ਸਦਨ ’ਚ ਬੇਅਦਬੀ ਤੇ ਨਸ਼ਾ ਤਸਕਰੀ ਦੀ ਗੂੰਜ

ਅਕਾਲੀ-ਭਾਜਪਾ ਨੇ ਕਿਸਾਨੀ ਸੰਕਟ ਤੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ

ਚੰਡੀਗੜ੍ਹ  :ਪੰਜਾਬ ਵਿਧਾਨ ਸਭਾ ਵਿੱਚ ਅੱਜ ਰਾਜਪਾਲ ਦੇ ਭਾਸ਼ਨ ’ਤੇ ਪੇਸ਼ ਹੋਏ ਧੰਨਵਾਦ ਮਤੇ ਉਪਰ ਬਹਿਸ ਦੌਰਾਨ ਬੇਅਦਬੀ ਕਾਂਡ ਅਤੇ ਨਸ਼ਿਆਂ ਦੀ ਤਸਕਰੀ ਦੇ ਮੁੱਦੇ ਭਾਰੂ ਰਹੇ। ਕਾਂਗਰਸੀ ਵਿਧਾਇਕਾਂ ਨੇ ਬੇਅਦਬੀ ਅਤੇ ਤਸਕਰੀ ਦੇ ਮਾਮਲੇ ’ਤੇ ਅਕਾਲੀ ਦਲ ਵੱਲ ਨਿਸ਼ਾਨਾ ਸੇਧਣ ਦਾ ਯਤਨ ਕੀਤਾ ਜਦੋਂ ਕਿ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਨੇ ਦੋਹਾਂ ਧਿਰਾਂ (ਅਕਾਲੀ-ਕਾਂਗਰਸੀ) ਨੂੰ ਹੀ ਕਟਹਿਰੇ ’ਚ ਖੜ੍ਹਾ ਕਰਨ ਦੇ ਯਤਨ ਕੀਤੇ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਧਾਇਕਾਂ ਨੇ ਕਾਂਗਰਸ ’ਤੇ ਕਿਸਾਨਾਂ ਦੀ ਸਾਰ ਨਾ ਲੈਣ ਅਤੇ ਬਦਲਾਖੋਰੀ ਦੀ ਸਿਆਸਤ ਕਰਨ ਦੇ ਦੋਸ਼ ਲਾਏ।

ਕਾਂਗਰਸ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਐਚ.ਐਸ. ਫੂਲਕਾ ਨੇ ਬੇਅਦਬੀ ਕਾਂਡ ਦੀ ਜਾਂਚ ਧੀਮੀ ਗਤੀ ਨਾਲ ਚੱਲਣ ਦੇ ਦੋਸ਼ ਲਾਉਂਦਿਆਂ ਸਰਕਾਰ ’ਤੇ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਵਿਰੁੱਧ ਕਾਰਵਾਈ ’ਚ ਢਿੱਲ ਵਰਤਣ ਦੇ ਦੋਸ਼ ਲਾਏ। ‘ਆਪ’ ਵਿਧਾਇਕ ਨੇ ਕਿਹਾ ਕਿ ਬੇਅਦਬੀ ਅਤੇ ਗੋਲੀ ਕਾਂਡ ਲਈ ਜੇਕਰ ਸਾਬਕਾ ਮੁੱਖ ਮੰਤਰੀ ਜਾਂ ਸਾਬਕਾ ਡੀਜੀਪੀ ਵੀ ਦੋਸ਼ੀ ਹਨ, ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੰਘੇ ਸਾਲ ਅਗਸਤ ਮਹੀਨੇ ਦੌਰਾਨ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ’ਤੇ ਆਧਾਰਿਤ ਕਮਿਸ਼ਨ ਵੱਲੋਂ ਪੇਸ਼ ਕੀਤੀ ਰਿਪੋਰਟ ’ਤੇ ਹੋਈ ਬਹਿਸ ਦੌਰਾਨ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਤੇ ਜੋਸ਼ ਦਿਖਾਇਆ ਗਿਆ, ਉਸ ਮੁਤਾਬਕ ਕਾਰਵਾਈ ਨਹੀਂ ਹੋਈ।

ਸ੍ਰੀ ਫੂਲਕਾ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ 1986 ਵਿੱਚ ਨਕੋਦਰ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਇਸ ਗੋਲੀ ਕਾਂਡ ਦੀ ਪੜਤਾਲੀਆ ਰਿਪੋਰਟ ਸਦਨ ਵਿੱਚ ਮੁੜ ਪੇਸ਼ ਕਰਕੇ ਕਾਰਵਾਈ ਰਿਪੋਰਟ ਲਿਆਂਦੀ ਜਾਵੇ। ਸਦਨ ਵਿੱਚ ਅੱਜ ਇਹ ਤੱਥ ਵੀ ਸਾਹਮਣੇ ਆਏ ਕਿ ਨਕੋਦਰ ਗੋਲੀ ਕਾਂਡ ਦੀ ਪੜਤਾਲੀਆ ਰਿਪੋਰਟ ਸਦਨ ਵਿੱਚ ਉਸ ਸਮੇਂ ਪੇਸ਼ ਤਾਂ ਹੋਈ ਸੀ, ਪਰ ਕਾਰਵਾਈ ਰਿਪੋਰਟ ਪੇਸ਼ ਨਹੀਂ ਹੋਈ। ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ’ਤੇ ਅਸਿੱਧੇ ਢੰਗ ਨਾਲ ਨਿਸ਼ਾਨਾ ਸੇਧਦਿਆਂ ਅਬੋਹਰ ਖੇਤਰ ਵਿੱਚ ਪੁਲੀਸ ਵੱਲੋਂ ਸਿਆਸੀ ਸ਼ਹਿ ’ਤੇ ਬੇਕਸੂਰ ਲੋਕਾਂ ’ਤੇ ਝੂਠੇ ਕੇਸ ਦਰਜ ਕਰਨ ਦੇ ਦੋਸ਼ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਤੇ ਲੋਕ ਥਾਣੇ ਜਾਣ ਤੋਂ ਭੈਅ ਖਾਂਦੇ ਹਨ।

ਡਾ. ਰਾਜ ਕੁਮਾਰ ਵੇਰਕਾ ਨੇ ਬੇਅਦਬੀ ਮਾਮਲੇ ’ਤੇ ਜਿੱਥੇ ਕੈਪਟਨ ਸਰਕਾਰ ਦੀ ਪਿੱਠ ਥਾਪੜੀ, ਉਥੇ ਅਕਾਲੀਆਂ ਵੱਲ ਨਿਸ਼ਾਨਾ ਸੇਧਿਆ। ਵਿਧਾਇਕ ਨੇ ਨਸ਼ਿਆਂ ਦੀ ਤਸਕਰੀ ਰੋਕਣ ਅਤੇ ਗੈਂਗਸਟਰਾਂ ਦਾ ਪ੍ਰਭਾਵ ਖ਼ਤਮ ਕਰਨ ਦੇ ਦਾਅਵੇ ਕੀਤੇ ਤੇ ਇਨ੍ਹਾਂ ਦੋਹਾਂ ਅਲਾਮਤਾਂ ਲਈ ਅਕਾਲੀਆਂ ਨੂੰ ਦੋਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੇ ਅਕਾਲੀਆਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਕਿਹੜੇ ਗੁਨਾਹਾਂ ਦੀ ਮੁਆਫ਼ੀ ਮੰਗੀ ਸੀ। ਉਨ੍ਹਾਂ ਕਰਤਾਰਪੁਰ ਲਾਂਘੇ ਦੀ ਗੱਲ ਕਰਦਿਆਂ ਨਵਜੋਤ ਸਿੱਧੂ ਦੀ ਪ੍ਰਸੰਸਾ ਕੀਤੀ। ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਸਮੇਂ ਹਾਕਮ ਪਾਰਟੀ ਦੇ ਆਗੂ ਤਸਕਰਾਂ ਨੂੰ ਪਨਾਹ ਤੇ ਸਰਪ੍ਰਸਤੀ ਦਿੰਦੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਹਰ ਤਰ੍ਹਾਂ ਦੇ ਅਪਰਾਧੀਆਂ ਨੂੰ ਹਾਕਮਾਂ ਵੱਲੋਂ ਸ਼ਹਿ ਦਿੱਤੀ ਜਾਂਦੀ ਸੀ ਤੇ ਕੈਪਟਨ ਸਰਕਾਰ ਨੇ ਸਭ ਕਾਬੂ ਹੇਠ ਕਰ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਲੀਹ ਤੋਂ ਲਹੀ ਪਈ ਹੈ ਤੇ ਗਰੀਬਾਂ ਦੀ ਥਾਣਿਆਂ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕਿਸਾਨੀ ਸੰਕਟ ਤੋਂ ਸਰਕਾਰ ਨੇ ਮੂੰਹ ਫੇਰ ਲਿਆ ਹੈ ਤੇ ਖੁਦਕੁਸ਼ੀਆਂ ਵਧ ਰਹੀਆਂ ਹਨ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਰਾਜਪਾਲ ਵੱਲੋਂ ਅੰਗਰੇਜ਼ੀ ਵਿੱਚ ਭਾਸ਼ਨ ਦਿੱਤੇ ਜਾਣ ਨੂੰ ਅਫ਼ਸੋਸਨਾਕ ਕਰਾਰ ਦਿੱਤਾ ਤੇ ਲੋਕ ਮਸਲਿਆਂ ’ਤੇ ਸਰਕਾਰ ਦਾ ਧਿਆਨ ਖਿੱਚਿਆ। ਰਾਜਪਾਲ ਦੇ ਭਾਸ਼ਨ ’ਤੇ ਪੇਸ਼ ਧੰਨਵਾਦ ਮਤੇ ’ਤੇ ਅਮਨ ਅਰੋੜਾ, ਹਰਪ੍ਰਤਾਪ ਸਿੰਘ ਅਜਨਾਲਾ, ਪਵਨ ਕੁਮਾਰ ਟੀਨੂੰ, ਹਰਦਿਆਲ ਸਿੰਘ ਕੰਬੋਜ ਅਤੇ ਹੋਰਨਾਂ ਨੇ ਵੀ ਵਿਚਾਰ ਰੱਖੇ। ਬਹਿਸ ਦੌਰਾਨ ਕਾਂਗਰਸੀ ਵਿਧਾਇਕਾਂ ਦੀਆਂ ਅਕਾਲੀ ਦਲ ਅਤੇ ‘ਆਪ’ ਵਿਧਾਇਕਾਂ ਨਾਲ ਕਈ ਵਾਰੀ ਤਿੱਖੀਆਂ ਝੜਪਾਂ ਵੀ ਹੋਈਆਂ।

ਬਹਿਸ ਮੌਕੇ ਕੈਪਟਨ ਦੀ ਗ਼ੈਰਹਾਜ਼ਰੀ ਰੜਕੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਨ ’ਤੇ ਬਹਿਸ ਦੌਰਾਨ ਗੈਰਹਾਜ਼ਰ ਦੇਖੇ ਗਏ। ਮੁੱਖ ਮੰਤਰੀ ਵੱਲੋਂ ਹੀ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਸ਼ੁੱਕਰਵਾਰ ਨੂੰ ਬਹਿਸ ਨੂੰ ਸਮੇਟਣ ਮੌਕੇ ਦਿੱਤੇ ਜਾਣੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਅੱਜ ਸਦਨ ’ਚੋਂ ਗੈਰਹਾਜ਼ਰ ਰਹੇ।

ਬਲਾਤਕਾਰੀਆਂ ਨੂੰ ਸਜ਼ਾਵਾਂ ਲਈ ਫਾਸਟ ਟਰੈਕ ਅਦਾਲਤਾਂ ਬਣਾਵਾਂਗੇ: ਕੈਪਟਨ

ਚੰਡੀਗੜ੍ਹ (ਤਰਲੋਚਨ ਸਿੰਘ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਵਿਚ ਐਲਾਨ ਕੀਤਾ ਕਿ ਬਲਾਤਕਾਰੀਆਂ ਨੂੰ ਤੁਰੰਤ ਸਜ਼ਾਵਾਂ ਦਿਵਾਉਣ ਲਈ ਫਾਸਟ ਟਰੈਕ ਅਦਾਲਤਾਂ ਦੇ ਗਠਨ ਲਈ ਉਹ ਖ਼ੁਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਮਿਲਣਗੇ। ਇਸ ਦੌਰਾਨ ‘ਆਪ’ ਤੇ ਅਕਾਲੀ ਦਲ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ’ਚੋਂ ਵਾਕਆਊਟ ਕੀਤਾ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਮੇਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜ਼ਿਲ੍ਹਾ ਲੁਧਿਆਣਾ ਵਿੱਚ ਵਾਪਰੀ ਸਮੂਹਿਕ ਬਲਾਤਕਾਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਸੂਬੇ ਦੀ ਅਮਨ ਤੇ ਕਾਨੂੰਨੀ ਦੀ ਸਥਿਤੀ ਬੜੀ ਨਾਜ਼ੁਕ ਹੈ ਅਤੇ ਸਰਕਾਰ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਨਣ ਤੋਂ ਮੁੱਕਰ ਗਈ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਧਾਇਕਾਂ ਨੇ ਪਟਿਆਲਾ ਵਿਚ ਅਧਿਆਪਕਾਂ ਉਪਰ ਹੋਏ ਲਾਠੀਚਾਰਜ ਦਾ ਮੁੱਦਾ ਉਠਾਉਂਦਿਆਂ ਦੋਸ਼ ਲਾਇਆ ਕਿ ਸਰਕਾਰ ਪੁਲੀਸ ਰਾਹੀਂ ਆਪਣੇ ਹੱਕ ਮੰਗਦੇ ਲੋਕਾਂ ਉਪਰ ਲਾਠੀਆਂ ਵਰ੍ਹਾ ਰਹੀ ਹੈ। ਇਨ੍ਹਾਂ ਮੁੱਦਿਆਂ ਦੇ ਰੋਸ ਵਜੋਂ ‘ਆਪ’ ਅਤੇ ਅਕਾਲੀ ਵਿਧਾਇਕਾਂ ਨੇ ਵੱਖੋ-ਵੱਖਰੇ ਤੌਰ ’ਤੇ ਵਿਧਾਨ ਸਭਾ ਵਿਚੋਂ ਵਾਕਆਊਟ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਖਲਅੰਦਾਜ਼ੀ ਕਰਦਿਆਂ ਕਿਹਾ ਕਿ ਉਹ ਉਚੇਰੇ ਤੌਰ ’ਤੇ ਚੀਫ ਜਸਟਿਸ ਨੂੰ ਮਿਲ ਕੇ ਬਲਾਤਕਾਰੀਆਂ ਨੂੰ ਤੁਰੰਤ ਮਿਸਾਲੀ ਸਜ਼ਾਵਾਂ ਦਿਵਾਉਣ ਲਈ ਸੂਬੇ ਵਿਚ ਫਾਸਟ ਟਰੈਕ ਅਦਾਲਤਾਂ ਬਣਾਉਣ ਦਾ ਮੁੱਦਾ ਉਠਾਉਣਗੇ। ਉਨ੍ਹਾਂ ਸਦਨ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ 6 ਮੁਲਜ਼ਮਾਂ ਵਿੱਚੋਂ 3 ਨੂੰ ਗ੍ਰਿਫਤਾਰ ਕਰ ਲਿਆ ਹੈ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ, ਪਿਛਲੀ ਬਾਦਲ ਸਰਕਾਰ ਵਾਂਗ ਸੰਘਰਸ਼ਸ਼ੀਲ ਲੋਕਾਂ ਨੂੰ ਕੁੱਟਣ ਦੇ ਰਾਹ ਪੈ ਗਈ ਹੈ ਜਦਕਿ ਦੂਸਰੇ ਪਾਸੇ ਜਬਰਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਕਈ ਰੁਝੇਵੇਂ ਹਨ, ਇਸ ਲਈ ਉਨ੍ਹਾਂ ਨੂੰ ਗ੍ਰਹਿ ਵਿਭਾਗ ਦਾ ਚਾਰਜ ਕਿਸੇ ਹੋਰ ਮੰਤਰੀ ਨੂੰ ਦੇ ਦੇਣਾ ਚਾਹੀਦਾ ਹੈ ਤਾਂ ਜੋ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਬੇਕਾਬੂ ਹੋਈ ਸਥਿਤੀ ਠੀਕ ਹੋ ਸਕੇ।
ਮੁੱਖ ਮੰਤਰੀ ਨੇ ਸ੍ਰੀ ਬੈਂਸ ਦੀ ਇਸ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਹੈ ਅਤੇ ਉਹ ਇਸ ਮੁੱਦੇ ਉਪਰ ਵਿਧਾਨ ਸਭਾ ਵਿੱਚ ਬਹਿਸ ਲਈ ਵੀ ਤਿਆਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚੋਂ ਗੈਂਗਸਟਰਾਂ ਦੇ ਖੌਫ ਨੂੰ ਖ਼ਤਮ ਕਰਨ ਸਮੇਤ ਹੋਰ ਕਈ ਵੱਡੇ ਅਪਰਾਧਾਂ ਨੂੰ ਹੱਲ ਕੀਤਾ ਜਾ ਚੁੱਕਾ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਮੁਲਾਜ਼ਮਾਂ ਦਾ ਡੀਏ ਜਾਰੀ ਕਰਨ, ਤਨਖਾਹ ਕਮਿਸ਼ਨ, ਠੇਕਾ ਮੁਲਾਜ਼ਮ ਰੈਗੂਲਰ ਕਰਨ, ਅਧਿਆਪਕਾਂ ਉਪਰ ਹੋਏ ਤਸ਼ੱਦਦ ਅਤੇ ਸਮੂਹਿਕ ਬਲਾਤਕਾਰ ਦੇ ਮੁੱਦਿਆਂ ਉਪਰ ਸਰਕਾਰ ਨੂੰ ਘੇਰਿਆ। ਉਹ ਮੁਲਾਜ਼ਮਾਂ ਦੇ ਮੁੱਦੇ ਉਪਰ ਗੱਲ ਕਰਨੀ ਚਾਹੁੰਦੇ ਸਨ, ਪਰ ਇਜਾਜ਼ਤ ਨਾ ਮਿਲਣ ਕਾਰਨ ਉਨ੍ਹਾਂ ਆਪਣੇ ਵਿਧਾਇਕਾਂ ਨਾਲ ਵਾਕਆਊਟ ਕੀਤਾ। ਇਸ ਮੌਕੇ ਐਚਐਸ ਫੂਲਕਾ ਨੇ ਵਾਕਆਊਟ ਕੀਤਾ, ਪਰ ਬਾਗ਼ੀ ਵਿਧਾਇਕ ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਤਾਰ ਸਿੰਘ ਜੱਗਾ, ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਆਪਣੇ ਬੈਂਚਾਂ ’ਤੇ ਹੀ ਬੈਠੇ ਰਹੇ। ਸ੍ਰੀ ਫੂਲਕਾ ਨੇ ਕਿਹਾ ਕਿ ਬਲਾਤਕਾਰ ਦੇ ਮਾਮਲਿਆਂ ਵਿਚ ਪੁੂਰੀ ਸਖਤੀ ਵਰਤੀ ਜਾਵੇ ਅਤੇ ਇਸ ਮਾਮਲੇ ਵਿਚ ਅਣਗਹਿਲੀ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾਵੇ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਜਦੋਂ ਸਪੀਕਰ ਕੋਲੋਂ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਤਾਂ ‘ਆਪ’ ਵਿਧਾਇਕਾਂ ਤੇ ਬੈਂਸ ਭਰਾਵਾਂ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਦੌਰਾਨ ਵੀ ਇਸੇ ਤਰ੍ਹਾਂ ਦੇ ਸੀਮਤ ਸੈਸ਼ਨ ਬੁਲਾਏ ਜਾਂਦੇ ਸਨ। ਇਸ ’ਤੇ ਸ੍ਰੀ ਢੀਂਡਸਾ ਨੇ ਦੋਸ਼ ਲਾਇਆ ਕਿ ‘ਆਪ’ ਇਸ ਮੁੱਦੇ ਉਪਰ ਕਾਂਗਰਸ ਨਾਲ ਰਲ ਗਈ ਹੈ ਅਤੇ ਇਸੇ ਕਾਰਨ ਹੀ ਇਹ ਮੁੱਖ ਵਿਰੋਧੀ ਪਾਰਟੀ ਸੈਸ਼ਨ ਵਧਾਉਣ ਦੀ ਗੱਲ ਨਹੀਂ ਕਰ ਰਹੀ।

Comments

comments

Share This Post

RedditYahooBloggerMyspace