ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ -(2)

(ਪਿਛਲੀ ਕਿਸ਼ਤ ਪੜ੍ਹਣ ਲਈ ਇੱਥੇ ਕਲਿੱਕ ਕਰੋ)

ਇਹ ਸਫ਼ਰਨਾਮਾ ਮੁਸਲਮਾਨ ਮੁਸ਼ਤਾਕ ਹੁਸੈਨ, ਜੋ ਖੰਡੇ ਦੀ ਪਾਹੁਲ ਲੈ ਕੇ ਸਈਦ ਪ੍ਰਿਥੀਪਾਲ ਸਿੰਘ ਬਣਿਆ ਸੀ, ਦੀ ਖੋਜ ‘ਤੇ ਆਧਾਰਿਤ ਹੈ। ਉਨਾਂ ਦਾ ਜਨਮ ਸਥਾਨ ਮੀਰਪੁਰ, ਕਸ਼ਮੀਰ ਸੀ। ਕਾਨਪੁਰ ਵਿਚ ਦਿੱਤੇ ਉਨਾਂ ਦੇ ਭਾਸ਼ਣਾਂ ਨੂੰ ਸ. ਮਹਿੰਦਰ ਸਿੰਘ ਨੇ ਉਰਦੂ ਵਿਚ ਕਲਮਬੰਦ ਕੀਤਾ ਸੀ। ਇਹ ਉਸੇ ਹੱਥ ਲਿਖਤ ਦਾ ਪੰਜਾਬੀ ਅਨੁਵਾਦ ਹੈ। ਇਹ ਲਿਖਤ ਪਾਠਕਾਂ ਦੀ ਜਾਣਕਾਰੀ ਲਈ ਹੈ ਪੰਜਾਬ ਨਿਊਜ਼ ਦਾ ਇਸਦੇ ਤੱਥਾਂ ਨਾਲ ਸਹਿਮਤ ਹੋਣਾ ਜ਼ਰੁਰੀ ਨਹੀਂ

ਪੇਸ਼ਕਸ਼ : ਜਸਵੀਰ ਸਿੰਘ ਸਰਨਾ

ਅਰਬ ਦੇ ਸਭ ਤੋਂ ਵੱਡੇ ਸ਼ਹਿਰ ‘ਬਹਿਤੁਲ ਮਕੂਸ’ ਦੀ ਮਸੀਤ ਉਕੱਸਾ ਤੋਂ ਹਟ ਕੇ ਗੁਰੂ ਨਾਨਕ ਸਾਹਿਬ ਸ਼ਹਿਰ ਦੇ ਸਭ ਤੋਂ ਵੱਡੇ ਕਬਰਸਤਾਨ ਵਿਚ ਜਾ ਬਿਰਾਜੇ ਅਤੇ ਖ਼ੁਦਾ ਦੀ ਖ਼ਿਦਮਤ ਵਿਚ ਉਸ ਦੀ ਸਿਫ਼ਤਸਲਾਹ ਅਰਬੀ ਜ਼ੁਬਾਨ ਵਿਚ ਕੀਰਤਨ ਸ਼ੁਰੂ ਕਰ ਦਿੱਤਾ। ਹੁਣ ਸ਼ਹਿਰ ਦੇ ਕਈ ਮਰਦ ਅਤੇ ਔਰਤਾਂ ਬਾਬਾ ਜੀ ਦੇ ਦਰਸ਼ਨ ਅਤੇ ਕੀਰਤਨ ਸੁਣਨ ਲਈ ਹਾਜ਼ਰ ਹੋਣ ਲੱਗੇ। ਆਉਂਦੇ ਹੀ ਸਜਦਾ ਕਰ ਕੇ ਬੈਠ ਜਾਂਦੇ। ਬਾਬਾ ਜੀ ਸਾਰਿਆਂ ਨੂੰ ਆਖਦੇ, ‘ਕਰਤਾਰ ਚਿੱਤ ਆਵੇ।’ ਬਾਬਾ ਜੀ ਹਰ ਥੋੜੀ ਦੇਰ ਬਾਅਦ ‘ਸਤਿ ਕਰਤਾਰ’ ਆਖਦੇ ਅਤੇ ਸੰਗਤ ਤੋਂ ਵੀ ਅਖਵਾਉਂਦੇ। ਤਦ ਮੈਨੂੰ ਮਾਲੂਮ ਹੋਇਆ ਕਿ ਖ਼ੁਦਾ ਦਾ ਸਭ ਤੋਂ ਵੱਡਾ ਨਾਂ ‘ਸਤਿ ਕਰਤਾਰ’ ਹੈ। ਬਾਬਾ ਜੀ ਇਥੇ ਤਿੰਨ ਦਿਨ ਰਹੇ। ਆਖ਼ਰੀ ਦਿਨ ਬਾਬਾ ਜੀ ਨੇ ਸ਼ਹਿਰ ਦੇ ਇਕ ਇਬਨੇ ਵਾਹਿਦ ਨਾਂ ਦੇ ਸੂਫ਼ੀ, ਜੋ ਬੜਾ ਖ਼ੁਦਾ ਪ੍ਰਸਤ ਅਤੇ ਨਜ਼ਦੀਕੀ ਹੋ ਚੁੱਕਾ ਸੀ, ਨੂੰ ਆਖਿਆ ਇਹ ਥਾਂ ਜਿਸ ਨੇ ਇਲਾਹੀ ਕੀਰਤਨ ਸਰਵਣ ਕੀਤਾ ਹੈ, ਹਮੇਸ਼ਾ ਲਈ ਰਹੇਗਾ ਅਤੇ ਤੁਸਾਂ ਨੇ ਇਸ ਥਾਂ ਦੀ ਸੇਵਾ-ਸੰਭਾਲ ਕਰਨੀ ਹੈ ਅਤੇ ਜੋ ਵੇਖਿਆ ਹੈ, ਉਸ ਨੂੰ ਲੋਕਾਂ ਤਕ ਨਸ਼ਰ ਕਰਨਾ ਹੈ। ਇਸ ਜਗਾ ਭਾਰੀ ਮਸਜਿਦਨੁਮਾ ਗੁਰਦੁਆਰਾ ਹੈ, ਜਿਸ ਦਾ ਨਾਂ ‘ਹੁਜਰਾ ਨਾਨਕ ਸ਼ਾਹ ਕਲੰਦਰ’ ਹੈ। ਇਸ ਦੇ ਪੁਜਾਰੀ ਇਬਨੇ ਵਾਹਿਦ ਦੇ ਖ਼ਾਨਦਾਨ ਦੇ ਬੰਦੇ ਹਨ। ਇਸ ਸ਼ਹਿਰ ਦੇ ਦੋ ਕਬੀਲੇ ਸੈਬੀ ਅਤੇ ਬੁੱਧੂ ਬਾਬਾ ਜੀ ਪਰ ਇਮਾਨ ਰੱਖਦੇ ਹਨ। ਇਸਲਾਮ ਤੋਂ ਬਾਗ਼ੀ ਹੋ ਕੇ ਜਪੁਜੀ ਸਾਹਿਬ (ਅਰਬੀ ਗੁਟਕੇ ਵਿਚੋਂ) ਪਾਠ ਕਰਦੇ ਹਨ।

ਸਈਦ ਪ੍ਰਿਥੀਪਾਲ ਸਿੰਘ (ਪਹਿਲਾ ਨਾਂ ਮੁਸ਼ਤਾਕ ਹੁਸੈਨ) ਜੀ ਨੇ ਸੰਗਤਾਂ ਨੂੰ ਦੱਸਿਆ ਕਿ ਉਨਾਂ ਨੇ ਉੱਪਰ ਵਰਨਣ ਸਾਰੀਆਂ ਥਾਵਾਂ ਦੇ ਦਰਸ਼ਨ ਕੀਤੇ ਹਨ। ਅੱਗੇ ਤਾਜਦੀਨ ਆਪਣੀ ਕਿਤਾਬ ‘ਸਿਯਾਹਤੋ ਬਾਬਾ ਨਾਨਕ ਫ਼ਕੀਰ’ ਵਿਚ ਲਿਖਦੇ ਹਨ ਕਿ ਹੁਣ ਬਾਬਾ ਜੀ ਮੱਕਾ ਵੱਲ ਚੱਲ ਪਏ। ਤਿੰਨ ਦਿਨਾਂ ਦੇ ਪੈਦਲ ਸਫ਼ਰ ਤੋਂ ਬਾਅਦ ਸ਼ਾਮ ਸੂਰਜ ਡੁੱਬਣ ਦੇ ਸਮੇਂ ਮੱਕਾ ਪੁੱਜ ਗਏ। ਉਸ ਸਮੇਂ ਮੱਕਾ ਦੀ ਇਮਾਰਤ ਸ਼ਹਿਰ ਦੇ ਬਾਹਰ ਇਕ ਪਾਸੇ ਹੋਣ ਕਾਰਨ ਸਾਰੇ ਸੇਵਾਦਾਰ ਅਤੇ ਕਾਜ਼ੀ ਆਦਿ ਆਪਣੇ ਘਰਾਂ ਨੂੰ ਚਲੇ ਗਏ ਸਨ। ਬਾਬਾ ਜੀ ਨੇ ਮੱਕਾ ਵਿਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਰਾਤ ਦਾ ਤੀਜਾ ਪਹਿਰ ਹੋਇਆ ਤਾਂ ਬਾਬਾ ਜੀ ਨੇ ਮਰਦਾਨਾ ਜੀ ਨੂੰ ਕੀਰਤਨ ਚਾਲੂ ਰੱਖਣ ਲਈ ਕਹਿ ਕੇ ਆਪ ਖ਼ਾਨਾ ਕਾਅਬਾ ਦੀ ਦੀਵਾਰ ਦੇ ਨਾਲ ਪੈਰ ਲਾ ਕੇ ਸੌਂ ਗਏ। ਹੁਣ ਜੀਵਣ ਨਾਂ ਦੇ ਸੇਵਾਦਾਰ ਨੇ ਪਰਿਕਰਮਾ ਵਿਚ ਝਾੜੂ ਦੇਣਾ ਸ਼ੁਰੂ ਕੀਤਾ। ਜਦ ਉਹ ਗੁਰੂ ਜੀ ਦੇ ਕੋਲ ਪੁੱਜਿਆ ਤਾਂ ਗੁਰੂ ਜੀ ਦੇ ਦੋਵੇਂ ਪੈਰ ਖ਼ਾਨਾ ਕਾਅਬਾ ਦੀ ਦੀਵਾਰ ਨਾਲ ਲੱਗੇ ਵੇਖ ਕੇ ਬਾਬਾ ਜੀ ਨੂੰ ਬੁਰਾ ਭਲਾ ਆਖਦਾ ਹੋਇਆ ਬੋਲਿਆ, ‘ਓ ਕਾਫ਼ਰ, ਖ਼ੁਦਾ ਦੇ ਘਰ ਵੱਲ ਪੈਰ ਕਰ ਕੇ ਕਿਉਂ ਸੌਂ ਰਹੇ ਹੋ?’

ਬਾਬਾ ਜੀ ਨੇ ਕਿਹਾ ਜਿਸ ਪਾਸੇ ਖ਼ੁਦਾ ਦਾ ਘਰ ਨਹੀਂ ਹੈ, ਮੇਰੇ ਪੈਰ ਉਸ ਪਾਸੇ ਕਰ ਦਿਓ। ਉਸ ਨੇ ਬੜੀ ਬੇਰਹਿਮੀ ਨਾਲ ਪੈਰ ਘਸੀਟ ਕੇ ਸਿਰ ਕਾਅਬੇ ਵੱਲ ਕਰ ਦਿੱਤਾ ਅਤੇ ਪੈਰ ਦੂਜੇ ਪਾਸੇ। ਫਿਰ ਝਾੜੂ ਦੇਣਾ ਸ਼ੁਰੂ ਕਰ ਦਿੱਤਾ। ਇੰਨੇ ਚਿਰ ਨੂੰ ਫਿਰ ਜਦੋਂ ਬਾਬਾ ਜੀ ਵੱਲ ਵੇਖਿਆ ਤਾਂ ਫਿਰ ਬਾਬਾ ਜੀ ਦੇ ਪੈਰ ਕਾਅਬੇ ਦੀ ਦੀਵਾਰ ਨਾਲ ਵੇਖ ਕੇ ਤਿਲਮਿਲਾਇਆ ਕਿ ਮੈਂ ਤਾਂ ਸਮਝਿਆ ਸੀ ਕਿ ਤੂੰ ਨਾ-ਸਮਝੀ ਕਾਰਨ ਅਜਿਹਾ ਕੀਤਾ ਹੈ ਪਰ ਮੈਨੂੰ ਦੁਖੀ ਕਰਨ ਕਾਰਨ ਵੈਸਾ ਹੀ ਕਰ ਦਿੱਤਾ ਹੈ। ਯਾਦ ਰੱਖ ਵੱਡੇ ਕਾਜ਼ੀ ਨੂੰ ਆਖ ਕੇ ਤੈਨੂੰ ਮਰਵਾ ਦੇਵਾਂਗਾ। ਇਹ ਆਖਦੇ ਹੋਏ ਉਸ ਨੇ ਫਿਰ ਬੜੀ ਬੇਰਹਿਮੀ ਨਾਲ ਪੈਰ ਫੜ ਕੇ ਘਸੀਟਣਾ ਸ਼ੁਰੂ ਕੀਤਾ ਤਾਂ ਕੀ ਵੇਖਦਾ ਹੈ ਕਿ ਜਿੱਧਰਜਿੱਧਰ ਪੈਰ ਜਾ ਰਹੇ ਹਨ, ਮੱਕਾ ਕਾਅਬਾ ਵੀ ਉੱਧਰ-ਉੱਧਰ ਘੁੰਮ ਰਿਹਾ ਹੈ। ਆਪਣੇ ਸ਼ੱਕ ਨੂੰ ਦੂਰ ਕਰਨ ਵਾਸਤੇ ਉਸ ਨੇ ਤਿੰਨ ਵਾਰ ਇੰਜ ਕੀਤਾ ਤਾਂ ਮੱਕਾ ਕਾਅਬਾ ਨਾਲਨਾਲ ਘੁੰਮਦਾ ਵੇਖ ਕੇ ਉਸ ਨੇ ਬਾਬਾ ਜੀ ਦੇ ਪੈਰ ਪਕੜ ਲਏ ਅਤੇ ਆਪਣੀ ਗੁਸਤਾਖ਼ੀ ਦੀ ਮਾਫ਼ੀ ਮੰਗੀ। ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਤੁਸੀਂ ਘੁੱਪ ਅੰਧੇਰੇ ਵਿਚ ਗਹਿਰੀ ਨੀਂਦ ਸੌਂ ਰਹੇ ਹੋ। ਆਪ ਲੋਕਾਂ ਨੂੰ ਸਮਝਾਉਣ ਵਾਸਤੇ ਹੀ ਮੈਨੂੰ ਖ਼ੁਦਾ ਨੇ ਇਥੇ ਭੇਜਿਆ ਹੈ। ਖ਼ੁਦਾ ਤਾਂ ਹਰ ਥਾਂ, ਹਰ ਸਮੇਂ ਚਾਰੇ ਪਾਸੇ ਮੌਜੂਦ ਹੈ। ਉਹ ਸਿਰਫ਼ ਕਾਅਬਾ ਵਿਚ ਹੀ ਨਹੀਂ ਹੈ ਅਤੇ ਕਿਹਾ, ‘ਤੈਨੂੰ ਕਰਤਾਰ ਚਿੱਤ ਆਵੇ।’ ਹੁਣ ਉਹ ਸ਼ਹਿਰ ਦੇ ਪਾਸੇ ਦੌੜਿਆ।

ਤਾਜਦੀਨ ਲਿਖਦੇ ਹਨ ਕਿ ਮੈਂ ਵੀ ਉਸ ਦੇ ਪਿੱਛੇ ਦੌੜਿਆ, ਇਹ ਵੇਖਣ ਲਈ ਕਿ ਇਹ ਕੀ ਕਰਦਾ ਹੈ। ਸ਼ਹਿਰ ਵਿਚ ਪੁੱਜ ਕੇ ਉਹ ਜਾਗਿਆ ਮਸਜਿਦ ਦੇ ਉੱਪਰਲੇ ਮੀਨਾਰ ‘ਤੇ ਚੜ ਕੇ, ਲੋਕਾਂ ਨੂੰ ਉੱਚੀ ਆਵਾਜ਼ ਵਿਚ ਜੋ ਕੁਝ ਵੇਖਿਆ ਸੀ, ਦੱਸਿਆ ਕਿ ਜਿਸ ਖ਼ਾਨਾ ਕਾਅਬਾ ਨੂੰ ਹਜ਼ਾਰਾਂ ਸਾਲਾਂ ਤੋਂ ਖ਼ੁਦਾ ਦਾ ਘਰ ਮੰਨਿਆ ਜਾਂਦਾ ਹੈ, ਨੂੰ ਬਾਬਾ ਜੀ ਨੇ ਝੁਠਲਾ ਦਿੱਤਾ ਹੈ ਅਤੇ ਖ਼ਾਨਾ ਕਾਅਬਾ ਨੇ ਬਾਬਾ ਜੀ ਦਾ ਬਚਾਅ ਕੀਤਾ ਹੈ। ਇਹ ਸੁਣ ਕੇ ਲੋਕ ਭਾਰੀ ਗਿਣਤੀ ਵਿਚ ਇਕੱਠੇ ਹੋ ਗਏ। ਸ਼ਹਿਰ ਦਾ ਸਭ ਤੋਂ ਵੱਡਾ ਕਾਜ਼ੀ ਰੁਕਨਦੀਨ ਵੀ ਆਪਣੇ ਸਾਥੀਆਂ ਨਾਲ ਆ ਗਿਆ। ਪੁੱਛ ਪੜਤਾਲ ਤੋਂ ਬਾਅਦ ਬਾਬਾ ਜੀ ਨੂੰ ਕੁਫ਼ਰ ਦਾ ਫ਼ਤਵਾ ਦੇ ਦਿੱਤਾ। ਸ਼ਰੱਈ ਮੌਲਾਣਿਆਂ ਨੇ ਆਖਿਆ ਭਾਵੇਂ ਉਹ ਗੌਂਸਪਏ ਕੁਤਬ ਹੈ, ਵੱਡੇ ਤੋਂ ਵੱਡਾ ਫ਼ਕੀਰ ਹੈ, ਜੋ ਉਸ ਨੇ ਕਾਅਬਾ ਤੋਂ ਆਪਣਾ ਬਚਾਅ ਕਰਵਾ ਦਿੱਤਾ ਹੈ, ਇਹ ਵੱਡਾ ਕੁਫ਼ਰ ਹੈ। ਇਹ ਫ਼ਤਵਾ ਸੁਣ ਕੇ ਲੋਕ ਬੜੇ ਗੁੱਸੇ ਵਿਚ ਆ ਕੇ ਚਾਕੂ, ਕੁਹਾੜੀਆਂ, ਲਾਠੀਆਂ ਆਦਿ ਲੈ ਕੇ ਬੋਲੇ, ‘ਮਾਰ ਦਿਓ, ਕਤਲ ਕਰ ਦਿਓ।’ ਇਹ ਸੁਣਦੇ ਹੀ ਜੀਵਣ ਲੋਕਾਂ ਨੂੰ ਚੀਰਦਾ ਹੋਇਆ ਸਭ ਤੋਂ ਅੱਗੇ ਤੁਰ ਰਹੇ ਕਾਜ਼ੀ ਰੁਕਨਦੀਨ ਨੂੰ ਮਿਲਿਆ ਅਤੇ ਉਸ ਨੂੰ ਆਖਿਆ ਕਿ ਤੁਹਾਡਾ ਦਿੱਤਾ ਹੋਇਆ ਫ਼ਤਵਾ ਠੀਕ ਹੋ ਸਕਦਾ ਹੈ ਪਰ ਦੇਖਣਾ ਉਨਾਂ (ਬਾਬਾ ਜੀ) ਦੀ ਕਿਤੇ ਬੇਇਜ਼ਤੀ ਨਾ ਕਰ ਛੱਡਣਾ, ਉਹ ਆਪ ਖ਼ੁਦਾ ਹਨ। ਇਹ ਸੁਣ ਕੇ ਕਾਜ਼ੀ ਦੇ ਦਿਲ ‘ਤੇ ਗਹਿਰਾ ਅਸਰ ਹੋਇਆ। ਉਸ ਸਮੇਂ ਉਨਾਂ ਦੇ ਨਾਲ ‘ਤਵਾਰੀਖ਼ ਅਰਬ’ ਦੇ ਲੇਖਕ ਖਵਾਜ਼ਾ ਜੈਨਲਬ-ਉ-ਦੀਨ ਵੀ ਸਨ। ਤਾਜਦੀਨ ਦੀ ਲਿਖਦੇ ਹਨ ਕਿ ਰੁਕਨਦੀਨ ਦੇ ਸਾਥੀਆਂ ਨੇ ਉਨਾਂ ਨੂੰ ਇਹ ਸਲਾਹ ਦਿੱਤੀ ਕਿ ਐਸੇ ਫ਼ਕੀਰ ਨੂੰ ਕੋਹਲੂ ਵਿਚ ਪਾ ਕੇ ਕੁਚਲ ਦੇਣਾ ਚਾਹੀਦਾ ਹੈ। ਸਈਦ ਇਬਨੇ ਵਲਿਦ ਕਾਜ਼ੀ ਨੇ ਕਿਹਾ ਕਿ ਸ਼ਰਾ ਦੇ ਅਨੁਸਾਰ ਐਸੇ ਅਦਮੀ ਨੂੰ ਜ਼ਮੀਨ ਵਿਚ ਗੱਡ ਕੇ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਇਕ ਹੋਰ ਕਾਜ਼ੀ ਨੇ ਕਿਹਾ ਕਿ ਇਸ ਨੂੰ ਕੁੱਤਿਆਂ ਤੋਂ ਚੀਰ ਦੇਣਾ ਚਾਹੀਦਾ ਹੈ। ਰਕਨਦੀਨ ਸਾਰਿਆਂ ਦੀ ਸੁਣਦੇ ਰਹੇ ਫਿਰ ਉਹ ਵੀ ਬਾਬਾ ਜੀ ਨੂੰ ਬੜੀ ਉੱਚੀ ਰੂਹ ਸਮਝ ਚੁੱਕੇ ਸਨ।

ਬਾਬਾ ਜੀ ਤੋਂ ਪਹਿਲਾਂ ਇਕ ਦੋ ਕਦਮ ਤਕ ਸਭ ਦੇ ਪੈਰ ਰੁਕ ਗਏ। ਸਿਰਫ਼ ਕਾਜ਼ੀ ਰੁਕਨਦੀਨ, ਤਾਜਦੀਨ ਅਤੇ ਜੈਨਲਬ-ਉ- ਦੀਨ ਹੀ ਬਾਬਾ ਜੀ ਤਕ ਪੁੱਜ ਸਕੇ। ਬਾਕੀ ਕੋਈ ਵੀ ਅੱਗੇ ਨਾ ਵਧ ਸਕਿਆ ਅਤੇ ਸਾਰਿਆਂ ਨੂੰ ਆਪਣੇ ਹਥਿਆਰਾਂ ਨਾਲ ਵਾਪਸ ਜਾਣਾ ਪਿਆ। ਕਾਜ਼ੀ ਰੁਕਨਦੀਨ ਨੇ ਬਾਬਾ ਜੀ ਨੂੰ ਸਤਿਕਾਰ ਨਾਲ ‘ਅਸਲਾਮਵਾਲੇਕੁੰਮ’ ਅਰਜ਼ ਕੀਤੀ। ਜਵਾਬ ਵਿਚ ਬਾਬਾ ਜੀ ਨੇ ਕਿਹਾ, ‘ਸਤਿ ਸ੍ਰੀ ਅਕਾਲ- ਗੁਰਬਰ ਅਕਾਲ।’

ਇਹ ਸੁਣ ਕੇ ਉਹ ਬਹੁਤ ਹੈਰਾਨ ਹੋਇਆ। ਫਿਰ ਕਿਹਾ, ‘ਫੱਲਾ ਅੁਲ ਜਾ ਮਜ਼ੱਬਹ ਹੂ’ (ਭਾਵ, ਤੁਹਾਡਾ ਮਜ਼ਹਬ ਕੀ ਹੈ?) ਜਵਾਬ ਵਿਚ ਬਾਬਾ ਜੀ ਨੇ ਕਿਹਾ, ‘ਅਬੂਲਾ ਅੁਲਲਾ ਲਾ ਮਜ਼ੱਹਬ ਬਾਹੂ’ (ਭਾਵ, ਮੈਂ ਖ਼ੁਦਾ ਦਾ ਬੰਦਾ ਹਾਂ, ਮੇਰਾ ਕੋਈ ਮਜ਼ਹਬ ਨਹੀਂ)। ਰੁਕਨਦੀਨ ਨੇ ਕਿਹਾ ਜੇ ਆਪ ਬੰਦੇ ਹੋ ਤਾਂ ਆਪ ਦਾ ਮਜ਼ਹਬ ਜ਼ਰੂਰ ਹੋਣਾ ਚਾਹੀਦਾ ਹੈ। ਖ਼ੁਦਾ ਨੇ ਬੰਦਿਆਂ ਦੇ ਲਈ ਹੀ ਮਜ਼ਹਬ ਬਣਾਏ ਹਨ। ਸੱਚ ਦੱਸੋ, ਆਪ ਕੌਣ ਹੋ? ਕਿੱਥੋਂ ਆਏ ਹੋ? ਇਥੇ ਆਉਣ ਦਾ ਮਕਸਦ ਕੀ ਹੈ? ਮੈਨੂੰ ਪਤਾ ਚੱਲਿਆ ਹੈ ਕਿ ਆਪ ਨੇ ਮੱਕਾ ਕਾਅਬਾ ਕੋਲੋਂ ਆਪਣਾ ਬਚਾਉ ਕਰਵਾਇਆ ਹੈ, ਮਤਲਬ ਆਪ ਨੇ ਜੋ ਵੀ ਕੀਤਾ ਹੈ, ਇਸਲਾਮ ਦੇ ਉਲਟ ਕੀਤਾ ਹੈ। ਇਕ ਲੱਖ ਚੌਵੀ ਹਜ਼ਾਰ (1,24,000) ਇਮਾਮਾਂ ਨੇ ਮੱਕਾ ਕਾਅਬਾ ਨੂੰ ਖ਼ੁਦਾ ਦਾ ਘਰ ਆਖਿਆ ਹੈ ਪਰ ਆਪ ਨੇ ਇਹ ਸਭ ਕੁਝ ਕਿਹਾ ਹੈ, ਕਿਉਂ? ਇਸਦੇ ਜਵਾਬ ਵਿਚ ਬਾਬਾ ਜੀ ਨੇ ਰਬਾਬ ਵਜਾ ਕੇ ਅਰਬੀ ਭਾਸ਼ਾ ਵਿਤ ਆਪਣੇ ਖ਼ਿਆਲਾਤ ਪੇਸ਼ ਕੀਤੇ, ਜਿਸ ਦੇ ਅਰਖ ਹਨ, ”ਐ ਰੁਕਨਦੀਨ! ਤੂੰ ਮੱਕਾ ਦਾ ਬੜਾ ਕਾਜ਼ੀ ਅਤੇ ਕਾਅਬਾ ਦਾ ਇੰਤਜ਼ਾਮੀਆ ਹੈਂ। ਇਸਲਾਮੀ ਸ਼ਹਿਰ ਦੇ ਚੰਦ ਹੋ। ਤੁਹਾਡੀ ਫ਼ਤਵਾ ਵੀ ਸਾਰੇ ਇਸਲਾਮੀ ਸੰਸਾਰ ਵਿਚ ਚੱਲਦਾ ਹੈ। ਠੀਕ ਹੈ, ਪਰ ਅਫ਼ਸੋਸ ਹੈ ਕਿ ਅਸਲੀਅਤ ਅਤੇ ਅਕਲ ਦੀਆਂ ਅੱਖਾਂ ਤੋਂ ਕੋਰੇ ਹੋ। ਆਪ ਦੀ ਇਹ ਇੱਜ਼ਤ ਆਪ ਦੇ ਦੇਸ਼ ਦੇ ਭਰਾਵਾਂ ਸਮੇਤੇ ਮੰਜ਼ਲਾਂ ਤਕ ਨਹੀਂ ਪੁੱਜੇਗੀ। ਕਾਜ਼ੀ ਜੀ, ਆਪ ਦੀ ਇਨਸਾਨੀ ਇਬਾਦਤ ਅਤੇ ਉਨਾਂ ਦੀ ਸਰਪ੍ਰਸਤੀ ਦੋਜ਼ਕ ਦੀ ਅੱਗ ਵਿਚ ਸੜੇਗੀ। ਆਪ ਖ਼ੁਦਾ ਦੇ ਬੰਦੇ ਬਣੋ ਅਤੇ ਉਸ ਦੀ ਬੰਦਗੀ ਕਰੋ, ਜੋ ਤੁਹਾਨੂੰ ਨਿਜ਼ਾਤ ਦੇਵੇਗੀ। ਮੇਰਾ ਇਥੇ ਆਉਣ ਦਾ ਮਕਸਦ ਵੀ ਇਹੋ ਹੈ, ਲਾ-ਸ਼ਰੀਕ ਖ਼ੁਦਾ ਤੋਂ ਇਲਾਵਾ ਕਿਸੇ ਹੋਰ ਨੂੰ ਉਨਾਂ ਦੇ ਮੁਕਾਬਲੇ ਨਾ ਮੰਨਣ ਦਾ ਇਲਮ ਦੇਣਾ ਹੈ। ਤੌਹੀਦ-ਤੌਹੀਦ ਕਹਿਣ ਨਾਲ ਜ਼ਿੰਦਗੀ ਸਫਲ ਨਹੀਂ ਹੋਣੀ। ਕਾਮਯਾਬੀ ਅਮਲ ਕਰਨ ਨਾਲ ਹੀ ਮਿਲਦੀ ਹੈ। ਇਨਸਾਨ ਨੂੰ ਪਹਿਲਾਂ ਆਪਣੇ ਆਪ ਨੂੰ ਪਛਾਨਣਾ ਜ਼ਰੂਰੀ ਹੈ ਅਤੇ ਫਿਰ ਬਾਕੀਆਂ ਨੂੰ ਵੀ ਉਸ ਦੀ ਜਾਣਕਾਰੀ ਦੇਣੀ ਹੈ।”

‘ਤਵਾਰੀਖ਼ ਅਰਬ’ ਦੇ ਲਿਖਾਰੀ ਲਿਖਦੇ ਹਨ ਕਿ ਰੁਕਨਗੀਨ ਕਾਜ਼ੀ ਨੇ ਬਾਬਾ ਜੀ ਨੂੰ 360 ਸਵਾਲ ਕੀਤੇ। ਇਹ ਸਵਾਲ ਤੇ ਇਨਾਂ ਦੇ ਜਵਾਬ ਮੇਰੀ ਇਸ ਕਿਤਾਬ ਦੇ 300 ਸਫ਼ਿਆਂ ‘ਤੇ ਦਰਜ ਹਨ। ਜਦੋਂ ਸਵਾਲ-ਜਵਾਬ ਹੋਏ, ਮੈਂ ਪੂਰਾ ਸਮਾਂ ਨਾਲ ਰਿਹਾ ਅਤੇ ਨਾਲ-ਨਾਲ ਹੀ ਲਿਖਦਾ ਰਿਹਾ। ਇਨਾਂ ਸਾਰਿਆਂ ਵਿਚੋਂ ਰੁਕਨਦੀ ਨੇ ਆਪਣੀ ਸ਼ਰਾ, ਆਪਣੇ ਨਬੀਆਂ, ਆਪਣੇ ਇਮਾਮਾਂ ਆਦਿ ਦੇ ਨਾਂ ਲੈ-ਲੈ ਕੇ ਆਖਦੇ ਸਨ ਕਿ ਉਨਾਂ ਨੇ ਇਹ ਹੁਕਮ ਦਿੱਤਾ ਹੈ, ਅਹੁ ਹੁਕਮ ਦਿੱਤਾ। ਬਾਬਾ ਜੀ ਨੇ ਆਖਿਆ ਕਿ ਉਹ ਸਾਰੇ ਖ਼ੁਦਾ ਦੀ ਹਸੀਅਤ ਵਿਚ ਬੋਲਣ ਵਾਲੇ ਉਸ ਦੀ ਬਰਾਬਰੀ ਕਰਨ ਦੇ ਮੁਲਜ਼ਮ ਹਨ ਅਤੇ ਜੋ-ਜੋ ਵੀ ਉਨਾਂ ਨੇ ਹੁਕਮ ਕੀਤੇ ਹਨ, ਕੁਰਾਨ ਸ਼ਰੀਫ਼ ਉਨਾਂ ਨੂੰ ਸਹੀ ਨਹੀਂ ਮੰਨਦੀ, ਕਿਸੇ ਤਰਾਂ ਵੀ ਉਨਾਂ ਦੇ ਹੁਕਮਾਂ ਨੂੰ ਮੰਨਣ ਦੀ ਇਜਾਜ਼ਤ ਨਹੀਂ ਦਿੰਦੀ। ਇਸ ਲਈ ਆਪ ਦੀ ਇਨਸਾਨੀ ਸਰਪ੍ਰਸਤੀ ਆਪ ਦੀ ਜ਼ਿੰਦਗੀ ਨੂੰ ਨਿਜਾਤ ਨਹੀਂ ਦੇ ਸਕਦੀ।

 

ਅਗਲੀ ਕਿਸ਼ਤ ਪੜ੍ਹਣ ਲਈ ਇੱਥੇ ਕਲਿੱਕ ਕਰੋ

Comments

comments

Share This Post

RedditYahooBloggerMyspace