ਨਾਂਹ-ਪੱਖੀ ਖਿਆਲਾਂ ਤੋਂ ਕਿਵੇਂ ਬਚੀਏ?

-ਡਾ: ਹਰਸ਼ਿੰਦਰ ਕੌਰ, ਐਮ ਡੀ
ਲੇਖਿਕਾ

ਇਹ ਕਦੇ ਨਹੀਂ ਹੋਇਆ ਕਿ ਕਿਸੇ ਦੇ ਨਸੀਬ ਵਿਚ ਉਹ ਸਾਰਾ ਕੁਝ ਹੋਵੇ ਜੋ ਉਹ ਮੰਗਦਾ ਹੋਵੇ, ਕਿਉਂਕਿ ਜਦੋਂ ਸਾਡੀ ਕੋਈ ਇਕ ਇੱਛਾ ਪੂਰੀ ਹੋ ਜਾਂਦੀ ਹੈ ਤਾਂ ਅਸੀਂ ਦੂਜੀ ਦੀ ਤਮੰਨਾ ਕਰਨ ਲੱਗ ਪੈਂਦੇ ਹਾਂ ਤੇ ਜਦੋਂ ਉਹ ਪੂਰੀ ਹੋ ਜਾਏ ਤਾਂ ਸਾਡੀ ਕੋਈ ਹੋਰ ਮੰਗ ਤਿਆਰ ਹੋ ਜਾਂਦੀ ਹੈ। ਨਵੇਂ ਟੀਚੇ ਮਿਥਣੇ ਜ਼ਰੂਰੀ ਹੁੰਦੇ ਹਨ ਕਿਉਂਕਿ ਤਰੱਕੀ ਲਈ ਇਹ ਜ਼ਰੂਰੀ ਹੈ। ਸੋ ਨਵੀਂ ਇੱਛਾ ਜਾਗ੍ਰਿਤ ਹੋਣੀ ਧੜਕਦੀ ਜ਼ਿੰਦਗੀ ਦੀ ਨਿਸ਼ਾਨੀ ਹੈ ਤੇ ਇਸ ਤਰ੍ਹਾਂ ਹੋਰ ਜੀਣ ਦੀ ਸ਼ਕਤੀ ਵੀ ਮਿਲਦੀ ਹੈ।

ਮੈਂ ਅੱਜ ਗੱਲ ਕਰਨ ਲੱਗੀ ਹਾਂ ਇਸ ਨਵੀਂ ਇੱਛਾ ਜਾਗ੍ਰਿਤ ਹੋਣ ਦੇ ਨਾਲ ਜੁੜੇ ਨਾਂਹ-ਪੱਖੀ ਖ਼ਿਆਲਾਂ ਦੀ ਕਿ ‘ਜੇ’ ਇਹ ਕੰਮ ਨਾ ਹੋਇਆ ਤਾਂ ਫੇਰ ਕੀ ਹੋਵੇਗਾ? ਇਸ ਖ਼ਿਆਲ ਦੇ ਆਉਂਦਿਆਂ ਹੀ ਪਹਿਲਾਂ ਦੇ ਪ੍ਰਾਪਤ ਟੀਚਿਆਂ ਦਾ ਸੁਆਦ ਵੀ ਅੱਧਾ ਰਹਿ ਜਾਂਦਾ ਹੈ ਤੇ ਅਗਲਾ ਕੰਮ ਕਰਨ ਦੀ ਸ਼ਕਤੀ ਵੀ ਘਟ ਜਾਂਦੀ ਹੈ। ਦਰਅਸਲ ਦਿਮਾਗ ਦੇ ਜਿਹੜੇ ਹਿੱਸੇ ਨੇ ਨਵੇਂ ਟੀਚੇ ਨੂੰ ਪੂਰਾ ਕਰਨ ‘ਤੇ ਜ਼ੋਰ ਲਾਉਣਾ ਹੁੰਦਾ ਹੈ, ਉਸ ਦਾ ਕੁੱਝ ਹਿੱਸਾ ਇਹੀ ਸੋਚਦਾ ਰਹਿ ਜਾਂਦਾ ਹੈ ਕਿ ਜੇ ਕੰਮ ਨਾ ਹੋਇਆ ਤਾਂ ਉਸ ਤੋਂ ਅਗਲੇ ਮਾੜੇ ਆਉਣ ਵਾਲੇ ਸਮੇਂ ਨਾਲ ਕਿਵੇਂ ਨਜਿੱਠਣਾ ਹੈ। ਕਦੇ-ਕਦੇ ਤਾਂ ਇਹ ਪਿਛਾਂਹ-ਖਿੱਚੂ ਖ਼ਿਆਲ ਦਿਮਾਗ ਦਾ ਏਨਾ ਵੱਡਾ ਹਿੱਸਾ ਮੱਲ ਲੈਂਦੇ ਹਨ ਕਿ ਕੰਮ ਕਰਨ ਦੀ ਅਸਲੀ ਤਾਕਤ ਵੀ ਅੱਧੀ ਹੀ ਰਹਿ ਜਾਂਦੀ ਹੈ ਤੇ ਕੰਮ ਪੂਰਾ ਹੁੰਦਾ ਹੀ ਨਹੀਂ। ਨਤੀਜੇ ਵਜੋਂ ਬੰਦਾ ਆਪਣੇ ਆਪ ਨੂੰ ਸਹੀ ਸਾਬਤ ਕਰ ਦਿੰਦਾ ਹੈ ਕਿ ਦੇਖਿਆ ਮੈਂ ਤਾਂ ਪਹਿਲਾਂ ਹੀ ਇਹ ਪੱਖ ਸੋਚਿਆ ਹੋਇਆ ਸੀ ਤੇ ਮੇਰੇ ਤਾਂ ਕੋਈ ਕੰਮ ਪੂਰੇ ਹੁੰਦੇ ਹੀ ਨਹੀਂ ਤੇ ਹੋਣੇ ਵੀ ਨਹੀਂ! ਇਸ ਤੋਂ ਅੱਗੇ ਢਹਿੰਦੀ ਕਲਾ ਜੱਫਾ ਮਾਰਨ ਲਈ ਤਿਆਰ ਖੜ੍ਹੀ ਹੁੰਦੀ ਹੈ।

ਇਸ ਦੀ ਬਜਾਏ ਜੇ ਇਹ ਸੋਚ ਲਿਆ ਜਾਵੇ ਕਿ ਮੈਂ ਤਾਂ ਸਿਰਫ ਮਿਹਨਤ ਨਾਲ ਆਪਣਾ ਕੰਮ ਕਰਨਾ ਹੈ। ਜੇ ਪੂਰਾ ਹੋ ਗਿਆ ਤੇ ਮੇਰੀ ਸੋਚ ਪਰਵਾਨ ਚੜ੍ਹ ਗਈ ਤਾਂ ਵਾਹ ਭਲਾ ਅਤੇ ਜੇ ਇੱਛਾ ਪੂਰੀ ਨਾ ਹੋਈ ਤਾਂ ਉਸ ਸਮੇਂ ਦੇਖਾਂਗੇ। ਇਸ ਨਾਲ ਪਿਛਲੀਆਂ ਪ੍ਰਾਪਤੀਆਂ ਦਾ ਸਵਾਦ ਖ਼ਤਮ ਨਹੀਂ ਹੁੰਦਾ ਤੇ ਅਗਲਾ ਟੀਚਾ ਪੂਰਾ ਨਾ ਹੋਣ ‘ਤੇ ਢਹਿੰਦੀ ਕਲਾ ਵਿਚ ਜਾਣ ਨਾਲੋਂ ਦਿਮਾਗ ਕੋਈ ਹੋਰ ਰਸਤਾ ਲੱਭਣ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ।

ਮੈਨੂੰ ਮੇਰੇ ਮੰਮੀ ਇਸ ਤਰ੍ਹਾਂ ਦੇ ਪਿਛਾਂਹ-ਖਿੱਚੂ ਖ਼ਿਆਲਾਂ ਦੀ ਬੜੀ ਵਧੀਆ ਉਦਾਹਰਣ ਦਿੰਦੇ ਸਨ। ਜਿਹੜੀ ਉਹ ਮੈਨੂੰ ਕਹਾਣੀ ਸੁਣਾਇਆ ਕਰਦੇ ਸਨ ਉਹ ਕੁੱਝ ਇੰਝ ਦੀ ਸੀ; ਦੋ ਸ਼ਰਾਬੀ ਇਕ ਟਾਪੂ ਵਿਚੋਂ ਇਕ ਕਿਸ਼ਤੀ ‘ਤੇ ਸਵਾਰ ਹੋ ਕੇ ਰਾਤੋ, ਰਾਤ ਦੂਜੇ ਟਾਪੂ ‘ਤੇ ਜਾਣ ਬਾਰੇ ਸੋਚਣ ਲੱਗੇ। ਅੱਗੇ ਪਹੁੰਚਣ ਨਾਲੋਂ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਜ਼ਿਆਦਾ ਸੀ ਕਿ ਜੇ ਨਾ ਪਹੁੰਚਿਆ ਗਿਆ ਤਾਂ ਕੀ ਹੋਵੇਗਾ! ਘੰਟਾ ਡੇਢ ਘੰਟਾ ਇਸੇ ਗੱਲ ‘ਤੇ ਬਹਿਸ ਕਰਕੇ ਉਹ ਆਖਰ ਚੱਪੂ ਚਲਾਉਣ ਲੱਗ ਪਏ। ਸਵੇਰ ਹੋ ਗਈ ਚੱਪੂ ਚਲਾਉਂਦਿਆਂ ਤੇ ਉਨ੍ਹਾਂ ਦਾ ਨਸ਼ਾ ਵੀ ਉਦੋਂ ਤੱਕ ਉਤਰ ਚੁੱਕਿਆ ਸੀ।

ਜਦੋਂ ਧਿਆਨ ਨਾਲ ਉਨ੍ਹਾਂ ਆਸ-ਪਾਸ ਦੇਖਿਆ ਤਾਂ ਕਿਸ਼ਤੀ ਉਸੇ ਹੀ ਟਾਪੂ ਉਤੇ ਖੜ੍ਹੀ ਸੀ ਤੇ ਸਾਰੀ ਰਾਤ ਸੱਜੇ ਖੱਬੇ ਹੀ ਹਿਲਦੀ ਰਹੀ ਸੀ ਕਿਉਂਕਿ ਉਨ੍ਹਾਂ ਨੇ ਉਸ ਦਾ ਰੱਸਾ ਖੋਲ੍ਹਿਆ ਹੀ ਨਹੀਂ ਸੀ, ਜਿਸ ਨਾਲ ਉਹ ਪਿੱਛੇ ਬੰਨ੍ਹੀ ਪਈ ਸੀ!

ਮਤਲਬ ਸਾਫ ਸੀ ਕਿ ਉਸ ਕਿਸ਼ਤੀ ਨਾਲ ਬੰਨ੍ਹਿਆ ਰੱਸਾ ਸਾਡੀ ਅਸਲੀ ਜ਼ਿੰਦਗੀ ਵਿਚ ਪਿਛਾਂਹ-ਖਿੱਚੂ ਖ਼ਿਆਲਾਂ ਦਾ ਕੰਮ ਕਰਦਾ ਹੈ। ਜੇ ਪੂਰੇ ਹੋਸ਼ੋ ਹਵਾਸ ਵਿਚ ਅਤੇ ਪੂਰੇ ਧਿਆਨ ਨਾਲ ਆਪਣਾ ਕੰਮ ਕੀਤਾ ਜਾਏ ਤਾਂ ਉਸ ਦੇ ਪੂਰੇ ਹੋਣ ਦੇ ਆਸਾਰ ਵੱਧ ਹੁੰਦੇ ਹਨ। ਇਹ ਪਿਛਾਂਹ-ਖਿੱਚੂ ਖ਼ਿਆਲ ਸਾਡੀ ਇਨਸਾਨੀਅਤ ਅਤੇ ਸੋਚ ਉਤੇ ਕਿਵੇਂ ਹਾਵੀ ਹੋ ਜਾਂਦੇ ਹਨ, ਇਸ ਬਾਰੇ ਮੈਂ ਆਪਣੀ ਜ਼ਿੰਦਗੀ ਦੀ ਇਕ ਅਭੁੱਲ ਯਾਦ ਸਭ ਨਾਲ ਸਾਂਝੀ ਕਰਨੀ ਚਾਹਾਂਗੀ। ਮੇਰੀ ਬੇਟੀ ਉਦੋਂ ਕਾਫੀ ਛੋਟੀ ਸੀ ਤੇ ਉਸ ਨੇ ਅਜੇ ਮਸਾਂ ਤੁਰਨਾ ਹੀ ਸਿਖਿਆ ਸੀ। ਅਸੀਂ ਗੋਆ ਗਏ ਹੋਏ ਸੀ। ਸ਼ਾਮ ਨੂੰ ਸਮੁੰਦਰ ਕੰਢੇ ਘੁੰਮਣ ਨਿਕਲੇ ਤਾਂ ਉਥੇ ਹੋਰ ਵੀ ਕਾਫੀ ਸਾਰੇ ਟੱਬਰ ਆਪੋ-ਆਪਣੇ ਬੱਚਿਆਂ ਨਾਲ ਘੁੰਮਦੇ ਫਿਰਦੇ ਪਏ ਸਨ।

ਉਥੇ ਇਕ ਬਜ਼ੁਰਗ ਗਰੀਬ ਔਰਤ ਸਮੁੰਦਰ ਕੰਢੇ ਫਿਰਦੀ ਪਈ ਸੀ ਜੋ ਸਮੁੰਦਰ ਦੇ ਕੰਢੇ ਤੋਂ ਕੁੱਝ ਧਿਆਨ ਨਾਲ ਦੇਖਦੀ ਤੇ ਚੁਕ ਕੇ ਆਪਣੀ ਝੋਲੀ ਵਿਚ ਇਕੱਠਾ ਕਰੀ ਜਾ ਰਹੀ ਸੀ। ਸਾਡੇ ਆਸਪਾਸ ਸਭ ਅਮੀਰ ਘਰਾਂ ਦੇ ਬੰਦੇ ਖੜ੍ਹੇ ਆਪਣੇ ਬੱਚਿਆਂ ਨੂੰ ਹਦਾਇਤਾਂ ਦੇ ਰਹੇ ਸਨ ਕਿ ਇਸ ਔਰਤ ਤੋਂ ਦੂਰ ਰਹਿਓ। ਅਜਿਹੀਆਂ ਔਰਤਾਂ ਚੋਰ ਹੁੰਦੀਆਂ ਨੇ ਤੇ ਬੱਚੇ ਚੁਕ ਕੇ ਲੈ ਜਾਂਦੀਆਂ ਨੇ। ਕੋਈ ਕਹੇ ਕਿ ਅਜਿਹੀਆਂ ਔਰਤਾਂ ਨੂੰ ਤਾਂ ਏਥੇ ਵੜਨ ਤੋਂ ਹੀ ਮਨਾਹੀ ਕਰ ਦੇਣੀ ਚਾਹੀਦੀ ਹੈ। ਹਰ ਇਕ ਜਣਾ ਆਪਣੀ ਸੋਚ ਅਨੁਸਾਰ ਉਸ ਗਰੀਬ ਔਰਤ ਨੂੰ ਭੰਡ ਰਿਹਾ ਸੀ।

ਉਹ ਔਰਤ ਚੁੱਪ-ਚਾਪ ਥੱਲਿਓਂ ਚੀਜ਼ਾਂ ਚੁਕਦੀ ਛੋਟੇ ਬੱਚਿਆਂ ਵੱਲ ਦੇਖਦੀ ਅਤੇ ਮੁਸਕੁਰਾਉਂਦੀ ਹੋਈ ਆਪਣਾ ਕੰਮ ਕਰੀ ਜਾ ਰਹੀ ਸੀ। ਹਾਲੇ ਅੱਧਾ ਕੁ ਘੰਟਾ ਹੀ ਲੰਘਿਆ ਹੋਵੇਗਾ ਤੇ ਅਸੀਂ ਸੈਰ ਕਰਦੇ ਹੋਏ ਥੋੜ੍ਹਾ ਅਗਾਂਹ ਲੰਘ ਗਏ ਸੀ ਕਿ ਪਿੱਛੋਂ ਕੁੱਝ ਰੌਲਾ ਜਿਹਾ ਪਿਆ ਸੁਣਿਆ। ਮੁੜ ਕੇ ਦੇਖਿਆ ਤਾਂ ਇਕ ਥਾਂ ਉਤੇ ਭੀੜ ਇਕੱਠੀ ਹੋਈ ਦਿਸੀ। ਅਸੀਂ ਸੋਚਿਆ ਕਿਤੇ ਕੋਈ ਡੁੱਬ ਨਾ ਗਿਆ ਹੋਵੇ ਜਾਂ ਡਾਕਟਰੀ ਸਹਾਇਤਾ ਦੀ ਲੋੜ ਨਾ ਹੋਵੇ, ਸੋ ਭੱਜ ਕੇ ਵਾਪਸ ਭੀੜ ਵੱਲ ਗਏ।

ਮੈਂ ਆਪਣੀ ਬੇਟੀ ਨੂੰ ਗੋਦੀ ਚੁੱਕ ਕੇ ਪਿੱਛੇ ਖਲੋ ਗਈ ਤੇ ਮੇਰੇ ਪਤੀ ਝੱਟ ਭੀੜ ਨੂੰ ਚੀਰ ਕੇ ਅਗਾਂਹ ਲੰਘੇ ਤਾਂ ਦੇਖਿਆ ਕਿ ਉਸੇ ਬਜ਼ੁਰਗ ਗਰੀਬ ਔਰਤ ਨੂੰ ਲੋਕ ਮਾਰ ਰਹੇ ਸਨ। ਪਿਛੇ ਖੜ੍ਹੇ ਵੀ ਸਾਰੇ ਲੋਕ ਉਹੀ ਦੁਹਰਾਉਣ ਲੱਗ ਪਏ ਕਿ ਇਹ ਲੋਕ ਹੁੰਦੇ ਹੀ ਚੋਰ ਹਨ; ਇਹ ਔਰਤ ਤਾਂ ਸ਼ਕਲੋਂ ਹੀ ਚੋਰ ਜਾਪਦੀ ਸੀ, ਵੇਖੋ ਕਿਵੇਂ ਸਾਡੇ ਬੱਚਿਆਂ ਵੱਲ ਦੰਦ ਕੱਢ-ਕੱਢ ਕੇ ਦੇਖਦੀ ਪਈ ਸੀ।

ਮੇਰੇ ਪਤੀ ਨੇ ਅਗਾਂਹ ਹੋ ਕੇ ਮਾਮਲਾ ਪੁੱਛਿਆ ਤਾਂ ਕਿਸੇ ਨੇ ਦੱਸਿਆ ਕਿ ਉਸ ਦਾ ਕਾਲੇ ਰੰਗ ਦਾ ਪਰਸ ਇਸ ਔਰਤ ਨੇ ਚੁੱਕਿਆ ਸੀ। ਉਦੋਂ ਤੱਕ ਉਸ ਔਰਤ ਦੇ ਮੂੰਹੋਂ ਲਹੂ ਵਗਣ ਲੱਗ ਪਿਆ ਹੋਇਆ ਸੀ ਪਰ ਉਹ ਬੋਲ ਕੁੱਝ ਨਹੀਂ ਰਹੀ ਸੀ। ਸਿਰਫ ਹੱਥ ਹਿਲਾ ਕੇ ਤੇ ਸਿਰ ਮਾਰ ਕੇ ‘ਨਾ’ ‘ਨਾ’ ਦੇ ਇਸ਼ਾਰੇ ਕਰ ਰਹੀ ਸੀ ਤੇ ਪੱਲੂ ਨੂੰ ਘੁੱਟ ਕੇ ਫੜੀ ਬੈਠੀ ਸੀ। ਕਿਸੇ ਨੇ ਉਸ ਦੀ ਮੁੱਠੀ ਵਿੱਚੋਂ ਪੱਲੂ ਖਿੱਚਿਆ ਤਾਂ ਉਸ ਵਿਚੋਂ ਛੋਟੇ ਛੋਟੇ ਸ਼ੀਸ਼ੇ ਅਤੇ ਸ਼ਰਾਬ ਦੀਆਂ ਬੋਤਲਾਂ ਦੇ ਟੋਟੇ ਖਿੱਲਰ ਗਏ। ਉਨ੍ਹਾਂ ਵਿਚ ਹੀ ਇਕ ਸ਼ਰਾਬ ਦੀ ਬੋਤਲ ਦਾ ਵੱਡਾ ਟੁਕੜਾ ਸੀ, ਜਿਸ ਉਤੇ ਕਾਲਾ ਲੇਬਲ ਲੱਗਿਆ ਹੋਇਆ ਸੀ, ਜਿਸ ਨੂੰ ਗ਼ਲਤੀ ਨਾਲ ਦੂਰ ਖੜ੍ਹੇ ਬੰਦੇ ਨੇ ਸੋਚਿਆ ਕਿ ਉਸ ਦੇ ਕੱਪੜਿਆਂ ਵਿਚੋਂ ਉਹ ਔਰਤ ਪਰਸ ਚੁੱਕ ਰਹੀ ਸੀ ਜਦੋਂ ਕਿ ਉਹ ਔਰਤ ਉਥੇ ਕੋਲ ਪਿਆ ਸ਼ੀਸ਼ੇ ਦਾ ਟੁਕੜਾ ਚੁੱਕ ਰਹੀ ਸੀ।

ਏਨੇ ਨੂੰ ਇਕ ਕੋਲਡ ਡਰਿੰਕ ਵੇਚਦਾ ਬਾਰਾਂ ਕੁ ਵਰ੍ਹਿਆਂ ਦਾ ਬੱਚਾ ਭੱਜਿਆ ਆਇਆ ਤੇ ਭੀੜ ਕੋਲ ਆ ਕੇ ਬੋਲਿਆ, ”ਇਹ ਤਾਂ ਬੀਬੀ ਬੋਲ ਨਹੀਂ ਸਕਦੀ। ਇਹਦਾ ਆਪਣਾ ਕੋਈ ਨਹੀਂ। ਇਹਦਾ ਬੱਚਾ ਅਤੇ ਪਤੀ ਐਕਸੀਡੈਂਟ ਵਿਚ ਮਰ ਗਏ ਸਨ, ਕਿਸੇ ਸ਼ਰਾਬੀ ਦੀ ਕਾਰ ਹੇਠਾਂ ਆ ਕੇ। ਇਹ ਔਰਤ ਉਹ ਸਦਮਾ ਝੱਲ ਨਹੀਂ ਸਕੀ ਤੇ ਇਸ ਦੀ ਜ਼ਬਾਨ ਬੰਦ ਹੋ ਗਈ। ਅੱਜ ਵੀ ਸਭ ਬੱਚਿਆਂ ਨੂੰ ਆਪਣਾ ਬੱਚਾ ਮੰਨਦੀ ਹੋਈ ਉਨ੍ਹਾਂ ਨੂੰ ਪਿਆਰ ਕਰਦੀ ਰਹਿੰਦੀ ਹੈ। ਕਿਸੇ ਦੇ ਬੱਚੇ ਦੇ ਪੈਰ ਵਿਚ ਇਹ ਟੁੱਟੀਆਂ ਸ਼ਰਾਬ ਦੀਆਂ ਬੋਤਲਾਂ ਦੇ ਸ਼ੀਸ਼ੇ ਨਾ ਵੱਜ ਜਾਣ, ਇਸੇ ਲਈ ਕਿਨਾਰੇ ਤੋਂ ਇਹ ਰੋਜ਼ ਚੁੱਕਦੀ ਰਹਿੰਦੀ ਹੈ। ਅਸੀਂ ਬਥੇਰੀ ਵਾਰ ਇਸ ਨੂੰ ਟੋਕਿਆ, ਪਰ ਇਹ ਮੰਨਦੀ ਹੀ ਨਹੀਂ।”

ਸਾਰੇ ਇਹ ਸੁਣ ਕੇ ਸ਼ਰਮਿੰਦਾ ਜਿਹੇ ਹੋ ਕੇ ਇਧਰ ਉਧਰ ਖਿਸਕ ਗਏ। ਉਸ ਬੰਦੇ ਨੂੰ ਵੀ ਆਪਣੇ ਲਾਹੇ ਹੋਏ ਕੱਪੜਿਆਂ ਵਿਚੋਂ ਆਪਣਾ ਪਰਸ ਲੱਭ ਪਿਆ, ਜਿਹੜਾ ਇਸ ਬਜ਼ੁਰਗ ਗਰੀਬ ਔਰਤ ਨੂੰ ਕੁੱਟ ਰਿਹਾ ਸੀ। ਮੇਰੇ ਪਤੀ ਨੇ ਉਸ ਔਰਤ ਨੂੰ ਸਹਾਰਾ ਦੇ ਕੇ ਖੜ੍ਹਾ ਕੀਤਾ ਤੇ ਉਸ ਦੇ ਜ਼ਖਮ ਸਾਫ ਕਰਨ ਲਈ ਅਸੀਂ ਆਪਣੇ ਨਾਲ ਹੀ ਉਸ ਨੂੰ ਹੋਟਲ ਵੱਲ ਲੈ ਗਏ। ਉਸ ਔਰਤ ਦੀਆਂ ਅੱਖਾਂ ਵਿਚੋਂ ਹੰਝੂਆਂ ਦੀ ਝੜੀ ਵਹਿ ਰਹੀ ਸੀ ਤੇ ਸਾਡੇ ਨਾਲ ਤੁਰਨ ਤੋਂ ਪਹਿਲਾਂ ਉਸ ਨੇ ਉਹ ਸਾਰੇ ਖਿੱਲਰੇ ਹੋਏ ਸ਼ੀਸ਼ੇ ਮੁੜ ਚੁੱਕੇ ਤਾਂ ਜੋ ਉਸ ਨੂੰ ਮਾਰਨ ਵਾਲਿਆਂ ਦੇ ਪੈਰ ਕਿਤੇ ਜ਼ਖਮੀ ਨਾ ਹੋ ਜਾਣ। ਉਹ ਦੁਕਾਨਦਾਰ ਬੱਚਾ ਵੀ ਸਾਡੇ ਨਾਲ ਹੀ ਤੁਰ ਪਿਆ।

ਉਸ ਔਰਤ ਕੋਲੋਂ ਤਾਂ ਰੱਬ ਨੇ ਜ਼ੁਬਾਨ ਖੋਹ ਲਈ ਸੀ ਪਰ ਮੇਰੇ ਕੋਲ ਜ਼ੁਬਾਨ ਹੁੰਦਿਆਂ ਵੀ ਕੋਈ ਲਫਜ਼ ਨਹੀਂ ਸਨ ਕਿ ਮੈਂ ਉਸ ਨੂੰ ਕੁੱਝ ਕਹਿ ਸਕਦੀ। ਹੋਟਲ ਵਾਲਿਆਂ ਨੇ ਸਾਨੂੰ ਉਸ ਔਰਤ ਨੂੰ ਅੰਦਰ ਨਾ ਲਿਜਾਣ ਦਿੱਤਾ ਕਿਉਂਕਿ ਅਜਿਹੇ ਕੱਪੜਿਆਂ ਵਾਲੇ ਲੋਕ ਹੋਟਲ ਵਿਚ ਦਾਖਲ ਨਹੀਂ ਹੋ ਸਕਦੇ। ਮੇਰੇ ਪਤੀ ਕਮਰੇ ਵਿਚੋਂ ਪੱਟੀ ਤੇ ਦਵਾਈ ਲੈਣ ਚਲੇ ਗਏ ਤੇ ਮੈਂ ਉਥੇ ਹੀ ਬਾਹਰ ਉਸ ਕੋਲ ਬੈਠ ਗਈ। ਔਰਤ ਹੋਣ ਦੇ ਨਾਤੇ ਮੈਂ ਉਸ ਦਾ ਦਰਦ ਬਾਖ਼ੂਬੀ ਸਮਝ ਸਕਦੀ ਸੀ ਤੇ ਮਾਂ ਹੋਣ ਦੇ ਨਾਤੇ ਵੀ। ਅਸੀਂ ਆਪੋ ਵਿਚ ਬੋਲੇ ਕੁੱਝ ਨਾ, ਪਰ ਸਾਡੇ ਦੋਵਾਂ ਦੀਆਂ ਅੱਖਾਂ ਵਿਚਲੇ ਹੰਝੂ ਸਾਰੀ ਗੱਲ ਕਰ ਗਏ। ਮੈਂ ਆਪਣੀ ਬੇਟੀ ਨੂੰ ਉਸ ਦੀ ਗੋਦ ਵਿਚ ਬਿਠਾ ਦਿੱਤਾ ਤੇ ਕਿਹਾ ਕਿ ਉਸ ਔਰਤ ਨੂੰ ‘ਨਾਨੀ’ ਕਹਿ ਕੇ ਬੁਲਾਏ। ਉਸ ਦਾ ਮਨ ਪਹਿਲਾਂ ਹੀ ਭਰਿਆ ਪਿਆ ਸੀ ਇਸੇ ਲਈ ਉਹ ਔਰਤ ਇਹ ਲਫਜ਼ ਸੁਣਦੇ ਸਾਰ ਬਹੁਤ ਜ਼ਿਆਦਾ ਰੋਈ। ਮੈਂ ਵੀ ਚਾਹੁੰਦੀ ਸੀ ਕਿ ਉਸ ਦੀ ਸਾਰੀ ਭੜਾਸ ਨਿਕਲ ਜਾਵੇ।

ਮੇਰੇ ਪਤੀ ਨੇ ਉਸ ਦੇ ਜ਼ਖ਼ਮ ਸਾਫ ਕਰਕੇ ਦਵਾਈ ਲਗਾ ਦਿੱਤੀ ਤੇ ਕੁੱਝ ਫਲ ਉਸ ਨੂੰ ਫੜਾ ਦਿੱਤੇ। ਉਹ ਔਰਤ ਦੁਕਾਨਦਾਰ ਮੁੰਡੇ ਨਾਲ ਉਥੋਂ ਚਲੀ ਗਈ। ਸਾਰਾ ਦਿਨ ਸਾਡਾ ਮਨ ਭਰਿਆ ਰਿਹਾ ਕਿ ਅਸੀਂ ਮਾੜੇ ਖਿਆਲਾਂ ਨੂੰ ਏਨੀ ਜ਼ਿਆਦਾ ਤਰਜੀਹ ਦੇਣ ਲੱਗ ਪਏ ਹਾਂ ਕਿ ਕਿਸੇ ਦੀ ਇਨਸਾਨੀਅਤ ਉਤੇ ਵੀ ਸ਼ੱਕ ਕਰਨ ਲੱਗ ਪੈਂਦੇ ਹਾਂ। ਇਹ ਕਿਹੋ ਜਿਹੀ ਸੋਚ ਹੈ ਕਿ ਉਹ ਔਰਤ ਗਰੀਬ ਹੈ, ਪਾਟੇ ਕੱਪੜਿਆਂ ਵਾਲੀ ਹੈ ਤਾਂ ਜ਼ਰੂਰ ਚੋਰ ਹੀ ਹੋਵੇਗੀ ਤੇ ਉਸ ਦੀ ਨੀਅਤ ਖ਼ਰਾਬ ਹੀ ਹੋਵੇਗੀ। ਉਥੇ ਖੜ੍ਹੇ ਅਮੀਰ ਤੇ ਕਹਿੰਦੇ ਕਹਾਉਂਦੇ ਸੱਜਣ ਪੁਰਸ਼ਾਂ ਵਿੱਚੋਂ ਕਿਸੇ ਇਕ ਨੂੰ ਵੀ ਇਹ ਖ਼ਿਆਲ ਨਹੀਂ ਸੀ ਆਇਆ ਕਿ ਉਹ ਵੀ ਇਹ ਸ਼ੀਸ਼ੇ ਚੁੱਕ ਕੇ ਪਰ੍ਹਾਂ ਕਰ ਦੇਣ ਕਿ ਕਿਸੇ ਹੋਰ ਦੇ ਪੈਰਾਂ ਵਿਚ ਨਾ ਵੱਜਣ।

ਅਗਲੇ ਦਿਨ ਸਵੇਰੇ ਸਾਨੂੰ ਹੋਟਲ ਦੀ ਰਿਸੈਪਸ਼ਨ ਤੋਂ ਕਮਰੇ ਵਿਚ ਫੋਨ ਆਇਆ ਕਿ ਉਹੀ ਬਜ਼ੁਰਗ ਗਰੀਬ ਔਰਤ ਸਾਨੂੰ ਮਿਲਣ ਆਈ ਹੈ। ਮੈਂ ਤੇ ਮੇਰੇ ਪਤੀ ਉਸ ਨੂੰ ਝੱਟ ਥੱਲੇ ਮਿਲਣ ਆ ਗਏ। ਮੇਰੀ ਬੇਟੀ ਹਾਲੇ ਕਮਰੇ ਵਿਚ ਸੁੱਤੀ ਹੀ ਪਈ ਸੀ। ਉਹ ਮੁੰਡਾ ਉਸ ਵੇਲੇ ਵੀ ਉਸ ਔਰਤ ਦੇ ਨਾਲ ਸੀ। ਉਸ ਨੇ ਦੱਸਿਆ ਕਿ ਉਹ ਔਰਤ ਮੇਰੀ ਬੱਚੀ ਲਈ ਨਿੱਕੇ ਨਿੱਕੇ ਘੋਗਿਆਂ ਦੀ ਮਾਲਾ ਬਣਾ ਕੇ ਲਿਆਈ ਸੀ ਤੇ ਆਪਣੇ ਹੱਥੀਂ ਇਕ ਕੇਕੜਾ ਵੀ ਸਾਡੇ ਖਾਣ ਲਈ ਭੁੰਨ ਕੇ ਲਿਆਈ ਸੀ। ਕੇਕੜਾ ਇਕ ਮਹਿੰਗੀ ਸੌਗਾਤ ਮੰਨੀ ਜਾਂਦੀ ਹੈ। ਅਸੀਂ ਕੇਕੜਾ ਖਾਂਦੇ ਨਹੀਂ ਸੀ ਪਰ ਉਸ ਦਾ ਪਿਆਰ ਦੇਖਦੇ ਹੋਏ ਮੋੜਿਆ ਨਾ ਗਿਆ ਕਿਉਂਕਿ ਉਸ ਨੇ ਕਈ ਘੰਟਿਆਂ ਦੀ ਮਿਹਨਤ ਨਾਲ ਉਹ ਬਣਾਇਆ ਸੀ। ਅਸੀਂ ਉਹ ਡੱਬਾ ਫੜ ਲਿਆ। ਸੋਚਿਆ ਕਿ ਕਮਰੇ ਵਿਚ ਹੀ ਰੱਖ ਦੇਵਾਂਗੇ ਜਾਂ ਕਿਸੇ ਹੋਰ ਨੂੰ ਦੇ ਦੇਵਾਂਗੇ।

ਅਸੀਂ ਉਸੇ ਦਿਨ ਦੁਪਹਿਰੇ ਵਾਪਸ ਆਉਣਾ ਸੀ ਸੋ ਆਪਣਾ ਪਤਾ ਉਸ ਨੂੰ ਲਿਖ ਕੇ ਫੜਾ ਦਿੱਤਾ ਕਿ ਲੋੜ ਪੈਣ ਉਤੇ ਸਾਨੂੰ ਸੁਨੇਹਾ ਪਹੁੰਚਾ ਸਕਦੀ ਸੀ। ਉਸ ਕੋਲੋਂ ਮਾਲਾ ਫੜ ਕੇ ਜਦੋਂ ਮੈਂ ਹੋਟਲ ਅੰਦਰ ਵੜੀ ਤਾਂ ਇਕ ਹੋਰ ਜੋੜਾ ਅੱਗੋਂ ਬਾਹਰ ਵੱਲ ਆ ਰਿਹਾ ਸੀ। ਮੈਨੂੰ ਦੇਖ ਕੇ ਉਹ ਅਮੀਰ ਔਰਤ ਝੱਟ ਬੋਲੀ ”ਅਜਿਹੇ ਲੋਕ ਟੂਣਾ ਕਰ ਦਿੰਦੇ ਹੁੰਦੇ ਨੇ। ਇਨ੍ਹਾਂ ਕੋਲੋਂ ਫੜੀ ਮਾਲਾ ਇੱਥੇ ਹੀ ਸੁੱਟ ਦਿਓ”। ਮੇਰੇ ਕੋਲੋਂ ਬੋਲੇ ਬਿਨਾਂ ਰਿਹਾ ਨਹੀਂ ਗਿਆ ਕਿ ਜੇ ਮਾਂ ਦਾ ਪਿਆਰ ਟੂਣਾ ਹੁੰਦਾ ਹੈ ਤਾਂ ਮੈਨੂੰ ਅਜਿਹਾ ਟੂਣਾ ਵੀ ਮਨਜ਼ੂਰ ਹੈ।

ਅਜਿਹੇ ਖ਼ਿਆਲ ਸਾਨੂੰ ਦੂਜੇ ਦੀ ਚੰਗਿਆਈ ਦੇਖਣ ਹੀ ਨਹੀਂ ਦਿੰਦੇ ਤੇ ਸਾਡੇ ਦਿਮਾਗ ਉਤੇ ਇਸ ਕਦਰ ਹਾਵੀ ਹੋ ਚੁੱਕੇ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਬਕ ਪੜ੍ਹਾਉਣ ਲੱਗ ਚੁੱਕੇ ਹਾਂ। ਇਸੇ ਕਰਕੇ ਸਾਡੇ ਬੱਚੇ ਵੀ ਹੁਣ ਅਜਿਹਾ ਹੀ ਬੋਲਣ ਲੱਗ ਪਏ ਹਨ-‘ਜੇ’ ਮੈਂ ਪਹਿਲੇ ਨੰਬਰ ਉਤੇ ਨਾ ਆਇਆ ਤਾਂ, ‘ਜੇ’ ਮੈਂ ਪਾਸ ਨਾ ਹੋਇਆ ਤਾਂ, ‘ਜੇ’ ਨਾ ਪਹੁੰਚਿਆ ਗਿਆ ਤਾਂਸ਼, ਆਦਿ। ਇਸ ਨਾਲ ਉਨ੍ਹਾਂ ਦੇ ਕੰਮ ਕਰਨ ਦੀ ਤਾਕਤ ਘਟਣੀ ਹੀ ਹੋਈ। ਬੱਚਿਆਂ ਨੂੰ ਇਹੀ ਸਮਝਾਉਣਾ ਠੀਕ ਹੈ ਕਿ ਕੰਮ ਕਰੋਗੇ ਤਾਂ ਹੀ ਸਫਲਤਾ ਮਿਲੇਗੀ। ਕੰਮ ਕੀਤਾ ਕਦੇ ਅਜਾਈਂ ਨਹੀਂ ਜਾਂਦਾ। ਜੇ ਇਕ ਰਾਹ ਬੰਦ ਹੋ ਵੀ ਜਾਏਗਾ ਤਾਂ ਹੋਰ ਬਥੇਰੇ ਰਾਹ ਖੁੱਲ੍ਹੇ ਮਿਲ ਜਾਂਦੇ ਹਨ ਪਰ ਕੰਮ ਸ਼ੁਰੂ ਤਾਂ ਕੀਤਾ ਜਾਏ। ਇਹ ਸੋਚ ਕੇ ਬਹਿ ਜਾਣਾ ‘ਜੇ’ ਸਫਲਤਾ ਨਾ ਮਿਲੀ.., ਬਿਲਕੁਲ ਹੀ ਗ਼ਲਤ ਹੈ। ਆਪਣੇ ਬੱਚਿਆਂ ਵਿਚ ਅਗਾਂਹਵਧੂ ਸੋਚ ਭਰਨ ਲਈ ਇਹ ਸਿੱਖਿਆ ਕੈਸੀ ਰਹੇਗੀ- ”ਜੇ ਕੋਈ ਨਿਯਮ ਪਸੰਦ ਨਹੀਂ ਹੈ ਜਾਂ ਉਸ ਤੋਂ ਤੰਗ ਹੋ, ਤਾਂ ਕਿੰਤੂ ਪਰੰਤੂ ਕਰਨ ਦੀ ਥਾਂ ਆਪਣੇ ਕੰਮ ਵਿਚ ਨਿੱਠ ਕੇ ਲੱਗ ਜਾਵੋ ਤੇ ‘ਜੇ’ ਸ਼ਬਦ ਤਿਆਗ ਕੇ ਸਿਖਰ ਉਤੇ ਪਹੁੰਚੋ, ਆਪਣੇ ਰੁਤਬੇ ਦੀ ਤਾਕਤ ਨਾਲ ਉਹ ਨਿਯਮ ਬਦਲੋ ਤਾਂ ਜੋ ਹੋਰ ਲੋਕ ਵੀ ਉਸ ਤਕਲੀਫ ਤੋਂ ਨਿਜਾਤ ਪਾਉਣ।”

ਆਪਣੇ ਉਤੇ ਵੀ ਇਹੀ ਨਿਯਮ ਲਾਗੂ ਕਰ ਵੇਖੋ ਤੇ ਫਿਰ ਮਾਣੋ ਆਪਣੇ ਅੰਦਰ ਨਵੀਂ ਭਰ ਚੁੱਕੀ ਤਾਜ਼ਗੀ ਦਾ ਆਨੰਦ! ਜਦੋਂ ਕਦੇ ਥੱਕੇ ਹਾਰੇ ਜਾਪੋ ਤਾਂ ਯਾਦ ਕਰ ਲਇਓ-

”ਜ਼ਿੰਦਗੀ ਕੀ ਅਸਲੀ ਉੜਾਨ
ਆਪਕੀ ਅਭੀ ਬਾਕੀ ਹੈ,
ਆਪਕੇ ਇਰਾਦੋਂ ਕਾ
ਇਮਤਿਹਾਨ ਅਭੀ ਬਾਕੀ ਹੈ,
ਅਭੀ ਤੋਂ ਨਾਪੀ ਹੈ ਮੁਠੀ ਭਰ ਜ਼ਮੀਂ,
ਆਗੇ ਸਾਰਾ ਆਸਮਾਨ ਬਾਕੀ ਹੈ।”

Comments

comments

Share This Post

RedditYahooBloggerMyspace