ਚਾਲੀ ਮੁਕਤਿਆਂ ਦੀ ਸ਼ਹਾਦਤ

 ਹਰਜਿੰਦਰ ਸਿੰਘ

7 ਤੇ 8 ਦਸੰਬਰ 1705 ਦੀ ਰਾਤ ਤੱਕ ਚਮਕੌਰ ਦੀ ਗੜ੍ਹੀ ਵਿਚ ਹਾਜ਼ਿਰ 45 ਸਿੰਘਾਂ ਤੇ ਦੋ ਸਾਹਿਬਜ਼ਾਦਿਆਂ ਵਿਚੋਂ ਸਿਰਫ਼ ਸੱਤ ਸਿੱਖ ਹੀ ਬਚੇ ਸਨ : ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਦਯਾ ਸਿੰਘ ਪੁਰੋਹਤ, ਭਾਈ ਮਾਨ ਸਿੰਘ ਨਿਸ਼ਾਨਚੀ, ਭਾਈ ਰਾਮ ਸਿੰਘ (ਪੁੱਤਰ ਭਾਈ ਬਚਿਤਰ ਸਿੰਘ ਤੇ ਪੋਤਾ ਭਾਈ ਮਨੀ  ਸਿੰਘ), ਭਾਈ ਸੰਤ ਸਿੰਘ ਬੰਗੇਸ਼ਰੀ ਤੇ ਭਾਈ ਸੰਗਤ ਸਿੰਘ ਛਾਬੜਾ । ਇਸ ਵੇਲੇ ਤੱਕ ਦੋਵੇਂ ਵੱਡੇ ਸਾਹਿਬਜ਼ਾਦੇ, ਅਜੀਤ ਸਿੰਘ ਤੇ ਜੁਝਾਰ ਸਿੰਘ, ਤਿੰਨ ਪਿਆਰਿਆਂ (ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ) ਸਣੇ ਕੁਲ 38 ਸਿੰਘ ਸ਼ਹੀਦ ਹੋ ਚੁੱਕੇ ਸਨ। ਇਸ ਘੇਰੇ, ਲੜਾਈ ਅਤੇ ਸ਼ਹੀਦੀਆਂ ਦੀ ਖ਼ਬਰ ਕੋਟ ਪਠਾਣਾਂ ਦੇ ਭਾਈ ਨਿਹੰਗ ਖਾਨ ਦੀ ਭੈਣ ਬੀਬੀ ਉਮਰੀ ਦੇ ਘਰਾਂ ਤੱਕ ਪਹੁੰਚ ਚੁੱਕੀ ਸੀ। ਬੀਬੀ ਉਮਰੀ ਦੇ ਪੁੱਤਰ ਭਾਈ ਨਬੀ ਖਾਨ ਤੇ ਗ਼ਨੀ ਖਾਨ ਦੋਵੇਂ ਭਰਾ ਰੋਪੜ ਦੇ ਨਵਾਬ ਮਲੇਰੀਏ ਪਠਾਣ ਦੀ ਫ਼ੌਜ ਦੇ ਸਿਪਾਹੀ ਸਨ। ਇਹ ਦੋਵੇਂ ਭਰਾ ਮਾਛੀਵਾੜੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਅੱਧੀ ਰਾਤ ਵੇਲੇ ਗੜ੍ਹੀ ਦੇ ਇਕ ਪਾਸੇ ਤੋਂ ਨੇਜ਼ੇ ਰਾਹੀਂ ਗੁਰੂ ਸਾਹਿਬ ਨੂੰ ਫ਼ੌਜੀ ਵਰਦੀ ਪਹੁੰਚਾਈ ਜਿਸ ਨੂੰ ਪਹਿਣ ਕੇ ਗੁਰੂ ਸਾਹਿਬ ਉੱਥੋਂ ਨਿਕਲੇ ਅਤੇ ਮਾਛੀਵਾੜਾ ਨੂੰ ਚਲ ਪਏ।

ਬਾਕੀ ਦੇ ਪੰਜ ਸਿੱਖ ਇਕ-ਇਕ ਕਰ ਕੇ ਗੜ੍ਹੀ ਦੇ ਪਿਛਲੇ ਪਾਸੇ ਤੋਂ ਉਤਰ ਕੇ ਨਿਕਲ ਪਏ। ਪਿੱਛੇ ਸਿਰਫ਼ ਦੋ ਸਿੱਖ (ਸੰਤ ਸਿੰਘ ਅਰੋੜਾ ਤੇ ਸੰਗਤ ਸਿੰਘ ਬੰਗੇਸ਼ਰੀ*) ਹੀ ਰਹਿ ਗਏ। (*ਇਸ ਸੰਗਤ ਸਿੰਘ ਛਾਬੜਾ, ਅਰੋੜਾ ਸਿੱਖ ਸੀ, ਨਾ ਕਿ ਦਲਿਤ, ਜਿਹਾ ਕਿ ਪਿੱਛੇ ਜਿਹੇ ਕਿਸੇ ਲਿਖਾਰੀ ਨੇ ਗ਼ਲਤ ਲਿਖ ਦਿਤਾ ਹੈ)।.ਗੁਰੂ ਸਾਹਿਬ ਦੇ ਨਾਲ ਚਮਕੌਰ ਦੀ ਗੜ੍ਹੀ ’ਚੋਂ ਨਿਕਲਣ ਵਾਲੇ ਪੰਜ ਸਿੰਘ ਸਨ: ਭਾਈ ਦਯਾ ਸਿੰਘ, ਭਾਈ ਧਰਮ ਸਿੰਘ (ਦੋਵੇਂ ਪਿਆਰੇ), ਭਾਈ ਦਯਾ ਸਿੰਘ ਪੁਰੋਹਤ, ਭਾਈ ਮਾਨ ਸਿੰਘ ਨਿਸ਼ਾਨਚੀ ਅਤੇ ਭਾਈ ਰਾਮ ਸਿੰਘ ਪਰਮਾਰ। ਚਮਕੌਰ ਤੋਂ ਨਿਕਲ ਕੇ ਗੁਰੂ ਸਾਹਿਬ ਮਾਛੀਵਾੜਾ ਪੁੱਜੇ। ਫਿਰ ਮਾਛੀਵਾੜਾ ਤੋਂ ਕਿੜੀ ਪਠਾਣਾਂ, ਘੁੰਘਰਾਲੀ, ਮਾਨੂੰਪੁਰ ਹੁੰਦੇ ਹੋਏ ਅਜਨੇਰ ਪੁੱਜ ਕੇ ਹਾਜੀ ਚਰਾਗ਼ ਸ਼ਾਹ ਦੇ ਡੇਰੇ ’ਤੇ ਰਹੇ। ਅਗਲੇ ਦਿਨ ਆਪ ਨੇ ਮਲਕਪੁਰ, ਲੱਲਾਂ, ਕਟਾਣਾ, ਰਾਮਪੁਰ ਤੋਂ ਹੁੰਦੇ ਹੋਏ ਰਾਤ ਦੋਰਾਹੇ ਕੱਟੀ। ਦੋਰਾਹਾ ਤੋਂ ਕਨੇਚ ਤੇ ਆਲਮਗੀਰ ਹੁੰਦੇ ਹੋਏ ਹੇਹਰ ਪੁੱਜੇ। ਹੇਹਰ ਤੋਂ ਆਪ ਲੰਮੇ ਜਟਪੁਰੇ ਪੁੱਜੇ ਤੇ ਇਥੇ ਭਾਈ ਰਾਏ ਕਲ੍ਹਾ ਨਾਲ ਮੇਲ ਹੋਇਆ। ਇਸ ਤੋਂ ਬਾਅਦ ਆਪ ਤਖ਼ਤੂਪੁਰਾ, ਮਧੇਅ ਅਤੇ ਭਦੌੜ ਹੁੰਦੇ ਹੋਏ 20 ਦਸੰਬਰ ਨੂੰ ਦੀਨਾ ਪੁੱਜੇ ਜਿਥੇ ਅਗਲੇ ਦਿਨ ਆਪ ਨੇ ਔਰੰਗਜ਼ੇਬ ਨੂੰ ਖ਼ਤ ਲਿਖਿਆ, ਜਿਸ ਨੂੰ ਪਹੁੰਚਾਉਣ ਵਾਸਤੇ ਆਪ ਨੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਔਰੰਗਾਬਾਦ ਭੇਜ ਦਿੱਤਾ।

ਦੀਨਾ-ਕਾਂਗੜ ਤੋਂ ਚਲ ਕੇ ਆਪ ਰੁਖਾਲਾ, ਭਗਤਾ, ਵਾਂਦਰ, ਬਰਗਾੜੀ, ਬਹਿਬਲ, ਸਰਾਵਾਂ ਤੋਂ ਹੁੰਦੇ ਹੋਏ ਢਿਲਵਾਂ ਕਲਾਂ ਪੁੱਜ ਗਏ। ਇਸ ਵੇਲੇ ਤੱਕ ਆਪ ਨਾਲ ਕਾਫ਼ੀ ਸਿੱਖ ਹੋ ਚੁੱਕੇ ਸਨ। ਇਨ੍ਹਾਂ ਵਿਚੋਂ ਤਿੰਨ ਗੁਰੂ ਸਾਹਿਬ ਦੇ ਨਾਲ ਚਮਕੌਰ ਤੋਂ ਆਏ ਸਨ ਅਤੇ ਕੁਝ ਦੀਨਾ ਵਗ਼ੈਰਾ ਤੋਂ ਰਲੇ ਸਨ। ਢਿਲਵਾਂ ਵਿਚ ਰਾਤ ਰਹਿਣ ਮਗਰੋਂ ਆਪ ਸੁਨੀਆਰ ਪਿੰਡ ਤੇ ਫਿਰ ਕੋਟਕਪੂਰਾ ਗਏ। ਇੱਥੇ ਕਪੂਰਾ ਸਿੰਘ ਨੇ ਆਪ ਨੂੰ ਆਪਣੀ ਭੈਣ ਕੋਲ ਤਲਵੰਡੀ ਸਾਬੋ ਜਾਣ ਵਾਸਤੇ ਸਲਾਹ ਦਿੱਤੀ। ਤਲਵੰਡੀ ਸਾਬੋ ਜਾਂਦਿਆਂ, 29 ਦਸੰਬਰ 1705 ਦੇ ਦਿਨ ਆਪ ਪਿੰਡ ਰੂਪੇਆਣਾ (ਰੁਪਾਣਾ) ਦੀ ਰੋਹੀ ਕੋਲ ਜਾ ਰਹੇ ਸਨ ਤਾਂ ਮਾਝੇ ਤੋਂ ਆ ਰਿਹਾ ਸਿੱਖਾਂ ਦਾ ਇਕ ਜੱਥਾ ਆਪ ਨੂੰ ਮਿਲ ਗਿਆ। (ਇਸ ਥਾਂ ’ਤੇ ਅੱਜ ਕਲ ਪਿੰਡ ਮਲ੍ਹਣ ਸੋਢੀਆਂ ਵਸ ਚੁੱਕਾ ਹੈ) ਇਹ ਸਿੱਖ ਪੱਟੀ (ਉਦੋਂ ਜ਼ਿਲ੍ਹਾ ਲਾਹੌਰ, ਹੁਣ ਜ਼ਿਲ੍ਹਾ ਅੰਮ੍ਰਿਤਸਰ) ਅਤੇ ਝਬਾਲ ਦੇ ਇਲਾਕੇ ’ਚੋਂ ਆਏ ਸਨ।ਉਨ੍ਹੀਂ ਦਿਨੀਂ ਪੱਟੀ ਵਿਚ ਭਾਈ ਦੇਸ ਰਾਜ ਵੜੈਚ ਦੀ ਮੌਤ ਦੇ ਸਬੰਧ ਵਿਚ ਪਾਏ ਗਏ ਭੋਗ ਦੇ ਮੌਕੇ ’ਤੇ ਉਸ ਇਲਾਕੇ ਦੇ ਬਹੁਤ ਸਾਰੇ ਸਿੱਖ ਪੁੱਜੇ ਸਨ। ਇਸ ਸਮੇਂ ਕਿਸੇ ਨੇ ਉੱਥੇ ਹਾਜ਼ਰ ਸੰਗਤਾਂ ਨੂੰ ਗੁਰੂ ਸਾਹਿਬ ਦੇ ਅਨੰਦਪੁਰ ਛੱਡਣ, ਮਾਤਾ ਜੀ, ਚੌਹਾਂ ਸਾਹਿਬਜ਼ਾਦਿਆਂ ਅਤੇ ਸੈਂਕੜੇ ਸਿੱਖਾਂ ਦੀਆਂ ਸ਼ਹੀਦੀਆਂ ਬਾਰੇ ਦੱਸਿਆ। ਇਸ ਵਾਰਤਾ ਨੂੰ ਸੁਣ ਕੇ ਇਲਾਕੇ ਦੇ ਲੋਕਾਂ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਸਾਨੂੰ ਅਨੰਦਪੁਰ ਸਾਹਿਬ ਦੇ ਹਾਲਾਤ ਪਤਾ ਨਹੀਂ ਸਨ, ਵਰਨਾ ਅਸੀਂ ਉੱਥੇ ਜਾ ਕੇ ਗੁਰੂ ਜੀ ਦਾ ਸਾਥ ਦੇਂਦੇ। ਇਸ ਸਮੇਂ ਇਹ ਜ਼ਿਕਰ ਵੀ ਹੋਇਆ ਕਿ ਪਹਿਲਾਂ ਵੀ ਮਾਝੇ ਦੇ ਲੋਕਾਂ ਨੇ ਗੁਰੂ ਸਾਹਿਬ ਨੂੰ ਪਿੱਠ ਦਿਖਾ ਕੇ ਇਲਾਕੇ ਦੀ ਹੇਠੀ ਕਰਵਾਈ ਸੀ ਜਦੋਂ ਅਨੰਦਪੁਰ ’ਤੇ ਬਿਲਾਸਪੁਰੀ ਫ਼ੌਜ ਦੇ ਹਮਲੇ ਸਮੇਂ, 31 ਅਗਸਤ  1700 ਦੀ ਰਾਤ ਨੂੰ ਦੁਨੀ ਚੰਦ ਮਸੰਦ ਆਪਣੇ ਨਾਲ ਚਾਰ ਪੰਜ ਸਾਥੀ ਲੈ ਕੇ ਅਨੰਦਪੁਰ ਸਾਹਿਬ ਤੋਂ ਭੱਜ ਆਇਆ ਸੀ ਤੇ ਮਗਰੋਂ ਉਸ ਦੇ ਪੋਤਿਆਂ ਭਾਈ ਅਨੂਪ ਸਿੰਘ ਅਤੇ ਸਰੂਪ ਸਿੰਘ ਨੇ, ਉਸ ਦੀ ਬੁਜ਼ਦਿਲੀ ਦਾ ਧੋਣਾ ਧੋਣ ਵਾਸਤੇ ਨਿਰਮੋਹਗੜ੍ਹ ਦੀ ਲੜਾਈ ਵਿਚ 8 ਅਕਤੂਬਰ 1700 ਦੇ ਦਿਨ ਸ਼ਹੀਦੀਆਂ ਪਾਈਆਂ ਸਨ। ਇਲਾਕੇ ਦੇ ਲੋਕਾਂ ਨੇ ਵਿਚਾਰ ਕੀਤਾ ਕਿ ਗੁਰੂ ਸਾਹਿਬ ਉਸ ਵੇਲੇ (17-18 ਦਸੰਬਰ ਨੂੰ) ਮਾਲਵੇ ਵਿਚ, ਦੀਨਾ-ਕਾਂਗੜ ਦੇ ਨੇੜੇ-ਤੇੜੇ ਦੇ ਇਲਾਕੇ ਵਿਚ ਸਨ, ਸਾਨੂੰ ਜਾ ਕੇ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਉਹ ਅਨੰਦਪੁਰ ਸਾਹਿਬ ਤੋਂ ਮਾਲਵੇ ਵਲ ਗਏ ਹਨ ਤੇ ਮਾਝੇ ਵਲ ਨਹੀਂ ਆਏ। ਸਾਨੂੰ ਜਾ ਕੇ ਉਨ੍ਹਾਂ ਨੂੰ ਮਾਝੇ ਵਿਚ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਵਿਚਾਰ ਕੀਤੀ ਕਿ ਝਬਾਲ ਦੇ ਚੌਧਰੀ ਭਾਗ ਸਿੰਘ ਢਿੱਲੋਂ (ਭਾਗ ਕੌਰ ਦੇ ਵੱਡੇ ਭਰਾ), ਜੋ ਉੱਥੇ ਮਾਤਮ-ਪੁਰਸੀ ਕਰਨ ਆਏ ਹੋਏ ਸਨ, ਦੇ ਲਾਹੌਰ ਦੇ ਸੂਬੇਦਾਰ ਨਾਲ ਵਧੀਆ ਸਬੰਧ ਹਨ ਉਨ੍ਹਾਂ ਰਾਹੀਂ ਗੁਰੂ ਸਾਹਿਬ ਦਾ ਦਿਲੀ ਦਰਬਾਰ ਨਾਲ ਸਮਝੌਤਾ ਕਰਵਾਇਆ ਜਾ ਸਕਦਾ ਹੈ।ਅਖ਼ੀਰ ਆਪਸ ਵਿਚ ਵਿਚਾਰ ਕਰ ਕੇ ਭਾਈ ਭਾਗ ਸਿੰਘ ਝਬਾਲ, ਭਾਈ ਸੁਲਤਾਨ ਸਿੰਘ ਵੜੈਚ, ਭਾਈ ਨਿਧਾਨ ਸਿੰਘ ਵੜੈਚ (ਪਤੀ ਮਾਈ ਭਾਗ ਕੌਰ), 37 ਹੋਰ ਸਿੰਘ ਅਤੇ ਮਾਈ ਭਾਗ ਕੌਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਮਾਲਵੇ ਵਲ ਚਲ ਪਏ। ਇਹ ਸਾਰੇ ਸਿੰਘ ਗੁਰੂ ਸਾਹਿਬ ਦੀ ਭਾਲ ਵਿਚ, ਪੱਟੀ ਤੋਂ ਚਲ ਕੇ, ਮਖੂ ਤੇ ਜ਼ੀਰਾ ਤੋਂ ਹੁੰਦੇ ਹੋਏ, ਦੀਨਾ-ਕਾਂਗੜ ਜਾਣ ਵਾਸਤੇ ਮੋਗਾ ਵਲ ਚਲੇ ਗਏ। ਮੋਗਾ ਦੇ ਨੇੜੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਦੀਨਾ-ਕਾਂਗੜ ਤੋਂ ਤਲਵੰਡੀ ਸਾਬੋ ਵੱਲ ਚਲ ਚੁੱਕੇ ਹਨ ਤੇ ਉਸ ਵੇਲੇ ਰਾਮੇਆਣਾ ਤੋਂ ਰੂਪੇਆਣਾ ਦੇ ਰਸਤੇ ਵਿਚ ਸਨ। ਇਸ ਮਗਰੋਂ ਇਨ੍ਹਾਂ ਚਾਲੀ ਸਿੰਘਾਂ ਤੇ ਮਾਈ ਭਾਗ ਕੌਰ ਨੇ ਰੂਪੇਆਣਾ ਵਲ ਮੂੰਹ ਕਰ ਲਿਆ। ਰੂਪੇਆਣਾ ਪਿੰਡ ਦੀ ਰੋਹੀ ਵਿਚ (ਜਿੱਥੇ ਹੁਣ ਪਿੰਡ ਮਲ੍ਹਣ ਸੋਢੀਆਂ ਹੈ) ਗੁਰੂ ਸਾਹਿਬ ਤੇ ਇਸ ਜਥੇ ਦਾ ਮੇਲ ਹੋ ਗਿਆ। ਗੁਰੂ ਸਾਹਿਬ ਉਨ੍ਹਾਂ ਨੂੰ ਆਉਂਦਿਆਂ ਵੇਖ ਕੇ ਉੱਥੇ ਹੀ ਰੁਕ ਗਏ ਅਤੇ ਚਾਦਰਾਂ ਵਿਛਾ ਕੇ ਬੈਠ ਗਏ। ਭਾਗ ਸਿੰਘ ਨੇ ਗੁਰੂ ਜੀ ਨਾਲ ਮਾਤਾ ਜੀ, ਚੌਹਾਂ ਸਾਹਿਬਜ਼ਾਦਿਆਂ ਅਤੇ ਸਾਰੇ ਸਿੰਘਾਂ ਦੀਆਂ ਸ਼ਹੀਦੀਆਂ ਬਾਰੇ ਰਸਮੀ ‘ਮਾਤਮ-ਪੁਰਸੀ’ ਕੀਤੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਸਭ ਵਾਹਿਗੁਰੂ ਦੀ ਲੀਲ੍ਹਾ ਹੈ। ਮਰਨਾ ਜਾਂ ਸ਼ਹੀਦ ਹੋਣਾ ਦੁਖ ਜਾਂ ਅਫ਼ਸੋਸ ਵਾਲੀ ਗੱਲ ਨਹੀਂ ਹੁੰਦੀ। ਸਾਨੂੰ ਹਰ ਹਾਲਤ ਵਿਚ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।ਕੁਝ ਚਿਰ ਮਗਰੋਂ ਚੌਧਰੀ ਭਾਗ ਸਿੰਘ ਝਬਾਲੀਏ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਮੇਰੀ ਲਾਹੌਰ ਦੇ ਸੂਬੇਦਾਰ ਨਾਲ ਕਾਫ਼ੀ ਨੇੜਤਾ ਹੈ ਅਤੇ ਮੈਂ ਸੂਬੇਦਾਰ ਜਾਂ ਕਿਸੇ ਹੋਰ ਰਸੂਖ ਵਾਲੇ ਦਰਬਾਰੀ ਰਾਹੀਂ ਦਿੱਲੀ ਸਰਕਾਰ ਨਾਲ ਤੁਹਾਡਾ ਸਮਝੌਤਾ ਕਰਵਾ ਦੇਂਦਾ ਹਾਂ। ਉਸ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਜਵਾਬ ਦਿੱਤਾ: “ਤੁਸੀਂ ਹੁਣ ਸਰਕਾਰ ਨਾਲ ਸਮਝੌਤੇ ਦੀ ਗੱਲ ਕਰਦੇ ਹੋ! ਤੁਸੀਂ ਜਾਂ ਤੁਹਾਡੇ ਵਡੇਰੇ ਉਦੋਂ ਕਿੱਥੇ ਸਨ ਜਦੋਂ ਪੰਜਵੇਂ ਪਾਤਸ਼ਾਹ ਸ਼ਹੀਦ ਕੀਤੇ ਗਏ ਸਨ, ਜਦੋਂ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰਖਿਆ ਸੀ, ਜਦੋਂ ਨੌਵੇਂ ਗੁਰੂ ਨੂੰ ਦਿੱਲੀ ਵਿਚ ਲਿਜਾ ਕੇ ਸ਼ਹੀਦ ਕੀਤਾ ਸੀ। ਉਸ ਵੇਲੇ ਤਾਂ ਕਿਸੇ ਸਿੱਖ ਨੇ ਨਾਂ ਨਹੀਂ ਸੀ ਲਿਆ। ਫਿਰ ਅਨੰਦਪੁਰ ਸਾਹਿਬ ਵਿਚ ਕਈ ਮਹੀਨੇ ਘੇਰਾ ਪਿਆ ਰਿਹਾ ਤਾਂ ਵੀ ਤੁਸੀਂ ਨਹੀਂ ਆਏ। ਤੁਸੀਂ ਹੁਣ ਕੀ ਲੈਣ ਆਏ ਹੋ? ਤੁਹਾਨੂੰ ਅਜਿਹੀਆਂ ਗੱਲਾਂ ਕਰਨ ਲਗਿਆਂ ਸੰਗ ਨਹੀਂ ਆਉਂਦੀ?”ਗੁਰੂ ਸਾਹਿਬ ਦਾ ਜਵਾਬ ਸੁਣ ਕੇ ਭਾਗ ਸਿੰਘ ਆਖਣ ਲੱਗਾ: ਜੇ ਤੁਸੀਂ ਇੰਞ ਹੀ ਰਹਿਣਾ ਹੈ ਤਾਂ ਤੁਹਾਡੀ-ਸਾਡੀ ਨਿਭ ਨਹੀਂ ਸਕਦੀ। ਸਾਥੋਂ ਇਹੋ ਜਿਹੀ ਸਿੱਖੀ ਨਹੀਂ ਨਿਭਣੀ।

ਫਿਰ ਅਸੀਂ ਵਾਪਿਸ ਚਲੇ ਜਾਂਦੇ ਹਾਂ। ਗੁਰੂ ਜੀ ਭਾਗ ਸਿੰਘ ਦੇ ਬੋਲ ਸੁਣ ਕੇ ਆਖਿਆ: ਅਸੀਂ ਤੁਹਾਨੂੰ ਮਦਦ ਵਾਸਤੇ ਤਾਂ ਨਹੀਂ ਬੁਲਾਇਆ। ਤੁਸੀਂ ਆਪੇ ਹੀ ਆਏ ਹੋ। ਪਰ, ਜੇ ਤੁਹਾਡੇ ਤੋਂ ਸਿੱਖੀ ਨਹੀਂ ਨਿਭ ਸਕਦੀ ਤਾਂ ਠੀਕ ਹੈ! ਲਓ, ਕਾਗ਼ਜ਼ ਤੇ ਲਿਖ ਦਿਓ ਕਿ ਸਾਡਾ ਇਲਾਕਾ ਅੱਜ ਤੋਂ ਗੁਰੂ ਦਾ ਸਿੱਖ ਨਹੀਂ ਰਿਹਾ। ਗੁਰੂ ਸਾਹਿਬ ਦੇ ਬੋਲ ਸੁਣ ਕੇ ਭਾਈ ਮਾਨ ਸਿੰਘ ਨਿਸ਼ਾਨਚੀ ਨੇ ਕਾਗ਼ਜ਼, ਕਲਮ ਤੇ ਦਵਾਤ ਕੱਢ ਕੇ ਭਾਗ ਸਿੰਘ ਦੇ ਅੱਗੇ ਰੱਖ ਦਿੱਤੀ। ਇਹ ਦੇਖ ਕੇ, ਜੋਸ਼ ਤੇ ਉਬਾਲ ਵਿਚ ਆਏ, ਚੌਧਰੀ ਭਾਗ ਸਿੰਘ ਨੇ ਕਾਗ਼ਜ਼ ’ਤੇ ਬੇਦਾਵਾ ਲਿਖ ਦਿੱਤਾ ਤੇ ਹੇਠਾਂ ਆਪਣੇ ਦਸਤਖ਼ਤ ਕਰ ਦਿੱਤੇ। ਇਸ ਮਗਰੋਂ ਦਿਲਬਾਗ ਸਿੰਘ, ਘਰਬਾਰਾ ਸਿੰਘ, ਗੰਡਾ ਸਿੰਘ ਨੇ ਵੀ ਦਸਤਖ਼ਤ ਕਰ ਦਿੱਤੇ ਪਰ ਬਾਕੀ ਸਿੰਘਾਂ ਨੇ ਦਸਤਖ਼ਤ ਨਹੀਂ ਕੀਤੇ।ਅਜੇ ਇਹ ਗੱਲਾਂ ਚਲ ਹੀ ਰਹੀਆਂ ਸਨ ਕਿ ਇਕ ਸੂਹੀਏ ਸਿੱਖ ਨੇ ਖ਼ਬਰ ਲਿਆ ਦਿੱਤੀ ਕਿ ਸਰਹਿੰਦ ਦੀ ਫ਼ੌਜ ਇਸ ਇਲਾਕੇ ਦੇ ਨੇੜੇ ਹੀ ਆ ਪੁੱਜੀ ਹੈ। ਇਸ ’ਤੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਘੋੜਿਆਂ ’ਤੇ ਸਵਾਰ ਹੋ ਕੇ ਅੱਗੇ ਕੂਚ ਕਰਨ ਦਾ ਹੁਕਮ ਦਿੱਤਾ। ਗੁਰੂ ਸਾਹਿਬ ਨੇ ਝਬਾਲੀਆਂ ਦਾ ਬੇਦਾਵਾ ਜੇਬ੍ਹ ਵਿਚ ਪਾਇਆ ਅਤੇ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਉਥੋਂ ਚਲੇ ਗਏ।ਗੁਰੂ ਸਾਹਿਬ ਦੇ ਜਾਣ ਮਗਰੋਂ ਮਾਈ ਭਾਗ ਕੌਰ, ਜੋ ਭਾਗ ਸਿੰਘ ਤੇ ਦਿਲਬਾਗ ਸਿੰਘ ਦੀ ਵੱਡੀ ਭੈਣ ਸੀ ਅਤੇ ਨਿਧਾਨ ਸਿੰਘ ਵੜੈਚ ਦੀ ਘਰ ਵਾਲੀ ਸੀ, ਨੇ ਇਨ੍ਹਾਂ ਚਾਲੀ ਸਿੰਘਾਂ ਵੱਲ ਮੂੰਹ ਕਰ ਕੇ ਆਖਿਆ: “ਅਜੇ ਤਾਂ ਦੁਨੀ ਚੰਦ ਧਾਲੀਵਾਲ ਅਤੇ ਉਸ ਦੇ ਸਾਥੀ ਚਾਰ-ਪੰਜ ਮਝੈਲ ਸਿੰਘਾਂ ਵੱਲੋਂ ਅਨੰਦਗੜ੍ਹ ਕਿਲ੍ਹੇ ’ਚੋਂ ਰੱਸਾ ਬੰਨ੍ਹ ਕੇ ਭੱਜਣ ਦਾ ਕਲੰਕ ਸਾਡੇ ਮੱਥੇ ਤੋਂ ਨਹੀਂ ਲੱਥਾ। ਅੱਜ ਅਸੀਂ ਗੁੱਸੇ ਵਿਚ ਆ ਕੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਦਿੱਤਾ ਹੈ। ਹੁਣ ਅਸੀਂ ਕਿਹੜਾ ਮੂੰਹ ਲੈ ਕੇ ਵਾਪਿਸ ਵਤਨਾਂ ਨੂੰ ਜਾਵਾਂਗੇ। ਤੁਹਾਨੂੰ ਘਰ ਗਿਆਂ ਨੂੰ ਘਰ-ਵਾਲੀਆਂ ਕੀ ਆਖਣਗੀਆਂ ਕਿ ਸਤਿਗੁਰਾਂ ਦੇ ਕਿਹੋ ਜਿਹੇ ਦਰਸ਼ਨ ਕਰ ਕੇ ਆਏ ਹੋ? ਲੋਕ ਲਾਅਨਤਾਂ ਪਾਉਣਗੇ। ਕਿਹੜਾ ਮੂੰਹ ਲੈ ਕੇ ਬਾਹਰ ਫਿਰੋਗੇ? ਉੱਠੋ ਸ਼ੇਰੋ! ਹੰਭਲਾ ਮਾਰੋ! ਗੁਰੂ ਜੀ ਬਖ਼ਸ਼ਿੰਦ ਹਨ। ਉਹ ਜ਼ਰੂਰ ਮੁਆਫ਼ ਕਰ ਦੇਣਗੇ। ਚਲੋ ਚਲੀਏ।” ਇਹ ਆਖ ਕੇ ਮਾਈ ਭਾਗ ਕੌਰ ਨੇ ਪੱਲੂ ਫੇਰਿਆ। ਮਾਈ ਦੇ ਬੋਲਾਂ ਨੇ ਉਸ ਦੇ ਛੋਟੇ ਭਰਾ ਚੌਧਰੀ ਭਾਗ ਸਿੰਘ ਨੂੰ ਵੀ ਟੁੰਬ ਹੀ ਲਿਆ ਅਤੇ ਉਸ ਨੇ ਵੀ ਬਾਕੀਆਂ ਨੂੰ ਗੁਰੂ ਜੀ ਦੇ ਪਿੱਛੇ ਜਾਣ ਵਾਸਤੇ ਆਖਿਆ। ਸਾਰੇ ਸਿੱਖ ਜੈਕਾਰਾ ਛੱਡ ਕੇ ਉਸੇ ਪਾਸੇ ਵਲ ਚਲ ਪਏ ਜਿਧਰ ਗੁਰੂ ਸਾਹਿਬ ਗਏ ਸਨ।

ਮਾਈ ਭਾਗ ਕੌਰ ਅਤੇ ਚਾਲ੍ਹੀ ਸਿੰਘ ਚਲਦੇ-ਚਲਦੇ ਖਿਦਰਾਣੇ ਦੀ ਢਾਬ ਦੇ ਕੰਢੇ ’ਤੇ ਪਾਣੀ ਪੀਣ ਵਾਸਤੇ ਰੁਕੇ। ਇਸ ਵੇਲੇ ਗੁਰੂ ਸਾਹਿਬ ਢਾਬ ਲੰਘ ਕੇ ਨੇੜੇ ਦੀ ਇਕ ਟਿੱਬੀ ਕੋਲ ਪੁੱਜ ਚੁਕੇ ਸਨ। (ਇਹ ਉਹੀ ਥਾਂ ਹੈ ਜਿੱਥੇ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ ਹੈ)। ਢਾਬ ਵਾਲੀ ਥਾਂ ’ਤੇ ਗੁਰਦੁਆਰਾ ਦਰਬਾਰ ਸਾਹਿਬ, ਤੰਬੂ ਸਾਹਿਬ ਅਤੇ ਅੰਗੀਠਾ  ਸਾਹਿਬ ਬਣੇ ਹੋਏ ਹਨ)।.ਕੁਝ ਹੀ ਚਿਰ ਮਗਰੋਂ ਸਰਹੰਦ ਦੀ ਫ਼ੌਜ ਵੀ ਉੱਥੇ ਆ ਪੁੱਜੀ। ਇਹ ਵੀ ਚਰਚਾ ਹੈ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਖ਼ੁਦ ਆਪ ਫ਼ੌਜ ਦੀ ਅਗਵਾਈ ਕਰ ਰਿਹਾ ਸੀ। ਚਾਲ੍ਹੀ ਸਿੱਖਾਂ ਨੂੰ ਵੇਖ ਕੇ ਮੁਗ਼ਲ ਫ਼ੌਜ ਨੇ ਸਮਝਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਨ੍ਹਾਂ ਵਿਚ ਸ਼ਾਮਿਲ ਹਨ, ਇਸ ਕਰ ਕੇ ਉਨ੍ਹਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਵੇਖਦਿਆਂ-ਵੇਖਦਿਆਂ ਹੀ ਦੋਹਾਂ ਪਾਸਿਆਂ ਤੋਂ ਗੋਲੀਆਂ ਅਤੇ ਤੀਰਾਂ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਪੌਣੇ ਘੰਟੇ (2 ਘੜੀਆਂ) ਮਗਰੋਂ ਜਦੋਂ ਸਿੱਖਾਂ ਕੋਲ ਤੀਰ ਤੇ ਗੋਲੀਆਂ ਮੁਕ ਗਈਆਂ ਤਾਂ ਉਨ੍ਹਾਂ ਨੇ ਕਿਰਪਾਨਾਂ ਧੂਹ ਲਈਆਂ ਅਤੇ ਦੁਸ਼ਮਣ ਦੀ ਫ਼ੌਜ ’ਤੇ ਟੁੱਟ ਪਏ। ਦੋਹੀਂ ਤਰਫ਼ੀਂ ਲੋਹੇ ਨਾਲ ਲੋਹਾ ਖੜਕਿਆ। ਚਾਲ੍ਹੀ ਸਿੱਖਾਂ ਅਤੇ ਮਾਈ ਭਾਗੋ ਨੇ ਸਰਹੰਦੀ ਫ਼ੌਜ ਦੀ ਅਜਿਹੀ ਵੱਢ-ਟੁੱਕ ਕੀਤੀ ਕਿ ਉਨ੍ਹਾਂ ਨੂੰ ਅਲ੍ਹਾ ਚੇਤੇ ਕਰਵਾ ਦਿੱਤਾ। ਇਹ ਲੜਾਈ ਕਾਫ਼ੀ ਦੇਰ ਤੱਕ ਚਲਦੀ ਰਹੀ। ਦੋਹਾਂ ਧਿਰਾਂ ਨੇ ਕੋਈ ਕਸਰ ਨਾ ਛੱਡੀ। ਅਖ਼ੀਰ ਸੈਂਕੜੇ ਮੁਗ਼ਲ ਸਿਪਾਹੀਆਂ ਨੂੰ ਮਾਰਨ ਮਗਰੋਂ ਸੈਂਤੀ ਸਿੰਘ ਸ਼ਹੀਦ ਹੋ ਗਏ ਅਤੇ ਬਾਕੀ ਦੇ ਤਿੰਨ ਸਿੰਘ ਤੇ ਮਾਈ ਭਾਗ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਚਾਰੇ ਵੀ ਜ਼ਖ਼ਮੀ ਹੋਣ ਮਗਰੋਂ ਬੇਸੁਰਤ ਜਿਹੇ ਹੋ ਕੇ ਡਿੱਗ ਚੁਕੇ ਸਨ।ਜਦੋਂ ਵਜ਼ੀਰ ਖਾਨ ਨੇ ਵੇਖਿਆ ਕਿ ਸਾਰੇ ਸਿੱਖ ਖ਼ਤਮ ਹੋ ਚੁਕੇ ਹਨ ਤੇ ਕੋਈ ਲੜਨ ਵਾਲਾ ਨਹੀਂ ਰਿਹਾ ਤਾਂ ਉਸ ਨੇ ਫ਼ੌਜ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ। ਉਸ ਨੂੰ ਇਹ ਵੀ ਦੱਸਿਆ ਜਾ ਚੁੱਕਾ ਸੀ ਕਿ ਉਸ ਨੂੰ ਇਸ ਤੋਂ ਅੱਗੇ ਕਿਤੇ ਪਾਣੀ ਨਹੀਂ ਮਿਲ ਸਕਣਾ ਅਤੇ ਫ਼ੌਜ ਪਿਆਸ ਨਾਲ ਮਰ ਜਾਵੇਗੀ। ਨਾਲ ਹੀ ਹੁਣ, ਉਸ ਦੇ ਖ਼ਿਆਲ ਵਿਚ, ਸਾਰੇ ਸਿੱਖ ‘ਖ਼ਤਮ’ ਹੋ ਚੁੱਕੇ ਸਨ ਇਸ ਕਰ ਕੇ ਉਸ ਨੇ ਫ਼ੌਜਾਂ ਪਿੱਛੇ ਮੋੜ ਲਈਆਂ।  ਗੁਰੂ ਸਾਹਿਬ ਟਿੱਬੀ ਤੋਂ ਚਲ ਕੇ ਖਿਦਰਾਣੇ ਦੀ ਢਾਬ (ਜਿਸ ਨੂੰ ਉਨ੍ਹਾਂ ਈਸ਼ਰਸਰ ਦਾ ਨਾਂ ਦਿੱਤਾ) ਦੇ ਕੰਢੇ ’ਤੇ ਆਏ। ਉਸ ਵੇਲੇ ਤਕ 37 ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਸਿਰਫ਼ ਭਾਈ ਰਾਏ ਸਿੰਘ ਮੁਲਤਾਨੀ (ਭਰਾ ਭਾਈ ਮਨੀ ਸਿੰਘ), ਉਸ ਦਾ ਪੁੱਤਰ ਭਾਈ ਮਹਾਂ ਸਿੰਘ, ਭਾਈ ਸੁੰਦਰ ਸਿੰਘ ਬ੍ਰਾਹਮਣ (ਵਾਸੀ ਪਿੰਡ ਝੱਲੀਆਂ ਵਾਲਾ) ਅਤੇ ਮਾਈ ਭਾਗ ਕੌਰ ਸਿਸਕ ਰਹੇ ਸਨ। ਗੁਰੂ ਸਾਹਿਬ, ਭਾਈ ਮਾਨ ਸਿੰਘ ਨਿਸ਼ਾਨਚੀ ਨੂੰ ਸ਼ਹੀਦ ਹੋਏ 37 ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕਰਨ ਦੀ ਸੇਵਾ ਬਖ਼ਸ਼ੀ ਅਤੇ ਆਪ ਸਹਿਕ ਰਹੇ ਸਿੱਖਾਂ ਕੋਲ ਬੈਠ ਗਏ। ਗੁਰੂ ਸਾਹਿਬ ਨੇ ਇਨ੍ਹਾਂ ਤਿੰਨਾਂ ਅਤੇ ਮਾਈ ਭਾਗ ਕੌਰ ਦੇ ਮੂੰਹ ਵਿਚ ਪਾਣੀ ਪਾਇਆ ਪਰ ਇਨ੍ਹਾਂ ਦੇ ਜ਼ਖ਼ਮ ਬੜੇ ਡੂੰਘੇ ਸਨ। ਇਨ੍ਹਾਂ ਦੇ ਬਚਣ ਦੀ ਕੋਈ ਆਸ ਨਹੀਂ ਸੀ। ਮਾਈ ਭਾਗ ਕੌਰ ਨੂੰ ਖੱਬੇ ਪੱਟ ਵਿਚ ਗੋਲੀ ਲੱਗੀ ਹੋਈ ਸੀ ਪਰ ਬਾਕੀ ਤਿੰਨੇ ਬੜੇ ਨਿਢਾਲ ਹੋ ਚੁੱਕੇ ਸਨ। ਗੁਰੂ ਸਾਹਿਬ ਨੇ ਸ਼ਹੀਦ ਹੋਏ ਸਾਰੇ ਸਿੱਖਾਂ ਨੂੰ “ਦਸ ਹਜ਼ਾਰੀ”, “ਵੀਹ ਹਜ਼ਾਰੀ”, ਪੰਜਾਹ ਹਜ਼ਾਰੀ” ਆਖ ਕੇ “ਮਨਸਬ” (ਸਨਮਾਨ) ਦਿੱਤੇ।

ਇਸ ਮਗਰੋਂ ਗੁਰੂ ਸਾਹਿਬ ਨੇ ਸਹਿਕ ਰਹੇ ਤਿੰਨਾਂ ਸਿੰਘਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ ਆਪਣੇ ਮੂੰਹੋਂ ਮੰਗ ਲਓ। ਇਸ ’ਤੇ ਭਾਈ ਰਾਏ ਸਿੰਘ ਬੋਲਿਆ “ਗੁਰੂ ਜੀ ਜੇ ਆਪ ਤਰੁੱਠੇ ਹੀ ਹੋ ਤਾਂ ਤੁਸੀਂ ਭਾਈ ਭਾਗ ਸਿੰਘ ਦਾ ਲਿਖਿਆ ਸਿੱਖੀ ਤੋਂ ਪੰਚਾਇਤੀ ਬੇਦਾਵਾ ਫਾੜ ਕੇ ਸਾਨੂੰ ਸਿੱਖੀ ਦਾਨ ਬਖ਼ਸ਼ ਦਿਓ।” ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ “ਧੰਨ ਸਿੱਖੀ! ਧੰਨ ਸਿੱਖੀ!! ਧੰਨ ਸਿੱਖੀ!!!” ਆਖਿਆ ਅਤੇ ਆਪਣੀ ਜੇਬ ਵਿਚੋਂ ਬੇਦਾਵੇ ਵਾਲਾ ਕਾਗ਼ਜ਼ ਕੱਢ ਕੇ ਫਾੜ ਦਿੱਤਾ। ਕੁਝ ਲੇਖਕਾਂ ਨੇ ਇਹ ਬੋਲ ਰਾਏ ਸਿੰਘ ਦੇ ਪੁੱਤਰ ਮਹਾਂ ਸਿੰਘ ਤੋਂ ਅਖਵਾਏ ਹਨ। ਦਰਅਸਲ ਮਹਾਂ ਸਿੰਘ ਨੇ ਸਭ ਤੋਂ ਅਖ਼ੀਰ ’ਤੇ ਸੁਆਸ ਛੱਡੇ ਸੀ ਇਸ ਕਰ ਕੇ ਹੋ ਸਕਦਾ ਹੈ ਕਿ ਇਨ੍ਹਾਂ ਲੇਖਕਾਂ ਨੇ ਇਹ ਬੋਲ ਉਸ ਦੇ ਮੂੰਹ ਵਿਚ ਪਾ ਦਿੱਤੇ ਹੋਣ। ਇਹ ਗ਼ਲਤੀ ਸੰਤੋਖ ਸਿੰਘ ਨੇ “ਗੁਰ ਪ੍ਰਤਾਪ ਸੂਰਜ ਗ੍ਰੰਥ” ਵਿਚ ਕੀਤੀ ਸੀ ਤੇ ਬਾਕੀਆਂ ਨੇ ਤਾਂ ਉਸ ਦੀ ਨਕਲ ਕਰ ਕੇ ਹੀ ਲਿਖ ਦਿੱਤਾ ਸੀ। ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਬੇਦਾਵਾ ਕਿਸ ਨੇ ਫੜਵਾਇਆ ਸੀ। ਇਹ ਚਾਲ੍ਹੀ ਦੇ ਚਾਲ੍ਹੀ ਸਿੰਘ ਹੀ, ਆਪਣੀਆਂ ਸ਼ਹੀਦੀਆਂ ਨਾਲ ਹੀ ਬੇਦਾਵਾ ਫੜਵਾ ਗਏ ਸਨ।ਗੁਰੂ ਸਾਹਿਬ ਨੇ ਇੰਨਾਂ ਸਿੰਘਾਂ ਦੀ ਮਰਹਮ-ਪੱਟੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਰਕ ਨਾ ਪਿਆ। ਗੁਰੂ ਜੀ ਸਾਰੀ ਰਾਤ ਇਨ੍ਹਾਂ ਨਾਲ ਗੱਲਾਂ ਕਰਦੇ ਰਹੇ। ਅੱਧੀ ਰਾਤ ਵੇਲੇ ਭਾਈ ਸੁੰਦਰ ਸਿੰਘ ਝੱਲੀਆਂ ਵਾਲਾ ਸਾਹ ਛੱਡ ਗਿਆ।ਇਸ ਮਗਰੋਂ ਭਾਈ ਰਾਏ ਸਿੰਘ ਤੇ ਕੁਝ ਚਿਰ ਮਗਰੋਂ ਚਾਲ੍ਹੀਵਾਂ ਸਿੰਘ ਭਾਈ ਮਹਾਂ ਸਿੰਘ ਵੀ ਵਾਹਿਗੁਰੂ ਦੇ ਕਦਮਾਂ ਵਿਚ ਜਾ ਪੁੱਜਾ।

ਅਗਲੀ ਸਵੇਰ, ਮਾਘ ਦੀ ਪਹਿਲੀ ਨੂੰ, 30 ਦਸੰਬਰ 1705 ਦੇ ਦਿਨ, ਗੁਰੂ ਸਾਹਿਬ ਨੇ ਇਨ੍ਹਾਂ ਚਾਲ੍ਹੀ ਸਿੰਘਾਂ ਵਾਸਤੇ ਆਸਾ ਦੀ ਵਾਰ ਦਾ ਪਾਠ ਕਰ ਕੇ ਭੋਗ ਪਾਇਆ। ਕੁਝ ਚਿਰ ਮਗਰੋਂ ਭਾਈ ਦਾਨ ਸਿੰਘ ਖਿਦਰਾਣਾ ਪਿੰਡ ਵਿਚੋਂ ਤ੍ਰਿਹਾਵਲ (ਘਿਓ, ਮੈਦਾ, ਖੰਡ) ਲੈ ਆਇਆ। ਗੁਰੂ ਸਾਹਿਬ ਨੇ ਆਪ ਪਾਠ ਕਰ ਕੇ ਦੇਗ਼ ਤਿਆਰ ਕਰਵਾਈ। ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਲਕੜੀਆਂ ਦੇ ਢੇਰ ’ਤੇ ਇਕੱਠਿਆਂ ਹੀ ਰੱਖ ਦਿੱਤਾ ਗਿਆ। ਗੁਰੂ ਸਾਹਿਬ ਨੇ ਆਪ ਸੋਹਿਲਾ ਦਾ ਪਾਠ ਕੀਤਾ ਤੇ ਫਿਰ ਆਪਣੇ ਹੱਥੀਂ ਹੀ ਇਨ੍ਹਾਂ ਦੀ ਚਿਖਾ ਨੂੰ ਅੱਗ ਲਾਈ। ਸਸਕਾਰ ਮਗਰੋਂ ਗੁਰੂ ਸਾਹਿਬ ਨੇ ਹਾਜ਼ਿਰ ਸਿੰਘਾਂ ਨੂੰ ਮੁਖ਼ਾਤਿਬ ਹੁੰਦਿਆਂ ਆਖਿਆ ਕਿ ਇਨ੍ਹਾਂ ਚਾਲ੍ਹੀ ਸਿੰਘਾਂ ਨੇ ਧਰਮ ਹੇਤ ਸੀਸ ਦਿੱਤੇ ਹਨ। ਇਨ੍ਹਾਂ ਨੂੰ ਵੀ ‘ਚਾਲ੍ਹੀ ਮੁਕਤੇ’ ਆਖ ਕੇ ਚੇਤੇ ਕੀਤਾ ਜਾਇਆ ਕਰੇਗਾ।ਗੁਰੂ ਸਾਹਿਬ 30 ਅਤੇ 31 ਦਸੰਬਰ ਦਾ ਦਿਨ ਉੱਥੇ ਹੀ ਰਹੇ ਅਤੇ ਜਦੋਂ ਚਿਖਾ ਪੂਰੀ ਤਰ੍ਹਾਂ ਸੜ ਗਈ ਤਾਂ ਗੁਰੂ ਸਾਹਿਬ ਨੇ ਅੰਗੀਠੇ ਤੇ ਮਿੱਟੀ ਪੁਆ ਦਿੱਤੀ ਕਿਉਂ ਕਿ ਨੇੜੇ ਕੋਈ ਦਰਿਆ ਜਾਂ ਨਦੀ ਨਹੀਂ ਸੀ ਤੇ ਅਸਥੀਆਂ ਜਲ ਪ੍ਰਵਾਹ ਨਹੀਂ ਸਨ ਹੋ ਸਕਦੀਆਂ। 31 ਦਸੰਬਰ ਦੀ ਰਾਤ ਨੂੰ ਖਿਦਰਾਣੇ ਦੇ ਵਾਸੀ ਗੁਰੂ ਸਾਹਿਬ ਨੂੰ ਪਿੰਡ ਲੈ ਗਏ ਅਤੇ ਸੇਵਾ ਕੀਤੀ। ਰਾਤ ਗੁਰੂ ਸਾਹਿਬ ਖਿਦਰਾਣੇ ਰਹੇ ਅਤੇ ਪਹਿਲੀ ਜਨਵਰੀ 1706 ਨੂੰ ਖਿਦਰਾਣੇ ਤੋਂ ਤਲਵੰਡੀ ਸਾਬੋ ਵਲ ਚਲ ਪਏ। ਇਸ ਤੋਂ ਕੁਝ ਸਾਲ ਮਗਰੋਂ ਪਿੰਡ ਹਰੀਕੇ ਕਲਾਂ ਦੇ ਭਾਈ ਲੰਗਰ ਸਿੰਘ ਨੇ ਇਸ ਥਾਂ ’ਤੇ ਸ਼ਹੀਦਾਂ ਦੀ ਯਾਦ ਵਿਚ ਥੜ੍ਹਾ ਬਣਾਇਆ ਤੇ ਸ਼ਹੀਦ ਗੰਜ ਪਰਗਟ ਕੀਤਾ। ਉਸ ਦਿਨ (29 ਦਸੰਬਰ 1725) ਤੋਂ ਮੁਕਤਸਰ ਵਿਚ ਸ਼ਹੀਦਾਂ ਦੇ ਪਰਿਵਾਰ ਅਤੇ ਹੋਰ ਸਿੰਘ ਅਰਦਾਸ ਕਰਨ ਵਾਸਤੇ ਪੁੱਜਣ ਲਗ ਪਏ। ਹੌਲੀ-ਹੌਲੀ ਇਸ ਥਾਂ ’ਤੇ ਵੱਡਾ ਮੇਲਾ ਲੱਗਣ ਲੱਗ ਪਿਆ।

ਇਹ ਸ਼ਹੀਦੀਆਂ 28 ਦਸੰਬਰ 1705 ਦੀਆਂ ਹਨ ਪਰ ਗਿਆਨੀ ਗਿਆਨ ਸਿੰਘ ਨੇ “ਪਾਣੀ ਦੀ ਤੋਟ” ਦਾ ਭੁਲੇਖਾ ਖਾ ਕੇ ਇਸ ਘਟਨਾ ਨੂੰ ਗਰਮੀਆਂ ਵਿਚ ਲੈ ਆਂਦਾ ਤੇ ਇਕ ਗ਼ਲਤ ਤਾਰੀਖ਼ ਲਿਖ ਦਿੱਤੀ, ਜਿਸ ਨਾਲ ਕੁਝ ਬੇਸਮਝ ਲੋਕਾਂ ਨੇ ਭੁਲੇਖਾ ਖਾ ਕੇ ਇਸ ਦਿਨ ਵੀ ਦੂਜਾ ਸ਼ਹੀਦੀ ਜੋੜ ਮੇਲਾ ਲਾਉਣਾ ਸ਼ੁਰੂ ਕਰ ਦਿੱਤਾ।ਇਸ ਸਬੰਧ ਵਿਚ ਦੂਜਾ ਭੁਲੇਖਾ ਬੇਦਾਵਾ ਪੜਵਾਉਣ ਵਾਲੇ ਸ਼ਖ਼ਸ ਬਾਰੇ ਹੈ। ਭੱਟ ਵਹੀਆਂ ਮੁਤਾਬਿਕ ਇਹ ਬੇਦਾਵਾ ਪਾੜਨ ਵਾਸਤੇ ਭਾਈ ਰਾਏ ਸਿੰਘ ਨੇ ਅਰਜ਼ ਕੀਤੀ ਸੀ ਪਰ ਇਕ-ਅੱਧ ਲੇਖਕ ਨੇ ਬੇਦਾਵਾ ਪੜਵਾਉਣ ਦਾ ਸਿਹਰਾ ਆਖ਼ਰੀ ਸਾਹ ਲੈਣ ਵਾਲੇ (ਰਾਏ ਸਿੰਘ ਦੇ ਪੁੱਤਰ) ਭਾਈ ਮਹਾਂ ਸਿੰਘ ਨੂੰ ਦੇ ਦਿੱਤਾ। ਇਸ ਲੜਾਈ ਦੇ ਖ਼ਤਮ ਹੋਣ ਮਗਰੋਂ ਭਾਈ ਸੀਤਲ ਸਿੰਘ, ਰਾਏ ਸਿੰਘ ਤੇ ਮਹਾਂ ਸਿੰਘ ਹੀ ਸਿਸਕ ਰਹੇ ਸਨ ਤੇ ਬਾਕੀ ਸ਼ਹੀਦ ਹੋ ਚੁੱਕੇ ਸਨ। ਰਾਏ ਸਿੰਘ ਨੇ ਬੇਦਾਵਾ ਪੜਵਾਇਆ ਸੀ, ਸੀਤਲ ਸਿੰਘ ਨੇ ਤਿੰਨਾਂ ’ਚੋਂ ਸਭ ਤੋਂ ਪਹਿਲਾਂ ਸਾਹ ਛੱਡੇ ਸਨ ਅਤੇ ਭਾਈ ਮਹਾਂ ਸਿੰਘ ਨੇ ਸਭ ਤੋਂ ਅਖ਼ੀਰ ’ਤੇ।

ਇਸ ਸਬੰਧੀ ਤੀਜਾ ਭੁਲੇਖਾ ਬੇਦਾਵਾ ਲਿਖਣ ਦੀ ਥਾਂ ਦਾ ਹੈ। ਇਕ ਲੇਖਕ ਨੇ ਇਹ ਬੇਦਾਵਾ ਅਨੰਦਪੁਰ ਸਾਹਿਬ ਵਿਚ ਲਿਖਿਆ ਆਖਿਆ ਸੀ। (ਬਾਕੀਆਂ ਨੇ ਮੱਖੀ ਤੇ ਮੱਖੀ ਮਾਰ ਦਿੱਤੀ)।. ਅਨੰਦਪੁਰ ਸਾਹਿਬ ਦੇ ਬੇਦਾਵਾ ਲਿਖਣ ਦੀ ਗੱਲ ਬੇਦਲੀਲੀ ਹੈ। ਸਵਾਲ ਹੈ ਕਿ ਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ ਤਾਂ ਇਹ 40 ਸਿੱਖ ਬੇਦਾਵਾ ਲਿਖ ਕੇ ਉੱਥੋਂ ਬਚ ਕੇ ਨਿਕਲ ਕਿਵੇਂ ਆਏ? ਕੀ ਉਹ ਪਹਾੜੀ ਜਾਂ ਮੁਗ਼ਲ ਫ਼ੌਜਾਂ ਨਾਲ ਸਮਝੌਤਾ ਕਰ ਕੇ ਜਾਂ ਰਿਸ਼ਵਤ ਦੇ ਕੇ ਆਏ ਸਨ ਜਾਂ ਕੇਸ ਕਟੱਵਾ ਕੇ, ਮੋਨੇ ਬਣ ਕੇ, ਨਿਕਲੇ ਸਨ? ਫਿਰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ ਚਲਣ ਲੱਗਿਆਂ ਖ਼ਾਸ ਕਰ ਕੇ ਇਹ “ਬੇਦਾਵਾ” ਹੀ ਆਪਣੀ ਜੇਬ੍ਹ ਵਿਚ ਪਾਇਆ ਹੋਇਆ ਸੀ? ਗੁਰੂ ਸਾਹਿਬ ਨੂੰ ਇਹ ਕਾਗ਼ਜ਼ ਖ਼ਾਸ ਤੌਰ ’ਤੇ ਸੰਭਾਲਣ ਦੀ ਕਿਹੜੀ ਖ਼ਾਸ ਲੋੜ ਸੀ?  ਇਸ ਕਰ ਕੇ ਇਹ ਗੱਲ ਸਹੀ ਨਹੀਂ ਹੈ। ਹਾਂ, ਰੂਪੇਆਣਾ ਦੀ ਜੂਹ (ਮਲ੍ਹਣ ਸੋਢੀਆਂ) ਵਿਚ ਬੇਦਾਵਾ ਲਿਖਣ ਦੀ ਗੱਲ ਸਹੀ ਹੈ ਕਿਉਂਕਿ ਉਸ ਤੋਂ ਕੁਝ ਘੰਟੇ ਮਗਰੋਂ ਹੀ ਉਹ ਬੇਦਾਵਾ ਪਾੜ ਦਿੱਤਾ ਗਿਆ ਸੀ। ਇਨ੍ਹਾਂ ਹਾਲਤਾਂ ’ਚ ਇੰਨਾ ਚਿਰ ਗੁਰੂ ਸਾਹਿਬ ਕੋਲ ਕਾਗ਼ਜ਼ ਰਹਿ ਸਕਣਾ ਮੁਮਕਿਨ ਨਹੀਂ ਜਾਪਦਾ।

ਮੁਕਤਸਰ ਵਿਚ ਸ਼ਹੀਦ ਹੋਣ ਵਾਲੇ 40 ਮੁਕਤਿਆਂ ਦੇ ਨਾਂ ਵੀ ਵੱਖ-ਵੱਖ ਲੇਖਕਾਂ ਨੇ ਵੱਖ-ਵੱਖ ਹੀ ਦਿੱਤੇ ਹਨ। ਹੋ ਸਕਦਾ ਹੈ ਕਿ ਇਹ ਨਾਂ ਸੁਣੇ-ਸੁਣਾਏ ਸੋਮਿਆਂ ਤੋਂ ਲਏ ਗਏ ਹੋਣ। ਪਰ, ਭੱਟ ਵਹੀਆਂ ਅਤੇ ਕੁਰਸੀ-ਨਾਮਿਆਂ ਤੋਂ ਕੁਝ ਨਾਂ ਸਹੀ ਤੌਰ ’ਤੇ ਮਿਲ ਜਾਂਦੇ ਹਨ। ਇਹ ਨਾਂ ਹੇਠ ਲਿਖੇ ਹਨ:

1. ਭਾਈ ਰਾਏ ਸਿੰਘ ਮੁਲਤਾਨੀ (ਪਿੰਡ ਮਰਲ-ਮਾੜੀ)2. ਭਾਈ ਮਹਾਂ ਸਿੰਘ (ਪੁੱਤਰ ਭਾਈ ਰਾਏ ਸਿੰਘ)3. ਭਾਈ ਸੀਤਲ ਸਿੰਘ (ਪੁੱਤਰ ਭਾਈ ਰਾਏ ਸਿੰਘ)4. ਭਾਈ ਸੁੰਦਰ ਸਿੰਘ ਬ੍ਰਾਹਮਣ (ਪਿੰਡ ਝੱਲੀਆਂ ਵਾਲਾ)5. ਭਾਈ ਬੂੜ ਸਿੰਘ (ਪਿਤਾ ਭਾਈ ਸੁੰਦਰ ਸਿੰਘ)6. ਭਾਈ ਭਾਗ ਸਿੰਘ ਢਿੱਲੋਂ (ਝਬਾਲ ਵਾਸੀ)7. ਭਾਈ ਦਿਲਬਾਗ ਸਿੰਘ ਢਿੱਲੋਂ (ਭਰਾ ਭਾਈ ਭਾਗ ਸਿੰਘ)8. ਭਾਈ ਘਰਬਾਰਾ ਸਿੰਘ ਢਿੱਲੋਂ (ਝਬਾਲ) ਸ਼ਾਇਦ ਭਾਗ ਸਿੰਘ ਦਾ ਭਰਾ ਸੀ 9. ਭਾਈ ਗੰਡਾ ਸਿੰਘ ਢਿੱਲੋਂ (ਝਬਾਲ) ਸ਼ਾਇਦ ਭਾਗ ਸਿੰਘ ਦਾ ਭਰਾ ਸੀ10. ਭਾਈ ਸੁਲਤਾਨ ਸਿੰਘ ਵੜੈਚ (ਪੁੱਤ ਭਾਈ ਦੇਸ ਰਾਜ ਵੜੈਚ)11. ਭਾਈ ਨਿਧਾਨ ਸਿੰਘ ਵੜੈਚ (ਪਤੀ ਮਾਈ ਭਾਗ ਕੌਰ ਅਤੇ ਪੁੱਤਰ ਭਾਈ ਦੇਸ ਰਾਜ  ਵੜੈਚ)12. ਭਾਈ ਖੁਸ਼ਹਾਲ ਸਿੰਘ ਭੱਲਾ (ਗੁਰੂ ਅਮਰ ਦਾਸ ਸਾਹਿਬ ਤੋਂ ਅਠਵੀਂ ਪੀੜ੍ਹੀ)13. ਭਾਈ ਦਰਬਾਰੀ ਸਿੰਘ (ਪੁੱਤਰ ਭਾਈ ਖੁਸ਼ਹਾਲ ਸਿੰਘ, ਗੁਰੂ ਅਮਰ ਦਾਸ ਸਾਹਿਬ ਤੋਂ ਨੌਵੀਂ ਪੀੜ੍ਹੀ)14. ਭਾਈ ਘਰਬਾਰੀ ਸਿੰਘ (ਪੁੱਤਰ ਭਾਈ ਖੁਸ਼ਹਾਲ ਸਿੰਘ, ਗੁਰੂ ਅਮਰ ਦਾਸ ਸਾਹਿਬ ਤੋਂ ਨੌਵੀਂ ਪੀੜ੍ਹੀ)ਇਹ 14 ਨਾਂ ਉਹ ਹਨ ਜਿਨ੍ਹਾਂ ਬਾਰੇ ਕੋਈ ਭੁਲੇਖਾ ਨਹੀਂ ਹੈ ਪਰ ਸੰਤੋਖ ਸਿੰਘ, ਵਿਸਾਖਾ ਸਿੰਘ (ਮਾਲਵਾ ਇਤਿਹਾਸ) ਅਤੇ ਇਕ ਅੱਧ ਹੋਰ ਲੇਖਕ ਨੇ ਜੋ 40-40 ਨਾਂ ਦਿੱਤੇ ਹਨ ਉਸ ਸੂਚੀ ਵਿਚ ਇਨ੍ਹਾਂ ਵਿਚੋਂ ਕਈ ਨਾਂ ਨਹੀਂ ਮਿਲਦੇ। ਇਸ ਦਾ ਮਤਲਬ ਸਾਫ਼ ਹੈ ਕਿ ਸੰਤੋਖ ਸਿੰਘ, ਵਿਸਾਖਾ ਸਿੰਘ ਜਾਂ ਉਨ੍ਹਾਂ ਦੇ ਅਧਾਰ ’ਤੇ 40 ਮੁਕਤਿਆਂ ਦੇ ਨਾਂਵਾਂ ਵਿਚੋਂ ਕੁਝ ਨਾਂ ਯਕੀਨਨ ਗ਼ਲਤ ਹਨ। ਉਨ੍ਹਾਂ ਵਿਚੋਂ ਕਿਹੜੇ ਨਾਂ ਗ਼ਲਤ ਹਨ, ਇਸ ਬਾਰੇ, ਅਜੇ, ਦਾਅਵੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਹੈ ਕਿ ਭੱਟ ਵਹੀਆਂ ਅਤੇ ਕੁਰਸੀਨਾਮਿਆਂ ਵਿਚੋਂ ਕਿਧਰੋਂ ਸ਼ਾਇਦ ਬਾਕੀ ਨਾਂਵਾਂ ਦਾ ਵੀ ਨਿਬੇੜਾ ਹੋ ਸਕੇ। ਹਾਲ ਦੀ ਘੜੀ ਇਹੀ ਅਖਿਆ ਜਾ ਸਕਦਾ ਹੈ ਕਿ ਇਨ੍ਹਾਂ 14 ਅਤੇ 26 ਹੋਰ ਸਿੰਘਾਂ ਨੇ ਖਿਦਰਾਣੇ ਦੀ ਢਾਬ ’ਤੇ ਸ਼ਹੀਦੀ ਹਾਸਿਲ ਕੀਤੀ ਸੀ। (ਨੋਟ: ਇਹ ਲੇਖ ਉਸ ਵੇਲੇ ਦੀਆਂ ਲਿਖਤਾਂ: ਭੱਟ ਵਹੀ ਮੁਲਤਾਨੀ ਸਿੰਧੀ, “ਗੁਰੂ ਕੀਆਂ ਸਾਖੀਆਂ”, ਮਹਿਮਾ ਪ੍ਰਕਾਸ਼, ਸਿੰਘ ਸਾਗਰ ‘ਤੇ ਅਧਾਰਤ ਹੈ ਅਤੇ “ਮਾਤਾ ਗੁਜਰੀ, ਚਾਰ ਸਾਹਿਜ਼ਾਦੇ ਚਾਲ੍ਹੀ ਮੁਕਤੇ” ਕਿਤਾਬ ਵਿੱਚੋਂ ਲਿਆ ਗਿਆ ਹੈ)।

Comments

comments

Share This Post

RedditYahooBloggerMyspace