ਮਨੁੱਖ ‘ਤੇ ਭਾਰੂ ਹੋ ਰਹੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਵਿਗਿਆਨਕ ਕਾਢਾਂ

ਹਰਪ੍ਰੀਤ ਕੌਰ ਘੁੰਨਸ

ਇਕੀਵੀਂ ਸਦੀ ਦੇ ਦੌਰ ਵਿਚ ਮਨੁੱਖ ਤਕਨਾਲੋਜੀ ਦੇ ਖੇਤਰ ਵਿਚ ਇਸ ਕਦਰ ਬੁਲੰਦੀਆਂ ਨੂੰ ਛੋਹ ਰਿਹਾ ਹੈ ਕਿ ਕੋਈ ਵੀ ਚੀਜ਼ ਮਨੁੱਖ ਲਈ ਨਾ ਮੁਮਕਿਨ ਨਹੀਂ ਰਹੀ। ਕੋਈ ਸਮਾਂ ਸੀ ਜਦੋਂ ਇਹ ਜੰਗਲਾਂ ‘ਚ ਰਹਿੰਦਾ ਸੀ ਅਤੇ ਕੁਦਰਤ ਤੋਂ ਡਰਦਾ ਪਰ ਜਿਵੇਂ ਸਿਆਣੇ ਕਹਿੰਦੇ ਨੇ ਕਿ ਲੋੜ ਕਾਢ ਦੀ ਮਾਂ ਹੈ। ਉਸ ਦੀ ਤਰਾਂ ਧਾਤ ਦੇ ਪਹੀਏ ਦੀ ਖੋਜ ਤੋਂ ਸ਼ੁਰੂ ਹੋਇਆ ਮਨੁੱਖ ਅਸਮਾਨ ਵਿਚ ਨਵੀਆਂ-ਨਵੀਆਂ ਖੋਜਾਂ ਵਿਚ ਜੁੱਟਿਆ ਹੋਇਆ ਹੈ।

ਭਾਵੇਂ ਵਿਗਿਆਨ ਦੀਆਂ ਕਾਢਾਂ ਜਿਵੇਂ ਮੋਬਾਈਲ, ਕੰਪਿਊਟਰ, ਫ਼ਰਿੱਜ, ਏਅਰ ਕੰਡੀਸ਼ਨਰ ਆਦਿ ਜਿਹੀਆਂ ਅਣਗਿਣਤ ਕਾਡਾਂ ਨੇ ਮਨੁੱਖੀ ਜੀਵਨ ਸੁਖਾਲਾ ਕਰ ਦਿੱਤਾ ਹੈ ਪਰ ਇਨਾਂ ਕਾਡਾਂ ਨੇ ਮਨੁੱਖ ਨੂੰ ਕੁਦਰਤ ਤੋਂ ਵੀ ਦੂਰ ਕੀਤਾ ਹੈ। ਅਜੋਕੇ ਸਮੇਂ ਵਿਚ ਮੋਬਾਈਲ ਫੋਨ ਸੰਚਾਰ ਦਾ ਸਭ ਤੋਂ ਵਧੀਆਂ ਸਾਧਨ ਬਣਕੇ ਉਭਰਿਆ ਹੈ। ਇਸ ਦੀਆਂ ਅਨੇਕਾਂ ਐਪਲੀਕੇਸ਼ਨਾਂ ਜਿੱਥੇ ਮਨੋਰੰਜਨ ਦਾ ਸਾਧਨ ਹਨ ਉੱਥੇ ਸਕਿੰਟਾਂ ਵਿਚ ਆਪਣਾ ਸੁਨੇਹਾ ਦੂਰ ਦੁਰਾਡੇ ਪਹੁੰਚਾ ਦਿੰਦੀਆਂ ਹਨ ਪਰ ਜੇ ਦੂਸਰੇ ਪੱਖ ਤੋਂ ਵੇਖੀਏ ਤਾਂ ਇਸ ਕਾਢ ਨੇ ਜੋੜਨ ਦੇ ਨਾਲ-ਨਾਲ ਤੋੜਨ ਦਾ ਵੀ ਕੰਮ ਕੀਤਾ ਹੈ। ਲੋਕ ਬੱਸਾਂ, ਗੱਡੀਆਂ ਜਾਂ ਘਰਾਂ ਵਿਚ ਆਪਸੀ ਗੱਲਬਾਤ ਕਰਨ ਦੀ ਬਜਾਏ ਮੋਬਾਈਲ ‘ਤੇ ਚੈਟਿੰਗ ਕਰਦੇ ਨਜ਼ਰ ਆਉਂਦੇ ਹਨ। ਰਿਸ਼ਤੇਦਾਰੀ ‘ਚ ਮਿਲਣ ਜਾਣ ਨਾਲੋਂ ਫੋਨ ‘ਤੇ ਗੱਲ ਕਰਨ ਨੂੰ ਹੀ ਅਹਿਮੀਅਤ ਦਿੱਤੀ ਜਾਂਦੀ ਹੈ। ਮੋਬਾਈਲ ਗੇਮਾਂ ਨੇ ਬਚਪਨ ਦੀਆਂ ਖੇਡਾਂ ਅਤੇ ਮੈਦਾਨੀ ਖੇਡਾਂ ਖ਼ਤਮ ਕਰ ਦਿੱਤੀਆਂ ਹਨ। ਮੋਬਾਈਲ ‘ਤੇ ਇੰਟਰਨੈੱਟ ਦੁਬਾਰਾ ਕਈ ਗ਼ਲਤ ਚੀਜ਼ਾਂ ਅਤੇ ਝੂਠੀਆਂ ਅਫ਼ਵਾਹਾਂ ਵੀ ਪ੍ਰਚਾਰੀਆਂ ਜਾਂਦੀਆਂ ਹਨ ਜੋ ਮਨੁੱਖ ਨੂੰ ਕੁਰਾਹੇ ਪਾਉਂਦੀਆਂ ਹਨ। ਇਸ ਦੇ ਨਾਲ ਹੀ ਥਾਂ-ਥਾਂ ਲੱਗੇ ਟਾਵਰ ਪੰਛੀਆਂ ਦੇ ਦਿਨ-ਬ-ਦਿਨ ਲੋਪ ਹੋਣ ਲਈ ਜ਼ਿੰਮੇਵਾਰ ਹਨ। ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਜਨਮ ਦਿੰਦੇ ਹਨ। ਇਸ ਤੋਂ ਬਾਅਦ ਏਅਰ ਕੰਡੀਸ਼ਨਰ ਦੀ ਗੱਲ ਕਰੀਏ ਤਾਂ ਪਿਛਲੇ ਕੁੱਝ ਸਮੇਂ ਤੋਂ ਧਰਤੀ ‘ਤੇ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਗੱਡੀਆਂ ਬੱਸਾਂ ਅਤੇ ਘਰਾਂ ਵਿਚ ਏਅਰ ਕੰਡੀਸ਼ਨਰ ਦੀ ਸੁਵਿਧਾ ਨੂੰ ਤੀਬਰ ਗਤੀ ਨਾਲ ਉਪਯੋਗ ਵਿਚ ਲਿਆਂਦਾ ਜਾ ਰਿਹਾ ਹੈ।

ਮਨੁੱਖ ਦੁਬਾਰਾ ਜਿੰਨੇ ਰੁੱਖ ਕੱਟੇ ਜਾ ਰਹੇ ਹਨ, ਓਨੇ ਲਗਾਏ ਨਹੀਂ ਜਾ ਰਹੇ। ਹਰ ਪੱਖੋਂ ਹੋ ਰਹੇ ਪ੍ਰਦੂਸ਼ਣ ਨਾਲ ਵਾਤਾਵਰਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ ਜਿਸ ਨਾਲ ਤਾਪਮਾਨ ਵਧਦਾ ਹੀ ਜਾ ਰਿਹਾ ਹੈ। ਹਰ ਵਾਰ ਤਾਪਮਾਨ ‘ਚ ਆਉਂਦੀ ਵੱਡੀ ਤਬਦੀਲੀ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਧਰਤੀ ‘ਤੇ ਰੇਗਿਸਤਾਨ ਹੀ ਰੇਗਿਸਤਾਨ ਨਜ਼ਰ ਆਵੇਗਾ। ਏਅਰ ਕੰਡੀਸ਼ਨਰ ਨਾਲ ਭਾਵੇਂ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਇਸ ਕਾਰਨ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਿਹਾ ਹੈ। ਏਅਰ ਕੰਡੀਸ਼ਨਰ ਦੇ ਤਾਪਮਾਨ ਦੇ ਘੱਟ ਦਬਾਅ ਕਾਰਨ ਸਿਰ ਦਰਦ, ਘਬਰਾਹਟ, ਅੱਖਾਂ ਦੀ ਰੜਕ, ਬਲੱਡ ਪ੍ਰੈਸ਼ਰ ਦੀ ਸੱਮਸਿਆ ਅਤੇ ਸੁਭਾਅ ‘ਚ ਚਿੜਚਿੜਾਪਨ ਆ ਜਾਂਦਾ ਹੈ। ਕੋਸ਼ਿਕਾਵਾਂ ਸੁੰਗੜ ਜਾਣ ਕਾਰਨ ਸਰੀਰ ਅੰਦਰ ਖ਼ੂਨ ਦਾ ਦਬਾਅ ਵੀ ਪ੍ਰਭਾਵਿਤ ਹੁੰਦਾ ਹੈ। ਇਸ ਤਰਾਂ ਸਿਰਫ਼ ਗਰਮੀ ਤੋਂ ਰਾਹਤ ਦੇਣ ਵਾਲਾ ਏਅਰ ਕੰਡੀਸ਼ਨਰ ਅਨੇਕਾਂ ਰੋਗਾਂ ਦਾ ਜਨਮਦਾਤਾ ਬਣ ਚੁੱਕਿਆ ਹੈ। ਕੰਪਿਊਟਰ ਦੀ ਗੱਲ ਕਰੀਏ ਤਾਂ ਇਸ ਨੇ ਮਨੁੱਖੀ ਜੀਵਨ ਨੂੰ ਇੰਨਾ ਆਸਾਨ ਕਰ ਦਿੱਤਾ ਹੈ। ਸਕੂਲਾਂ, ਕਾਲਜਾਂ, ਬੈਂਕਾਂ, ਘਰਾਂ, ਤਹਿਸੀਲਾਂ, ਹਸਪਤਾਲਾਂ, ਕਚਹਿਰੀਆਂ ਆਦਿ ਗੱਲ ਕੀ ਇਹ ਹਰ ਖੇਤਰ ਵਿਚ ਮੋਹਰੀ ਬਣਿਆ ਹੋਇਆ ਹੈ। ਜਿੱਥੇ ਇਸ ਨੇ ਬਹੁਤ ਸਾਰੇ ਕੰਮਾਂ ਨੂੰ ਸਮੇਟ ਲਿਆ ਹੈ ਤੇ ਰੁਜ਼ਗਾਰ ਦਾ ਨਵਾਂ ਸਾਧਨ ਬਣਿਆ ਹੈ। ਉੱਥੇ ਇਸ ਨੇ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਵੀ ਖੋਹ ਲਿਆ ਹੈ। ਘਰਾਂ ਵਿਚ ਬੱਚੇ ਕੰਪਿਊਟਰ ਨਾਲ ਚਿਪਕੇ ਨਜ਼ਰ ਆਉਂਦੇ ਹਨ। ਅੱਗੇ ਗੱਲ ਕਰੀਏ ਫ਼ਰਿੱਜ ਦੀ ਤਾਂ ਫ਼ਰਿੱਜ ਠੰਢਾ ਪਾਣੀ ਦੇਣ ਦੇ ਨਾਲ-ਨਾਲ ਜਿੱਥੇ ਦੁੱਧ, ਸਬਜ਼ੀ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ ਉੱਥੇ ਹੀ ਠੰਢਾ ਪਾਣੀ ਪੀਣ ਨਾਲ ਜ਼ੁਕਾਮ, ਗਲ਼ਾ ਖ਼ਰਾਬ, ਜਿਹੀਆਂ ਬਿਮਾਰੀਆਂ ਲੱਗਦੀਆਂ ਹਨ। ਜਦੋਂ ਅਸੀਂ ਠੰਡਾ ਪਾਣੀ ਪੀਂਦੇ ਹਾਂ ਤਾਂ ਸਰੀਰਕ ਊਰਜਾ ਉਸ ਪਾਣੀ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿਚ ਲੱਗ ਜਾਂਦੀ ਹੈ ਜਿਸ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ। ਫ਼ਰਿੱਜ ਨੇ ਘੜੇ ਦੇ ਪਾਣੀ ਨੂੰ ਲਗਪਗ ਖ਼ਤਮ ਕਰ ਦਿੱਤਾ ਹੈ। ਇਸ ਤਰਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦੁਬਾਰਾ ਕੀਤੀਆਂ ਕਾਢਾਂ ਭਾਵੇਂ ਇਸ ਲਈ ਲਾਹੇਵੰਦ ਸਿੱਧ ਹੋਈਆਂ ਹਨ ਪਰ ਇਨਾਂ ਦੇ ਬੁਰੇ ਅਸਰਾਂ ਨੇ ਮਨੁੱਖ ਨੂੰ ਕੁਦਰਤ ਤੋਂ ਦੂਰ ਕਰਨ ਦਾ ਕੰਮ ਕੀਤਾ ਹੈ। ਜਿਸ ਨਾਲ ਮਨੁੱਖ ਦਾ ਨਾਤਾ ਪਰਿਵਾਰਾਂ, ਰਿਸ਼ਤੇਦਾਰਾਂ, ਵਾਤਾਵਰਨ ਰੁੱਖਾਂ ਆਦਿ ਨਾਲ ਪਹਿਲਾਂ ਵਰਗਾ ਨਹੀਂ ਰਿਹਾ। ਇਸ ਲਈ ਜ਼ਰੂਰੀ ਹੈ ਕਿ ਹਰ ਕਾਢ ਦੀ ਵਰਤੋਂ ਬੇਲੋੜੀ ਨਾ ਕਰ ਕੇ ਸੀਮਿਤ ਰੂਪ ਵਿਚ ਕੀਤੀ ਜਾਵੇ ਤਾਂ ਜੋ ਮਨੁੱਖ ਦੁਬਾਰਾ ਬਣਾਈ ਤਕਨਾਲੋਜੀ ਮਨੁੱਖ ‘ਤੇ ਭਾਰੀ ਨਾ ਪਵੇ।

Comments

comments

Share This Post

RedditYahooBloggerMyspace