਸਮਝਿਆ ਜਾਵੇ।’

Comments

comments

Share This Post

RedditYahooBloggerMyspace