ਪੰਜਾਬ ਹਤਾਸ਼ ਹੈ

ਡਾ ਗੁਰਬਖ਼ਸ਼ ਸਿੰਘ ਭੰਡਾਲ
(ਲੇਖਕ)

ਪੰਜਾਬ ਹਤਾਸ਼ ਅਤੇ ਨਿਰਾਸ਼ ਹੈ। ਉਦਾਸ ਅਤੇ ਬੇਆਸ ਹੈ। ਗ਼ਮਗੀਨ ਅਤੇ ਸੁਪਨਹੀਣ ਹੈ। ਲਾਚਾਰ ਅਤੇ ਬਿਮਾਰ ਹੈ। ਰਿਆੜਦਾ ਅਤੇ ਦੁਹਾੜਦਾ ਹੈ। ਵਖ਼ਤ ਤੇ ਵਕਤ ਵਿਚ ਦਰੜਿਆ, ਆਪਣੀ ਆਉਧ ਦਾ ਪਛਤਾਵਾ। ਕਿਸੇ ਗੈਬੀ ਆਸ ਵੰਨੀਂ ਧਿਆਨ ਧਰੀ, ਖ਼ੁਦ ਤੋਂ ਹੀ ਬੇਮੁੱਖ ਹੈ।

 

ਪੰਜਾਬ ਨੂੰ ਬਹੁਤ ਸਾਰੀਆਂ ਅਲਾਮਤਾਂ ਨੇ ਘੇਰ ਲਿਆ ਏ। ਕੁਝ ਆਪਣਿਆਂ ਨੇ ਦਿੱਤੀਆਂ ਤੇ ਕੁਝ ਪਰਾਇਆਂ ਦੀ ਚਾਲ ਨੇ ਪੰਜਾਬ ਦੇ ਗਲ ‘ਚ ਪਾ ਦਿੱਤੀਆਂ। ਪੰਜਾਬ ਦਾ ਇਤਿਹਾਸ ਸਦਾ ਹੀ ਤਰਾਸਦੀਆਂ ਨੂੰ ਹੰਢਾਉਣਾ ਅਤੇ ਇਹਨਾਂ ਤੋਂ ਉਭਰਨਾ ਰਿਹਾ ਏ। ਪਰ ਜਦ ਕਿਸੇ ਦੀਆਂ ਜੜ੍ਹਾਂ ‘ਣ ਅੱਕ ਚੋਇਆ ਜਾਵੇ, ਹਿੱਕ ਵਿਚ ਜ਼ਹਿਰ ਦੀ ਪਿਉਂਦ ਲਾਈ ਜਾਵੇ ਅਤੇ ਦਿੱਖ ਨੂੰ ਵਿਗਾੜਨ ਲਈ ਹਰ ਹਰਬਾ ਵਰਤਿਆ ਜਾਵੇ ਤਾਂ ਚੰਗੇਰੇ ਭਵਿੱਖ ਦੀ ਆਸ ਬੇਵਾ ਹੋ ਜਾਂਦੀ ਹੈ। ਸੁਹੱਪਣ ਨੂੰ ਸਿਉਂਕ, ਸਿਹਤਮੰਦੀ ਨੂੰ ਅਲਾਮਤਾਂ, ਸਦਭਾਵਨਾ ਵਿਚ ਬੇਗਾਨਗੀ ਅਤੇ ਸਮਾਜਿਕ ਤੰਦਾਂ ਦੀ ਪਾਕੀਜ਼ਗੀ ਤੇ ਪਕਿਆਈ ਨੂੰ ਕਚਿਆਈ ਕਰਨ ਲਈ ਜਦ ਬਿਗਾਨਿਆਂ ਨਾਲ ਆਪਣੇ ਵੀ ਰਲ ਜਾਣ ਤਾਂ ਕੁਝ ਵਧੀਆ ਅਤੇ ਭਵਿੱਖਮੁਖੀ ਹੋਣ ਦੀ ਆਸ ਵੀ ਮੱਧਮ ਪੈ ਜਾਂਦੀ।

ਪੰਜਾਬ, ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਪੱਧਰ ‘ਤੇ ਅਜੇਹੀ ਰਸਾਤਲ ਵਿਚ ਡਿਗਦਾ ਜਾ ਰਿਹਾ ਹੈ ਕਿ ਜੇ ਇਸਨੂੰ ਸੰਭਾਲਣ ਅਤੇ ਇਸਦੀ ਆਭਾ ਨੂੰ ਪੁਨਰ ਸਥਾਪਤ ਕਰਨ ਵੀ ਸਾਰੀਆਂ ਧਿਰਾਂ ਨੇ ਨਿੱਜੀ ਮੁਫਾਦਾਂ, ਰਾਜਨੀਤਕ ਵਖਰੇਵਿਆਂ ਅਤੇ ਧਾਰਮਿਕ ਸੌੜੇਪਣ ਤੋਂ ਉੱਪਰ ਉੱਠ ਕੇ, ਉਸਾਰੂ ਯੋਗਦਾਨ ਪਾਉਣ ਵਿਚ ਪਹਿਲ-ਕਦਮੀ ਨਾ ਕੀਤਾ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਪੰਜਾਬ ਦੀ ਸਮੁੱਚੀ ਹੋਂਦ ‘ਤੇ ਇਕ ਪ੍ਰਸ਼ਨ ਚਿੰਨ੍ਹ ਸਦੀਵੀ ਖੁਣਿਆ ਜਾਵੇਗਾ। ਅਜੇਹੇ ਪ੍ਰਸ਼ਨ ਚਿੰਨ੍ਹ ਨੂੰ ਕਿਆਸਣ, ਸਮਝਣ ਅਤੇ ਇਸ ਤੋਂ ਬਚਣ ਲਈ ਕਾਰਨਾਂ ਦੀ ਤਹਿ ਤੀਕ ਪਹੁੰਚਣਾ ਬਹੁਤ ਜ਼ਰੂਰੀ। ਬਹੁਤ ਕੁਝ ਕਿਹਾ ਤੇ ਅਣਕਿਹਾ ਵਾਪਰ ਰਿਹਾ ਹੈ ਜੋ ਅਚੇਤ ਅਤੇ ਸੁਚੇਤ ਰੂਪ ਵਿੱਚ ਸਾਡੇ ਸਾਹਮਣੇ ਹੋ ਰਿਹਾ ਹੈ। ਸੱਚ ਤਾਂ ਇਹ ਹੈ ਕਿ ਜਦ ਰਾਜਨੀਤਕ ਲੋਕ ਸਰਕਾਰੀ ਅਦਾਰਿਆਂ ਨੂੰ ਹੜੱਪਣ ਅਤੇ ਆਪਣੀਆਂ ਸਲਤਨਤਾਂ ਖੜੀਆਂ ਕਰਨ ਲਈ ਰੁਚਿਤ ਹੋਣਗੇ ਤਾਂ ਪੰਜਾਬ ਦੇ ਲੋਕ-ਪੱਖੀ ਹਿੱਤਾਂ ‘ਤੇ ਪਹਿਰਾ ਕੌਣ ਦੇਵੇਗਾ?ਅਜੇਹਾ ਪੰਜਾਬ ਦੇ ਹਰ ਖੇਤਰ ਜਿਵੇਂ ਸਿਹਤ, ਸਿੱਖਿਆ, ਟਰਾਂਸਪੋਰਟ ਆਦਿ ਵਿਚ ਹੋ ਰਿਹਾ ਹੈ। ਕੋਈ ਵੀ ਧਿਰ ਇਸ ਗ਼ਲਬਾ ਤੋਂ ਛੁਟਕਾਰਾ ਪਾਉਣ ਦੀ ਚਾਹਵਾਨ ਨਹੀਂ। ਇਸ ਪ੍ਰਤੀ ਕੋਸ਼ਿਸ਼ ਕਰਨਾ ਤਾਂ ਦੂਰ ਦੀ ਗੱਲ।ਪੰਜਾਬ ਦੀ ਤਰਾਸਦੀ ਅਤੇ ਇਸਦੀ ਤਰਸਯੋਗ ਹਾਲਾਤ ਨੂੰ ਹੋਰ ਤਰਸਯੋਗ ਬਣਾਉਣ ਵਿਚ ਸਰਕਾਰੀ ਤੰਤਰ ਬਰਾਬਰ ਦਾ ਭਾਈਵਾਲ। ਸਮੱਸਿਆਵਾਂ ਤੋਂ ਅੱਖਾਂ ਮੀਟ ਕੇ ਅਸੀਂ ਸਮੱਸਿਆ ਹੱਲ ਨਹੀਂ ਕਰਦੇ ਸਗੋਂ ਸਮੱਸਿਆਵਾਂ ਹੋਰ ਗੁੰਝਲਦਾਰ ਹੁੰਦੀਆਂ ਨੇ।

ਪੰਜਾਬੀਆਂ ਦਾ ਪ੍ਰਵਾਸ ਕਰਨ ਦਾ ਰੁਝਾਨ ਤਾਂ ਸਦੀਆਂ ਪੁਰਾਣਾ ਹੈ। ਪਰ ਅਜੋਕੇ ਸਮੇਂ ਵਿਚ ਪੜਾਈ ਦੇ ਬਹਾਨੇ ਪ੍ਰਵਾਸ ਕਰਨਾ ਇਕ ਅਜੇਹਾ ਰੁਝਾਨ ਹੈ ਜਿਸਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ‘ਤੇ ਲਿਆ ਖਲਿਆਰਿਆ ਹੈ। ਪੰਜਾਬ ਵਿਚਲੀ ਬੇਰੁਜ਼ਗਾਰੀ, ਸਿੱਖਿਆ ਦੇ ਨਿੱਜੀ ਕਰਨ ਕਾਰਨ ਮਹਿੰਗੀ, ਮੱਧ-ਪੱਧਰੀ ‘ਤੇ ਰੁਜ਼ਗਾਰਹੀਣ ਸਿੱਖਿਆ ਅਤੇ ਰੁਜ਼ਗਾਰ ਦੇ ਘੱਟ ਰਹੇ ਮੌਕਿਆਂ ਕਾਰਨ ਪੰਜਾਬ ਦੇ 70-80 ਹਜ਼ਾਰ ਵਿਦਿਆਰਥੀ ਹਰ ਸਾਲ ਆਈਲੈਟਸ ਕਰਕੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ ਆਦਿ ਦੇਸ਼ਾਂ ਵਿਚ ਪੜਾਈ ਲਈ ਜਾਣ ਦੇ ਓਹਲੇ ਵਿਚ ਪ੍ਰਵਾਸ ਕਰ ਰਹੇ ਹਨ। ਆਈਲੈਟਸ ਤੋਂ ਲੈ ਕੇ ਵਿਦੇਸ਼ ਵਿਚ ਜਾਣ, ਇਕ ਸਾਲ ਦੀ ਪੜਾਈ ਦੀ ਫ਼ੀਸ ਅਤੇ ਰਹਿਣ ਦਾ ਖਰਚਾ ਅੰਦਾਜ਼ਨ 20 ਕੁ ਲੱਖ ਬਣਦਾ ਹੈ। ਇਸ ਹਿਸਾਬ ਨਾਲ ਲਗਭਗ 15000 ਕਰੋੜ ਰੁਪਇਆ ਪੰਜਾਬ ਤੋਂ ਹਰ ਸਾਲ ਵਿਦੇਸ਼ਾਂ ਨੂੰ ਕਾਨੂੰਨੀ ਰੂਪ ਵਿਚ ਜਾ ਰਿਹਾ ਹੈ। ਇਸ ਵਿਚ ਪ੍ਰਵਾਸੀਆਂ ਵੱਲੋਂ ਪੰਜਾਬ ਵਿਚ ਵੇਚੀਆਂ ਜਾ ਰਹੀਆਂ ਜਾਇਦਾਦਾਂ ਦੇ ਪੈਸੇ ਨੂੰ ਹਵਾਲੇ ਰਾਹੀਂ ਭੇਜੇ ਪੈਸੇ ਨੂੰ ਜੋੜਿਆ ਜਾਵੇ ਤਾਂ ਇਹ ਰਾਸ਼ੀ ਹੋਰ ਵੀ ਵੱਧ ਜਾਂਦੀ। ਇਹ ਰੁਝਾਨ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ। ਜੇ ਪਿਛਲੇ ਦਸ ਕੁ ਸਾਲਾਂ ਦਾ ਹਿਸਾਬ ਲਾਇਆ ਜਾਵੇ ਤਾਂ ਇਹ ਰਾਸ਼ੀ ਇਕ ਲੱਖ ਪੰਜਾਹ ਹਜ਼ਾਰ ਕਰੋੜ ਬਣਦੀ ਹੈ। ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨਾ ਪੈਸੇ ਪੰਜਾਬ ਵਿਚੋਂ ਵਿਦੇਸ਼ ਜਾ ਚੁੱਕਾ ਹੈ। ਪੰਜਾਬ ਦੇ ਇਸ ਆਰਥਿਕ ਅਤੇ ਬੌਧਿਕ ਨੁਕਸਾਨ ਤੋਂ ਇਲਾਵਾ ਉਹ ਨੌਜਵਾਨ ਹੁਣ ਬਾਹਰਲੇ ਦੇਸ਼ਾਂ ਦੀ ਤਰੱਕੀ ਵਿਚ ਯੋਗਦਾਨ ਪਾਉਣਗੇ ਜਿਨ੍ਹਾਂ ਨੇ 40 ਸਾਲ ਤੀਕ ਪੰਜਾਬ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਾ ਸੀ। ਇਹਨਾਂ ਦੇ ਜਾਣ ਨਾਲ ਪੰਜਾਬ ਵਿਚ ਪੈਦਾ ਹੋਏ ਵਸੋਂ ਦੇ ਖ਼ਲਾਅ ਨੂੰ ਬਾਹਰਲੇ ਸੂਬਿਆਂ ਤੋਂ ਆਏ ਲੋਕ ਭਰ ਰਹੇ ਹਨ। ਇਸ ਨਾਲ ਪੰਜਾਬ ਅਤੇ ਪੰਜਾਬੀਅਤ ਦਾ ਸਮੁੱਚਾ ਮੁਹਾਂਦਰਾ ਹੀ ਬਦਲ ਰਿਹਾ ਹੈ। ਪੰਜਾਬੀ ਵਿਰਾਸਤ ਅਤੇ ਸਭਿਆਚਾਰਕ ਵਿਗਾੜ ਪੈਦਾ ਹੋ ਰਹੇ ਹਨ। ਅਜੇਹੇ ਸਥਿਤੀ ਵਿਚ ਪੰਜਾਬ ਦਾ ਅਸਲੀ ਅਤੇ ਮੁੱਢਲਾ ਸਰੂਪ ਨੂੰ ਸੰਭਾਲੀ ਰੱਖਣਾ ਅਸੰਭਵ ਹੋਵੇਗਾ ਕਿਉਂਕਿ ਲੋਕ ਹੀ ਆਪਣੇ ਵਿਰਸੇ ਦਾ ਮਾਣ ਹੁੰਦੇ ਅਤੇ ਉਨ੍ਹਾਂ ਲਈ ਆਪਣੇ ਵਿਰਸੇ ਪ੍ਰਤੀ ਫ਼ਿਕਰਮੰਦੀ ਅਹਿਮ ਹੁੰਦੀ। ਪੰਜਾਬ ਦੀ ਦਿੱਖ ਵਿਚ ਹੋਏ ਬਦਲਾਅ ਨੂੰ ਵੱਡੇ ਨਗਰਾਂ ਵਿਚ ਵੇਖਿਆ ਵੀ ਜਾ ਸਕਦਾ। ਜੇ ਪੰਜਾਬ ਵਿਚ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ, ਛੋਟੇ ਬਿਜ਼ਨਸ ਸਥਾਪਤ ਕਰਨ ਲਈ ਰਿਆਇਤਾਂ ਜਾਂ ਸਰਕਾਰੀ ਸਹਾਇਤਾ ਦੇ ਰੂਪ ਵਿਚ ਹੌਸਲਾ ਅਜਾਈਂ ਮਿਲੇ ਤਾਂ ਇੰਨੇ ਧਨ ਨਾਲ ਉਹ ਪੰਜਾਬ ਵਿਚ ਬਹੁਤ ਕੁਝ ਉਸਾਰੂ ਕਰ, ਪੰਜਾਬ ਦੀ ਉਤਪਤੀ ਵਿਚ ਹਿੱਸਾ ਪਾ ਸਕਦੇ ਹਨ।ਪੰਜਾਬ ਦੇ ਵਿਦਿਆਰਥੀਆਂ ਦੇ ਬਾਹਰ ਜਾਣ ਦੇ ਰੁਝਾਨ ਨੇ ਧੜਾ-ਧੜ ਖੁੱਲ ਰਹੇ ਨਿੱਜੀ ਵਿੱਦਿਅਕ ਅਦਾਰਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਵਿਦਿਆਰਥੀਆਂ ਦੀ ਘਾਟ ਵਿਚ ਇਹ ਕਾਲਜ਼ ਆਪਣੇ ਖ਼ਰਚੇ ਪੁਰੇ ਕਰਨ ਤੋਂ ਅਸਮਰਥ, ਬੰਦ ਹੋਣ ਲੱਗੇ ਹਨ। ਇਹ ਮਾਰੂ ਤਬਦੀਲੀ ਦਾ ਸੂਚਕ ਹੈ। ਪੰਜਾਬ ਤੋਂ ਹੋ ਰਹੇ ਇਸ ਆਰਥਿਕ, ਬੌਧਿਕ ਅਤੇ ਜਵਾਨੀ ਦੇ ਨਿਕਾਸ ਨੂੰ ਰੋਕਣ ਲਈ, ਪੰਜਾਬ ਦੇ ਕਿਸੇ ਵੀ ਲੀਡਰ ਤੋਂ ਆਸ ਦਾ ਰੱਖਣਾ ਬੇਥਵ੍ਹਾ ਹੈ।

ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਅਤੇ ਪੰਜਾਬੀ ਜਵਾਨੀ ਨੂੰ ਖ਼ਤਮ ਕਰਨ ਲਈ ਚੱਲੀ ਚਾਲ ਵਿਚ ਪੰਜਾਬੀਆਂ ਦਾ ਘਾਣ ਹੋ ਗਿਆ ਹੈ। ਸਰੀਰਕ ਕੱਦ-ਕਾਠ ਦੇ ਬੌਣੇਪਣ ਕਾਰਨ ਸੁਰੱਖਿਆ ਬਲਾਂ ਦੀ ਭਰਤੀ ਵਿਚ ਮਾਪਦੰਡਾਂ ‘ਤੇ ਪੂਰੇ ਨਹੀਂ ਉਤਰ ਰਹੇ। ਸਿੱਖਿਆ ਦਾ ਮਿਆਰ ਡਿੱਗਣ ਕਾਰਨ ਸਿਵਲ ਸਰਵਿਸਜ਼ ਵਿਚ ਪੰਜਾਬੀਆਂ ਦੀ ਗਿਣਤੀ ਨਿਗੂਣੀ ਹੈ ਅਤੇ ਪੰਜਾਬ ਦੀ ਅਫ਼ਸਰਸ਼ਾਹੀ ਵਿਚ ਦੂਸਰੇ ਸੂਬਿਆਂ ਦੇ ਅਫ਼ਸਰਾਂ ਦੀ ਬਹੁਤਾਤ ਹੈ। ਧਾਰਮਿਕ ਤੇ ਜਾਤੀ ਸੰਕੀਰਨਤਾ ਦੇ ਦੌਰ ਵਿਚ ਕਈ ਵਾਰ ਅਫ਼ਸਰਾਂ ਦਾ ਇਸ ਤੋਂ ਨਿਰਲੇਪ ਰਹਿਣਾ ਬਹੁਤ ਔਖਾ ਹੁੰਦਾ। ਇਸ ਕਰਕੇ ਪੰਜਾਬ ਤੋਂ ਬਾਹਰਲੇ ਵਿਦਿਆਰਥੀਆਂ ਦੇ ਪੰਜਾਬ ਦੇ ਅਦਾਰਿਆਂ ਵਿਚ ਦਾਖ਼ਲੇ ਅਤੇ ਪੰਜਾਬ ਵਿਚ ਨੌਕਰੀ ਪ੍ਰਾਪਤ ਕਰਨ ਲਈ ਬਣਾਏ ਨਿਯਮਾਂ ਬਾਰੇ ਰਾਜਨੀਤਕ ਲੋਕਾਂ ਨੂੰ ਓਹਲੇ ‘ਚ ਰੱਖਿਆ ਜਾਂਦਾ ਹੈ।

ਪੰਜਾਬ ਦਾ ਜ਼ਹਿਰੀਲਾ ਪਾਣੀ, ਪ੍ਰਦੂਸ਼ਿਤ ਹਵਾ ਅਤੇ ਧਰਤੀ ਵਿਚ ਕੀਟ-ਨਾਸ਼ਕਾਂ ਦੀ ਬਹੁਤਾਤ ਕਾਰਨ ਜ਼ਹਿਰੀਲੇ ਖਾਣੇ ਨੇ ਪੰਜਾਬੀਆਂ ਨੂੰ ਨਿਪੁੰਸਕ ਅਤੇ ਬਿਮਾਰ ਬਣਾ ਦਿੱਤਾ ਏ। ਇਸ ਲਈ ਹੀ ਪੰਜਾਬ ਵਿਚ ਹਸਪਤਾਲ ਹੀ ਹਸਪਤਾਲ ਹਨ। ਫਰਟੀਲਿਟੀ ਸੈਂਟਰ ਵੀ ਧੜਾਧੜ ਖੁੱਲ ਰਹੇ ਹਨ। ਪਰ ਸਿਤਮ ਦੀ ਗੱਲ ਹੈ ਕਿ ਕੋਈ ਨਹੀਂ ਸੋਚਦਾ ਕਿ ਇਹਨਾਂ ਫਰਟੀਲਿਟੀ ਸੈਂਟਰਾਂ ਦੀ ਲੋੜ ਕਿਉਂ ਪਈ? ਕਿਧਰੇ ਫਰਟੀਲਿਟੀ ਸੈਂਟਰ ਰਾਹੀਂ ਪੈਦਾ ਹੋਇਆ ਬੱਚਿਆਂ ਦੇ ਡੀਐਨਏ ਤਾਂ ਨਹੀਂ ਬਦਲੇ ਜਾ ਰਹੇ?ਕੀ ਇਸ ਨਾਲ ਪੰਜਾਬੀਪੁਣੇ ਨੂੰ ਪੜਾਅਵਾਰ ਅਤੇ ਯੋਜਨਾਬੱਧ ਤਰੀਕੇ ਨਾਲ ਖ਼ਤਮ ਕਰਨ ਦੀ ਕੋਈ ਤਰਕੀਬ ਤਾਂ ਨਹੀਂ? ਕੀ ਇਸ ਨੂੰ ਨਿਯਮਤ ਕਰਨ ਬਾਰੇ ਸਰਕਾਰਾਂ ਸਖ਼ਤ ਹਨ? ਕੀ ਇਸ ਪ੍ਰਤੀ ਨਵੇਂ ਬਣੇ ਮਾਪਿਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਨਵ-ਜਨਮੇ ਬੱਚੇ ਦੇ ਡੀਐਨ ਏ ਦੀ ਪਰਖ਼ ਕਰਵਾ ਲੈਣ? ਬਹੁਤ ਸਾਰੇ ਪ੍ਰਸ਼ਨ ਨੇ ਸੁਚੇਤ ਮਨ ‘ਚ।

ਪੰਜਾਬ ਵਿਚ ਨਸ਼ਿਆਂ ਦੀ ਅਲਾਮਤ ਇੰਨਾ ਭਿਆਨਕ ਰੂਪ ਅਖ਼ਤਿਆਰ ਕਰ ਗਈ ਹੈ ਕਿ ਹੁਣ ਮਾਪੇ ਆਪਣੇ ਬੱਚਿਆਂ ਦਾ ਸਿਵਾ ਸੇਕਣ ਲਈ ਮਜਬੂਰ ਨੇ। ਮਾਲਵੇ ਨੂੰ ਕੈਂਸਰ ਦੀ ਭਿਆਨਕਤਾ ਨੇ ਨਿਗਲ ਲਿਆ ਏ ਅਤੇ ਕਿਸਾਨਾਂ ਨੂੰ ਕਰਜ਼ੇ ਦਾ ਦੈਂਤ ਹੜੱਪਣ ਲਈ ਕਾਹਲਾ ਏ। ਨਿੱਤ ਹੁੰਦੀਆਂ ਖੁਦਕੁਸ਼ੀਆਂ ਦੀ ਰੁੱਤ ਨੇ ਵੀ ਪੰਜਾਬ ਦੇ ਦਰੀਂ ਹੀ ਦਸਤਕ ਦੇਣੀ ਸੀ। ਇਸ ਮਰਨਹਾਰੀ ਦਸਤਕ ਨੇ ਘਰਾਂ ਨੂੰ ਉਜਾੜ ਅਤੇ ਪਰਿਵਾਰਾਂ ਨੂੰ ਕੰਗਾਲੀ ਦੀ ਕਗਾਰ ‘ਤੇ ਲਿਆ, ਹਰ ਘਰ ਵਿਚ ਸੱਥਰ ਵਿਛਾਉਣ ਦਾ ਰਾਹ ਪੱਧਰਾ ਕਰ ਦਿੱਤਾ ਏ। ਕੋਈ ਵੀ ਰਾਜਨੀਤਕ ਜਾਂ ਧਾਰਮਿਕ ਆਗੂ ਇਸਦਾ ਸਾਜ਼ਗਾਰ ਹੱਲ ਲੱਭਣ ਲਈ ਪਹਿਲ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਦਾ ਅਵੇਸਲਾਪਣ, ਤਬਾਹੀ ਨੂੰ ਤੂਫ਼ਾਨੀ ਦੌਰ ਦਾ ਦਰਦ ਬਣਾ ਰਿਹਾ ਏ।

ਪੰਜਾਬ ਦੇ ਜਾਏ ਪ੍ਰਵਾਸੀ ਵੀ ਆਪਣੇ ਘਰਾਂ ਨੂੰ ਪਰਤਣ ਤੋਂ ਤ੍ਰਿਹਣ ਲੱਗ ਪਏ ਹਨ। ਬਾਹਰਲੇ ਦੇਸ਼ਾਂ ਵਿਚੋਂ ਕਮਾਈ ਕਰਕੇ, ਪੰਜਾਬ ਵਿਚ ਨਿਵੇਸ਼ ਕਰਨ ਵਾਲੇ ਪੰਜਾਬੀ ਹੁਣ ਆਪਣੀਆਂ ਜਾਇਦਾਦਾਂ ਵੇਚਣ ਲੱਗ ਪਏ ਹਨ। ਇਸ ਕਾਰਨ ਹੀ ਪੰਜਾਬ ਵਿਚ ਜ਼ਮੀਨਾਂ, ਜਾਇਦਾਦਾਂ, ਘਰਾਂ ਅਤੇ ਕੋਠਿਆਂ ਦੇ ਰੇਟ ਬਹੁਤ ਘੱਟ ਗਏ ਹਨ ਜਿਸ ਕਰਕੇ ਪੰਜਾਬੀਆਂ ਨੂੰ ਇਕ ਹੋਰ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਧਰੇ ਪਰਵਾਸੀਆਂ ਦੀਆਂ ਜਾਇਦਾਦਾਂ ਨੂੰ ਕੌਡੀਆਂ ਭਾਅ ਵੇਚਣ ਲਈ ਮਜਬੂਰ ਕਰਨ ਹਿੱਤ ਇਹ ਕੋਈ ਚਾਲ ਤਾਂ ਨਹੀਂ? ਪੰਜਾਬ ‘ਚ ਫੈਲੇ ਡਰ ਕਾਰਨ ਪੰਜਾਬੀਆਂ ਦੀਆਂ ਜਾਇਦਾਦਾਂ ‘ਤੇ ਬੇਗਾਨਿਆਂ ਨੇ ਸਹਿਜੇ ਹੀ ਕਾਬਜ਼ ਹੋ ਜਾਣਾ। ਫਿਰ ਆਪਣੇ ਗਰਾਂ ਨੂੰ ਪਰਤਣ ਅਤੇ ਮਿੱਟੀ ਨੂੰ ਸਿਜਦਾ ਕਰਨ ਲਈ ਵੀ ਤਰਸ ਜਾਣਗੇ ਪੰਜਾਬੀ। ਇਹ ਤਰਾਸਦੀ ਸਾਡੇ ਦਰਾਂ ‘ਤੇ ਦਸਤਕ ਦੇ ਰਹੀ ਹੈ। ਪਰ ਅਸੀਂ ਹੀ ਘੇਸਲ ਮਾਰ ਕੇ ਇਸਨੂੰ ਅਣਗੌਲੀ ਕਰ ਰਹੇ ਹਾਂ।ਅਜੇਹਾ ਵਰਤਾਰਾ ਕਿੰਨਾ ਕੁ ਚਿਰ ਰਹੇਗਾ, ਇਸਨੂੰ ਸੋਚਣ ਤੇ ਸਮਝਣ ਲਈ ਸੁੱਚੀ ਸੁਮੱਤ ਦੀ ਲੋੜ ਹੈ।

ਪੰਜਾਬ ਦੀਆਂ ਖਿਲਰੀਆਂ ਜਟੂਰੀਆਂ, ਮੁੱਖ ‘ਤੇ ਜੰਮ ਚੁੱਕੀਆਂ ਘਰਾਲਾਂ ਅਤੇ ਦੀਦਿਆਂ ਵਿਚ ਟੁੱਟੇ ਸੁਪਨਿਆਂ ਦੀ ਚਸਕ ਨੂੰ ਸੁਣਨ ਤੋਂ ਬੇਮੁੱਖ ਨੇ ਪੰਜਾਬੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮਨ ਵਿਚ ਵਸਾ, ਪੰਜਾਬ ਦੀ ਨਰੋਈ ਹੋਂਦ ਨੂੰ ਬਚਾਉਣ ਲਈ ਪਹਿਲਕਦਮੀ ਕਰਨ ਦੀ ਲੋੜ ਹੈ ਜਿਸ ਵਿਚ ਸਾਰੀਆਂ ਧਿਰਾਂ ਦੀ ਸ਼ਮੂਲੀਅਤ, ਸਹਿਯੋਗ, ਸਮਰਪਿੱਤਾ ਅਤੇ ਸਮੁੱਚਤਾ ਦੀ ਅਤਿਅੰਤ ਜ਼ਰੂਰਤ ਹੈ।

ਕੋਈ ਤਾਂ ਪੰਜਾਬ ਦੇ ਅੱਥਰੂਆਂ ਨੂੰ ਪੂੰਝੇ, ਹਟਕੋਰਿਆਂ ਨੂੰ ਵਰਾਵੇ, ਹਿਚਕੀਆਂ ਦੀ ਹਾਥ ਪਾਵੇ, ਪੈਰੀਂ ਪਈਆਂ ਜੰਜੀਰਾਂ ਨੂੰ ਤੋੜੇ, ਬਰਬਾਦੀ ਵੱਲ ਅਹੁਲਦੇ ਕਦਮਾਂ ਨੂੰ ਹੋੜੇ ਅਤੇ ਇਸਦੀ ਗੌਰਵਮਈ ਅਤੇ ਗੈਰਤਮੰਦ ਵਿਰਾਸਤ ਨੂੰ ਵਾਪਸ ਮੋੜ ਲਿਆਵੇ।

ਪੰਜਾਬ ਮਾਰੂਥਲ ਬਣਨ ਲਈ ਕਾਹਲਾ ਏ। ਕੋਈ ਨਹੀਂ ਇਸ ਬਾਰੇ ਸੋਚਦਾ। ਬਹੁਤ ਨਿਘਰਿਆ ਵਾਤਾਵਰਨ, ਪੰਜਾਬ ਦੀ ਰੁੰਡ-ਮਰੁੰਡਤਾ ਦਾ ਮੁਹਾਂਦਰਾ। ਵਾਤਾਵਰਨ ਦੀ ਸੰਤੁਲਤਾ ਲਈ ਬਿਰਖਾਂ, ਪੰਛੀਆਂ ਅਤੇ ਜਾਨਵਰਾਂ ਵਿਚਲਾ ਸੰਤੁਲਤ ਜ਼ਰੂਰੀ। ਪੰਜਾਬ ਦੇ ਅੰਮ੍ਰਿਤ ਵਰਗੇ ਪਾਣੀ ਕੁਝ ਤਾਂ ਜ਼ਹਿਰ ਬਣ ਗਏ ਅਤੇ ਕੁਝ ਬਰੇਤੇ। ਅਜੇਹੇ ਹਾਲਾਤ ਰਹੇ ਤਾਂ ਪੰਜਾਹ ਕੁ ਸਾਲ ਤੀਕ ਪੰਜਾਬ ਦਾ ਜ਼ਿਆਦਾਤਰ ਭਾਗ ਮਾਰੂਥਲ ਬਣ ਜਾਵੇਗਾ। ਆਬਹੀਣ ਪੰਜਾਬੀ, ਪੰਜਾਬ ਦੇ ਅਰਥਾਂ ਤੋਂ ਮਹਿਰੂਮ ਹੋ, ਆਪਣੀਆਂ ਕਬਰਾਂ ਦੀ ਨਿਸ਼ਾਨਦੇਹੀ ਕਰਨ ਜੋਗੇ ਹੀ ਰਹਿ ਜਾਣਗੇ।

ਲੋੜ ਹੈ ਕਿ ਲੋਕਾਂ ਨੂੰ ਚੇਤਨ ਹੋ ਕੇ ਚਿੰਤਨ ਕਰਨ ਦੀ ਅਤੇ ਇਸ ਚਿੰਤਨ ਵਿਚੋਂ ਕੁਝ ਉਸਾਰੂ ਅਤੇ ਪ੍ਰਭਾਵੀ ਸਿਰਜਣ ਲਈ ਲਾਮਬੰਦ ਹੋਣ ਦੀ। ਕਿਉਂਕਿ ਜਦ ਲੋਕ ਜਾਗਦੇ ਨੇ ਤਾਂ ਤਕਦੀਰਾਂ ਜਾਗਦੀਆਂ। ਸੁੱਤੀਆਂ ਤਕਦੀਰਾਂ ਨੂੰ ਤਰਜ਼ੀਹਾਂ ਦੀ ਨਿਸ਼ਾਨਦੇਹੀ ਕਰਨ ਲਈ, ਸਾਰਥਿਕ ਤਦਬੀਰਾਂ ਘੜ ਕੇ ਹੀ ਜਗਾਇਆ ਜਾ ਸਕਦਾ। ਹੁਣ ਵਾਰੀ ਪੰਜਾਬੀਆਂ ਦੀ ਹੈ। ਹਰ ਭਾਵੀ ਤੋਂ ਬਾਅਦ ਪੰਜਾਬੀ ਜਾਗਦੇ ਰਹੇ ਨੇ ਅਤੇ ਆਸ ਹੈ ਕਿ ਹੁਣ ਵੀ ਜਾਗਣ-ਰੁੱਤ ਦੀ ਸਰਘੀ ਬਣਨਗੇ।

ਪੰਜਾਬ ਦੇ ਸਿਰ ‘ਤੇ ਮੰਡਰਾਉਂਦੀ ਮੌਤ ਲਈ ਮਾਪੇ ਵੀ ਜ਼ਿੰਮੇਵਾਰ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਕੰਨੀਂ ਕਤਰਾ, ਪੈਸੇ, ਰੁਤਬੇ ਜਾਂ ਸ਼ੁਹਰਤ ਦੀ ਦੌੜ ਵਿਚ ਅਜੇਹੇ ਗੁਆਚੇ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਦੀਦਿਆਂ ਵਿਚ ਸੁੱਚੇ ਸੁਪਨੇ ਧਰਨ ਅਤੇ ਇਸਦੀ ਪੂਰਨਤਾ ਲਈ ਉਚੇਚ ਕਰਨਾ, ਯਾਦ ਹੀ ਨਹੀਂ ਰਿਹਾ। ਸੁਪਨਹੀਣ ਬੱਚਿਆਂ ਤੋਂ ਕਿਸੇ ਚੰਗੇਰੀ ਅਤੇ ਅਰਥ-ਭਰਪੂਰ ਆਸ ਦਾ ਰੱਖਣਾ ਬੇਥਵ੍ਹਾ ਹੁੰਦਾ। ਅਜੇਹਾ ਪੰਜਾਬ ਦੀ ਨੌਜਵਾਨ ਪੀੜ੍ਹੀ ਨਾਲ ਹੋ ਰਿਹਾ ਹੈ। ਪੰਜਾਬੀਓ! ਬੱਚਿਆਂ ਨੂੰ ਸੁਪਨੇ ਤਾਂ ਦਿੰਦੇ, ਕੁਝ ਉਚੇਚ ਕਰਦੇ, ਸੁਪਨੇ ਜ਼ਰੂਰ ਪੂਰੇ ਹੋਣੇ ਸੀ। ਫਿਰ ਪੰਜਾਬ ਸ਼ਾਇਦ ਅਜੇਹੀ ਤਰਾਸਦੀ ਵਿਚ ਨਾ ਜਾਂਦਾ। ਪਹਿਲੀ ਪੀੜ੍ਹੀ ਦੀ ਕਾਮਯਾਬੀ ਵਿਚ ਮਾਪਿਆਂ ਦੇ ਲਏ ਸੁਪਨੇ ਅਤੇ ਉਨ੍ਹਾਂ ਦੀ ਪੂਰਤੀ ਲਈ ਸੇਧ, ਸਿਰੜ ਅਤੇ ਸਾਧਨਾ ਹੀ ਮੂਲ ਮੰਤਰ ਸੀ।ਅਜੇਹਾ ਮੂਲ ਮੰਤਰ ਹਰ ਵਕਤ ਵਿਚ ਹੀ ਕਾਮਯਾਬ ਰਿਹਾ ਹੈ। ਇਸਨੂੰ ਹੁਣ ਵੀ ਅਪਣਾਅ ਲਿਆ ਜਾਵੇ ਤਾਂ ਪੰਜਾਬ ਮੁੜ ਲੀਹਾਂ ‘ਤੇ ਆ ਸਕਦਾ ਹੈ।

ਕੋਈ ਤਾਂ ਰੋਂਦੇ ਪੰਜਾਬ ਨੂੰ ਵਰਾਵੇ।ਇਸਦੀਆਂ ਚੀਖ਼ਾਂ ਨੂੰ ਆਪਣੇ ਅੰਤਰੀਵ ਵਿਚ ਵਸਾਵੇ। ਇਸਦੀ ਹੋਣੀ ਨੂੰ ਮੱਥੇ ਤੋਂ ਮਿਟਾਵੇ। ਮਸਤਕ ਲਕੀਰਾਂ ਵਿਚ ਜਿਊਣ ਦਾ ਅਦਬ ਉਕਰਾਵੇ। ਕੋਈ ਤਾਂ ਇਸਦੀ ਜਵਾਨੀ ਨੂੰ ਜਜ਼ਬਾ, ਜ਼ਮੀਰ ਅਤੇ ਜ਼ਹਿਨੀਅਤ ਦਾ ਸਬਕ ਪੜਾਵੇ ਤਾਂ ਕਿ ਇਹ ਅਰਥਹੀਣ ਹੋ ਆਪਣੇ ਜ਼ਿੰਦਗੀ ਨੂੰ ਅਜਾਈਂ ਨਾ ਗਵਾਵੇ।ਕੋਈ ਤਾਂ ਪਾਣੀਆਂ ਦੀ ਫ਼ਰਿਆਦ ਸੁਣੇ। ਪੌਣ ਵਿਚ ਧੜਕਦੀ ਮਰਨਹਾਰੀ ਹੂਕ ਨੂੰ ਸਾਹ ਤੰਦੀ ‘ਤੇ ਉਣੇ। ਖੇਤਾਂ ਵਿਚ ਉਗਦੀਆਂ ਖੁਦਕੁਸ਼ੀਆਂ ਨੂੰ ਜਿਊਣ ਦਾ ਵੱਲ ਸਿਖਾਵੇ। ਖੇਤਾਂ ਵਿਚ ਉਗਲਦੀਆਂ ਜ਼ਹਿਰਾਂ ਨੂੰ ਅੰਮ੍ਰਿਤ ਦਾ ਵਰ ਦੇ ਜਾਵੇ। ਕੋਈ ਤਾਂ ਇਸਦੀ ਸਦੀਵਤਾ ਵਿਚੋਂ ਹੀ ਆਪਣੀ ਸਦੀਵੀ ਹੋਂਦ ਦਾ ਕਿਆਸ ਕਰੇ। ਇਸਦੀ ਸਿਹਤਯਾਬੀ ਅਤੇ ਸੁੱਧ-ਸੁਪਨਤਾ ਦੀ ਆਸ ਕਰੇ। ਇਸਦੇ ਖ਼ਾਲੀ ਠੂਠੇ ਵਿਚ ਜਿਊਣ ਦਾ ਅਦਬ, ਅੰਦਾਜ਼ ਅਤੇ ਅਰਥ-ਭਾਵ ਭਰੇ ਤਾਂ ਕਿ ਇਸਦੀ ਇਤਿਹਾਸਕ ਪ੍ਰਮਾਣਤਾ, ਵਕਤ ਦੇ ਸਰਫ਼ ਦਾ ਵਰਕਾ ਬਣੇ।

Comments

comments

Share This Post

RedditYahooBloggerMyspace