ਕੀ ਜੱਸਾ ਸਿੰਘ ਰਾਮਗੜ੍ਹੀਆ ਨੇ ਕੁੜੀ ਮਾਰੀ ਸੀ?

ਗਿ. ਅਜੀਤ ਸਿੰਘ
ਢਾਡੀ ਪ੍ਰਚਾਰਕ, ਲੁਧਿਆਣਾ

ਕੁੱਝ ਇਤਿਹਾਸਕਾਰਾਂ ਨੇ ਸ. ਜੱਸਾ ਸਿੰਘ ਨਾਲ ਬੜੀ ਬੇਇਨਸਾਫ਼ੀ ਕੀਤੀ ਹੈ। ਉਨਾਂ ਉਸ ਦੀ ਪ੍ਰਤਿਭਾ, ਸ਼ਖ਼ਸੀਅਤ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ‘ਤੇ ਲੜਕੀ ਮਾਰਨ ਦੀ ਤੁਹਮਤ ਲਾਈ ਸੀ। ਕੁੱਝ ਇਹ ਵੀ ਕਹਿੰਦੇ ਹਨ ਕਿ ਸਰਦਾਰ ਜੱਸਾ ਸਿੰਘ ਨੇ ਨਹੀਂ ਉਸ ਦੇ ਪਰਿਵਾਰ ਵਾਲਿਆਂ ਨੇ ਮਾਰੀ ਸੀ। ਇਸ ਦੋਸ਼ ਕਾਰਨ ਉਸ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ, ਇਸ ਲਈ ਉਸ ਨੇ ਅਦੀਨਾ ਬੇਗ ਕੋਲ ਨੌਕਰੀ ਕਰ ਲਈ ਸੀ। ਜਦੋਂ ਮਨੂੰ ਦੇ ਹੁਕਮ ਨਾਲ ਅਦੀਨਾ ਬੇਗ ਦੀ ਫ਼ੌਜ, ਰਾਮ ਰੌਣੀ ਦੇ ਕਿਲੇ ਨੂੰ ਘੇਰਾ ਪਾਉਣ ਵਾਸਤੇ ਆਈ ਸੀ, ਜੱਸਾ ਸਿੰਘ ਵੀ ਉਸ ਵਿਚ ਸ਼ਾਮਲ ਸੀ ਪਰ ਖ਼ਾਲਸੇ ਨੂੰ ਮੁਸੀਬਤ ਵਿਚ ਫਸਿਆ ਵੇਖ ਕੇ ਖ਼ਾਲਸੇ ਨਾਲ ਆ ਮਿਲਿਆ ਸੀ।
ਪੰਥ ਨੇ ਇਸ ਦੀ ਇਹ ਭੁੱਲ ਬਖ਼ਸ਼ ਕੇ ਆਪਣੇ ਨਾਲ ਸ਼ਾਮਲ ਕਰ ਲਿਆ ਸੀ। ਲੜਕੀ ਮਾਰਨ ਦੇ ਦੋ ਹੀ ਕਾਰਨ ਹੋ ਸਕਦੇ ਹਨ। ਪਹਿਲਾ ਹੋ ਸਕਦਾ ਹੈ ਕਿ ਸ਼ਾਇਦ ਉਸ ਵੇਲੇ ਲੜਕੀ ਮਾਰਨ ਦਾ ਆਮ ਰਿਵਾਜ ਹੁੰਦਾ ਹੋਵੇਗਾ ਜਿਸ ਕਾਰਨ ਸਰਦਾਰ ਜੱਸਾ ਸਿੰਘ ਦੇ ਪਰਿਵਾਰ ਨੇ (ਕੁੱਝ ਇਤਿਹਾਸਕਾਰਾਂ ਮੁਤਾਬਕ) ਲੜਕੀ ਮਾਰੀ ਹੋਵੇ। ਸਿੱਖ ਪੰਥ ਵਿਚ ਕੁੜੀ ਮਾਰਨੀ ਬਜਰ ਪਾਪ ਮੰਨਿਆ ਜਾਂਦਾ ਹੈ ਜਦਕਿ ਜੱਸਾ ਸਿੰਘ ਦੇ ਘਰ, ਗੁਰਸਿੱਖੀ ਦੀ ਤੀਜੀ ਪੀੜੀ ਚੱਲ ਰਹੀ ਸੀ ਜਿਵੇਂ ਕਿ ਸਰਦਾਰ ਜੱਸਾ ਸਿੰਘ ਦਾ ਦਾਦਾ, ਜੋ ਕਲਗੀਧਰ ਪਾਤਸ਼ਾਹ ਦਾ ਅਨਿਨ ਸਿੱਖ, ਦਰਬਾਰੀ ਤੇ ਹਜ਼ੂਰ ਸਿੱਖ ਸੀ, ਜਿਸ ਦੀ ਬਹਾਦਰੀ, ਦਲੇਰੀ ਤੇ ਗੁਰਮੁਖਤਾਈ ਵੇਖ ਕੇ

ਦਸਮੇਸ਼ ਪਿਤਾ ਜੀ ਨੇ ਅਸੀਸ ਦੇਂਦਿਆਂ ਆਖਿਆ ਸੀ ‘ਹਰਦਾਸ ਸਿੰਘ! ਤੇਰੇ ਖ਼ਾਨਦਾਨ ਵਿਚ ਰਾਜਸੀ ਠਾਠ ਬਣੇ ਰਹਿਣਗੇ।’ ਇਸ ਬਾਰੇ ਗਿਆਨੀ ਗਿਆਨ ਸਿੰਘ ਇਉਂ ਵਰਨਣ ਕਰਦੇ ਹਨ। ਇਨ ਕਾ ਬੜਾ ਸਿੰਘ ਹਰਦਾਸ, ਰਹਿਉ ਗੁਰੂ ਗੋਬਿੰਦ ਸਿੰਘ ਪਾਸ। ਮਨ ਤਨ ਧਨ ਕਰ ਸੇਵ ਕਮਾਈ, ਗੁਰ ਬਰ ਦੀਨੋ ਰਾਜ ਲਭਾਈ। ਸਿੰਘ ਭਗਵਾਨ ਤਾਹਿੰ ਸੁਤਭਯੋ, ਅਬਚਲ ਨਗਰ ਗੁਰੂ ਸੰਗ ਰਾਯੋ। ਜੱਬ ਸਤਿਗੁਰ ਨਿਜ ਲੋਕ ਸਿਧਾਰੇ, ਆਕਰ ਉਨ ਪੰਜਾਬ ਮਝਾਰੇ। ਬੰਦੇ ਦੇ ਹੋ ਸੰਗੀ ਨੀਕੇ, ਧਰਮ ਯੁੱਧ ਬਹੁ ਕੀਨੇ ਨੀਕੇ।

ਸ. ਜੱਸਾ ਸਿੰਘ ਦੇ ਪਿਤਾ ਅਤੇ ਬਾਬਾ ਹਰਦਾਸ ਸਿੰਘ ਦੇ ਸਪੁੱਤਰ ਗਿਆਨੀ ਭਗਵਾਨ ਸਿੰਘ ਉਨਾਂ ਵਿਰਲੇ ਵਡਭਾਗੇ ਗੁਰਸਿੱਖਾਂ ਵਿਚੋਂ ਇਕ ਸਨ ਜਿਨਾਂ ਨੂੰ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਤਕ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਵਿਚ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਹੋਵੇ। ਗਿਆਨੀ ਭਗਵਾਨ ਸਿੰਘ ਜੀ ਨੂੰ ਨਿਤਨੇਮੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਹੋਣ ਕਾਰਨ, ਗਿਆਨੀ ਦੀ ਉਪਾਧੀ ਪ੍ਰਾਪਤ ਹੋਈ ਹੋਵੇ, ਐਸੇ ਮਹਾਨ ਕਿਰਦਾਰ ਵਾਲੇ ਗਿਆਨੀ ਭਗਵਾਨ ਸਿੰਘ ਜੀ ਜੱਸਾ ਸਿੰਘ ਦੇ ਪਿਤਾ ਜਿਨਾਂ ਨੇ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਆਪਣੇ ਵੱਡ ਵਡੇਰਿਆਂ ਦੀਆਂ ਗੱਲਾਂ ਸੁਣਾ ਕੇ ਉਨਾਂ ਦਾ ਬਹਾਦਰੀ ਤੇ ਗੁਰਸਿੱਖੀ ਦਾ

ਜੀਵਨ ਘੜਿਆ ਹੋਵੇ, ਉਸ ਪਰਿਵਾਰ ਵਿਚ ਘਰ ਵਿਚ ਕੋਈ ਕੁੜੀ ਮਾਰ ਦੇਵੇ, ਅਸੰਭਵ ਜਿਹੀ ਗੱਲ ਹੈ। ਜਿਸ ਘਰ ਵਿਚ ਗੁਰਸਿੱਖੀ ਦੀ ਤੀਜੀ ਪੀੜੀ ਚੱਲ ਰਹੀ ਹੋਵੇ, ਗੁਰਸਿੱਖੀ ਵੀ ਐਸੀ ਜਿਸ ਨੇ ਕਲਗੀਧਰ ਦੇ ਚਰਨਾਂ ਤੋਂ ਸਾਰਾ ਜੀਵਨ ਹੀ ਵਾਰ ਦਿੱਤਾ ਹੋਵੇ, ਉਸ ਘਰ ਵਿਚ ਲੜਕੀ ਮਾਰਨਾ ਸਮਝ ਤੋਂ ਬਾਹਰ ਹੈ।

ਕੁੜੀ ਮਾਰਨ ਬਾਰੇ ਦੂਜੇ ਕਾਰਨ ਦੀ ਗੱਲ ਕਰੀਏ ਤਾਂ ਜਿਥੋਂ ਤਕ ਗ਼ਰੀਬੀ ਦਾ ਸਵਾਲ ਹੈ, ਜਿਹੜਾ ਜੱਸਾ ਸਿੰਘ 15 ਸਾਲ ਦੀ ਉਮਰ (1738) ਵਿਚ ਵੱਲੇ ਪਿੰਡ ਦੀ ਜਗੀਰ ਪਾ ਕੇ ਜਗੀਰਦਾਰ ਤੇ ਰਸਾਲਦਾਰੀ ਦੀ ਪਦਵੀ ਪ੍ਰਾਪਤ ਕਰ ਕੇ ਰਸਾਲਦਾਰ ਬਣ ਗਿਆ ਹੋਵੇ,

ਜਿਸ ਨੇ ਸੂਰਬੀਰਤਾ, ਦਲੇਰੀ ਨਿਡਰਤਾ ਦੇ ਕਾਰਨ ਚੋਖੀ ਮਾਨਤਾ ਪ੍ਰਾਪਤ ਕਰ ਲਈ ਹੋਵੇ, ਉਹ ਗ਼ਰੀਬ ਹੋਵੇ ਨਹੀਂ ਹੋ ਸਕਦਾ। ਜਿਸ ਨੇ ਜ਼ਕਰੀਆ ਖ਼ਾਨ ਦੇ ਮਰਨ ਉਪਰੰਤ ਕਾਫ਼ੀ ਸਮਾਂ ਅਦੀਨਾ ਬੇਗ ਕੋਲ ਰਹਿ ਕੇ ਚੋਖੀ ਜਗੀਰ ਲਈ ਹੋਵੇ, ਜੋ ਜਗੀਰਦਾਰੀ ਕਰ ਰਿਹਾ ਹੋਵੇ, ਉਸ ਦੇ ਘਰ ਵਿਚ ਗ਼ਰੀਬੀ ਹੋਵੇ, ਅਸੰਭਵ ਜਿਹੀ ਗੱਲ ਹੈ। ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜਿਨਾਂ ਇਤਿਹਾਸ ਦੀਆਂ ਕਈ ਕਿਤਾਬਾਂ ਲਿਖੀਆਂ ਹਨ, ਉਹ ਆਪਣੀ ਕਿਤਾਬ (ਖ਼ਾਲਸਾ ਰਾਜ ਦੇ ਉਸਰੀਏ) ਭਾਗ ਦੂਜਾ ਪੰਨਾ 80 ਦੇ ਫ਼ੁਟਨੋਟ ਵਿਚ ਲਿਖਦੇ ਹਨ:

”ਜੱਸਾ ਸਿੰਘ ਦੇ ਕੰਨਿਆ ਮਾਰਨ ਬਾਰੇ ਅਸੀ ਬੜੀ ਖੋਜ ਕੀਤੀ ਹੈ ਪਰ ਸਾਨੂੰ ਕੋਈ ਪ੍ਰਮਾਣਤ ਸਬੂਤ ਇਸ ਦੀ ਤਾਈਦ ਵਿਚ ਨਹੀਂ ਮਿਲਿਆ।” ਇਸ ਤੋਂ ਇਲਾਵਾ ਪ੍ਰੋ. ਪ੍ਰਿਥੀਪਾਲ ਸਿੰਘ ਜੀ ਕਪੂਰ ਆਪਣੀ ਕਿਤਾਬ ਸ. ਜੱਸਾ ਸਿੰਘ ਰਾਮਗੜੀਆ ਦੇ ਪੰਨੇ 36 ਦੇ ਫੁਟਨੋਟ ਵਿਚ ਇਉਂ ਲਿਖਦੇ ਹਨ। ”ਇਹ ਗੱਲ ਵਰਨਣਯੋਗ ਹੈ ਕਿ ਮੁਢਲੇ ਲਿਖਾਰੀਆਂ ਨੇ ਇਸ ਦਾ (ਕੁੜੀ ਮਾਰਨ) ਕੋਈ ਜ਼ਿਕਰ ਨਹੀਂ ਕੀਤਾ। ਵਿਸ਼ੇਸ਼ ਕਰ ਕੇ ਅਲੀ-ਉਲ-ਦੀਨ ਨੇ ਆਪਣੀ ਕਿਤਾਬ ‘ਇਬਰਤ ਨਾਮਾ’ ਵਿਚ ਇਸ ਘਟਨਾ ਬਾਰੇ ਕੁੱਝ ਵੀ ਨਹੀਂ ਲਿਖਿਆ। ਕੇਵਲ ਸਿੱਖਾਂ ਦੇ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਜਿਵੇਂ: ਸਿੱਖ ਤਰਖਾਣ ਜੱਸਾ ਸਿੰਘ ਜੋਇ। ਦੀਨੇ ਸਿੰਘਨ ਛੇ ਥੇ ਸੋਇ।

(ਰਤਨ ਸਿੰਘ, ਪ੍ਰਾਚੀਨ ਪੰਥ ਪ੍ਰਕਾਸ਼ ਪੰਨਾ 314)” ਉਪਰੋਕਤ ਲਿਖਤ ਦੇ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਇਹ ਕੇਵਲ ਇਕ ਊਜ ਸੀ, ਜੋ ਜੱਸਾ ਸਿੰਘ ਦੀ ਪ੍ਰਤਿਭਾ ਨੂੰ ਨੀਵਾਂ ਵਿਖਾਉਣ ਲਈ ਘੜੀ ਗਈ ਜਾਪਦੀ ਹੈ। ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਆਪਣੀ ਕਿਤਾਬ ‘ਖ਼ਾਲਸਾ ਰਾਜ ਦੇ ਉਸਰਈਏ-ਭਾਗ ਦੂਜਾ’ ਪੰਨਾ 78 ‘ਤੇ ਲਿਖਦੇ ਹਨ: ”ਸੰਨ 1745 ਜ਼ਕਰੀਆ ਖ਼ਾਨ ਸੂਬਾ ਲਾਹੌਰ ਮਰ ਗਿਆ, ਹੁਣ ਅਦੀਨਾ ਬੇਗ ਨੂੰ ਜਲੰਧਰ ਵਿਚ ਆਪਣੀ ਸ਼ਕਤੀ ਵਧਾਉਣ ਦਾ ਸੁਨਹਿਰੀ ਸਮਾਂ ਮਿਲਿਆ। ਇਹ ਬੜਾ ਸਿਆਣਾ ਰਾਜਨੀਤਕ ਹੁਕਮਰਾਨ ਸੀ। ਇਹ ਚੰਗੀ ਤਰਾਂ ਜਾਣਦਾ ਸੀ ਮੇਰੀ ਕਮਾਨ ਤਦ ਹੀ ਚੜੀ ਰਹਿ ਸਕੇਗੀ,

ਜਦ ਖ਼ਾਲਸੇ ਨਾਲ ਮੇਰਾ ਕਿਸੇ ਤਰਾਂ ਮੇਲ ਹੋ ਜਾਏ।” ਇਸ ਦੀ ਪ੍ਰੋੜਤਾ ਲਈ ਉਹ ਇਨਾਂ ਕਿਤਾਬਾਂ ਦਾ ਹਵਾਲਾ ਦਿੰਦੇ ਹਨ-ਖ਼ਾਲਸਾ ਨਾਮਾ ਦੀਵਾਨ ਬਖਤ ਮੱਲ ਪੰਨਾ 58-97, ਐਚ.ਆਰ. ਗੁਪਤਾ ਹਿਸਟਰੀ ਆਫ਼ ਦੀ ਸਿੱਖਸ ਪੰਨਾ 8, ਹਰੀ ਰਾਮ ਗੁਪਤਾ ਅਦੀਨਾ ਬੇਗ ਖ਼ਾਨ ਪੰਨਾ 18, ਸੋਹਨ ਲਾਲ ਉਸਦਾਤੁਲ ਤਵਾਰੀਖ਼ ਦਫ਼ਤਰ ਇਕ ਪੰਨਾ 128, ਐਨ.ਕੇ. ਸਿਨਹਾ ਰਾਈਜ਼ ਆਫ਼ ਦੀ ਸਿੱਖ ਪਾਵਰ ਬ੍ਰੋਨਸ ਇੰਡੀਆ ਟਰੈਕਟਸ ਪੰਨਾ 13। ਇਧਰ ਖ਼ਾਲਸਾ ਵੀ ਸਮੇਂ ਦੀਆਂ ਰਾਜਸੀ ਚਾਲਾਂ ਵਿਚ ਨਿਪੁੰਨ ਸੀ, ਪੂਰਨ ਪ੍ਰਬੀਨ ਸੀ। ਉਹ ਵੀ ਚਾਹੁੰਦਾ ਸੀ ਲੋੜ ਵਿਚ ਫਸੇ ਹਾਕਮ ਨਾਲ ਮੇਲ ਕਰਨ ਵਿਚ ਹੀ ਭਲਾ ਹੈ।

ਆਪਣੇ ਸਵੈਸਤਿਕਾਰ ਨੂੰ ਮੁੱਖ ਰੱਖ ਕੇ ਮੇਲ ਵਧਾਉਣ ਵਿਚ ਕਿਸੇ ਤਰਾਂ ਦੀ ਹਾਨੀ ਨਹੀਂ। ਇਸ ਤਰਾਂ ਦੋਵਾਂ ਧਿਰਾਂ ਦੀ ਇੱਛਾ ਅਨੁਸਾਰ ਕਈ ਗੱਲਾਂ ਦਾ ਮੂੰਹ ਸਾਹਮਣੇ ਫ਼ੈਸਲਾ ਕਰਨ ਲਈ ਖ਼ਾਲਸੇ ਵਲੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਵਿਚੋਲਾ ਥਾਪ ਕੇ ਨਵਾਬ ਅਦੀਨਾ ਬੇਗ ਖ਼ਾਨ ਕੋਲ, ਸ਼ਰਤਾਂ ਤੈਅ ਕਰਨ ਲਈ ਜਲੰਧਰ ਭੇਜਿਆ ਗਿਆ (ਕਿਤਾਬ ਹਵਾਲਾ, ‘ਖ਼ਾਲਸਾ ਰਾਜ ਦੇ ਉਸਰਈਏ ਭਾਗ ਦੂਜਾ’ ਪੰਨਾ 78-79, ਹਰੀ ਰਾਮ ਗੁਪਤਾ ਅਦੀਨਾ ਬੇਗ ਖ਼ਾਨ ਸਫ਼ਾ 53, ਮੈਲਕਮ ਸਕੈਚਿਜ਼ ਆਫ਼ ਦੀ ਸਿੱਖਜ਼ ਪੰਨਾ 92, ਹਵਾਲਾ ਅਦੀਨਾ ਬੇਗ ਪੰਨਾ 44) ਇਸ ਅਤਿ ਦੀ ਜ਼ਿੰਮੇਵਾਰੀ ਦੇ ਕੰਮ ਨੂੰ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਐਸੀ

ਸੁਚੱਜਤਾ ਨਾਲ ਸਿਰੇ ਚਾੜਿਆ ਕਿ ਅਦੀਨਾ ਬੇਗ ਖ਼ਾਨ, ਆਪ ਦੀ ਸਿਆਣਪ ਤੇ ਨੀਤੀ ਭਰੀ ਬੋਲਚਾਲ ਦੇ ਢੰਗਾਂ ਨੂੰ ਸੁਣ ਕੇ ਹੈਰਾਨ ਰਹਿ ਗਿਆ। ਨਵਾਬ ਉਤੇ ਆਪਣੀ ਸੁੱਘੜਤਾ ਦਾ ਐਨਾ ਪ੍ਰਭਾਵ ਪਿਆ ਕਿ ਉਸ ਨੇ ਸਰਦਾਰ ਜੱਸਾ ਸਿੰਘ ਨੂੰ ਆਖਿਆ ਜੇ ਆਪ, ਸਣੇ ਸਵਾਰਾਂ ਦੇ ਸਾਡੇ ਨਾਲ ਮਿਲ ਕੇ ਰਹਿਣਾ ਚਾਹੋ ਤਾਂ ਆਪ ਨੂੰ ਆਪਣੀ ਇੱਛਾ ਅਨੁਸਾਰ ਜਗੀਰ ਦਿਤੀ ਜਾਵੇਗੀ। ਜੱਸਾ ਸਿੰਘ ਨੇ ਇਸ ਬਾਰੇ ਪੰਥ ਤੋਂ ਪ੍ਰਵਾਨਗੀ ਪ੍ਰਾਪਤ ਕਰਨ ਲਈ ਨਵਾਬ ਤੋਂ ਮੋਹਲਤ ਮੰਗੀ। ਉਸ ਨੇ ਆ ਕੇ ਪੰਥ ਦੇ ਮੁਖੀਆਂ ਸਾਹਮਣੇ ਇਹ ਮਾਮਲਾ ਰਖਿਆ। ਪੰਥਕ ਆਗੂਆਂ ਨੇ ਇਸ ਗੱਲ ਨੂੰ ਦੂਰ ਦ੍ਰਿਸ਼ਟੀ ਨਾਲ ਵਿਚਾਰਿਆ ਉਨਾਂ ਨੂੰ ਇਸ ਵਿਚ ਸੱਭ ਤਰਾਂ ਦਾ

ਪੰਥ ਦਾ ਲਾਭ ਦਿਸਿਆ। ਪਹਿਲਾ ਲਾਭ ਤਾਂ ਪ੍ਰਤੱਖ ਇਹ ਸੀ ਕੀ ਨਾਜ਼ਮ ਨਾਲ ਮੇਲ ਹੋ ਜਾਣ ਨਾਲ ਖ਼ਾਲਸੇ ਉਪਰ ਹੋ ਰਹੀਆਂ ਸਖ਼ਤੀਆਂ ਕੁੱਝ ਸਮੇਂ ਰੁਕ ਜਾਣਗੀਆਂ। ਦੂਜਾ ਇਸ ਸਮੇਂ ਤੋਂ ਲਾਭ ਉਠਾ ਕੇ ਖ਼ਾਲਸੇ ਨੂੰ ਵਧਣ-ਫੁੱਲਣ ਦਾ ਖਾਸਾ ਸਮਾਂ ਮਿਲ ਜਾਵੇਗਾ। ਤੀਜਾ ਹਾਕਮ ਦੇ ਦਰਬਾਰ ਵਿਚ ਆਪਣੇ ਆਦਮੀਆਂ ਦੇ ਰਹਿਣ ਨਾਲ ਵੈਰੀਆਂ ਦੀਆਂ ਚਾਲਾਂ ਤੇ ਸੋਚਾਂ ਦਾ ਪਤਾ ਲਗਦਾ ਰਹੇਗਾ। ਉਨਾਂ ਦੇ ਬਚਾਅ ਦਾ ਪ੍ਰਬੰਧ ਖ਼ਾਲਸਾ ਸਮੇਂ ਸਿਰ ਕਰ ਲਿਆ ਕਰੇਗਾ। ਇਸ ਤੋਂ ਛੁਟ ਲੋੜ ਪੈਣ ‘ਤੇ ਪੰਥ ਜ਼ਰੂਰੀ ਸਮਝੇਗਾ ਕਿ ਹਕੂਮਤ ਨਾਲ ਹੋਰ ਮੇਲ ਨਹੀਂ ਰਖਣਾ ਤਾਂ ਉਸੇ ਦਿਨ ਹੀ ਇਹ ਸਬੰਧ ਉਨਾਂ ਨਾਲੋਂ ਤੋੜ ਲਿਆ ਜਾਵੇਗਾ।

ਉਪਰੋਕਤ ਵਿਚਾਰਾਂ ਅਨੁਸਾਰ ਸਰਦਾਰ ਜੱਸਾ ਸਿੰਘ ਨੂੰ ਪੰਥ ਵਲੋਂ ਅਦੀਨਾ ਬੇਗ ਕੋਲ ਰਹਿਣ ਦੀ ਪ੍ਰਵਾਨਗੀ ਮਿਲ ਗਈ। ਉਹ ਆਪਣੇ ਸਵਾਰਾਂ ਸਮੇਤ ਅਦੀਨਾ ਬੇਗ ਪਾਸ ਰਹਿ ਪਿਆ। ਇਸ ਤੋਂ ਨਵਾਬ ਨੇ ਆਪ ਨੂੰ ਚੋਖੀ ਜਗੀਰ ਦੋਆਬੇ ਵਿਚ ਦਿਤੀ। ਇਹ ਸਿਲਸਿਲਾ ਕੋਈ ਤਿੰਨ ਕੁ ਸਾਲ ਨਿਭਦਾ ਰਿਹਾ। (ਹਵਾਲਾ ਖ਼ਾਲਸਾ ਰਾਜ ਦੇ ਉਸਰੀਏ ਭਾਗ ਦੂਜਾ ਸਫ਼ਾ 79) ਇਸ ਤੋਂ ਇਲਾਵਾ ਗਿਆਨੀ ਗਿਆਨ ਸਿੰਘ ਜੀ ਦੀ ਕਿਤਾਬ ਸ਼ਮਸ਼ੇਰ ਖ਼ਾਲਸਾ, ਜੋ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਛਪੀ ਹੈ, ਉਸ ਦੇ ਪੰਨਾ 234 ‘ਤੇ ਇਸ ਬਾਰੇ ਇਉਂ ਲਿਖਿਆ ਹੈ:

”ਜਦ ਅਦੀਨਾ ਬੇਗ ਦੁਆਬਾ ਬਿਸਤ ਜਲੰਧਰ ਦੇ ਹਾਕਮ ਨੇ ਜ਼ੋਰ ਫੜਿਆ ਅਤੇ ਨਿਤਾਪ੍ਰਤੀ ਉਹਦਾ ਸਿੰਘਾਂ ਨਾਲ ਭੇੜ ਰਹਿਣ ਲੱਗਾ। ਤਦ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਨੂੰ ਅਪਣਾ ਵਕੀਲ ਬਣਾ ਕੇ ਅਦੀਨਾ ਬੇਗ ਪਾਸ ਭੇਜਿਆ। ਸਰਦਾਰ ਜੱਸਾ ਸਿੰਘ ਦੀ ਹੁਸ਼ਿਆਰੀ, ਦਾਨਾਈ, ਤੇ ਸਜੀਵੀ ਛਬੀਲੀ ਸ਼ਕਲ ਵੇਖ ਕੇ ਅਦੀਨਾ ਬੇਗ ਏਨਾ ਪ੍ਰਸੰਨ ਹੋਇਆ ਕਿ ਇਕ ਵੱਡੇ ਇਲਾਕੇ ਦਾ ਸਰਦਾਰ ਬਣਾ ਦਿਤਾ। ਮੁੱਦਤ ਤਕ ਇਹ ਉਥੇ ਰਿਹਾ। ਜਦ ਰਾਮਗੜ ਅੰਮ੍ਰਿਤਸਰ ਵਿਚ ਸਿੱਖਾਂ ਦਾ ਮੀਰ ਮੁਅੰਯੁਨਲ (ਮੀਰ ਮਨੂੰ) ਦੇ ਨਾਲ ਟਾਕਰਾ ਹੋਇਆ ਤਦ ਜੱਸਾ ਸਿੰਘ ਅਦੀਨਾ ਬੇਗ ਤੋਂ ਅੱਡ ਹੋ ਕੇ ਝੱਟ ਖ਼ਾਲਸੇ ਨਾਲ ਆ ਮਿਲਿਆ।”

ਪ੍ਰੋ. ਪ੍ਰਿਥੀਪਾਲ ਸਿੰਘ ਜੀ ਕਪੂਰ ਆਪਣੀ ਕਿਤਾਬ ਦੇ ਪੰਨੇ 40-41 ‘ਤੇ ਲਿਖਦੇ ਹਨ: ”ਜਿਥੇ ਅਦੀਨਾ ਬੇਗ ਆਪਣੀ ਗ਼ਰਜ਼ ਲਈ ਜੱਸਾ ਸਿੰਘ ਨੂੰ ਵਰਤਣਾ ਚਾਹੁੰਦਾ ਸੀ ਉਥੇ ਜੱਸਾ ਸਿੰਘ ਆਪਣੀ ਚਾਲ ਤੇ ਸੀ। ਆਮ ਖ਼ਿਆਲ ਹੈ ਕਿ ਅਦੀਨਾ ਬੇਗ ਕੋਲ ਮੁਲਾਜ਼ਮਤ ਕਰ ਕੇ ਉਹ ਸਿੱਖਾਂ ਵਿਰੁਧ ਮੁਸਲਮਾਨਾਂ ਦੇ ਇਰਾਦਿਆਂ ‘ਤੇ ਸਾਜ਼ਸ਼ਾਂ ਤੇ ਮੁਗਲਈ ਫ਼ੌਜ ਦੇ ਲੜਾਈ ਦੇ ਤਰੀਕਿਆਂ ਤੋਂ ਜਾਣੂ ਹੋਣਾ ਚਾਹੁੰਦਾ ਸੀ। ਸ਼ਾਇਦ ਉਸ ਦਾ ਇਹ ਖ਼ਿਆਲ ਹੋਵੇ ਕਿ ਮੁਗ਼ਲਾਂ ਵਿਚ ਰਹਿ ਕੇ ਉਹ ਆਪਣੀ ਕੌਮ ਦੀ ਵਧੀਕ ਸੇਵਾ ਕਰ ਸਕੇਗਾ। ਦੀਵਾਨ ਕੌੜਾ ਮੱਲ ਦੀ ਮਿਸਾਲ ਉਸ ਦੇ ਸਾਹਮਣੇ ਸੀ। ਉਹ ਮੀਰ ਮਨੂੰ ਦਾ ਮੰਨਿਆ ਪ੍ਰਮੰਨਿਆ ਵਿਸ਼ਵਾਸੀ ਵਜ਼ੀਰ ਸੀ। ਪਰ ਇਸ ‘ਤੇ ਵੀ ਸਿੱਖ ਉਸ ਨੂੰ ਅਪਣਾ ਮਿੱਤਰ ਤੇ ਸ਼ੁਭਚਿੰਤਕ ਮੰਨਦੇ ਤੇ ਉਸ ਦੀ ਇੱਜ਼ਤ ਕਰਦੇ ਸਨ। ਇਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਸਰਦਾਰ ਜੱਸਾ ਸਿੰਘ ਨੇ ਆਪਣੇ ਜਥੇ ਦੇ ਸੱਭ ਸਿੰਘਾਂ ਸਮੇਤ ਅਦੀਨਾ ਬੇਗ ਕੋਲ ਮੁਲਾਜ਼ਮਤ ਕਰਨ ਦਾ ਫ਼ੈਸਲਾ ਕਰ ਲਿਆ। (ਕਿਤਾਬ ਹਵਾਲਾ, ਸਰਦਾਰ ਜੱਸਾ ਸਿੰਘ ਬਿਨੋਦ ਪੰਨਾ 44, ਖ਼ਜ਼ਾਨ ਸਿੰਘ, ਹਿਸਟਰੀ ਐਂਡ ਫ਼ਿਲਾਸਫ਼ੀ ਔਫ਼ ਦੀ ਸਿੱਖ ਰਿਲੀਜਨ ਭਾਗ ਪਹਿਲਾ ਪੰਨਾ 284)” ਅਦੀਨਾ ਬੇਗ ਕੋਲੋਂ ਨੌਕਰੀ ਛੱਡਣ ਬਾਰੇ ਕਿਤਾਬ ‘ਖ਼ਾਲਸਾ ਰਾਜ ਦੇ ਉਸਰਈਏ ਭਾਗ ਦੂਜਾ’ ਦੇ ਪੰਨਾ 79 ‘ਤੇ ਇਉਂ ਲਿਖਿਆ ਹੈ:

”ਸੰਨ 1748 ਦੇ ਅਕਤੂਬਰ ਵਿਚ ਪੰਥਕ ਆਗੂਆਂ ਨੂੰ ਅਦੀਨਾ ਬੇਗ ਦੀ ਨਿਗਾਹ ਖ਼ਾਲਸੇ ਵਲ ਕੁੱਝ ਵਿੰਗੀ ਦਿਸੀ ਇਸ ਪਰ ਰਾਮਰੌਣੀ ਦੇ ਖ਼ਾਲਸੇ ਵਲੋਂ ਸਰਦਾਰ ਜੱਸਾ ਸਿੰਘ ਨੂੰ ਹੁਕਮਨਾਮਾ ਪੁੱਜਾ ਕਿ ਆਪ ਦੋਆਬੇ ਦੇ ਹਾਕਮ ਨਾਲ (ਅਦੀਨਾ ਬੇਗ) ਮੇਲ ਨਾ ਰੱਖੋ। ਖ਼ਾਲਸੇ ਦੀ ਇਸ ਇੱਛਾ ਅਨੁਸਾਰ ਆਪ ਨੇ ਉਸੇ ਦਿਨ ਹੀ ਨਵਾਬ ਅਦੀਨਾ ਬੇਗ ਨਾਲੋਂ ਅਪਣਾ ਸਬੰਧ ਤੋੜ ਲਿਆ ਅਤੇ ਸਣੇ ਆਪਣੇ ਜੁਆਨਾਂ ਨਾਲ ਅੰਮ੍ਰਿਤਸਰ ਪਹੁੰਚ ਕੇ ਆਪਣੇ ਵੀਰਾਂ ਨਾਲ ਮਿਲ ਗਏ। ਇਥੇ ਖ਼ਾਲਸੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੈਰੀਆਂ ਦੇ ਟਾਕਰੇ ਲਈ ਰਣ ਵਿਚ ਉਤਰ ਪਏ। (ਹਵਾਲਾ ਐਚ ਆਰ ਗੁਪਤਾ, ਹਿਸਟਰੀ ਆਫ਼ ਦੀ ਸਿੱਖਜ਼ ਪੰਨਾ 61)”

ਇਸ ਉਪਰੋਕਤ ਲਿਖਤ ਤੋਂ ਇਹ ਸਾਬਤ ਹੁੰਦਾ ਹੈ ਕਿ ਨਾ ਤਾਂ ਸਰਦਾਰ ਜੱਸਾ ਸਿੰਘ ਨੇ ਲੜਕੀ ਮਾਰੀ ਸੀ ਤੇ ਨਾ ਹੀ ਪੰਥ ਖ਼ਾਲਸੇ ਨੇ ਇਸ ਅਪਰਾਧ ਕਰ ਕੇ ਉਸ ਨੂੰ ਛੇਕਿਆ ਸੀ। ਉਹ ਪੰਥ ਦੀ ਸਹਿਮਤੀ ਨਾਲ ਹੀ ਅਦੀਨਾ ਬੇਗ ਕੋਲ ਨੌਕਰ ਹੋਇਆ ਸੀ ਤੇ ਪੰਥ ਦੇ ਹੁਕਮਾਂ ਨਾਲ ਹੀ ਉਹ ਨੌਕਰੀ ਛੱਡ ਕੇ ਰਾਮ ਰੌਣੀ ਦੇ ਖ਼ਾਲਸੇ ਨਾਲ ਆ ਮਿਲਿਆ ਸੀ। ਸਰਦਾਰ ਜੱਸਾ ਸਿੰਘ ਦੇ ਜੀਵਨ ਬਾਰੇ ਹੋਰ ਵਿਸਥਾਰ ਨਾਲ ਜਾਣਨ ਲਈ ਮੇਰੀ ਕਿਤਾਬ ‘ਸੇਵਕ ਗਾਵੈ ਢਾਡੀ ਵਾਰਾਂ’ ਪੜਨੀ ਜੀ। 208 ਸਫ਼ੇ ਇਹ ਕਿਤਾਬ ਭਾਈ ਚਤਰ ਸਿੰਘ ਜੀਵਨ ਸਿੰਘ ਕਿਤਾਬਾਂ ਵਾਲੇ ਅੰਮ੍ਰਿਤਸਰ ਅਤੇ ਲਾਹੀਰ ਬੁੱਕ ਸ਼ਾਪ ਲੁਧਿਆਣਾ ਤੋਂ ਮਿਲ ਸਕਦੀ ਹੈ।

Comments

comments

Share This Post

RedditYahooBloggerMyspace