ਅਜਨਾਲਾ ‘ਚ ਏਐੱਸਆਈ ਦੇ ਹਮਲੇ ‘ਚ ਸਾਧੂ ਦੀ ਮੌਤ, ਗ੍ਰਿਫ਼ਤਾਰ

ਅਜਨਾਲਾ :  ਅਜਨਾਲਾ ‘ਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਦੇ ਹਮਲੇ ਕਾਰਨ ਇੱਕ ਸਾਧੂ ਦੀ ਮੌਤ ਹੋ ਗਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਸਾਧੂ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ। ਮੁਲਜ਼ਮ ਏਐੱਸਆਈ ਅਤਰ ਸਿੰਘ ਮੋਹਕਮਪੁਰਾ ਪੁਲਿਸ ਥਾਣੇ ‘ਚ ਤਾਇਨਾਤ ਸੀ।

ਇਹ ਵਾਰਦਾਤ ਸਨਿੱਚਰਵਾਰ ਰਾਤੀਂ 8:30 ਵਜੇ ਵਾਪਰੀ, ਜਦੋਂ ਏਐੱਸਆਈ ਪੁਲਿਸ ਥਾਣੇ ਤੋਂ ਅਜਨਾਲਾ ਤਹਿਸੀਲ ‘ਚ ਪੈਂਦੇ ਆਪਣੇ ਪਿੰਡ ਜਗਦੇਵ ਖੁਰਦ ਪਰਤ ਰਿਹਾ ਸੀ। ਅਜਨਾਲਾ ਪੁਲਿਸ ਥਾਣੇ ਦੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਮਾਰੁਤੀ ਸੁਜ਼ੂਕੀ ਕਾਰ ‘ਚ ਸੀ; ਜਦੋਂ ਉਹ ਅਜਨਾਲਾ ਬਾਜ਼ਾਰ ‘ਚ ਪੁੱਜਾ, ਤਾਂ ਉਸ ਨੇ ਬਾਜ਼ਾਰ ‘ਚ ਘੁੰਮਦੇ ਇੱਕ ਸਾਧੂ ਨੂੰ ਤੱਕਿਆ। ਉਸ ਨੂੰ ਵੇਖਦਿਆਂ ਹੀ ਉਸ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਚਸ਼ਮਦੀਦ ਗਵਾਹਾਂ ਅਨੁਸਾਰ ਏਐੱਸਆਈ ਉਸ ਸਾਧੂ ਨੂੰ ਇੱਕ ਪਾਕਿਸਤਾਨੀ ਏਜੰਟ ਆਖ ਰਿਹਾ ਸੀ। ਉਸੇ ਕੁੱਟਮਾਰ ਦੌਰਾਨ ਉਸ ਏਐੱਸਆਈ ਨੇ ਸਾਧੂ ਨੂੰ ਪੁਲਿਸ ਥਾਣੇ ‘ਚ ਜਾਣ ਲਈ ਵੀ ਮਜਬੂਰ ਕੀਤਾ ਸੀ।

ਐੱਸਐੱਸਪੀ–ਦਿਹਾਤੀ ਪਰਮਪਾਲ ਸਿੰਘ ਨੇ ਦੱਸਿਆ ਕਿ ਏਐੱਸਆਈ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਸਾਧੂ ਨੂੰ ਗੰਭੀਰ ਹਾਲਤ ‘ਚ ਛੱਡ ਕੇ ਚਲਾ ਗਿਆ। ਕੁਝ ਰਾਹਗੀਰਾਂ ਦੀ ਮਦਦ ਨਾਲ ਸਾਧੂ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਏਐੱਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਗ਼ੈਰ–ਇਰਾਦਤਨ ਕਤਲ ਦਾ ਮਾਮਲਾ ਵੀ ਦਰਜ ਹੋ ਗਿਆ ਹੈ। ਉਸ ਨੂੰ ਅੱਜ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਵੀ ਪੇਸ਼ ਕੀਤਾ ਗਿਆ।

Comments

comments

Share This Post

RedditYahooBloggerMyspace