ਪੰਜਾਬੀ ਸ਼ਬਦਾਵਲੀ ਅਤੇ ਸੰਸਕ੍ਰਿਤ

ਜਗਜੀਤ ਸਿੰਘ

ਕਿੰਨੀ ਹਾਸੋਹੀਣੀ ਸਥਿਤੀ ਹੈ ਕਿ ਜੇ ਕਿਸੇ ਨੇ ਪੰਜਾਬੀ ਯੂਨੀਵਰਸਿਟੀ ਤੋਂ ਵੀ ਅਤੇ ਪੰਜਾਬੀ ਭਾਸ਼ਾ ਵਿਚ ਵੀ ਭਾਸ਼ਾ ਵਿਗਿਆਨ ਦੀ ਐੱਮਏ ਕੀਤੀ ਹੋਵੇ ਤਾਂ ਉਹ ਪੰਜਾਬ ਵਿਚ ਪੰਜਾਬੀ ਭਾਸ਼ਾ ਦਾ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿਚ ਅਧਿਆਪਕ ਨਹੀਂ ਲੱਗ ਸਕਦਾ, ਜੇ ਨਾਲ ਉਸ ਨੇ ਪੰਜਾਬੀ ਸਾਹਿਤ ਦੀ ਐੱਮਏ ਨਾ ਕੀਤੀ ਹੋਵੇ। ਪੰਜਾਬੀ ਭਾਸ਼ਾ ਬਾਰੇ ਇਹ ਮਾੜੀ ਨੀਤੀਗਤ ਸਥਿਤੀ ਹੈ ਜਿਸ ‘ਚੋਂ ਅਜਿਹੇ ਕਈ ਅਕਾਦਮਿਕ ਵਿਗਾੜ ਪੈਦਾ ਹੁੰਦੇ ਹਨ ਜਿਹੜੇ ਪੰਜਾਬੀ ਨੂੰ ਘੁਣ ਵਾਂਗ ਖਾਂਦੇ ਹਨ।

ਉਤਲੇ ਪ੍ਰਸੰਗ ਦਾ ਸਬੰਧ ਕਿਸੇ ਹੱਦ ਤੱਕ ‘ਪੰਜਾਬ ਨਿਊਜ਼’ ‘ਚ ਛਪੇ ਡਾ. ਹਰਭਜਨ ਸਿੰਘ ਦੇ ਲੇਖ ‘ਵਿਗਿਆਨਕ ਸ਼ਬਦਾਵਲੀ ਦਾ ਪੰਜਾਬੀਕਰਨ’ ਨਾਲ ਵੀ ਹੈ। ਇਸ ਲੇਖ ‘ਚ ਉਨ੍ਹਾਂ ਅਖ਼ਬਾਰ ‘ਚ ਪ੍ਰਕਾਸ਼ਿਤ ਡਾ. ਜੋਗਾ ਸਿੰਘ ਦੇ ਲੇਖ ਅਤੇ ਹੁਣ ਦੇ ਵਿਦਵਾਨਾਂ ‘ਤੇ ਕੁਝ ਕਿੰਤੂ ਕੀਤੇ ਹਨ। ਉਨ੍ਹਾਂ ਬੇਬਾਕੀ ਨਾਲ ‘ਭਾਸ਼ਾਈ ਸੰਕੀਰਨਤਾਵਾਦ’ ‘ਚੋਂ ਨਿਕਲਣ ਦੀ ਗੱਲ ਕੀਤੀ ਹੈ ਪਰ ਨਾਲ ਹੀ ਲਿਖਦੇ ਹਨ, ”ਹੁਣ ਦੇ ਵਿਦਵਾਨਾਂ ਨੂੰ ਸਾਰਥਕ ਤੇ ਸਾਰਥਿਕ, ਆਤਮਕ ਤੇ ਆਤਮਿਕ, ਸਬੰਧਿਤ ਅਤੇ ਸਬੰਧਤ ਦਾ ਭੇਦ ਹੀ ਪਤਾ ਨਹੀਂ।” ਇਸ ਭੇਦ ਦਾ ਪਤਾ ਲਾਉਣ ਲਈ ਉਹ ਸੰਸਕ੍ਰਿਤ ਦਾ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਦੇ ਹਨ। ਮੈਨੂੰ ਡੇਢ ਕੁ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਛਪਣ ਵਾਲੀ ਇਕ ਪੁਸਤਕ ਦੀ ਪੜ੍ਹਤ ਕਰਨ ਲਈ ਕਿਹਾ ਗਿਆ। ਪੁਸਤਕ ਦੇ ਵਿਦਵਾਨ ਲੇਖਕ ਬਿਰਧ ਅਵਸਥਾ ‘ਚ ਹੋਣ ਕਰਕੇ ਮੈਂ ਕੁਝ ਗੱਲਾਂ ਵਿਚਾਰਨ ਲਈ ਉਨ੍ਹਾਂ ਦੇ ਘਰ ਚਲਾ ਗਿਆ ਅਤੇ ਕਿਹਾ ਕਿ ਕੁਝ ਸ਼ਬਦਾਂ ਦੀਆਂ ਸਿਹਾਰੀਆਂ ਵਗੈਰਾ ਦਾ ਮਾਮਲਾ ਹੈ, ਆਗਿਆ ਹੋਵੇ ਤਾਂ ਇਹ ਸ਼ਬਦ-ਜੋੜ (ਸਪੈਲਿੰਗ) ਬਦਲ ਲਏ ਜਾਣ। ਉਨ੍ਹਾਂ ਦਾ ਜਵਾਬ ਸੀ, ‘ਅਸੀਂ ਤਾਂ ਇਹ ਸਿਹਾਰੀਆਂ ਪਾਉਂਦੇ ਹੀ ਨਹੀਂ ਸੀ ਹੁੰਦੇ ਪਰ ਅੱਜਕੱਲ੍ਹ ਸਾਰੇ ਪਾਈ ਜਾ ਰਹੇ ਹਨ, ਇਸ ਲਈ ਮੈਂ ਵੀ ਪਾ ਦਿੱਤੀਆਂ। ਤੁਸੀਂ ਬੇਸ਼ਕ ਕੱਢ ਦਿਓ।’ ਇਹ ਪੰਜਾਬੀ ਦੀ ਵਿਹਾਰਕ ਸਥਿਤੀ ਹੈ ਜੋ ‘ਸੰਸਕ੍ਰਿਤ ਦੇ ਗਿਆਨ’ ਦੀ ਘਾਟ ਕਰਕੇ ਪੈਦਾ ਨਹੀਂ ਹੋਈ ਸਗੋਂ ਇਸ ਲਈ ਪੈਦਾ ਹੋਈ ਹੈ ਕਿਉਂਕਿ ਪੰਜਾਬੀ ਦੇ ਸ਼ਬਦ-ਜੋੜਾਂ ਬਾਰੇ ਵਿਦਿਅਕ ਸੰਸਥਾਵਾਂ ‘ਚ ਵਿਦਵਾਨਾਂ ਦੀ ਸਹਿਮਤੀ ਨਹੀਂ ਹੈ। ਨਾ ਇਹ ਹੁਣ ਦੇ ਵਿਦਵਾਨਾਂ ‘ਚ ਹੈ ਤੇ ਨਾ ਹੀ ਪਹਿਲੇ ਵਿਦਵਾਨਾਂ ‘ਚ ਰਹੀ ਹੈ। ਇਹ ਸਹਿਮਤੀ ਨਾ ਬਣਨ ਦੇ ਕਾਰਨ ‘ਸੰਸਕ੍ਰਿਤ ਦੇ ਗਿਆਨ’ ਤੋਂ ਵੱਖਰੇ ਹਨ। ਇਸ ਸਥਿਤੀ ‘ਚੋਂ ਨਿਕਲਣ ਲਈ ਸਹਿਮਤੀ ਦੇ ਰਾਹੇ ਪੈਣ ਦੇ ਉਪਰਾਲੇ ਕਰਨ ਦੀ ਲੋੜ ਹੈ। ਜੇ ਇਹ ਸਹਿਮਤੀ ਹੋ ਜਾਏ ਤਾਂ ਸ਼ਬਦਾਂ ਦੇ ਸ਼ੁੱਧੀਕਰਨ ਦੀ ਸੱਚਾਈ ਵੀ ਸਾਹਮਣੇ ਆ ਜਾਏਗੀ।

ਡਾ. ਹਰਭਜਨ ਸਿੰਘ ਸਬੰਧਿਤ, ਸਬੰਧਤ ਆਦਿ ਦੇ ਹਵਾਲੇ ਨਾਲ ਲਿਖਦੇ ਹਨ, ”ਹੁਣ ਦੇ ਵਿਦਵਾਨਾਂ ਸ਼ ਦੇ ਮਤ ਅਨੁਸਾਰ ਸੰਸਕ੍ਰਿਤ ਦਾ ਵਿਰੋਧ ਕਰਨ ਲਈ ਅਸ਼ੁੱਧ ਸ਼ਬਦਾਵਲੀ ਹੀ ਸਹਾਇਕ ਹੈ।” ਅਸਲ ਵਿਚ ਇਹ ਸੰਸਕ੍ਰਿਤ ਦੇ ਵਿਰੋਧ ਦਾ ਨਹੀਂ, ਭਾਸ਼ਾਈ ਵਿਕਾਸ ਦਾ ਮਸਲਾ ਹੈ। ਭਾਸ਼ਾ ਪਰਿਵਰਤਨਸ਼ੀਲ ਹੈ, ਦਰਿਆ ਦੇ ਪਾਣੀ ਵਾਂਗ ਆਪਣੀ ਨਵੇਕਲੀ ਚਾਲੇ ਚਲਦੀ ਹੈ।

ਲੋਕ ਮਨ ਦੇ ਨਾਲ ਤੁਰਦਿਆਂ ਇਹ ਬਹੁਤੀਆਂ ਬੰਦਸ਼ਾਂ ਸਵੀਕਾਰ ਨਹੀਂ ਕਰਦੀ ਅਤੇ ਸਰੋਦੀ ਰਵਾਨੀ ਅਤੇ ਸਹਿਜ ਵਿਕਾਸ ਦੀ ਅਵਸਥਾ ਵਿਚ ਰਹਿੰਦੀ ਹੈ। ਪੰਜਾਬੀ ਦੇ ਇਸ ਸਹਿਜ ਵਿਕਾਸ ਨੂੰ ਜੇ ਸੰਸਕ੍ਰਿਤ ਦੀਆਂ ਬੰਦਸ਼ਾਂ ਨਾਲ ਨੂੜ ਦੇਵਾਂਗੇ ਤਾਂ ਇਹ ਸਿੱਧਾ ਪੰਜਾਬੀ ਦੇ ਵਿਕਾਸ ਦਾ ਵਿਰੋਧ ਹੋਵੇਗਾ। ਉਵੇਂ ਹੀ ਜਿਵੇਂ ਖੁਦ ਤੁਹਾਡੇ ਕਹਿਣ ਅਨੁਸਾਰ, ”ਸੰਸਕ੍ਰਿਤ ਦੇ ਗਿਆਨੀਆਂ ਨੇ ਜਦੋਂ ਇਸ ਉੱਤੇ ਸੰਕੀਰਨ ਸੁਰੱਖਿਆਵਾਦ ਲਾਗੂ ਕਰ ਦਿੱਤਾ ਤਾਂ ਇਸ ਦਾ ਅੰਤ ਹੋ ਗਿਆ।” ਜਿਵੇਂ ਪਹਿਲਾਂ ਜ਼ਿਕਰ ਹੋਇਆ ਹੈ, ਡਾ. ਹਰਭਜਨ ਸਿੰਘ ਸ਼ੁੱਧ ਪੰਜਾਬੀ ਲਿਖਣ ਲਈ ਸੰਸਕ੍ਰਿਤ ਦਾ ਗਿਆਨ ਗ੍ਰਹਿਣ ਕਰਨ ਲਈ ਪ੍ਰੇਰਦੇ ਹਨ। ਇਹ ਗਿਆਨ ਯਕੀਨਨ ਲਾਹੇਵੰਦਾ ਹੈ ਪਰ ਪੰਜਾਬੀ ਦੇ ਸੁਤੰਤਰ ਧੁਨੀ ਵਿਕਾਸ ਅਤੇ ਅਰਥ ਵਿਕਾਸ ਨੂੰ ਸੰਸਕ੍ਰਿਤ ਦੇ ਢੇਰ ਪੁਰਾਣੇ ਕਿਲ੍ਹੇ ‘ਚ ਕੈਦ ਕਰਨ ਦਾ ਮਤਲਬ ਪੰਜਾਬੀ ਦੀ ਮੌਤ ਦਾ ਮਰਸੀਆ ਪੜ੍ਹਨ ਤੋਂ ਸਿਵਾ ਹੋਰ ਕੁਝ ਨਹੀਂ ਹੈ। ਡਾ. ਸਾਹਿਬ ਖੁਦ ਕਹਿ ਰਹੇ ਹਨ, ”ਭਾਸ਼ਾ ਦਾ ਸਥਿਰ ਹੋਣਾ, ਉਸ ਦੀ ਮੌਤ ਹੈ”, ਫਿਰ ਉਨ੍ਹਾਂ ਦੀ ਉਪਰ ਦੱਸੀ ਟਿੱਪਣੀ ਵੀ ਤਾਂ ਭਾਸ਼ਾ ਨੂੰ ਸਥਿਰਤਾ ‘ਚ ਨੂੜਨ ਸਮਾਨ ਹੈ। ਉਨ੍ਹਾਂ ਭਾਸ਼ਾ ਦੇ ਵਿਕਾਸ ਲਈ ਦੂਜੀਆਂ ਭਾਸ਼ਾਵਾਂ ਨਾਲ ਸੰਪਰਕ ਅਤੇ ਸੰਵਾਦ ‘ਤੇ ਬਲ ਦਿੱਤਾ ਹੈ। ਪੰਜਾਬੀ ਦਾ ਕੋਈ ਵੀ ਸ਼ੁਭ ਚਿੰਤਕ ਇਸ ਸੰਵਾਦ ਤੋਂ ਇਨਕਾਰੀ ਨਹੀਂ ਹੈ।

ਡਾ. ਹਰਭਜਨ ਸਿੰਘ ਨੇ ਕਿਸੇ ਭਾਸ਼ਾ ਦੀ ਅਮੀਰੀ ਲਈ ਉਸ ਭਾਸ਼ਾ ‘ਚ ਵਿਭਿੰਨ ਭਾਸ਼ਾਵਾਂ ਦੀ ਸ਼ਬਦਾਵਲੀ ਸੰਜੋਣ ਵੱਲ ਧਿਆਨ ਦਿਵਾਇਆ ਹੈ। ਉਨ੍ਹਾਂ ‘ਜਾਪੁ ਸਾਹਿਬ’ ਵਿਚੋਂ ‘ਅਨੇਕੁਲ, ਸਮਸਤੁਲ ਅਤੇ ਸਰਬੁਲ ਸ਼ਬਦਾਂ ਦਾ ਹਵਾਲਾ ਦੇ ਕੇ ਇਨ੍ਹਾਂ ਸ਼ਬਦਾਂ ਵਿਚ ਸੰਸਕ੍ਰਿਤ ਅਤੇ ਅਰਬੀ-ਫਾਰਸੀ ਦੇ ਆਤਮਕ ਮੇਲ ਦੀ ਉਦਾਹਰਣ ਦਿੱਤੀ ਹੈ। ਅੱਗੇ ਜਾ ਕੇ ਉਨ੍ਹਾਂ ਡਾ. ਜੋਗਾ ਸਿੰਘ ਵੱਲੋਂ ਹਾਈਡਰੋਜਨ ਲਈ ਵਰਤੇ ਸ਼ਬਦ ਪਣ-ਗੈਸ ‘ਤੇ ਉਲਟਾ ਕਿੰਤੂ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਡਾ. ਜੋਗਾ ਸਿੰਘ ਨੇ ‘ਗੈਸ’ ਦੀ ਪੰਜਾਬੀ ਨਹੀਂ ਕੀਤੀ। ਦੱਸਣਾ ਬਣਦਾ ਹੈ ਕਿ ਉਨ੍ਹਾਂ (ਡਾਥ ਹਰਭਜਨ ਸਿੰਘ) ਦੀ ਦੋ ਭਾਸ਼ਾਵਾਂ ਦੇ ‘ਮੇਲ’ ਦੀ ਧਾਰਨਾ ਦੇ ਆਧਾਰ ‘ਤੇ ਤਾਂ ਗੈਸ ਲਈ ਗੈਸ ਵੀ ਵਰਤੋਂ ਹੀ ਵਾਜਿਬ ਹੈ। ਇਹ ਦੋ ਭਾਸ਼ਾਵਾਂ ਦਾ ਸੁਮੇਲ ਹੀ ਤਾਂ ਹੈ। ਗੈਸ ਦੀ ਜਨ ਸਧਾਰਨ ‘ਚ ਆਮ ਵਰਤੋਂ ਹੋ ਰਹੀ ਹੈ। ਇਸ ਲਈ ਇਸ ਖਾਤਰ ‘ਵਾਯੂ’ ਆਦਿ ਲਿਖਣ ਦੀ ਕੀ ਲੋੜ ਹੈ। ਫਿਰ ਉਨ੍ਹਾਂ ਕਿਹਾ ਹੈ- ‘ਪਨ’ ਦਾ ਸੰਸਕ੍ਰਿਤ ਵਿਚ ਅਰਥ ਹੈ – ਪ੍ਰਸ਼ੰਸਾ ਕਰਨਾ, ਉਸਤਿਤ ਕਰਨਾ। ‘ਪਣ’ ਨੂੰ ਪਾਣੀ ਦੇ ਅਰਥ ਵਿਚ ਕਿਵੇਂ ਗ੍ਰਹਿਣ ਕੀਤਾ ਜਾਵੇ।ਸ਼ ਇਹ ਟਿੱਪਣੀ ਸ਼ਬਦਾਂ ਦੇ ਅਰਥ ਵਿਕਾਸ ਦੇ ਮੂਲ ਸਿਧਾਂਤ ਨੂੰ ਹੀ ਅੱਖੋਂ ਪਰੋਖੇ ਕਰ ਦਿੰਦੀ ਹੈ। ਪਹਿਲੀ ਗੱਲ ਤਾਂ ਵਿਗਿਆਨ ਦੇ ਖੇਤਰ ਵਿਚ ਹੀ ਪਣਡੁੱਬੀ ਅਤੇ ਪਣਚੱਕੀ ਜਿਹੇ ਕਈ ਸ਼ਬਦ ਚਿਰਾਂ ਤੋਂ ਪ੍ਰਚਲਿਤ ਹਨ। ਫਿਰ ਭਾਸ਼ਾ ‘ਚ ਭਿੰਨ ਅਰਥਾਂ ਵਾਲੇ ਸ਼ਬਦਾਂ ਦੇ ਲਿਖਿਤ ਰੂਪ ਦੀ ਸਮਾਨਤਾ ਵੀ ਵੇਖਣ ਨੂੰ ਮਿਲਦੀ ਹੈ।

ਇਹ ਸਾਰੀ ਚਰਚਾ ਇਸ ਗੱਲ ਤੋਂ ਛਿੜੀ ਹੈ ਕਿ ਦੁਨੀਆ ਭਰ ਦੀ ਖੋਜ ਨੇ ਸਿੱਧ ਕੀਤਾ ਹੈ ਕਿ ਕਿਸੇ ਵੀ ਵਿਸ਼ੇ ਦੀ, ਚਾਹੇ ਉਹ ਵਿਗਿਆਨ ਦਾ ਹੋਵੇ ਜਾਂ ਕੋਈ ਹੋਰ, ਮਾਤ ਭਾਸ਼ਾ ‘ਚ ਸਿੱਖਿਆ ਦਾ ਕੋਈ ਹਕੀਕੀ ਬਦਲ ਨਹੀਂ। ਜੋ ਪ੍ਰਾਪਤੀਆਂ ਮਾਤ ਭਾਸ਼ਾ ‘ਚ ਸਿੱਖਿਆ ਹਾਸਲ ਕਰ ਕੇ ਕੀਤੀਆਂ ਜਾ ਸਕਦੀਆਂ ਹਨ, ਉਹ ਕਿਸੇ ਹੋਰ ਭਾਸ਼ਾ ‘ਚ ਸਿੱਖਿਆ ਪ੍ਰਾਪਤ ਕਰ ਕੇ ਕਰਨੀਆਂ ਸੰਭਵ ਨਹੀਂ। ਮਾਤ ਭਾਸ਼ਾ ‘ਚ ਸਿੱਖਿਆ ਦਾ ਬਦਲ ਨਾ ਹੋਣ ਦਾ ਅਰਥ ਹੈ ਕਿ ਜਿਹੜਾ ਸਮਾਜ ਜਾਂ ਦੇਸ਼ ਬੇਗਾਨੀ ਭਾਸ਼ਾ ‘ਚ ਸਿੱਖਿਆ ਦਿੰਦਾ ਹੈ, ਉਹ ਕਿਸੇ ਇਕ ਪੱਖ ਤੋਂ ਨਹੀਂ ਸਗੋਂ ਅਨੇਕਾਂ ਪੱਖਾਂ ਤੋਂ ਵੱਡੇ ਘਾਟੇ ਖਾਂਦਾ ਹੈ, ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਬਚਪਨ ਤੇ ਜਵਾਨੀ ਨੂੰ ਡੂੰਘੇ ਦੁੱਖਾਂ ‘ਚ ਪਾਉਂਦਾ ਹੈ ਅਤੇ ਉਨ੍ਹਾਂ ਦਾ ਭਵਿੱਖ ਹਨੇਰਾ ਕਰਦਾ ਹੈ। ਜਿਸ ਦਰਦਨਾਕ ਇਤਿਹਾਸਕ ਗੇੜ ‘ਚ ਅੰਗਰੇਜ਼ੀ ਦਾ ਜੂਲਾ ਸਾਡੀਆਂ ਧੌਣਾਂ ‘ਤੇ ਟਿਕਿਆ ਹੈ, ਇਸ ਦੇ ਇਵੇਂ ਟਿਕੇ ਰਹਿਣ ਤੋਂ ਵੱਡੀ ‘ਗੁਲਾਮ ਮਾਨਸਿਕਤਾ’ ਦੀ ਕੋਈ ਹੋਰ ਮਿਸਾਲ ਨਹੀਂ ਮਿਲ ਸਕਦੀ। ਆਜ਼ਾਦੀ ਹਾਸਲ ਕਰਨ ਲਈ ਸ਼ਹਾਦਤਾਂ ਅਤੇ ਕੁਰਬਾਨੀਆਂ ਦਾ ਅੱਜ ਇਹ ਮੁੱਲ ਪੈ ਰਿਹਾ ਹੈ ਕਿ ਵੱਡਾ ਹਿੱਸਾ ਦੇਸ਼ ਕਹਿ ਰਿਹਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਤੋਂ ਬਿਨਾਂ ਕੋਈ ਗਿਆਨ ਨਹੀਂ ਦੇ ਸਕਦੇ, ਜਦੋਂ ਕਿ ਦੁਨੀਆ ਭਰ ਦੀ ਖੋਜ ਤੇ ਤਜਰਬਾ ਦੱਸਦਾ ਹੈ ਕਿ ਇਸ ਨਾਲ ਸਿੱਖਿਆਵੀ, ਭਾਸ਼ਾਈ, ਸੱਭਿਆਚਾਰਕ ਆਦਿ ਅਪੰਗਤਾ ਹੀ ਪੱਲੇ ਪੈਂਦੀ ਹੈ। ਖੈਰ! ਅੰਤ ‘ਚ ਡਾ. ਪਿਆਰਾ ਲਾਲ ਗਰਗ ਦੇ ਲੇਖ ‘ਪੰਜਾਬੀ ਵਿਚ ਵਿਗਿਆਨ ਦੀ ਸਿੱਖਿਆ’ (30 ਨਵੰਬਰ, 2018) ਵਿਚਲੇ ਸੁਝਾਅ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਸ ‘ਚ ਉਨ੍ਹਾਂ ਨੇ ਪੰਜਾਬੀ ‘ਚ ਵਿਗਿਆਨ ਪੜ੍ਹਾਉਣ ਲਈ ਪੇਸ਼ ਆਉਣ ਵਾਲੀਆਂ ਔਕੜਾਂ ਦੂਰ ਕਰਨ ਦਾ ਰਾਹ ਦੱਸਿਆ ਹੈ।

*ਤਕਨੀਕੀ ਸਹਾਇਕ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Comments

comments

Share This Post

RedditYahooBloggerMyspace