ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ-(1)

ਇਹ ਸਫ਼ਰਨਾਮਾ ਮੁਸਲਮਾਨ ਮੁਸ਼ਤਾਕ ਹੁਸੈਨ, ਜੋ ਖੰਡੇ ਦੀ ਪਾਹੁਲ ਲੈ ਕੇ ਸਈਦ ਪ੍ਰਿਥੀਪਾਲ ਸਿੰਘ ਬਣਿਆ ਸੀ, ਦੀ ਖੋਜ ‘ਤੇ ਆਧਾਰਿਤ ਹੈ। ਉਨਾਂ ਦਾ ਜਨਮ ਸਥਾਨ ਮੀਰਪੁਰ, ਕਸ਼ਮੀਰ ਸੀ। ਕਾਨਪੁਰ ਵਿਚ ਦਿੱਤੇ ਉਨਾਂ ਦੇ ਭਾਸ਼ਣਾਂ ਨੂੰ ਸ. ਮਹਿੰਦਰ ਸਿੰਘ ਨੇ ਉਰਦੂ ਵਿਚ ਕਲਮਬੰਦ ਕੀਤਾ ਸੀ। ਇਹ ਉਸੇ ਹੱਥ ਲਿਖਤ ਦਾ ਪੰਜਾਬੀ ਅਨੁਵਾਦ ਹੈ। ਇਹ ਲਿਖਤ ਪਾਠਕਾਂ ਦੀ ਜਾਣਕਾਰੀ ਲਈ ਹੈ ਪੰਜਾਬ ਨਿਊਜ਼ ਦਾ ਇਸਦੇ ਤੱਥਾਂ ਨਾਲ ਸਹਿਮਤ ਹੋਣਾ ਜ਼ਰੁਰੀ ਨਹੀਂ

ਪੇਸ਼ਕਸ਼ : ਜਸਵੀਰ ਸਿੰਘ ਸਰਨਾ

ਮੇਰੇ ਮਾਤਾ ਪਿਤਾ 1947 ਵਿਚ ਪਾਕਿਸਤਾਨ ਬਣਨ ਤੋਂ ਬਾਅਦ ਪਾਕਿਸਤਾਨ ਤੋਂ ਆ ਕੇ ਕਾਨਪੁਰ, ਯੂਪੀ ਵਿਖੇ ਵਸ ਗਏ। ਮੈਂ (ਮਹਿੰਦਰ ਸਿੰਘ) ਉਸ ਸਮੇਂ ਸੱਤਵੀਂ ਜਮਾਤ ਵਿਚ ਪੜਦਾ ਸਾਂ। 1950 ਵਿਚ ਮੈਂ ਜਦੋਂ ਦਸਵੀਂ ਜਮਾਤ ਵਿਚ ਸਾਂ ਤੇ ਸਈਦ ਪ੍ਰਿਥੀਪਾਲ ਸਿੰਘ ਨੇ ਕਾਨਪੁਰ ਦੇ ਗੁਰਦੁਆਰਿਆਂ ਵਿਚ ਆਪਣੇ ਭਾਸ਼ਣ ਦੇਣੇ ਸ਼ੁਰੂ ਕੀਤੇ। ਮੈਂ 1959 ਵਿਚ ਨੌਕਰੀ ਦੇ ਸਿਲਸਿਲੇ ‘ਚ ਬਾਹਰ ਜਾਣ ਤਕ ਉਨਾਂ ਦੇ ਭਾਸ਼ਣ ਸੁਣਦਾ ਰਿਹਾ। ਉਨਾਂ ਨੂੰ ਬੜੀ ਗੁਰਬਾਣੀ ਯਾਦ ਸੀ ਅਤੇ ਸਾਰਾ ਕੁਰਾਨ ਸ਼ਰੀਫ਼ ਵੀ ਯਾਦ ਕੀਤਾ ਹੋਇਆ ਸੀ। ਉਸ ਸਮੇਂ ਉਨਾਂ ਤੋਂ ਇਲਾਵਾ ਸੰਤ ਮਸਕੀਨ ਜੀ, ਪ੍ਰਿੰਸੀਪਲ ਸਤਿਬੀਰ ਸਿੰਘ, ਸੰਤ ਨਿਹਚਲ ਸਿੰਘ ਅਤੇ ਸੰਤ ਗ਼ਰੀਬ ਸਿੰਘ ਵੀ ਆਪਣੇ ਭਾਸ਼ਣ ਦਿਆ ਕਰਦੇ ਸਨ ਪਰ ਸੰਗਤਾਂ ਵਿਚ ਸਈਦ ਪ੍ਰਿਥੀਪਾਲ ਸਿੰਘ ਦਾ ਅਸਰ ਬਹੁਤ ਜ਼ਿਆਦਾ ਸੀ। ਜਿਸ ਦਿਨ ਉਨਾਂ ਆਪਣਾ ਭਾਸ਼ਣ ਦੇਣਾ ਹੁੰਦਾ, ਉਸ ਦਿਨ ਉਨਾਂ ਦੇ ਆਉਣ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਦਾ ਪੂਰਾ ਹਾਲ, ਗੈਲਰੀਆਂ ਅਤੇ ਸਾਰੀ ਖੁੱਲੀਂ ਥਾਂ ਭਰ ਜਾਂਦੀ ਸੀ। ਮੈਂ ਵੀ ਗੈਲਰੀ ਵਿਚ ਬੈਠ ਕੇ ਉਨਾਂ ਦਾ ਭਾਸ਼ਣ ਉਰਦੂ ਵਿਚ ਲਿਖ ਲੈਂਦਾ ਸਾਂ।
ਸੰਗਤਾਂ ਵਿਚ ਉਨਾਂ ਦੇ ਭਾਸ਼ਣਾਂ ਦਾ ਅਸਰ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨਾਂ ਨੇ ਕਾਨਪੁਰ ਦੇ ਸਭ ਤੋਂ ਵੱਡੇ ਗੁਰਦੁਆਰਾ ਬਾਬਾ ਮੋਹਨ ਜੀ ਵਿਚ ਇਹ ਅਪੀਲ ਕੀਤੀ ਕਿ ਉਹ ਆਪਣੇ ਲੜਕੇ ਨੂੰ ਇੰਜੀਨੀਅਰਿੰਗ ਵਿਚ ਦਾਖ਼ਲਾ ਦਿਵਾਉਣਾ ਚਾਹੁੰਦੇ ਹਨ ਪਰ ਦਾਖ਼ਲਾ ਫੀਸ ਆਦਿ ਖ਼ਰਚ ਕਰਨ ਦੀ ਉਨਾਂ ਦੀ ਹਿੰਮਤ ਨਹੀਂ। ਮੈਨੂੰ ਤਾਂ ਸੰਗਤ ਦਾ ਹੀ ਆਸਰਾ ਹੈ। ਬਸ, ਉਨਾਂ ਦਾ ਇਹ ਕਹਿਣਾ ਹੀ ਸੀ ਕਿ ਮਾਇਆ ਦੀ ਬਾਰਿਸ਼ ਹੋਣ ਲੱਗੀ ਅਤੇ ਕਈ ਬੀਬੀਆਂ ਨੇ ਆਪਣੇ ਸੋਨੇ ਦੇ ਗਹਿਣੇ ਵੀ ਉਤਾਰ ਕੇ ਦੇ ਦਿੱਤੇ। ਮੇਰੇ ਕੋਲ ਵੀ ਜੋ ਕੁਝ ਸੀ, ਦੇ ਦਿੱਤਾ। ਉਨਾਂ ਦੱਸਿਆ ਕਿ ਕਿਵੇਂ ਉਹ ਇਕ ਵੱਡੇ ਘਰਾਣੇ ਦੇ ਮੁਸਲਮਾਨ ਹੁੰਦੇ ਹੋਏ ਗੁਰਸਿੱਖ ਬਣੇ। ਉਨਾਂ ਦਾ ਪਹਿਲਾ ਨਾਂ ਮੁਸ਼ਤਾਕ ਹੁਸੈਨ ਸੀ। ਉਨਾਂ ਆਖਿਆ ਕਿ ਉਹ ਕਸ਼ਮੀਰ ਦੇ ਮੀਰਪੁਰ ਸ਼ਹਿਰ ਵਿਖੇ ਰਹਿੰਦੇ ਸਨ। ਉਨਾਂ ਦੇ ਪਿਤਾ ਦਾ ਨਾਂ ਮੁਜ਼ੱਫਰ ਹੁਸੈਨ ਸ਼ਾਹ ਸੀ ਅਤੇ ਦਾਦੇ ਦਾ ਨਾਂ ਪੀਰ ਬਾਕਰ ਸ਼ਾਹ ਸੀ। ਉਹ ਆਪਣੇ ਪਿਤਾ ਦੇ ਇਕਲੌਤੇ ਪੁੱਤਰ ਸਨ। ਆਪ ਦੇ ਦਾਦਾ ਪ੍ਰਤਾਪ ਸਿੰਘ ਡੋਗਰੇ ਦੀ ਸਰਕਾਰ ਵਿਚ ਮੰਤਰੀ ਸਨ। ਲਾਹੌਰ ਵਿਚ ਉਨਾਂ ਅਰਬੀ ਜ਼ੁਬਾਨ ਵਿਚ ਡਿਗਰੀ ਹਾਸਲ ਕੀਤੀ ਅਤੇ ਕੁਰਾਨ ਸ਼ਰੀਫ਼ ਦਾ ਗਹਿਰਾ ਅਧਿਐਨ ਕੀਤਾ ਸੀ।
1927 ਈਸਵੀ ਵਿਚ ਉਨਾਂ ਦੇ ਪਿਤਾ ਨੇ ਮੱਕੇ ਦੇ ਹੱਜ ਲਈ ਇਕ ਕਾਫ਼ਲਾ ਤਿਆਰ ਕੀਤਾ। ਮੈਨੂੰ ਵੀ ਨਾਲ ਜਾਣ ਲਈ ਕਿਹਾ ਗਿਆ। ਮੈਂ ਆਪਣੀ ਮਾਂ ਕੋਲੋਂ ਇਜਾਜ਼ਤ ਲੈ ਕੇ ਤਿਆਰ ਹੋ ਗਿਆ। ਮੱਕਾ ਪਹੁੰਚ ਕੇ ਮੇਰੇ ਪਿਤਾ ਨੇ ਮੈਨੂੰ ‘ਮੌਲਵੀ ਫ਼ਾਜ਼ਲ’ ਦੀ ਡਿਗਰੀ ਲੈਣ ਲਈ ਮਦੀਨੇ ਦੀ ਮਿੱਨਾਂ ਯੂਨੀਵਰਸਿਟੀ ਵਿਚ ਦਾਖ਼ਲ ਕਰਵਾ ਦਿੱਤਾ। ਮੈਂ ਆਪਣੀ ਕਾਬਲੀਅਤ ਨੂੰ ਵਧਾਉਣ ਲਈ ਮਦੀਨੇ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਵਿਚ ਕਿਤਾਬਾਂ ਪੜਨ ਲੱਗਾ। ਕੁਝ ਦਿਨਾਂ ਬਾਅਦ ਮੇਰੇ ਹੱਥ ਇਕ ਹੱਥ-ਲਿਖਤ ਕਿਤਾਬ ਲੱਗੀ, ਜਿਸ ਦਾ ਨਾਂ ਸੀ ‘ਸਯਾਹਤੋ ਬਾਬਾ ਨਾਨਕ ਫ਼ਕੀਰ’ (ਸਫ਼ਰਨਾਮਾ ਬਾਬਾ ਨਾਨਕ ਫ਼ਕੀਰ) ਅਤੇ ਇਕ ਹੋਰ ਕਿਤਾਬ ‘ਤਵਾਰੀਖ਼ ਅਰਬ।’ ਪਹਿਲੀ ਹੱਥ-ਲਿਖਤ ਤਾਜੋਦੀਨ ਦੀ ਲਿਖੀ ਹੋਈ ਸੀ ਅਤੇ ਦੂਸਰੀ ਖਵਾਜ਼ਾ ਜੈਨਲਉਬਦੀਨ ਦੀ। ਪਹਿਲੀ ਕਿਤਾਬ ਪੜ ਕੇ ਉਹ ਹੈਰਾਨ ਰਹਿ ਗਏ ਕਿ ਸਾਰੇ ਅਰਬ ਵਿਚ ਬਾਬਾ ਨਾਨਕ ਜੀ ਕਈ ਵੱਡੇ-ਵੱਡੇ ਸ਼ਹਿਰਾਂ ਵਿਚ ਗਏ ਅਤੇ ਉੱਥੋਂ ਦੇ ਸਾਰੇ ਵੱਡੇ ਪੀਰਾਂ ਨਾਲ ਮੁਲਾਕਾਤ ਕੀਤੀ ਅਤੇ ਪੀਰਾਂ ਨੇ ਬਾਬਾ ਜੀ ਨਾਲ ਧਾਰਮਿਕ ਅਤੇ ਕਈ ਤਰਾਂ ਦੇ ਅਣਗਿਣਤ ਸਵਾਲ ਕੀਤੇ, ਜਿਨਾਂ ਦੇ ਹੈਰਾਨਕੁੰਨ ਜਵਾਬ ਸੁਣ ਕੇ ਉਨਾਂ ਸਾਰਿਆਂ ਨੇ ਬਾਬਾ ਜੀ ਦੇ ਪੈਰ ਪਕੜੇ ਅਤੇ ਆਪਣੇ ਕਈ ਸਾਥੀਆਂ ਦੇ ਨਾਲ ਉਨਾਂ ਦੇ ਮੁਰੀਦ ਬਣ ਗਏ। ਇਹ ਕਿਤਾਬ ਉਨਾਂ ਨੇ ਕਈ ਵਾਰ ਪੜੀ ਅਤੇ ਉਨਾਂ ਦੇ ਦਿਲ ‘ਤੇ ਉਸ ਕਿਤਾਬ ਦਾ ਬੜਾ ਗਹਿਰਾ ਅਸਰ ਹੋਇਆ। ਦੂਸਰੀ ਕਿਤਾਬ ‘ਤਵਾਰੀਖ਼ ਅਰਬ’ ਵਿਚ ਉਨਾਂ ਨੇ ਪੜਿਆ ਕਿ ਮੱਕਾ ਦੇ ਸਭ ਤੋਂ ਵੱਡੇ ਹਾਜੀ ਰੁਕਨਦੀਨ ਨੇ ਬਾਬਾ ਜੀ ਨਾਲ 360 ਸਵਾਲ ਕੀਤੇ, ਜਿਨਾਂ ਦੇ ਹੈਰਾਨਕੁੰਨ ਜਵਾਬ ਸੁਣ ਕੇ ਉਹ ਆਪਣੇ ਕਈ ਅਜ਼ੀਜ਼ਾਂ ਅਤੇ ਸਾਥੀਆਂ ਨਾਲ ਬਾਬਾ ਜੀ ਦੇ ਮੁਰੀਦ ਬਣੇ। ਬਾਬਾ ਜੀ ਕਿਸ ਤਰਾਂ ਅਤੇ ਕਿਵੇਂ ਮੱਕਾ ਗਏ? ਇਤਿਹਾਸਕਾਰਾਂ ਅਨੁਸਾਰ ਬਾਬਾ ਜੀ ਡੇਰਾ ਇਸਮਾਇਲ ਖ਼ਾਨ ਅਤੇ ਪਠਾਨਵਲੀ ਇਲਾਕੇ ਤੋਂ ਹੁੰਦੇ ਹੋਏ ਮਠਨਕੋਟ ਪੁੱਜੇ। ਇਹ ਥਾਂ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਖ਼ਰੀ ਹੱਦ ਸੀ। ਇਥੇ ਬਾਬਾ ਜੀ ਨੇ ਇਕ ਜ਼ਾਲਮ ਬ੍ਰਾਹਮਣ ਦੀ ਜ਼ਿੰਦਗੀ ਨੂੰ ਸਫਲ ਕੀਤਾ। ਇਥੇ ਬਾਬਾ ਜੀ ਦਾ ਇਕ ਵੱਡਾ ਗੁਰਦੁਆਰਾ ਹੈ, ਜੋ ਬਹੁਤ ਪ੍ਰਸਿੱਧ ਹੈ। ਇਥੋਂ ਚੱਲ ਕੇ ਬਾਬਾ ਜੀ ਸਖੋਰ ਸ਼ਹਿਰ ਦੇ ਕੋਲ ਸਾਧੂ ਬੇਲਾ ਦਾ ਡੇਰਾ ਕੀਤਾ। ਇਸ ਥਾਂ ਦੀ ਖੋਜ ਬਾਬਾ ਨੋਕੰਠੀ ਦਾਸ ਨੇ ਕੀਤੀ ਸੀ ਅਤੇ ਉਹ ਉਦਾਸੀਆਂ ਦੇ ਪ੍ਰਬੰਧ ਹੇਠ ਹੈ ਅਤੇ ਇਸ ਅਸਥਾਨ ਦੀ ਮਹਾਨਤਾ ਸਾਰੇ ਸਿੰਧ ਵਿਚ ਹੈ। ਇਥੋਂ ਚੱਲ ਕੇ ਬਾਬਾ ਜੀ ਕਰਾਚੀ ਬੰਦਰਗਾਹ ਲਾਗੇ ਜਾ ਠਹਿਰੇ। ਇਸ ਥਾਂ ਦਾ ਨਾਂ ਅਕਾਲ ਬੁੰਗਾ ਹੈ। ਇਸ ਥਾਂ ਨੂੰ ਆਜ਼ਾਦ ਕਰਵਾਉਣ ਵਾਸਤੇ 1938 ਵਿਚ ਸਿੱਖ ਪੰਥ ਨੇ ਭਾਰੀ ਮੋਰਚਾ ਲਾਇਆ ਸੀ। ਸਈਦ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਇਸ ਮੋਰਚੇ ਵਿਚ ਉਨਾਂ ਨੇ ਸਰਗਰਮ ਸੇਵਾਵਾਂ ਨਿਭਾਈਆਂ ਸਨ। ਇਥੋਂ ਚੱਲ ਕੇ ਗੁਰੂ ਜੀ ਸਮੁੰਦਰ ਪਾਰ ਅਦਨ ਦੇ ਕਿਬਲੇ ਹੇਠਾਂ ਬੈਠੇ। ਇਥੇ ਅੱਜ ਕੱਲ ਬਾਬਾ ਜੀ ਭਾਰੀ ਯਾਦਗਾਰੀ ਅਸਥਾਨ ਬਣਿਆ ਹੋਇਆ ਹੈ। ਇਥੋਂ ਚੱਲ ਕੇ ਗੁਰੂ ਜੀ ਜੱਦਾ ਸ਼ਰੀਫ਼ ਬੀਬੀ ਹੱਵਾ ਦੀ ਕਬਰ ਕੋਲ ਡੇਰਾ ਕੀਤਾ। ਇਥੇ ਹੁਣ ਬਾਬਾ ਜੀ ਦਾ ਆਲੀਸ਼ਾਨ ਗੁਰਦੁਆਰਾ ਹੈ, ਜਿਸ ਦਾ ਨਾਂ ‘ਨਾਨਕ ਸ਼ਾਹ ਕਲੰਦਰ’ ਹੈ। ਇਥੋਂ ਜਦੋਂ ਬਾਬਾ ਜੀ 22 ਕੋਸ ਅੱਗੇ ਪਹੁੰਚੇ ਤਾਂ ਉਨਾਂ ਪਾਨੀਪਤ ਤੋਂ ਆ ਰਹੇ ਹਾਜੀਆਂ ਦਾ ਕਾਫ਼ਲਾ ਵੇਖਿਆ। ਉਸ ਕਾਫ਼ਲੇ ਦਾ ਸਰਦਾਰ ਸ਼ਾਹ ਸ਼ਰਫ਼ ਅੱਗੇ ਊਠ ‘ਤੇ ਜਾ ਰਿਹਾ ਸੀ। ਬਾਬਾ ਜੀ ਨੇ ਜਲਦੀ-ਜਲਦੀ ਕਾਫ਼ਲੇ ਨੂੰ ਪਾਰ ਕਰ ਕੇ ਸ਼ਾਹ ਸ਼ਰਫ਼ ਦੇ ਅੱਗੇ ਚੱਲਣਾ ਸ਼ੁਰੂ ਕਰ ਦਿੱਤਾ। ਸ਼ਾਹ ਸ਼ਰਫ਼ ਨੇ ਬਾਬਾ ਜੀ ਦਾ ਫ਼ਕੀਰੀ ਲਿਬਾਸ ਵੇਖ ਕੇ ਆਪਣੇ ਮੁਰੀਦ ਨੂੰ ਬਾਬਾ ਜੀ ਨੂੰ ਰੋਕਣ ਲਈ ਆਖਿਆ। ਉਸ ਦਾ ਖ਼ਿਆਲ ਸੀ ਕਿ ਬਹੁਤੇ ਲੋਕ ਜਨਤਾ ਨੂੰ ਠੱਗਣ ਲਈ ਫ਼ਕੀਰੀ ਬਾਣਾ ਪਹਿਨ ਲੈਂਦੇ ਹਨ ਪਰ ਅੰਦਰੋਂ ਫ਼ਕੀਰੀ ਵਾਲੀ ਕੋਈ ਬਾਤ ਨਹੀਂ ਹੁੰਦੀ। ਉਸ ਨੇ ਮਨਸੂਬਾ ਬਣਾਇਆ ਕਿ ਇਨਾਂ ਦਾ ਇਮਤਿਹਾਨ ਲਵਾਂਗਾ ਅਤੇ ਪੂਰੇ ਨਾ ਉਤੇ ਤਾਂ ਉਨਾਂ ਦੇ ਕੱਪੜੇ ਉਤਾਰ ਕੇ ਕੁੱਟਮਾਰ ਕਰ ਕੇ ਬੇਇੱਜ਼ਤ ਕਰਾਂਗਾ। ਇਸ ਖ਼ਿਆਲ ਨਾਲ ਉਸ ਨੇ ਬਾਬਾ ਜੀ ਨੂੰ 62 ਸਵਾਲ ਕੀਤੇ। ਉਨਾਂ ਸਾਰਿਆਂ ਦਾ ਹੈਰਾਨਕੁੰਨ ਜਵਾਬ ਸੁਣ ਕੇ ਤਸੱਲੀ ਹੋਈ ਅਤੇ ਉਸ ਨੇ ਬਾਬਾ ਜੀ ਤੋਂ ਪੁੱਛਿਆ ਕਿ ਤੁਸੀਂ ਕਿੱਧਰ ਜਾ ਰਹੇ ਹੋ? ਬਾਬਾ ਜੀ ਨੇ ਆਖਿਆ ‘ਮੱਕਾ’, ਤਾਂ ਉਸ ਨੇ ਕਿਹਾ ਕਿ ਆਪ ਤਾਂ ਹਿੰਦੂ ਹੋ, ਮੱਕਾ ਵਿਚ ਕਿਸੇ ਗ਼ੈਰ-ਮੁਸਲਿਮ ਨੂੰ ਨਹੀਂ ਜਾਣ ਦਿੱਤਾ ਜਾਂਦਾ। ਬਾਬਾ ਜੀ ਨੇ ਜਵਾਬ ਵਿਚ ਕਿਹਾ, ਵੇਖੋ ਖ਼ੁਦਾ ਨੂੰ ਕੀ ਮਨਜ਼ੂਰ ਹੈ! ਇਹ 62 ਸਵਾਲ ਗਿਆਨੀ ਗਿਆਨ ਸਿੰਘ ਨੇ ਆਪਣੀ ਪੁਸਤਕ ‘ਤਵਾਰੀਖ਼ ਗੁਰੂ ਖ਼ਾਲਸਾ’ ਵਿਚ ਦਰਜ ਕੀਤੇ ਹਨ। ਪੰਜ ਮਹੀਨੇ ਬਾਅਦ ਸ਼ਾਹ ਸ਼ਰਫ਼ ਮੱਕਾ ਪੁੱਜਿਆ। ਉੱਥੇ ਬਾਬਾ ਜੀ ਨੂੰ ਵੇਖ ਕੇ ਹੈਰਾਨ ਹੋ ਗਿਆ। ਪੁੱਛ-ਪੜਕਾਲ ਕਰ ਕੇ ਪਤਾ ਕੀਤਾ ਕਿ ਬਾਬਾ ਜੀ ਪੰਜ ਮਹੀਨੇ ਤੋਂ ਇਥੇ ਰਹਿ ਰਹੇ ਹਨ ਅਤੇ ਉਨਾਂ ਦੀ ਬੜੀ ਇੱਜ਼ਤ ਅਤੇ ਸੇਵਾ ਹੋ ਰਹੀ ਹੈ। ਬਾਬਾ ਜੀ ਮੱਕਾ ਜਾਣ ਤੋਂ ਪਹਿਲਾਂ ਮੱਕਾ ਤੋਂ ਤਕਰੀਬਨ ਇਕ ਹਜ਼ਾਰ ਕੋਸ ਪਹਿਲਾਂ ਇਰਾਨ ਦੇ ਇਨੂਲਸ ਸ਼ਹਿਰ ਦੇ ਬਾਹਰ ਜੰਗਲੀ ਸੁਲੇਮਾਨ ਪਹਾੜੀ ਰਸਤੇ ਵਿਚ ਬੈਠ ਕੇ ਕੀਰਤਨ ਕਰਨ ਲੱਗੇ। ਤਾਜਦੀਨ ਨੇ ਆਪਣੀ ਕਿਤਾਬ ‘ਸਯਾਹਤੋ ਬਾਬਾ ਨਾਨਕ ਫ਼ਕੀਰ’ ਵਿਚ ਲਿਖਿਆ ਹੈ ਕਿ ਉਹ ਆਪਣੇ ਕਿਸੇ ਕੰਮ ਲਈ ਜਾ ਰਿਹਾ ਸੀ ਕਿ ਉਨਾਂ ਦੀ ਨਜ਼ਰ ਬਾਬਾ ਜੀ ‘ਤੇ ਪਈ, ਖ਼ੁਦਾ ਦੀ ਸਿਫ਼ਤ-ਸਲਾਹ ਸੁਣ ਕੇ ਉੱਥੇ ਬੈਠ ਗਏ। ਥੋੜੀ ਦੇਰ ਬਾਅਦ ਨਮਾਜ਼ ਦਾ ਸਮਾਂ ਹੋਣ ਕਾਰਨ ਉੱਠ ਕੇ ਚੱਲਣ ਲੱਗਾ ਤਾਂ ਬਾਬਾ ਜੀ ਨੇ ਅਰਬੀ ਜ਼ੁਬਾਨ ਵਿਚ ਕਿਹਾ, ‘ਕੁਨਾ (ਭਾਵ, ਬੈਠ ਜਾਉ) ਤਾਂ ਮੈਂ ਬੈਠ ਗਿਆ। ਫਿਰ ਥੋੜੀ ਦੇਰ ਬਾਅਦ ਚੱਲਣ ਲੱਗਾ ਤਾਂ ਥੋੜੇ ਕਰੜੇ ਸ਼ਬਦਾਂ ਵਿਚ ਬਾਬਾ ਜੀ ਨੇ ਕਿਹਾ, ‘ਵਲੇ ਤਾਜ਼ ਟੁ ਕਿੱਨਾ’ (ਕਿਉਂ ਜਾਂਦੇ ਹੋ, ਬੈਠ ਜਾਉ)। ਜਵਾਬ ਵਿਚ ਮੈਂ ਅਰਬੀ ਵਿਚ ਕਿਹਾ, ‘ਹਜ਼ੂਰ ਨਮਾਜ਼ ਦਾ ਸਮਾਂ ਹੋ ਗਿਆ ਹੈ। ਅੱਗੇ ਪਹਾੜੀ ਵਿਚ ਪਾਣੀ ਦੀ ਤਲਾਸ਼ ਕਰ ਵਜ਼ੂ ਕਰ ਕੇ ਨਮਾਜ਼ ਪੜਾਂਗਾ। ਬਾਬਾ ਜੀ ਨੇ ਇਹ ਸੁਣ ਕੇ ਕਿਹਾ, ‘ਲਾ ਤੁਕੰਨਾ ਤੂ ਮਾਰਦੋ ਮਾਤੁੱਲਾ’ (ਭਾਵ, ਹੇ ਖ਼ੁਦਾ ਦੇ ਬੰਦੇ ਤੂੰ ਖ਼ੁਦਾ ਦੀ ਰਹਿਮਤ ਤੋਂ ਬੇਜ਼ਾਰ ਨਾ ਹੋ)। ‘ਹਿੰਨਾ ਚਸ਼ਮੇ ਆਬ ਬੇਸਆਰ ਅਸਤ’ (ਭਾਵ, ਇਥੇ ਪਾਣੀ ਬਹੁਤ ਮਿਲੇਗਾ, ਭਰੋਸਾ ਰੱਖ)। ਇਹ ਸੁਣ ਕੇ ਮੇਰੇ ਅੰਦਰ ਪ੍ਰੇਮ ਜਾਗਿਆ ਅਤੇ ਬੈਠ ਗਿਆ ਤੇ ਨਮਾਜ਼ ਭੁੱਲ ਗਈ। ਪਰ ਬਾਬਾ ਜੀ ਨੂੰ ਮੇਰੀ ਨਮਾਜ਼ ਦਾ ਖ਼ਿਆਲ ਸੀ। ਉਨਾਂ ਨੇ ਮਰਦਾਨਾ ਜੀ ਨੂੰ ਕਿਹਾ, ‘ਇਨਾਂ ਨੇ ਨਮਾਜ਼ ਪੜਨੀ ਹੈ, ਕਿਤੋਂ ਪਾਣੀ ਤਲਾਸ਼ ਕਰੋ।’ ਮਰਦਾਨਾ ਜੀ ਨੇ ਕਿਹਾ, ‘ਹਜ਼ੂਰ ਮੈਂ ਵੀ ਬੜੀ ਦੇਰੀ ਤੋਂ ਪਿਆਸਾ ਹਾਂ ਅਤੇ ਮੇਰਾ ਵੀ ਧਿਆਨ ਪਾਣੀ ਦੀ ਤਲਾਸ਼ ਵਿਚ ਇਨਾਂ ਪਹਾੜੀਆਂ ਵਿਚ ਲੱਗਾ ਹੋਇਆ ਹੈ ਪਰ ਕਿਤੇ ਪਾਣੀ ਨਜ਼ਰ ਨਹੀਂ ਆ ਰਿਹਾ।’ ਬਾਬਾ ਜੀ ਨੇ ਫ਼ਰਮਾਇਆ, ‘ਮਰਦਾਨਾ ਜੀ ਇਸ ਧਰਤੀ ਨੇ ਖ਼ੁਦਾ ਦੀ ਸਿਫ਼ਤ-ਸਲਾਹ ਦਾ ਕੀਰਤਨ ਸੁਣਿਆ ਹੈ, ਇਹ ਜ਼ਰੂਰ ਤੁਹਾਨੂੰ ਪਾਣੀ ਦੀ ਬਖ਼ਸ਼ਿਸ਼ ਕਰੇਗੀ। ਇਹ ਲਉ ਸਾਡਾ ‘ਆਸਾ’ (ਸੋਟੀ), ਉਹ ਸਾਹਮਣੇ ਜੋ ਪੱਥਰ ਉੱਪਰ ਉੱਠਿਆ ਹੋਇਆ ਹੈ, ਉਸ ਨੂੰ ਇਸ ‘ਆਸਾ’ ਨਾਲ ਪੁੱਟੋ।’ ਮਰਦਾਨਾ ਜੀ ਨੇ ਐਸਾ ਹੀ ਕੀਤਾ ਤਾਂ ਪਾਣੀ ਦਾ ਚਸ਼ਮਾ ਫੁੱਟ ਪਿਆ। ਪਾਣੀ ਉੱਪਰ ਆ ਕੇ ਬਾਬਾ ਜੀ ਦੇ ਪੈਰਾਂ ਨੂੰ ਚੁੰਮ ਕੇ ਵਾਪਸ ਚਲਾ ਗਿਆ। ਤਾਜਦੀਨ ਲਿਖਦੇ ਹਨ ਕਿ ਇਹ ਕਰਾਮਾਤ ਦੇਖ ਕੇ ਮੇਰੇ ਦਿਲ ਵਿਚ ਬਾਬਾ ਜੀ ਦੀ ਇੱਜ਼ਤ ਬਹੁਤ ਹੋ ਗਈ। ਵਜ਼ੂ ਕਰ ਕੇ ਨਮਾਜ਼ ਪੜ ਲਈ। ਬਾਬਾ ਜੀ ਨੂੰ ਮੈਂ ਦੋ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਵੀ ਨਮਾਜ਼ ਪੜ ਲਉ। ਜਵਾਬ ਵਿਚ ਗੁਰੂ ਜੀ ਨੇ ਕਿਹਾ ਅਸੀਂ ਤਾਂ ਮੱਕਾ ਜਾ ਕੇ ਹੀ ਨਮਾਜ਼ ਪੜਾਂਗੇ। ਇਹ ਸੁਣ ਕੇ ਮੈਂ ਹੈਰਾਨ ਹੋ ਗਿਆ ਕਿ ਨਮਾਜ਼ ਦਾ ਸਮਾਂ ਤੇ ਹੋ ਗਿਆ ਹੈ ਅਤੇ ਮੱਕਾ ਤਾਂ ਇਥੋਂ ਇਕ ਹਜ਼ਾਰ ਕੋਸ ਤੋਂ ਵੀ ਵੱਧ ਦੂਰ ਹੈ। ਬਾਬਾ ਜੀ ਨੂੰ ਇਹ ਕਹਿ ਹੀ ਰਿਹਾ ਸੀ ਕਿ ਉਨਾਂ ਦੇ ਚਿਹਰੇ ‘ਤੇ ਅਜਿਹੀ ਚਮਕ ਪਈ ਜਿਵੇਂ ਹਜ਼ਾਰਾਂ ਸੂਰਜਾਂ ਦੀ ਚਮਕ ਉਨਾਂ ਦੇ ਚਿਹਰੇ ‘ਤੇ ਆ ਪਈ ਹੋਵੇ ਅਤੇ ਉਸ ਚਮਕ ਨਾਲ ਮੇਰੀਆਂ ਅੱਖਾਂ ਬੰਦ ਹੋ ਦਈਆਂ। ਏਨੇਂ ਵਿਚ ਮੇਰਾ ਮੋਢਾ ਕਿਸੇ ਸਖ਼ਤ ਚੀਜ਼ ਨਾਲ ਟਕਰਾ ਗਿਆ। ਅੱਖਾਂ ਖੋਲੀਆਂ ਤਾਂ ਵੇਖਿਆ ਅਸੀਂ ਸਾਰੇ ਅਰਬ ਦੇ ਸਭ ਤੋਂ ਵੱਡੇ ਸ਼ਹਿਰ ‘ਬਹਿਤੁਲ ਮਕੂਸ’ ਦੀ ਮਸੀਤ ਉਕੱਸਾ ਦੇ ਪਾਸ ਮੌਜੂਦ ਸਾਂ। ਇਹ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਇਤਨਾ ਲੰਬਾ ਸਫ਼ਰ ਇਕ ਘੜੀ ਵਿਚ ਕਿਸ ਤਰਾਂ ਤਹਿ ਹੋ ਗਿਆ! ਹੁਣ ਮੈਂ ਜਿਤਨਾ ਸਮਾਂ ਬਾਬਾ ਜੀ ਅਰਬ ਵਿਚ ਰਹੇ, ਮੈਂ ਉਨਾਂ ਦੇ ਨਾਲ ਰਿਹਾ ਅਤੇ ਉਨਾਂ ਦੇ ਸਾਰੇ ਹਾਲਾਤ ਨੂੰ ਨਾਲ-ਨਾਲ ਲਿਖਦਾ ਰਿਹਾ। ਜਦੋਂ ਬਾਬਾ ਜੀ ਨੇ ਵਾਪਸ ਜਾਣ ਦੀ ਤਿਆਰੀ ਕੀਤੀ ਤਾਂ ਮੈਂ ਸਾਰੇ ਵਾਕਿਆਤ ਨੂੰ ਕਿਤਾਬ ਦੀ ਸ਼ਕਲ ਦਿੱਤੀ ਅਤੇ ਨਾਂ ਰੱਖਿਆ ‘ਸਯਾਹਤੋ ਬਾਬਾ ਨਾਨਕ ਫ਼ਕੀਰ’ ਅਤੇ ਇਸ ਦੀ ਇਕ ਕਾਪੀ ਮਦੀਨੇ ਦੀ ਲਾਇਬ੍ਰੇਰੀ ਨੂੰ ਦੇ ਦਿੱਤੀ।

(ਚਲਦਾ)

(ਅਗਲੀ ਕਿਸ਼ਤ ਪੜਣ ਲਈ ਇੱਥੇ ਕਲਿੱਕ ਕਰੋ)

 

Comments

comments

Share This Post

RedditYahooBloggerMyspace