ਗੁਰੂ ਨਾਨਕ ਸਾਹਿਬ ਦੀ ਲਹਿਰ ਨੂੰ ਪ੍ਰਣਾਅ ਕੇ ਸੱਤਾਹੀਣ ਨਿਮਾਣਾ ਬੰਦਾ ਸਵੈ-ਸੱਤਾ ਅਤੇ ਸੁਤੰਤਰ ਹੋਣ ਬਾਰੇ ਚੇਤੰਨ ਹੋਇਆ

ਗੁਰਬਚਨ

ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਦੇਵ ਜੀ ਅਜ਼ੀਮ ਬਾਣੀਕਾਰ ਤੇ ਭਾਸ਼ਾਕਾਰ ਹਨ। ਉਨਾਂ ਨੇ ਪੰਜਾਬੀ ਭਾਸ਼ਾ ਨੂੰ ਚਿੰਤਨ, ਸਮਾਜਿਕ ਚੇਤਨਾ ਤੇ ਸਮਾਜਿਕ ਬਦਲਾਓ ਦੀ ਭਾਸ਼ਾ ਬਣਾਇਆ। ਉਨਾਂ ਦੀ ਬਾਣੀ ਵਿਚ ਵਿਚਾਰ, ਸ਼ਬਦ, ਲੈਅ ਤੇ ਸੁਰ-ਤਾਲ ਦਾ ਅਦਭੁੱਤ ਸੰਗਮ ਹੈ। ਪੰਜਾਬੀ ਭਾਸ਼ਾ ਨੂੰ ਉਨਾਂ?ਦੀ ਦੇਣ ਅਦੁੱਤੀ ਹੈ।

ਜੋ ਸੰਘਰਸ਼ ਦਮਨਕਾਰੀ ਤਾਕਤਾਂ ਅਤੇ ਬ੍ਰਾਹਮਣੀ ਅਧਿਆਤਮ ਵਿਰੁੱਧ ਬਾਬਾ ਨਾਨਕ ਦੀ ਆਰੰਭ ਕੀਤੀ ਸਿੱਖ ਲਹਿਰ ਰਾਹੀਂ ਸ਼ੁਰੂ ਹੋਇਆ ਉਹ ਦੇਸ਼ ਪੰਜਾਬ ਦੇ ਸਭਿਆਚਾਰ+ਸ਼ਬਦ ਸੰਸਾਰ ਦੀ ਖ਼ਾਤਰ ਕੀਤਾ ਗਿਆ ਸੰਘਰਸ਼ ਵੀ ਸੀ। ਇਹ ਸ਼ਬਦ ਸੰਸਾਰ, ਗੁਰੂ-ਸ਼ਬਦ ਰਾਹੀਂ ਸਟੀਕ ਰੂਪ ਧਾਰਣ ਕਰ ਚੁੱਕਾ ਸੀ। ਗੁਰੂ ਸ਼ਬਦ ਦਾ ਉਤਪੰਨ ਹੋਣਾ ਪੰਜਾਬ ਦੀ ਭੋਇੰ ਲਈ ਕ੍ਰਿਸ਼ਮਈ ਵਰਤਾਰਾ ਬਣ ਗਿਆ। ਇਸ ਦੀਆਂ ਅੰਤਰ-ਧੁਨੀਆਂ ਦਾ ਪਾਸਾਰ ਲੋਕ ਮਾਨਸ ਦੇ ਨਿੱਜੀ ਜੀਵਨ, ਉਹਦੀ ਸਮਾਜਿਕਤਾ ਅਤੇ ਸਭਿਆਚਾਰਕਤਾ ਤੱਕ ਫੈਲ ਗਿਆ। ਇਹਦਾ ਸਿਆਸੀ ਪ੍ਰਸੰਗਾਂ ਵਿਚ ਵਿਸਤਾਰ ਹੋਣਾ ਸੁਭਾਵਿਕ ਸੀ। ਆਧੁਨਿਕ ਸ਼ਬਦਾਵਲੀ ਵਿਚ ਜੇ ਬਾਬਾ ਨਾਨਕ ਦੀ ਚਲਾਈ ਲਹਿਰ ਨੂੰ ਸਮਝਣਾ ਹੋਵੇ ਤਾਂ ਕਹਾਂਗੇ ਇਹ ਪੰਜਾਬ ਦੀ ਭੋਇੰ ਨੂੰ ਪ੍ਰਾਪਤ ਹੋਇਆ ਬਹੁ-ਪਾਸਾਰੀ ਨੈਰੇਟਿਵ ਸੀ ਜਿਸ ਨੂੰ ਪ੍ਰਣਾਅ ਕੇ ਸੱਤਾਹੀਣ ਨਿਮਾਣਾ ਬੰਦਾ ਸਵੈ-ਸੱਤਾ ਅਤੇ ਸੁਤੰਤਰ ਹੋਣੇ ਬਾਰੇ ਚੇਤੰਨ ਹੋਇਆ। ਇਹਦੀ ਖ਼ਾਤਰ ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਪਾਈਆਂ। ਇਹਦੀ ਨਿਰੰਤਰਤਾ ਦਾ ਰਹਿਣਾ ਤੈਅ ਹੋ ਗਿਆ। ਸਭਿਆਚਾਰਕ ਅਵਚੇਤਨ ਦੇ ਸਿਆਸੀ ਅਵਚੇਤਨ ਵਿਚ ਵਿਸਤਾਰੇ ਜਾਣ ਨਾਲ ਪੰਜਾਬੀ ਬੰਦਾ ਆਪਣੇ ਪ੍ਰਵਚਨ ਸੰਸਾਰ ਦੀ ਖ਼ਾਤਰ ਹਥਿਆਰ ਚੁੱਕਣ ਲਈ ਤਿਆਰ ਹੋ ਗਿਆ। ਸ਼ਬਦ ਅਤੇ ਸਸ਼ਤਰ ਦੇ ਅੰਤਰ-ਮੇਲ ਰਾਹੀਂ ਇਹਨੇ ਸਵੈ-ਸੱਤਾ ਵਲ ਪੁਲਾਂਘ ਪੁੱਟੀ। ਇਸ ਵਰਤਾਰੇ ਦੇ ਕੇਂਦਰ ਵਿਚ ਇਸ ਭੋਇੰ ਦੀ ਭਾਸ਼ਾ ਸੀ ਲੋਕ ਭਾਸ਼ਾ ਪੰਜਾਬੀ। ਆਪਣੀ ਹੀ ਭਾਸ਼ਾ ਰਾਹੀਂ ਇਲਾਹੀ ਅੰਤਰ-ਨਾਦਾਂ ਨਾਲ ਵਰੋਸਾਏ ਜਾਣਾ ਉਨਾਂ ਸੱਤਾਧਾਰੀ ਧਿਰਾਂ ਲਈ ਰੜਕ ਦਾ ਕਾਰਨ ਬਣ ਗਿਆ ਜਿਸ ਦਾ ਗਲਬਾ ਆਮ ਲੋਕਾਈ ਉੱਤੇ ਛਾਇਆ ਹੋਇਆ ਸੀ। ਇਹ ਨੈਰੇਟਿਵ ਬ੍ਰਾਹਮਣੀ ਅਧਿਆਤਮ ਦੀ ਚੜਤ ਦਾ ਤੋੜਕ ਬਣ ਗਿਆ। ਇਹਦੇ ਗ਼ੈਰ-ਕੁਲੀਨੀ ਸੁਭਾਅ ਦੀ ਨਿਸ਼ਾਨਦੇਹੀ ਨਿਸ਼ਚਿਤ ਹੋ ਗਈ। ਲੰਗਰ+ਪੰਗਤ ਰਾਹੀਂ ਬਰਾਬਰੀ ਅਤੇ ਸਰਬ ਸਾਂਝੀਵਾਲਤਾ ਦੇ ਤਸੱਵਰ ਨੇ ਅਮਲੀ ਰੂਪ ਧਾਰਣ ਕੀਤਾ। ਸਰਬੱਤ ਦੇ ਭਲੇ ਦਾ ਸੰਕਲਪ ਨਾਲ ਪੰਜਾਬ ਵਿਚ ਸਿਵਲ ਸਮਾਜ ਦੀ ਬਣਤ ਤਿਆਰ ਹੋਣ ਲੱਗੀ। ‘ਸਰਬੱਤ ਦਾ ਭਲਾ’ ਮੰਗਣ ਵਾਲਾ ਫਿਰਕੂ ਵੰਡੀਆਂ ਨੂੰ ਨਕਾਰਦਾ ਹੈ। ਮਨੁੱਖ ਨੂੰ ਇਕਮੁੱਠ ਹੋਣ ਦਾ ਸੱਦਾ ਦੇਂਦਾ ਹੈ। ਇਨਸਾਫ਼-ਪਸੰਦੀ ਦੀ ਚੜਤ ਸਥਾਪਿਤ ਕਰਦਾ ਹੈ।

ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਬਾਅਦ ਪੰਜਾਬ ਦਾ ਏਜੰਡਾ ਪੰਜਾਬ-ਬਾਹਰੀਆਂ ਧਿਰਾਂ ਨੇ ਹੱਥਿਆ ਲਿਆ। ਸ਼ਾਹ ਮੁਹੰਮਦ ਅੰਗਰੇਜ਼ਾਂ-ਸਿੱਖਾਂ ਵਿਚਕਾਰ ਜੰਗ ਨੂੰ ਠੀਕ ਹੀ ‘ਜੰਗ ਹਿੰਦ ਪੰਜਾਬ ਦਾ’ ਕਹਿੰਦਾ ਹੈ। ਇਸ ਕਥਨ ਦੀ ਡੂੰਘ ਵਿਚ ਇਤਿਹਾਸਕ ਅਰਥ ਪਏ ਹਨ। ਇਹਦੇ ਰਾਹੀਂ ਪੰਜਾਬ ਦੇ ਇਤਿਹਾਸ ਵਿਚ ਪੈਦਾ ਹੋਣ ਵਾਲੀਆਂ ਵਕ੍ਰਿਤ ਰੇਖਾਵਾਂ (faultlines) ਦਾ ਵੀ ਪਤਾ ਚਲਦਾ ਹੈ।

‘ਹਿੰਦ’ ਤੋਂ ਸ਼ਾਹ ਮੁਹੰਮਦ ਦਾ ਮਤਲਬ ਉਹ ਧਿਰ ਜਿਹੜੀ ਪੰਜਾਬ ਉੱਤੇ ਕਾਬਜ਼ ਹੋਣਾ ਚਾਹੁੰਦੀ ਸੀ। ਇਹ ਬਸਤੀਵਾਦੀ ਧਿਰ ਸੀ ਜਿਸ ਦੇ ਅਪਣਾਏ ਹੱਥਕੰਡਿਆਂ ਨੇ ਪੰਜਾਬ ਦੀ ਲੋਕਾਈ ਨੂੰ ਧਾਰਮਿਕ ਖਿੱਚੋਤਾਨ ਦੇ ਗੇੜ ਵਿਚ ਫਾਹ ਦਿੱਤਾ। ਸੰਕਟ ਗਹਿਰਾ ਉਦੋਂ ਹੋਇਆ ਜਦ ਪੰਜਾਬ ਵਿਚ ਵਾਸਾ ਕਰਦੀਆਂ ਕੁਝ ਧਿਰਾਂ ਨੇ ਪੰਜਾਬੋਂ-ਬਾਹਰ ਦੀਆਂ ਧਿਰਾਂ ਨਾਲ ਸਾਂਝਦਾਰੀ ਪਾ ਲਈ। ਸੁਆਮੀ ਦਯਾਨੰਦ ਨੇ ਉੱਨੀਵੀਂ ਸਦੀ ਦੇ ਦੂਜੇ ਅੱਧ ਵਿਚ ਗੁਜਰਾਤ ਤੋਂ ਪੰਜਾਬ ਦੇ ਸ਼ਹਿਰਾਂ ਵਿਚ ਆ ਪ੍ਰਸਥਾਣ ਕੀਤਾ ਤਾਂ ਜੋ ਉਸ ਅਧਿਆਤਮ ਦੀ ਪ੍ਰਭੁਤਾ ਬਹਾਲ ਹੋ ਸਕੇ ਜੋ ਪੰਜਾਬ ਦੇ ਨੈਰੇਟਿਵ ਰਾਹੀਂ ਬੇਜ਼ਮੀਨਾ ਹੋ ਚੁੱਕਾ ਸੀ। ਸੁਆਮੀ ਜੀ ਦੇ ਤਸੱਵਰਾਂ ਨੂੰ ਏਥੋਂ ਦੀ ਸ਼ਹਿਰੀ ਮਿਡਲ ਕਲਾਸ ਨੇ ਵੱਧ ਚੜ ਕੇ ਸਵੀਕਾਰ ਕੀਤਾ। ਉਨਾਂ ਪੰਜਾਬ ਵਿਚ ਆਪਣਾ ਨੈਰੇਟਿਵ ਸਿਰਜ ਲਿਆ।

ਅੰਗਰੇਜ਼ਾਂ ਨੇ ਪੰਜਾਬ ਵਿਚ ਰਾਜ ਪ੍ਰਬੰਧ ਲਈ ਅਮਲਾ ਉਸ ਖਿੱਤੇ ਤੋਂ ਲਿਆਂਦਾ ਜਿੱਥੇ ਉਰਦੂ ਦੀ ਪ੍ਰਧਾਨਤਾ ਸੀ। ਵਸੀਹ ਪੱਧਰ ਉੱਤੇ ਪੰਜਾਬ ਵਿਚ ਉਰਦੂ ਨੂੰ ਫੈਲਾਇਆ ਗਿਆ; ਇਹਦੀ ਪੜਾਈ ਪ੍ਰਾਇਮਰੀ ਜਮਾਤ ਤੋਂ ਸ਼ੁਰੂ ਕਰ ਦਿੱਤੀ। ਉਰਦੂ ਦਾ ਵਿਰੋਧ ਲਾਲਾ ਲਾਜਪਤ ਰਾਏ ਨੇ ਕੀਤਾ। ਉਦੋਂ ਲਾਲਾ ਜੀ ਹਿੰਦੂ ਮਹਾਂ ਸਭਾ ਵਿਚ ਸਰਗਰਮ ਸਨ। ਉੱਨੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਪੰਜਾਬ ਅੰਦਰ ਉਰਦੂ ਦੇ ਵਿਰੋਧ ਅਤੇ ਹਿੰਦੀ ਦੇ ਹੱਕ ਵਿਚ ਕਈ ਪੈਂਫਲਿਟ ਵੰਡੇ ਗਏ। ਇਸ ਮੁਹਿੰਮ ਵਿਚ ਲਾਲਾ ਲਾਜਪਤ ਰਾਏ ਮੋਹਰੀ ਸਨ। ਉਨਾਂ ਦਾ ਵਿਚਾਰ ਸੀ ਕਿ ਹਿੰਦੀ ਰਾਹੀਂ ਦੇਸ਼ ਵਿਚ ਇਕਮੁੱਠਤਾ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਹ ਭਾਸ਼ਾ ਦੇਸ਼ ਆਜ਼ਾਦੀ ਦਾ ਮਾਧਿਅਮ ਬਣਨ ਦੇ ਯੋਗ ਹੈ। ਇਸ ਤਰਾਂ ਪੰਜਾਬੀ ਭਾਸ਼ਾ ਨੂੰ ਪਿੱਛਲ-ਭੂਮੀ ਵਿਚ ਰੱਖਣ ਨਾਲ ਉਸ ਨੈਰੇਟਿਵ ਪ੍ਰਤਿ ਬੇਪ੍ਰਤੀਤੀ ਵੀ ਪ੍ਰਗਟ ਹੋ ਗਈ ਜਿਸ ਨੇ ਪੰਜਾਬ ਦੇ ਕਿਰਤੀ ਕਿਸਾਨ ਤੇ ਨਿਮਨ ਵਰਗ ਨੂੰ ਸੱਤਾਵਾਨ ਕੀਤਾ ਸੀ।

ਇਸ ਦੇ ਉਲਟ ਪੰਜਾਬੀ ਦੇ ਕਿਰਤੀ ਕਿਸਾਨ ਵੱਲ ਧਿਆਨ ਜਾਣਾ ਜ਼ਰੂਰੀ ਹੈ ਜੋ ਉਸ ਦੌਰ ਵਿਚ ਆਰਥਿਕ ਪੀੜਾ ਵਿਚੋਂ ਗੁਜ਼ਰ ਰਿਹਾ ਸੀ। ਇਹ ਪੀੜਾ ਉਹਦੇ ਸਵੈਮਾਨ ਉੱਤੇ ਗਹਿਰੀ ਸੱਟ ਸੀ। ਇਸ ਤੋਂ ਨਜ਼ਾਤ ਪਾਉਣ ਲਈ ਉਹਦੇ ਕੋਲ ਸਿਰਫ਼ ਦੋ ਜੁਗਤਾਂ ਸਨ : ਹੱਡ-ਤੋੜਵੀਂ ਮਿਹਨਤ ਅਤੇ ਪੰਜਾਬ ਦਾ ਨੈਰੇਟਿਵ ਜੋ ਉਸ ਦੀ ਰਹਿਤਲ ਵਿਚ ਸਮੋਇਆ ਹੋਇਆ ਸੀ। ਇਨਾਂ ਜੁਗਤਾਂ ਨਾਲ ਲੈਸ ਉਹ ਫੌਜ ਵਿਚ ਭਰਤੀ ਹੋਣ ਲੱਗਾ। ਫਿਰ ਉਹਨੇ ਬਦੇਸ਼ਾਂ ਵਿਚ ਮਿਹਨਤ ਕਰਕੇ ਸਿਰ ਉੱਚਾ ਕਰਕੇ ਜਿਉਣ ਦਾ ਰਾਹ ਲੱਭਿਆ।

ਜਦ ਇਹ ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਦੌਰਾਨ ਰੋਜ਼ੀ-ਰੋਟੀ ਦੀ ਖ਼ਾਤਰ ਅਮਰੀਕਾ ਪੁੱਜਾ ਤਾਂ ਹਰ ਪੱਧਰ ਉੱਤੇ ਹੁੰਦੇ ਵਿਤਕਰੇ ਨੂੰ ਦੇਖ ਕੇ ਉਹਦਾ ਉਮਾਹ ਪਸਤ ਹੋ ਗਿਆ। ਰੋਸ ਦੀ ਲਹਿਰ ਉਗਮ ਪਈ; ਸਵੈਮਾਨ/ਸੁਤੰਤਰ ਹਸਤੀ ਦੀ ਚਿਣਗ ਮਘਣ ਲੱਗੀ। ਸੁਆਲ ਸੀ : ਉਹਦੇ ਹੋਣੇ ਦੀ ਟੇਕ ਜੇ ਬਦੇਸ਼ ਵਿਚ ਨਹੀਂ ਤਾਂ ਜੋ ਭੋਇੰ ਉਹਦਾ ਵਤਨ ਹੈ ਉਹ ਵੀ ਤਾਂ ਪਰਾਇਆਂ ਦੇ ਕਬਜ਼ੇ ਵਿਚ ਹੈ।

ਆਜ਼ਾਦੀ/ਬਰਾਬਰੀ ਦੇ ਵਿਸ਼ਵਾਸ਼ਾਂ ਨਾਲ ਊਰਜਿਤ ਹੋਇਆ ਉਹ ਗ਼ਦਰ ਲਈ ਤਿਆਰ ਹੋ ਗਿਆ। ਉਹਦੇ ਅਮਲਾਂ ਦਾ ਉਠਾਣ ਸਥਲ ਸਟਾਕਟਨ (ਕੈਲੀਫੋਰਨੀਆ) ਦਾ ਗੁਰਦੁਆਰਾ ਬਣਿਆ, ਜਿਵੇਂ ਕਾਮਾ ਗਾਟਾ ਮਾਰੂ ਦੇ ਮੁਸਾਫਰਾਂ ਦੀ ਪੈਰਵਈ ਦਾ ਕੇਂਦਰ ਵੈਨਕੂਵਰ ਵਾਲਾ ਗੁਰਦੁਆਰਾ ਬਣਿਆ ਸੀ। ਕੈਲਿਫੋਰਨੀਆ ਵਿਚ ਬਾਬਾ ਬਸਾਖਾ ਸਿੰਘ ਦੇ ਫਾਰਮ ਉੱਤੇ ਸਰਬ-ਸਾਂਝੀਵਾਲਤਾ ਦੀ ਸੇਵਾ ਭਾਵਨਾ ਵਾਲਾ ਲੰਗਰ-ਪੰਗਤ ਦਾ ਵਰਤਾਰਾ ਜੀਵੰਤ ਹੋ ਉਠਿਆ। ਪਰਾਈ ਧਰਤੀ ਵਿਚ ਸਰਲ ਸਾਧਾਰਣ ਕਿਰਤੀ ਕਿਸਾਨ ਨੇ ਪੰਜਾਬ ਦੇ ਨੈਰੇਟਿਵ ਦਾ ਪਰਤੌ ਸਿਰਜ ਲਿਆ ਤੇ ਆਮ ਮਨੁੱਖ ਤੋਂ ਗ਼ਦਰੀ ਬਾਬਾ ਬਣ ਗਿਆ। ਗ਼ਦਰ ਲਹਿਰ ਦੀ ਕਵਿਤਾ ਤੋਂ ਪਤਾ ਚਲਦਾ ਹੈ ਕਿ ਏਨੀ ਵੱਡੀ ਤਬਦੀਲੀ ਦੇ ਕੇਂਦਰ ਵਿਚ ਪੰਜਾਬੀ ਭਾਸ਼ਾ ਸੀ। ਇਹ ਉਸ ਦੌਰ ਦੀਆਂ ਗੱਲਾਂ ਹਨ ਜਦ ਪੰਜਾਬ ਦੀ ਉਭਰ ਰਹੀ ਮਧਲੀ ਜਮਾਤ ਯੂਨੀਵਰਸਟੀਆਂ ਤੋਂ ਉੱਚ-ਵਿਦਿਆ ਪ੍ਰਾਪਤ ਕਰਕੇ ਦੇਸ਼-ਕੌਮ ਦੀ ਹਾਕਮ ਧਿਰ ਵਿਚ ਤਬਦੀਲ ਹੋਣ ਦਾ ਸੁਪਨਾ ਪਾਲ ਰਹੀ ਸੀ। ਇਹਦੀ ਬਿਰਤੀ ਪੰਜਾਬ ਬਾਹਰੇ ਪ੍ਰਸੰਗਾਂ ਨਾਲ ਅੰਤਰੰਗ ਹੋਣ ਲੱਗੀ। ਇਹਦੀ ਸਵੈ-ਸੱਤਾ ਵਿਚ ਵਾਧਾ ਇਵੇਂ ਹੀ ਹੋ ਸਕਦਾ ਸੀ। ਪੰਜਾਬ-ਬਾਹਰਾ ਏਜੰਡਾ ਇਹਦਾ ਆਪਣਾ ਏਜੰਡਾ ਬਣ ਗਿਆ। ਇਸ ਭੋਇੰ ਦੀ ਭਾਸ਼ਾ ਤਿਆਗ ਦਿੱਤੀ। ਆਰਥਿਕ ਤਾਣ ਵਾਲੀ ਇਹ ਧਿਰ ਬਹੁ-ਸੰਖਿਅਕ ਰਾਸ਼ਟਰਵਾਦ ਦੀ ਸਮਰਥਕ ਬਣ ਗਈ। ਪੰਜਾਬ ਵਿਚ ਵਾਸਾ ਕਰਕੇ ਏਥੋਂ ਦੇ ਹਿਤਾਂ ਤੋਂ ਪਰਾਈ ਹੋਣ ‘ਚ ਇਹ ਸੁਖ ਭਾਲਣ ਲੱਗੀ। ਨਤੀਜਾ ਸਭ ਦੇ ਸਾਹਮਣੇ ਹੈ।

ਜ਼ਿਆਦਾ ਤਫ਼ਸੀਲ ਵਿਚ ਨਾ ਜਾਂਦਿਆਂ ਸਮਝਣ ਵਾਲੀ ਗੱਲ ਇਹ ਹੈ ਕਿ ਜਿਸ ਧਿਰ ਨੇ ਪੰਜਾਬ ਦੇ ਨੈਰੇਟਿਵ ਨੂੰ ਨਹੀਂ ਸਮਝਿਆ ਅਤੇ ਇਸ ਭੋਇੰ ਦੇ ਬੰਦੇ ਉੱਤੇ ਆਪਣਾ ਗ਼ਲਬਾ ਫੈਲਾਣਾ ਚਾਹਿਆ ਉਹਦੇ ਨਾਲ ਪੰਜਾਬ ਦਾ ਆਢਾ ਲੱਗਣਾ ਤੈਅ ਹੋ ਗਿਆ। ਇਸ ਪ੍ਰਸੰਗ ਵਿਚ ਇਕ ਅਹਮ ਘਟਨਾ ਦਾ ਹਵਾਲਾ ਦੇਣਾ ਜ਼ਰੂਰੀ ਹੈ। ਫਿਲਮ ਅਭਿਨੇਤਾ ਬਲਰਾਜ ਸਾਹਨੀ ਫਿਲਮਾਂ ਵਿਚ ਕੰਮ ਕਰਨ ਤੋਂ ਪਹਿਲਾਂ ਰਾਬਿੰਦਰ ਨਾਥ ਟੈਗੋਰ ਦੇ ਨਿਕਟ ਰਹਿਣ ਦੀ ਚਾਹ ਵਿਚ ਸ਼ਾਂਤੀ ਨਿਕੇਤਨ ਵਿਚ ਟੀਚਰ ਜਾ ਲੱਗਾ ਸੀ। ਉਹ ਹਿੰਦੀ ਵਿਚ ਕਹਾਣੀਆਂ ਲਿਖਦਾ ਸੀ, ਜਿਵੇਂ ਬਾਅਦ ਵਿਚ ਉਹਦਾ ਨਿੱਕਾ ਭਰਾ ਭੀਸ਼ਮ ਸਾਹਨੀ ਹਿੰਦੀ ਵਿਚ ਕਹਾਣੀਆਂ ਲਿਖਣ ਲੱਗ ਪਿਆ ਸੀ। ਬਲਰਾਜ ਨੇ ਸ਼ਾਂਤੀ ਨਿਕੇਤਨ ਵਿਚ ਹਿੰਦੀ ਸਾਹਿਤ ਸੰਮੇਲਨ ਬਣਾ ਰੱਖਿਆ, ਜੀਹਦੀ ਖ਼ਾਤਰ ਉਹ ਟੈਗੋਰ ਨੂੰ ਸੱਦਾ ਦੇਣ ਚਲਾ ਗਿਆ। ਟੈਗੋਰ ਨੇ ਕਿਹਾ, ”ਤੂੰ ਹਿੰਦੀ ਵਿਚ ਕਿਉਂ ਲਿਖਦਾਂ, ਤੇਰੀ ਮਾਂਬੋਲੀ ਤਾਂ ਪੰਜਾਬੀ ਹੈ।” ਬਲਰਾਜ ਨੇ ਜੁਆਬ ਦਿੱਤਾ : ”ਪੰਜਾਬੀ ਨੂੰ ਪੱਛੜੀ ਹੋਈ ਜ਼ੁਬਾਨ ਮੰਨਿਆ ਜਾਂਦਾ; ਪੰਜਾਬ ਵਿਚ ਉਰਦੂ ਜਾਂ ਹਿੰਦੀ ਵਿਚ ਲਿਖਣ ਵਾਲੇ ਹੀ ਜ਼ਿਆਦਾ ਹਨ।”

ਟੈਗੋਰ ਨੇ ਕਿਹਾ: ”ਮੈਂ ਤੇਰੇ ਨਾਲ ਸਹਿਮਤ ਨਹੀਂ। ਜਿਸ ਭਾਸ਼ਾ ਵਿਚ ਗੁਰੂ ਨਾਨਕ ਨੇ ਲਿਖਿਆ ਹੋਵੇ ਉਹ ਪੱਛੜੀ ਹੋਈ ਕਿਵੇਂ ਕਹੀ ਜਾ ਸਕਦੀ ਹੈ?”
ਟੈਗੋਰ ਨਾਲ ਇਸ ਮਿਲਣੀ ਤੋਂ ਬਾਅਦ ਬਲਰਾਜ ਸਾਹਨੀ ਅੰਦਰ ਕ੍ਰਿਸ਼ਮਈ ਪੱਧਰ ਦੀ ਤਬਦੀਲੀ ਆਈ। ਉਹਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ। ਗੁਰੂ ਸ਼ਬਦ ਨਾਲ ਸ਼ਿੱਦਤ ਨਾਲ ਜੁੜ ਗਿਆ ਤੇ ਸੱਚੇ ਅਰਥਾਂ ਵਿਚ ਪੰਜਾਬ-ਪੁਤਰ ਬਣ ਗਿਆ।

ਪੰਜਾਬ ਨੂੰ ਅੱਜ ਜੋ ਹਜ਼ਾਰਾਂ ਬਲਰਾਜ ਸਾਹਨੀਆਂ ਦੀ ਲੋੜ ਹੈ ਉਹ ਕਿੱਥੇ ਹਨ?

 

Comments

comments

Share This Post

RedditYahooBloggerMyspace