ਕੌਮਾਂਤਰੀ ਔਰਤ ਦਿਵਸ ਅਤੇ ਔਰਤ

ਅਮਰਪ੍ਰੀਤ ਦੇਹੜ
(ਲੇਖਿਕਾ)

ਹਰ ਸਾਲ 8 ਮਾਰਚ ਔਰਤਾਂ ਨੂੰ ਸਮਰਪਿਤ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਔਰਤਾਂ ਨਾਲ ਸਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ 1869 ਵਿੱਚ ਬ੍ਰਿਟਿਸ਼ ਪਾਰਲੀਮੈਂਟ ਵਿੱਚ ਔਰਤ ਨੂੰ ਵੋਟ ਦਾ ਹੱਕ ਦੇਣ ਦੀ ਗਲ ਕੀਤੀ ਗਈ ਸੀ ਅਤੇ ਨਿਊਜ਼ੀਲੈਂਡ ਉਹ ਪਹਿਲਾ ਦੇਸ਼ ਸੀ ਜਿਸ ਵਿੱਚ ਔਰਤ ਨੂੰ ਵੋਟ ਦਾ ਹੱਕ ਮਿਲਿਆ।

ਅਗਸਤ 1910 ਵਿੱਚ ਕੋਪਨਹੈਗਨ ਡੈਨਮਾਰਕ ਵਿੱਚ 17 ਦੇਸ਼ਾਂ ਦੀਆਂ 100 ਤੋਂ ਵੱਧ ਔਰਤ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਇਸ ਦਿਨ ਨੂੰ ਸਾਰੇ ਦੇਸ਼ਾਂ ਵਿੱਚ ਔਰਤ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਤਾਂ ਕਿ ਔਰਤਾਂ ਆਪਣੀਆਂ ਮੰਗਾਂ ਰੱਖ ਅਤੇ ਮੰਨਵਾ ਸਕਣ। 8 ਮਾਰਚ 1908 ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਸਿਲਾਈ ਉਦਯੋਗ ਵਿਚ ਕੰਮ ਕਰਦੀਆਂ ਹਜ਼ਾਰਾਂ ਔਰਤਾਂ ਨੇ ਇੱਕ ਦਿਨ ਲਈ ਕੰਮ ਪੂਰੀ ਤਰਾਂ ਬੰਦ ਕਰਕੇ ਆਪਣੀਆਂ ਮੰਗਾਂ ਲਈ ਮਹਾਨ ਪ੍ਰਦਰਸ਼ਨ ਕੀਤਾ ਸੀ। ਇਸ ਲਈ ਅੱਠ ਮਾਰਚ ਨੂੰ ਇਹ ਦਿਨ ਮਨਾਉਣ ਦਾ ਫ਼ੈਸਲਾ ਲਿਆ ਗਿਆ। ਇਸ ਤੋਂ ਬਾਅਦ ਔਰਤਾਂ ਦੇ ਵੱਖ ਵੱਖ ਕੰਮਾਂ ਅਤੇ ਅਧਿਕਾਰਾਂ ਬਾਰੇ ਅਕਸਰ ਗੱਲਾਂ ਹੋਣ ਲੱਗੀਆਂ। ਰੂਸ ਵਿੱਚ ਵੀ ਔਰਤਾਂ ਨੇ ਉਸ ਨੇ 1913 ਵਿੱਚ ਆਪਣੀਆਂ ਮੰਗਾਂ ਲਈ ਜਲੂਸ ਕੱਢਿਆ। ਇਸ ਲਈ 1913 ਵਿੱਚ ਰੂਸ ਸਮੇਤ ਚੀਨ ਅਤੇ ਚੀਨ ਦੇ ਯੂਰਪ ਦੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅੱਠ ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਦੇ ਤੌਰ ਤੇ ਮਨਾਉਣ ਦੀ ਸਹਿਮਤੀ ਦਿੱਤੀ। ਕਈ ਦੇਸ਼ਾਂ ਵਿੱਚ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸਭ ਤੋਂ ਅਮੀਰ ਤੇ ਵਿਕਸਿਤ ਦੇਸ਼ ਅਮਰੀਕਾ ਨੇ 1974 ਵਿੱਚ ਇਸ ਨੂੰ ਮਾਨਤਾ ਦਿੱਤੀ।

ਸਾਰੇ ਹੀ ਦੇਸ਼ਾਂ ਵਿਚ ਇਸ ਦਿਨ ਨੂੰ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਦਿਨ ਸੈਮੀਨਾਰ, ਕਨਵੈਨਸ਼ਨਾਂ, ਰੈਲੀਆਂ, ਕਵੀ ਦਰਬਾਰ ਕਰਵਾਏ ਜਾਂਦੇ ਹਨ ਜਿਨਾਂ ਵਿੱਚ ਔਰਤਾਂ ਦੀਆਂ ਪ੍ਰਾਪਤੀਆਂ, ਕਮਜ਼ੋਰੀਆਂ ਤੇ ਔਰਤਾਂ ਦੇ ਸਾਹਮਣੇ ਸਮੱਸਿਆਵਾਂ ਦੀ ਚਰਚਾ ਕੀਤੀ ਜਾਂਦੀ ਹੈ। ਪਰ ਅਸਲੀਅਤ ਇਹ ਹੈ ਕਿ ਸਿਰਫ਼ ਚਰਚਾ ਹੀ ਕੀਤੀ ਜਾਂਦੀ ਹੈ ਹਕੀਕਤ ਉਸ ਚਰਚਾ ਜਾਂ ਪੇਸ਼ ਕੀਤੀਆਂ ਰਿਪੋਰਟਾਂ ਤੇ ਕਿਤੇ ਜ਼ਿਆਦਾ ਵੱਖ ਹੁੰਦੀ ਹੈ।

ਵੱਖ ਵੱਖ ਦੇਸ਼ਾਂ ਅਤੇ ਸੱਭਿਆਤਾਵਾਂ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਔਰਤ ਦੀ ਸਥਿਤੀ ਮਾੜੀ ਹੀ ਰਹੀ ਹੈ। ਅੱਜ ਔਰਤ ਦੀ ਹਾਲਤ ਬਿਹਤਰ ਤਾਂ ਹੈ ਪਰ ਚੰਗੀ ਨਹੀਂ ਹੈ। ਅਸੀਂ ਦੇਖਦੇ ਹਾਂ ਕਿ ਅੱਜ ਔਰਤ ਆਜ਼ਾਦ ਹੈ। ਪਰ ਕੀ ਔਰਤ ਸੱਚੀ ਆਜ਼ਾਦ ਹੈ? ਕੀ ਉਸ ਨੂੰ ਸਾਰੇ ਹੱਕ ਹਾਸਲ ਹਨ? ਕੀ ਉਹ ਆਪਣੇ ਪੈਰਾਂ ਤੇ ਖੜ੍ਹੀ ਹੋ ਕੇ ਵੀ ਆਪਣੀ ਮਰਜ਼ੀ ਦੀ ਮਾਲਕ ਹੈ? ਅੱਜ ਦੀ ਉਸ ਦੀ ਦਸ਼ਾ ਕੀ ਹੈ?

ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਜਨਮ ਦਰ ਅੱਜ ਵੀ ਘੱਟ ਹੈ, ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਵੀ ਘੱਟ ਹੈ। ਔਰਤ ਵੱਡੇ ਤੋਂ ਵੱਡੇ ਅਹੁਦੇ ਤੇ ਪਹੁੰਚ ਚੁੱਕੀ ਹੈ ਫਿਰ ਵੀ ਭਰੂਣ ਹੱਤਿਆ, ਬਲਾਤਕਾਰ, ਗੈਂਗ ਰੇਪ, ਤੇਜ਼ਾਬ ਸੁੱਟਣਾ, ਨਾਬਾਲਗ ਵਿਆਹ, ਧੱਕੇ ਨਾਲ ਵਿਆਹ, ਇੱਜ਼ਤ ਆਬਰੂ ਲਈ ਲੜਕੀਆਂ ਦਾ ਕਤਲ ਆਦਿ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ ਬੇਸ਼ੱਕ ਕਿਤੇ ਨਾ ਕਿਤੇ ਇਸ ਲਈ ਔਰਤ ਵੀ ਜ਼ਿੰਮੇਵਾਰ ਹੈ ਪਰ ਇਸ ਤੋਂ ਬਿਨਾਂ ਸਾਡਾ ਸਮਾਜ ਅਤੇ ਹੋਰ ਵੀ ਬਹੁਤ ਸਾਰੇ ਕਾਰਨ ਹਨ।

ਬੇਸ਼ੱਕ ਹਰ ਪੱਖ ਤੋਂ ਔਰਤ ਨੂੰ ਬਰਾਬਰ ਦੇ ਅਧਿਕਾਰ ਮਿਲੇ ਹਨ, ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ। ਔਰਤ ਵਰਗ ਦੀਆਂ ਸਮੱਸਿਆਵਾਂ ਨਾਲ ਸਬੰਧਤ ਪਹਿਲਾਂ ਵੀ ਕਾਨੂੰਨ ਹਨ ਅਤੇ ਹੋਰ ਨਵੇਂ ਵੀ ਬਣਦੇ ਹਨ, ਪਰ ਫਿਰ ਵੀ ਸਮੱਸਿਆਵਾਂ ਤੋਂ ਔਰਤ ਜਾਤੀ ਨੂੰ ਛੁਟਕਾਰਾ ਨਹੀਂ ਮਿਲਿਆ। ਅੱਜ ਕੋਈ ਵੀ ਅਖ਼ਬਾਰ ਚੁੱਕ ਲਵੋ ਔਰਤ ਨਾਲ ਹੁੰਦੇ ਜ਼ੁਲਮ ਅਤੇ ਬੁਰਾਈਆਂ ਨਾਲ ਭਰੇ ਰਹਿੰਦੇ ਹਨ। ਹੁਣ 1947 ਵਿੱਚ ਭਾਰਤ ਦੇ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਬਹੱਤਰ ਸਾਲਾਂ ਬਾਅਦ ਵੀ ਸਾਡਾ ਸਮਾਜ ਅਜਿਹਾ ਨਹੀਂ ਬਣ ਸਕਿਆ ਜਿਸ ਵਿੱਚ ਔਰਤ ਸੁਰੱਖਿਅਤ ਹੋਵੇ। ਛੋਟੀਆਂ ਛੋਟੀਆਂ ਬੱਚੀਆਂ ਨਾਲ ਅਜਿਹੇ ਘਿਣਾਉਣੇ ਕਾਰੇ ਵਾਪਰ ਰਹੇ ਹਨ ਕਿ ਹਰ ਕੋਈ ਆਪਣੀ ਧੀ,, ਭੈਣ, ਪਤਨੀ ਬਾਹਰ ਭੇਜਣ ਤੋਂ ਵੀ ਡਰਦਾ ਹੈ।
ਸਰਕਾਰੀ ਜਾ ਪ੍ਰਾਈਵੇਟ ਅੱਜ ਹਰ ਖੇਤਰ ਵਿੱਚ ਔਰਤ ਬਰਾਬਰ ਦਾ ਕੰਮ ਕਰ ਰਹੀ ਹੈ, ਫਿਰ ਵੀ ਕੁਝ ਖੇਤਰ ਅਜਿਹੇ ਹਨ ਜਿੱਥੇ ਔਰਤਾਂ ਦੀ ਗਿਣਤੀ ਨਾ-ਮਾਤਰ ਹੈ। ਹਰ ਖੇਤਰ ਵਿੱਚ ਕੰਮ ਕਰਨ ਦੇ ਬਾਵਜੂਦ ਵੀ ਔਰਤ ਨੂੰ ਘਰ ਸੰਭਾਲਣ ਵਾਲੀ ਨਾਰੀ ਦੇ ਰੂਪ ਵਿਚ ਹੀ ਦੇਖਿਆ ਜਾਂਦਾ ਹੈ।

ਪੂੰਜੀਵਾਦੀ ਖੇਤਰ ਵਿੱਚ ਤਾਂ ਅਸਿੱਧੇ ਰੂਪ ਵਿੱਚ ਵੱਖ ਵੱਖ ਮੁਕਾਬਲੇ, ਇਸ਼ਤਿਹਾਰਬਾਜ਼ੀ ਰਾਹੀਂ ਔਰਤ ਦਾ ਵਿੱਚ ਸ਼ੋਸ਼ਣ ਕੀਤਾ ਜਾਂਦਾ ਹੈ ਕਿ ਉਸ ਨੂੰ ਖ਼ੁਦ ਵੀ ਪਤਾ ਨਹੀਂ ਚੱਲਦਾ। ਕੰਮਕਾਜੀ ਔਰਤਾਂ ਨੂੰ ਆਪਣੇ ਖ਼ੇਤਰ ਵਿੱਚ ਜਿਸਮਾਨੀ ਸ਼ੋਸ਼ਣ, ਛੇੜਖਾਨੀ, ਫਿਕਰੇਬਾਜ਼ੀ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਆਮ ਹੀ ਕਰਨਾ ਪੈਂਦਾ ਹੈ। 99% ਔਰਤ ਬਦਨਾਮੀ ਦੇ ਡਰੋਂ ਇਹ ਸਭ ਚੁੱਪ ਚਾਪ ਸਹਿ ਰਹੀ ਹੈ। ਜਿੱਥੇ ਮੀਆਂ-ਬੀਵੀ ਦੋਨੋਂ ਕੰਮ ਕਰਦੇ ਹਨ ਅਸੀਂ ਅਕਸਰ ਦੇਖਦੇ ਆਂ ਕਿ ਘਰ ਆ ਕੇ ਔਰਤ ਹਮੇਸ਼ਾ ਘਰ ਦੇ ਅਨੇਕ ਕੰਮਾਂ, ਬੱਚੇ ਦੀ ਪੜਾਈ ਵਿਚ ਜੁੱਟ ਜਾਂਦੀ ਹੈ, ਜਦ ਕਿ ਮਰਦ ਆਰਾਮ ਕਰਦਾ ਹੈ। ਔਰਤਾਂ ਵਿੱਚ ਸਹਿਣਸ਼ੀਲਤਾ, ਮਮਤਾਮਈ, ਨਿਮਰਤਾ, ਸੰਵੇਦਨਸ਼ੀਲਤਾ ਦੇ ਗੁਣਾਂ ਨੂੰ ਉਸ ਦੇ ਹੀ ਖਿਲਾਫ਼ ਵਰਤ ਕੇ ਮਿੱਠੀ ਚੂਰੀ ਦੀ ਤਰਾਂ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਅੱਜ ਜ਼ਰੂਰਤ ਹੈ ਔਰਤ ਨੂੰ ਨਵੇਂ ਸਿਰੇ ਤੋਂ ਆਪਣੇ ਹੱਕਾਂ ਲਈ ਅਤੇ ਫ਼ਰਜ਼ਾਂ ਨੂੰ ਪਛਾਣਨ ਦੀ ਤੇ ਪੂੰਜੀਵਾਦੀ ਸਮਾਜ ਵੱਲੋਂ ਉਸ ਦੀ ਹੋ ਰਹੀ ਲੁੱਟ ਨੂੰ ਪਹਿਚਾਨਣ ਦੀ। ਔਰਤ ਦਿਵਸ ਮੌਕੇ ਸੈਮੀਨਾਰ, ਕਨਵੈਨਸ਼ਨ, ਰੈਲੀਆਂ ਕਰਵਾ ਕੇ ਬੁੱਤਾ ਸਾਰਨ ਵਾਲੀ ਗੱਲ ਤੋਂ ਥੋੜਾ ਉੱਪਰ ਉੱਠਣ ਦੀ ਜ਼ਰੂਰਤ ਹੈ। ਅੱਜ ਜ਼ਰੂਰਤ ਹੈ ਦੁਨੀਆ ਦੀ ਅੱਧੀ ਆਬਾਦੀ ਨੂੰ ਸੱਚ ਵਿੱਚ ਹੀ ਉਸ ਨੂੰ ਹੱਕ ਦੇਣ ਦੀ। ਮਰਦ ਪ੍ਰਧਾਨ ਸਮਾਜ ਨੂੰ ਥੋੜਾ ਬਦਲਣ ਦੀ। ਲੋਕਾਂ ਦਾ ਰਹਿਣ ਸਹਿਣ ਬਰਾਬਰ ਹੋਵੇ, ਸੋਚ ਵਿੱਚ ਬਰਾਬਰਤਾ ਹੋਵੇ ਤਾਂ ਔਰਤ ਦੀ ਹਾਲਤ ਵਧੀਆ ਬਣ ਸਕਦੀ ਆ। ਸਾਰੇ ਹੀ ਸਮਾਜ ਨੂੰ ਔਰਤ ਜਾਤੀ ਦੇ ਨਾਲ ਖੜਨਾ ਪਵੇਗਾ। ਔਰਤ ਨੂੰ ਖ਼ੁਦ ਵੀ ਸਰੀਰਕ, ਮਾਨਸਿਕ ਤੌਰ ਤੇ ਬਲਵਾਨ ਬਣਨਾ ਪਵੇਗਾ ਤਾਂ ਹੀ ਉਹ ਆਪਣੇ ਖ਼ਿਲਾਫ਼ ਹੋ ਰਹੀਆਂ ਜ਼ਿਆਦਤੀਆਂ ਅਤੇ ਧੱਕਿਆਂ ਖਿਲਾਫ਼ ਡਟ ਕੇ ਖੜੀ ਹੋ ਸਕੇਗੀ। ੲ

Comments

comments

Share This Post

RedditYahooBloggerMyspace