‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਸੈਨਹੋਜ਼ੇ : ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਨੂੰ ਗੁਰੂ ਘਰ ਸੈਨਹੋਜ਼ੇ ਵਿਖੇ ਸੰਗਤਾਂ ਦੇ ਸਨਮੁੱਖ ਕਰਨ ਸਮੇਂ ਪ੍ਰਧਾਨ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਾਕਿਸਤਾਨ ਵਿਖੇ ਸਿੱਖਾਂ ਦੇ ਤੀਰਥ, ਇਤਿਹਾਸ, ਰਾਜਨੀਤੀ, ਧਰਮ, ਤੇ ਵਿਰਸੇ ਨੂੰ ਚਰਨਜੀਤ ਸਿੰਘ ਪੰਨੂ ਨੇ ਉੱਥੇ ਜਾ ਕੇ ਬੜੀ ਦਿਲਚਸਪੀ ਨਾਲ ਵੇਖਿਆ, ਜਾਚਿਆ ਤੇ ਛਿਆਹਠ ਫ਼ੋਟੋ ਸਮੇਤ ਕਲਮਬੰਦ ਕਰ ਕੇ ਇਸ ਨੂੰ ਪੁਸਤਕ ਦਾ ਰੂਪ ਦਿੱਤਾ ਹੈ ਜਿਸ ਲਈ ਉਹ ਵਧਾਈ ਦਾ ਪਾਤਰ ਹੈ। ਲੇਖਕ ਨੇ ਪੰਜ ਕਿਤਾਬਾਂ ਗੁਰਦੁਆਰਾ ਲਾਇਬਰੇਰੀ ਨੂੰ ਭੇਟ ਕੀਤੀਆਂ ਹਨ। ਇਹ ਹਵਾਲਾ ਪੁਸਤਕ ਪਾਕਿਸਤਾਨ ਜਾਣ ਵਾਲੇ ਹਰ ਯਾਤਰੀ ਨੂੰ ਅਤੇ ਨਾ ਜਾਣ ਵਾਲੇ ਹਰ ਜਗਿਆਸੂ ਨੂੰ ਪੜ੍ਹ ਕੇ ਲੇਖਕ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸਟੇਜ ਸਕੱਤਰ ਮੱਘਰ ਸਿੰਘ ਨੇ ਇਸ ਸਫ਼ਰਨਾਮੇ ਨੂੰ ਗਿਆਨ ਦਾ ਭੰਡਾਰ ਦੱਸਿਆ ਕਿ ਪੰਨੂ ਸਾਹਿਬ ਨੇ ਬੜੀ ਬਰੀਕੀ ਤੇ ਬੇਬਾਕੀ ਨਾਲ ਸਿੱਖ ਇਤਿਹਾਸ ਦੀਆਂ ਪੈੜਾਂ ਨੱਪਣਾ ਦੀ ਕੋਸ਼ਿਸ਼ ਕੀਤੀ ਹੈ। ਸੁਖਦੇਵ ਸਿੰਘ ਬੈਨੀਵਾਲ ਨੇ ਇਸ ਪੁਸਤਕ ਨੂੰ ਚਰਨਜੀਤ ਸਿੰਘ ਦੀ ਨਿਵੇਕਲੀ ਪ੍ਰਾਪਤੀ ਦੱਸਿਆ। ਭਈ ਮਨੀ ਸਿੰਘ, ਭਾਈ ਤਾਰੂ ਸਿੰਘ, ਟੋਟੇ ਕਰਵਾ ਕੇ ਝੋਲੀ ‘ਚ ਪਵਾਉਂਦੀਆਂ ਮਾਵਾਂ ਸਮੇਤ ਸਿੱਖਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਉਜਾਗਰ ਹੁੰਦਾ ਹੈ।

ਲਹਿੰਦੇ ਤੇ ਚੜ੍ਹਦੇ ਦੋਹਾਂ ਪੰਜਾਬਾਂ ਦੇ ਬਾਸ਼ਿੰਦਿਆਂ ਦੀ ਆਪਸੀ ਮਿਲਵਰਤਨ ਭਾਈਚਾਰੇ ਦੀ ਤੀਬਰ ਤਾਂਘ ਬਹੁਤ ਵਿਆਕਲ ਰੂਪ ਵਿਚ ਵਿਅਕਤ ਹੁੰਦੀ ਹੈ। ਇਸ ਨੂੰ ਪੜ੍ਹ ਕੇ ਪਾਠਕ ਆਪ ਲੇਖਕ ਦੇ ਨਾਲ ਚੱਲਦਾ ਪਾਕਿਸਤਾਨ ਦਾ ਨਜ਼ਾਰਾ ਵੇਖਦਾ ਰਹਿੰਦਾ ਹੈ। ਹੁਣ ਤੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਕਾਰੀਡੋਰ ਖੁੱਲਣ ਦੀ ਖ਼ਬਰ ਨਾਲ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਹੋਣ ਦੀ ਆਸ ਬੱਝੀ ਹੈ। ਲੰਡਨ ਤੋਂ ਪ੍ਰਸਿੱਧ ਕਥਾਵਾਚਕ ਤੇ ਕਈ ਧਾਰਮਿਕ ਪੁਸਤਕਾਂ ਦੇ ਸਿਰਜਨਹਾਰੇ ਗੁਰਬਖ਼ਸ਼ ਸਿੰਘ ਗੁਲਸ਼ਨ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ, ਧਰਮ ਤੇ ਵਿਰਸਾ ਬੜੀ ਸੋਚੀ ਸਮਝੀ ਸਾਜ਼ਿਸ਼ ਅਧੀਨ ਵਿਗਾੜਿਆ ਤੇ ਲਿਤਾੜਿਆ ਜਾ ਰਿਹਾ ਹੈ। ਇਸ ਦੀ ਮੌਲਿਕਤਾ ਪੱਥਰਾਂ ਹੇਠ ਦੱਬੀ ਢਕੀ ਜਾ ਰਹੀ ਹੈ। ਸਿੱਖਾਂ ਦੇ ਧਰਮ, ਇਤਿਹਾਸ, ਸਭਿਆਚਾਰ, ਰਾਜਨੀਤੀ ਤੇ ਅਮੀਰ ਬਲਵਾਨ ਵਿਰਸੇ ਦੀ ਜੜ੍ਹ ਪਾਕਿਸਤਾਨ ਵਿਚ ਹੈ। ਲੇਖਕ ਨੇ ਬਹੁਤ ਮਿਹਨਤ ਨਾਲ ਸਮਗਰੀ ਜੋੜ ਕੇ ਸੁੰਦਰ ਦਿੱਖ ਵਾਲੀ ਇਸ ਪੁਸਤਕ ਰਾਹੀਂ ਪਾਠਕਾਂ ਨੂੰ ਜਾਗਰੂਕ ਕੀਤਾ ਹੈ। ਲਾਹੌਰ, ਨਨਕਾਣਾ ਸਾਹਿਬ, ਕਰਤਾਰਪੁਰ, ਪੰਜਾ ਸਾਹਿਬ ਤੇ ਹੋਰ ਬਹੁਤ ਸਾਰੇ ਗੁਰਦੁਆਰੇ ਤੇ ਸਿੱਖ ਧਾਮ ਪਾਕਿਸਤਾਨ ਵਿਚ ਰਹਿ ਗਏ। ਦੂਰ ਤੱਕ ਧਾਕ ਪਹੁੰਚਾਉਣ ਵਾਲਾ ਸਿੱਖ ਰਾਜ ਦਾ ਇੱਕੋ ਇਕ ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਦੀਆ ਪ੍ਰਾਪਤੀਆਂ ਤੇ ਉਪਲਬਧੀਆਂ ਦੀਆਂ ਜੜ੍ਹਾਂ ਪਾਕਿਸਤਾਨ ਵਿਚ ਹਨ। ਜਨਰਲ ਸਕੱਤਰ ਪ੍ਰੀਤਮ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਹਰੇਦਵ ਸਿੰਘ ਤੱਖਰ, ਨਰਿੰਦਰਪਾਲ ਸਿੰਘ, ਕਿਰਪਾਲ ਅਟਵਾਲ, ਨਿਰਮਲ ਸਿੰਘ ਅਟਵਾਲ, ਸੁਰਜੀਤ ਬੈਂਸ, ਗੁਰਬਖ਼ਸ਼ ਸਿੰਘ, ਡਾ. ਦਲਵੀਰ ਪੰਨੂ, ਗੁਰਸ਼ਾਨ ਪੰਨੂ, ਸੂਰਤ ਸਿੰਘ, ਐਡਵੋਕੇਟ ਹਰਬੰਸ ਸਿੰਘ ਲੋਂਗੀਆ, ਗਿਆਨੀ ਮਨਮੋਹਣ ਸਿੰਘ, ਜਗਜੀਤ ਸਿੰਘ ਛਾਬੜਾ, ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਅਤੇ ਸੀਨੀਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਰਲ ਕੇ ਚਰਨਜੀਤ ਸਿੰਘ ਪੰਨੂ ਨੂੰ ਮਾਣ ਸਨਮਾਨ ਨਾਲ ਨਿਵਾਜਿਆ। ਚਰਨਜੀਤ ਸਿੰਘ ਪੰਨੂ ਨੇ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਬਹੁਤ ਰੁਝੇਵਿਆਂ ਭਰੇ ਪ੍ਰੋਗਰਾਮਾਂ ਵਿਚਕਾਰ ਛੋਟੇ ਜਿਹੇ ਨੋਟਿਸ ਵਿਚ ਪੁਸਤਕ ਦੀ ਮੁੱਖ ਦਿਖਾਈ ਕਰਾਈ ਹੈ।

Comments

comments

Share This Post

RedditYahooBloggerMyspace