ਸਿੱਖ ਕੌਮ ਨੂੰ ਵੱਡੇ ਪੱਧਰ ਤੇ ਬੌਧਿਕ ਸੰਘਰਸ਼ ਵਿੱਢਣ ਦੀ ਲੋੜ

ਮਹਿੰਦਰ ਸਿੰਘ, ਯੂਕੇ

ਸਿੱਖਾਂ ਦੀ ਵੱਖਰੀ ਕੌਮੀ ਹੋਂਦ ਨੂੰ ਨਕਾਰਨ ਲਈ ਹਿੰਦੂ ਰਾਸ਼ਟਰ ਦੇ ਵਫ਼ਾਦਾਰ ਬੜੀਆਂ ਅਜੀਬ ਜਿਹੀਆਂ ਦਲੀਲਾਂ ਦਿੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਸਿੱਖੀ ਦਾ ਸੁਨੇਹਾ ਪੂਰੀ ਦੁਨੀਆ ਲਈ ਹੈ, ਪਰ ਸਿੱਖ ਇੱਕ ਵੱਖਰੀ ਕੌਮ ਦੇ ਸਿਧਾਂਤ ਵਾਲੇ ਕੱਟੜਵਾਦੀ ਲੋਕ ਇਸ ਨੂੰ ਇੱਕ ਇਲਾਕੇ, ਇੱਕ ਭਾਸ਼ਾ ਤੇ ਇੱਕ ਦੇਸ਼ ਦੀਆਂ ਸੀਮਤ ਹੱਦਾਂ ਵਿੱਚ ਕੈਦ ਕਰ ਦੇਣਾ ਚਾਹੁੰਦੇ ਹਨ।

ਇਸੇ ਤਰ੍ਹਾਂ ਸਿੱਖ ਕੌਮ ਦੀ ਅੱਡਰੀ ਹੋਂਦ ਹਸਤੀ ਦਾ ਮਲੀਆਮੇਟ ਕਰਨ ਲਈ ਅਤੇ ਸੁਤੰਤਰ ਸਿੱਖ ਧਰਮ ਦੇ ਨਿਆਰੇਪਣ ਦਾ ਹਿੰਦੂਕਰਨ ਕਰਨ ਲਈ ਆਰ. ਐੱਸ. ਐੱਸ. ਤੇ ਭਾਜਪਾ ਦੀ ਹਿੰਦੂਤਵੀ ਸਰਕਾਰ ਰਾਸ਼ਟਰੀ ਸਿੱਖ ਸੰਗਤ ਦੇ ਬੈਨਰ ਦੇ ਹੇਠ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਵਿਰੋਧੀ ਸੰਸਥਾਵਾਂ ਨੂੰ ਕਰੋੜਾਂ ਰੁਪਈਆਂ ਦਾ ਫ਼ੰਡ ਮੁਹੱਈਆ ਕਰਵਾ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਵ ਭਾਈਚਾਰੇ ਦਿਵਸ ਵਜੋਂ ਮਨਾਉਣ ਲਈ ਪੈਸਾ ਪਾਣੀ ਵਾਂਗ ਰੋੜ੍ਹਿਆ ਜਾ ਰਿਹਾ ਹੈ।

ਹਿੰਦੂਤਵੀਆਂ ਦਾ ਤਰਕ ਹੈ ਕਿ ਗੁਰੂ ਨਾਨਕ ਦੇਵ ਜੀ ਹਿੰਦੂ ਸਨ, ਸਿੱਖ ਧਰਮ ਹਿੰਦੂ ਧਰਮ ਦੀ ਹੀ ਇੱਕ ਸ਼ਾਖਾ ਹੈ ਅਤੇ ਸਿੱਖ ਇੱਕ ਵੱਡੇ ਹਿੰਦੂ ਦਰਖ਼ਤ ਦੀ ਟਾਹਣੀ ਹਨ, ਪਰ ਦੁਨੀਆ ਦੇ ਧਰਮਾਂ ਦੀ ਬੁਨਿਆਦ ਦੇ ਇਤਿਹਾਸ ਪੜ੍ਹਨ ਤੋਂ ਬਾਅਦ ਹਿੰਦੂਤਵੀਆਂ ਦੀ ਗੁਰੂ ਨਾਨਕ ਨੂੰ ਹਿੰਦੂ ਸਿੱਧ ਕਰਨ ਦੀ ਤਜਵੀਜ਼ ਵਿੱਚ ਕੋਈ ਵਜ਼ਨ ਨਹੀਂ ਰਹਿ ਜਾਂਦਾ ਕਿਉਂਕਿ ਜਦੋਂ ਗੁਰੂ ਨਾਨਕ ਨੇ ਹਿੰਦੂ ਪਰਵਾਰ ਵਿੱਚ ਜਨਮ ਲਿਆ ਉਦੋਂ ਹਿੰਦੂ ਧਰਮ ਵਹਿਮਾਂ, ਭਰਮਾਂ ਤੇ ਕਰਮਕਾਂਡਾਂ ਅਤੇ ਬੁੱਤ ਪੂਜਕਾਂ ਦਾ ਧਰਮ ਬਣ ਕੇ ਰਹਿ ਗਿਆ ਸੀ। ਹਜ਼ਰਤ ਮੂਸਾ ਬੁਤ ਪ੍ਰਸਤਾਂ ਦੇ ਘਰ ਪੈਦਾ ਹੋਏ ਅਤੇ ਉਨ੍ਹਾਂ ਨੇ ਯਹੂਦੀ ਧਰਮ ਦੀ ਬੁਨਿਆਦ ਰੱਖੀ ਜੋ ਬੁਤ ਪ੍ਰਸਤੀ ਦੇ ਸਖ਼ਤ ਉਲਟ ਹੈ।

ਯਹੂਦੀਆਂ ਦੇ ਘਰ ਹਜ਼ਰਤ ਈਸਾ ਜੀ ਪੈਦਾ ਹੋਏ ਜਿਨ੍ਹਾਂ ਨੇ ਈਸਾਈ ਧਰਮ ਦੀ ਬੁਨਿਆਦ ਰੱਖੀ। ਹਜ਼ਰਤ ਮੁਹੰਮਦ ਸਾਹਿਬ ਕੁਰੈਸ਼ੀਆਂ ਦੇ ਘਰ ਪੈਦਾ ਹੋਏ ਅਤੇ ਉਨ੍ਹਾਂ ਨੇ ਮੁਸਲਮਾਨ ਧਰਮ ਦੀ ਬੁਨਿਆਦ ਰੱਖੀ। ਜਦ ਇਹ ਸਾਰੇ ਇੱਕ ਦੂਜੇ ਨਾਲੋਂ ਵੱਖਰੇ ਧਰਮ ਦੀ ਨੀਂਹ ਰੱਖ ਸਕਦੇ ਸਨ ਤਾਂ ਅਸੀਂ ਵੀ ਨਿਰਸੰਦੇਹ ਆਖ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਘਰ ਵਿੱਚ ਪੈਦਾ ਹੋ ਕੇ ਇੱਕ ਨਵੇਂ ਪੰਥ, ਧਰਮ ਤੇ ਰਾਜਨੀਤੀ ਦੀ ਬੁਨਿਆਦ ਰੱਖੀ ਜਿਸ ਨੂੰ ਅਸੀਂ ਸਿੱਖ ਧਰਮ ਕਹਿੰਦੇ ਹਾਂ। ਇਹ ਸਿੱਖ ਧਰਮ ਸਾਜਿਆ ਧਰਮ ਹੈ ਅਤੇ ਇਸ ਦਾ ਕੌਮੀ ਸਰੂਪ ਖ਼ਾਲਸਾ ਪੰਥ ਹੈ।

ਹਿੰਦੂ ਧਰਮ ਦਾ ਰਵਾਇਤੀ ਹਿੰਦੂ ਸੰਕਲਪ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਫ਼ਲਸਫ਼ੇ ਤੇ ਆਦੇਸ਼ਾਂ ਦੇ ਮੁਤਾਬਕ ਨਹੀਂ ਸੀ। ਗੁਰੂ ਨਾਨਕ ਸਾਹਿਬ ਦਾ ਮਨੋਰਥ ਧਰਤੀ ਉੱਤੇ ਨਿਆਂ ਦਾ ਨਿਜ਼ਾਮ ਘੜਨਾ ਸੀ ਅਰਥਾਤ ‘ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥’, ਇਸ ਕਰਕੇ ਵਰਣ ਆਸ਼ਰਮ ਧਰਮ (ਹਿੰਦੂ ਧਰਮ) ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਸੰਭਵ ਨਹੀਂ ਸੀ। ਵਰਣ ਵੰਡ ਦੇ ਖ਼ਾਤਮੇ ਤੋਂ ਬਿਨਾ ਨਿਆਂ ਦਾ ਰਾਜ ਕਾਇਮ ਨਹੀਂ ਸੀ ਹੋ ਸਕਦਾ। ਅਜਿਹਾ ਇਨਕਲਾਬੀ ਆਦਰਸ਼ ਹਿੰਦੂ ਅਧਿਆਤਮਿਕ ਪਰੰਪਰਾ ਲਈ ਓਪਰਾ ਹੀ ਨਹੀਂ ਸੀ ਸਗੋਂ ਉਨ੍ਹਾਂ ਇਸ ਨੂੰ ਵੈਰ ਭਾਵਨਾ ਨਾਲ ਲਿਆ। ਗੁਰੂ ਨਾਨਕ ਸਾਹਿਬ ਨੇ ਇਕ ਨਿਵੇਕਲਾ ਦ੍ਰਿਸ਼ਟੀਕੋਣ ਪਰਗਟ ਕੀਤਾ ਜੋ ਕਿ ਹਿੰਦੂ ਅਧਿਆਤਮਿਕ ਪਰੰਪਰਾ ਤੇ ਹਿੰਦੂ ਧਰਮ ਨਾਲੋਂ ਅਸਲੋਂ ਹੀ ਵੱਖਰਾ ਸੀ।ਗੁਰਮਤਿ ਮੁਤਾਬਕ ਵਿਅਕਤੀ ਤੇ ਸਮਾਜ ਨੂੰ ਇੱਕ ਦੂਜੇ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ। ਗੁਰੂ ਨਾਨਕ ਦੀ ਸਿੱਖੀ ਮੁਤਾਬਿਕ ਅਨਿਆਂ ਭਰੇ ਸਮਾਜੀ ਤੇ ਰਾਜਸੀ ਪ੍ਰਬੰਧ ਵੱਲੋਂ ਅੱਖਾਂ ਮੀਟ ਕੇ ਸੱਚਾ ਧਰਮ ਤੇ ਸਦਾਚਾਰ ਪ੍ਰਫੁੱਲਿਤ ਨਹੀਂ ਹੋ ਸਕਦੇ। ਧਾਰਮਿਕ ਤੇ ਸਮਾਜੀ ਜਾਂ ਸਿਆਸੀ ਗ਼ੁਲਾਮੀ ਨਾਲ ਰੂਹਾਨੀ ਮੁਕਤੀ ਦਾ ਮੇਲ ਸੰਭਵ ਨਹੀਂ ਹੋ ਸਕਦਾ।

”ਨਿੱਜੀ ਅਰਥਾਂ ਵਿੱਚ ਮੁਕਤੀ ਜਾਂ ਅਨੰਦ ਦੀ ਪ੍ਰਾਪਤੀ ਸਿੱਖੀ ਦਾ ਆਦਰਸ਼ ਨਹੀਂ ਹੈ, ਗੁਰੂ ਨਾਨਕ ਦੇ ਸਿੱਖ ਫ਼ਲਸਫ਼ੇ ਮੁਤਾਬਕ ਜੀਵਨ ਇੱਕ ਸਾਲਮ ਹਸਤੀ ਹੈ। ਜਿਸ ਦੇ ਟੁਕੜੇ ਨਹੀਂ ਕੀਤੇ ਜਾ ਸਕਦੇ। ਇਸ ਨੂੰ ਕਤਈ ਅਰਥਾਂ ਵਿੱਚ ਧਾਰਮਿਕ ਅਤੇ ਸਮਾਜੀ, ਸਿਆਸੀ ਖੰਡਾਂ ਵਿੱਚ ਤਕਸੀਮ ਨਹੀਂ ਕੀਤਾ ਜਾ ਸਕਦਾ, ਅਰਥਾਤ ਗੁਰੂ ਨਾਨਕ ਦੇ ਚਲਾਏ ਨਿਰਮਲ ਤੇ ਨਿਰਾਲੇ ਪੰਥ ਵਿੱਚ ਧੜਿਆਂ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਸਾਹਿਬ ਅਨੁਸਾਰ ਧਰਮ ਨੂੰ ਜੀਵਨ ਚੋਂ ਪੈਦਾ ਹੋਈਆਂ ਸਭਨਾਂ ਸਮੱਸਿਆਵਾਂ ਤੇ ਚੁਨੌਤੀਆਂ ਦਾ ਟਾਕਰਾ ਕਰਨਾ ਪੈਣਾ ਹੈ, ਧਰਮ ਦਾ ਨਿਸ਼ਾਨਾ ਸਿਰਫ਼ ਵਿਅਕਤੀ ਦੇ ਚਰਿੱਤਰ ਨੂੰ ਬਦਲਣਾ ਨਹੀਂ ਸਗੋਂ ਉਸ ਦੇ ਸਮਾਜੀ ਤੇ ਸਿਆਸੀ ਵਾਤਾਵਰਨ ਨੂੰ ਵੀ ਬਦਲਣਾ ਹੈ, ਭਾਵ ਮਨੁੱਖਤਾ ਵਿੱਚ ਵੰਡ ਪਾਉਣ ਵਾਲੀ ਵਰਣ ਵੰਡ ਨੂੰ ਖ਼ਤਮ ਕਰਨਾ ਹੈ ਕਿਉਂਕਿ ਇਹ ਵਾਤਾਵਰਨ ਵਿਅਕਤੀ ਦੇ ਚਰਿੱਤਰ ਦੀ ਉਸਾਰੀ ਨੂੰ ਅਹਿਮ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ।

ਮਨੁੱਖ ਤੇ ਸਮਾਜ ਦੋਵਾਂ ਦਾ ਪੂਰਨ ਕਾਇਆ ਕਲਪ ਕੀਤੇ ਬਿਨਾ ਆਜ਼ਾਦ ਵਾਤਾਵਰਨ ਜੋ ਕਿ ਮਨੁੱਖੀ ਹਸਤੀ ਦੇ ਪੂਰਨ ਵਿਗਾਸ ਲਈ ਜ਼ਰੂਰੀ ਸ਼ਰਤ ਹੈ, ਇਸ ਤੋਂ ਬਿਨਾ ਰੱਬੀ ਏਕਤਾ ਤੇ ਮਨੁੱਖੀ ਏਕਤਾ ਵਾਲਾ ਸਮਾਜ ਨਹੀਂ ਸਿਰਜਿਆ ਜਾ ਸਕਦਾ।” (ਅਜਮੇਰ ਸਿੰਘ, ਕਿਸ ਬਿਧ ਰੁਲੀ ਪਾਤਸ਼ਾਹੀ)
ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੇਵਲ ਸਮਾਜਿਕ ਸੁਧਾਰ ਲਹਿਰ ਹੀ ਨਹੀਂ ਸੀ ਚਲਾਈ ਸਗੋਂ ਸਿੱਖ ਇਨਕਲਾਬੀ ਲਹਿਰ ਚਲਾਈ ਸੀ ਜਿਸ ਦਾ ਪਹਿਲਾ ਨਿਸ਼ਾਨਾ ਮਨੁੱਖ ਜਾਤੀ ਦੀ ਮੁਕੰਮਲ ਆਜ਼ਾਦੀ ਤੇ ਬਰਾਬਰੀ ਦਾ ਆਦਰਸ਼ ਦਾ ਪ੍ਰਚਾਰ ਕਰਨਾ ਸੀ ਤੇ ਦੂਜਾ ਨਿਸ਼ਾਨਾ ਇਸ ਆਦਰਸ਼ ਦੀਆਂ ਨੀਂਹਾਂ ਉੱਤੇ ਇੱਕ ਨਵਾਂ ਸਮਾਜ (ਸਿੱਖ ਪੰਥ) ਉਸਾਰਨਾ ਸੀ। ਤੀਜਾ ਨਿਸ਼ਾਨਾ ਸੀ ਪੰਥ ਨੂੰ ਰਾਜਸੀ ਇਨਕਲਾਬ ਲਿਆਉਣ ਦਾ ਵਸੀਲਾ ਬਣਾਉਣਾ।

ਸਮਾਜ ਸੁਧਾਰ ਦੀ ਲਹਿਰ ਵਿੱਚ ਇਨਕਲਾਬੀ ਰੰਗਤ ਵੀ ਨਹੀਂ ਹੁੰਦੀ ਪਰ ਇਨਕਲਾਬ ਦੇ ਅੰਦਰ ਇੱਕ ਨਹੀਂ ਸਗੋਂ ਕਈ ਸੁਧਾਰ ਛੁਪੇ ਹੁੰਦੇ ਹਨ। ਗੁਰੂ ਨਾਨਕ ਨੇ ਸਿੱਖ ਇਨਕਲਾਬ ਦਾ ਸਫ਼ਰ ਆਪਣੇ ਆਤਮਿਕ ਸਰੂਪ ਗੁਰੂ ਸ਼ਬਦ ਤੋਂ ਸ਼ੁਰੂ ਕੀਤਾ ਤੇ ਗੁਰੂ ਸ਼ਬਦ ਦਾ ਸਫ਼ਰ ਗੁਰੂ ਨਾਨਕ ਦੀ ਜੋਤਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇ ਹੁਕਮ ਅਨੁਸਾਰ ਸ਼ਬਦ ਗੁਰੂ ਦੇ ਨਾਲ ਨਾਲ ਪੰਥ ਦਾ ਪ੍ਰਕਾਸ਼ ਵੀ ਕੀਤਾ ਅਰਥਾਤ: ‘ਲਹਣੈ ਪੰਥੁ ਧਰਮ ਕਾ ਕੀਆ ਅਮਰਦਾਸ ਭਲੇ ਕੋ ਦੀਆ॥ ਤਿਨਿ ਸ੍ਰੀ ਰਾਮਦਾਸ ਸੋਢੀ ਥਿਰੁ ਥਪ੍ਹਉ॥’
ਇਹੋ ਨਿਰਮਲ ਪੰਥ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਖ਼ਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਹੋਇਆ, ਜਿਸ ਵਿੱਚ ਪੰਥ ਤੇ ਗੁਰੂ ਦੋਵੇਂ ਅਭੇਦ ਹਨ, ਇਹ ਪੰਥ ਦੇ ਸਰੀਰ ਦੇ ਵਿਕਾਸ ਦੀ ਅਨੋਖੀ ਬੁਲੰਦੀ ਹੈ ਜਿਸ ਵਿੱਚ ਗੁਰੂ ਪੰਥ ਗੁਰੂ ਦਾ ਸਰੀਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਨਾਨਕ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਦਾ ਇੱਕ ਮਹੱਤਵਪੂਰਨ ਪੜਾਅ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਬਦ ਗੁਰੂ ਦੇ ਨਾਲ ਨਾਲ ਸਿੱਖ ਧਰਮ ਦੀ ਸਿਧਾਂਤਿਕ ਜੜ੍ਹ ਹੈ। ਗੁਰਮਤਿ ਵਿਚਾਰਧਾਰਾ ਤੇ ਪਰੰਪਰਾ ਵਿੱਚ ‘ਗੁਰੂ’ ਸ਼ਬਦ, ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਨਾਲ ਵਰਤਣ ਦਾ ਵਿਧਾਨ ਹੈ।

ਹਿੰਦੂ ਧਰਮ ਬਾਰੇ ਵਿਚਾਰਨਯੋਗ ਤੱਥ ਇਹ ਹੈ ਕਿ ਹਿੰਦੂ ਮੱਤ ਦੇ ਧਰਮ ਗ੍ਰੰਥਾਂ ਵਿੱਚ ਵੀ ਹਿੰਦੂ ਅੱਖਰ ਪੜ੍ਹਨ ਨੂੰ ਨਹੀਂ ਮਿਲਦਾ। ਅੱਜ ਤਕ ਕਿਸੇ ਵੀ ਭਾਰਤੀ ਜਾਂ ਪੱਛਮੀ ਵਿਦਵਾਨ ਨੇ ਹਿੰਦੂਇਜ਼ਮ ਦੀ ਸੰਪੂਰਨ ਪਰਿਭਾਸ਼ਾ ਦੇਣ ਵਿੱਚ ਸਫਲਤਾ ਪ੍ਰਾਪਤ ਨਹੀਂ ਕੀਤੀ। ਇਨਸਾਈਕਲੋਪੀਡੀਆ ਆਫ ਰਿਲੀਜਨ ਐਂਡ ਐਥਿਕਸ ਵਿੱਚ-ਡਬਲਿਯੂ ਕਰੁੱਕ ਲਿਖਦਾ ਹੈ ਕਿ problem is more difficult than that of framing a definition of Hinduism. Many of the Priests proposed from time to time are obviously inadequate. ਭਾਵ ਹਿੰਦੂ ਮੱਤ ਦੀ ਪਰਿਭਾਸ਼ਾ ਘੜਨੀ ਇੱਕ ਜਟਿਲ ਕਾਰਜ ਹੈ ਕਿਉਂਕਿ ਵਕਤ-ਵਕਤ ਤੇ ਜੋ ਵੀ ਜਾਂਚ ਪੜਤਾਲ ਦੇ ਆਧਾਰ ਸੁਝਾਏ ਗਏ ਹਨ, ਸਾਰੇ ਹੀ ਊਣੇ ਸਿੱਧ ਹੁੰਦੇ ਰਹੇ ਹਨ ਅਤੇ ਡਾ. ਰਾਧਾ ਕ੍ਰਿਸ਼ਨਨ ਅਨੁਸਾਰ ‘ਹਿੰਦੂਇਜ਼ਮ ਦਾ ਅਰਥ ਹੈ ਵੱਖ ਵੱਖ ਫਲਸਫਿਆਂ, ਧਰਮਾਂ, ਮਿਥਿਹਾਸਿਕ ਜਾਦੂਗਰੀਆਂ ਦਾ ਸੰਗਠਨ। ਹੁਣ ਸਵਾਲ ਉੱਠਦਾ ਹੈ ਕਿ ਇਹ ਹਿੰਦੂ ਸ਼ਬਦ ਕਿਥੋਂ ਆਇਆ! ਇਸ ਦੀ ਗਿਣਤੀ ਦੁਨੀਆ ਦੇ ਪ੍ਰਮੁੱਖ ਧਰਮਾਂ ‘ਚ ਕਿਵੇਂ ਸ਼ਰੀਕ ਹੋਈ?

ਇਸ ਦਾ ਜਵਾਬ ਸਾਨੂੰ ਇਤਿਹਾਸ ਵਿੱਚੋਂ ਇਸ ਪ੍ਰਕਾਰ ਮਿਲਦਾ ਹੈ ਕਿ ਹਿੰਦੂ ਸ਼ਬਦ ਪ੍ਰਵਾਸੀ ਸ਼ਬਦ ਹੈ ਅਤੇ ਇਹ 711 ਈ. ਵਿੱਚ ‘ਮੁਹੰਮਦ ਬਿਨ ਕਾਸਮ’ ਦੇ ਆਉਣ ਨਾਲ ਹੀ ਭਾਰਤ ਵਿੱਚ ਆਇਆ, ਇਸ ਕਰਕੇ ਭਾਰਤੀ ਸਭਿਅਤਾ ਵਿੱਚ, ਹਿੰਦੂ ਇੱਕ ਨਿਰਮੂਲ ਅਤੇ ਲਾਵਾਰਸ ਸ਼ਬਦ ਹੈ। ਆਪਣੇ ਆਪ ਨੂੰ ਹਿੰਦੂ ਅਖਵਾਉਣ ਵਾਲੇ ਲੋਕ ਪੂਜਾ ਦਾ ਧਾਨ ਖਾ ਕੇ ਪਲਣ ਵਾਲੀ ਪੂਜਾਰੀ ਸ਼੍ਰੇਣੀ ਦੇ ਬਿਪਰਵਾਦੀ ਨੀਤੀ ਤੇ ਸਨਾਤਨ ਮਤੀ ਗ੍ਰੰਥ, ਵੇਦ, ਸ਼ਾਸਤਰ, ਪੁਰਾਣ, ਸਿਮ੍ਰਤੀਆਂ, ਰਮਾਇਣ ਤੇ ਮਹਾਂਭਾਰਤ ਆਦਿ ਸਮੂਹ ਸਨਾਤਨੀ ਗ੍ਰੰਥਾਂ ਵਿੱਚ ਹਿੰਦੂ ਸ਼ਬਦ ਕਿਤੇ ਵੀ ਲਿਖਿਆ ਹੋਇਆ ਨਹੀਂ ਮਿਲਦਾ। ਜਿਨ੍ਹਾਂ ਨੂੰ ਇਹ ਆਪਣਾ ਇਸ਼ਟ ਮੰਨ ਕੇ ਪੂਜਦੇ ਹੋਏ ਵੇਦ ਮੰਤਰ, ਹੋਮ ਯਗ, ਗ੍ਰਹਿ ਚਾਲ ਦੇ ਜੋਤਿਸ਼, ਟੇਵੇ, ਕੁੰਡਲੀਆਂ ਆਦਿ ਵਿੱਚ ਅੰਧੀ ਅਗਿਆਨ ਮਈ ਸ਼ਰਧਾ ਸਹਿਤ ਮਿਥੇ ਅਤੇ ਆਪੋ ਬਣਾਏ ਹੋਏ ਮਿੱਟੀ, ਪੱਥਰ ਤੇ ਲੱਕੜ ਆਦਿ ਅਤੇ ਅਨੇਕ ਪ੍ਰਕਾਰੀ ਰਸਾਇਣਕ ਸਮਗਰੀ ਨਾਲ ਬਣਾਏ ਹੋਏ ਕਲਪਿਤ ਦੇਵੀ ਦੇਵਤਿਆਂ ਭਾਵ ਅਣਗਿਣਤ ਭਗਵਾਨਾਂ ਦੀ ਪੂਜਾ ਕਰਨ ਵਾਲਿਆਂ ਨੂੰ ਬਿਪਰਾਂ ਦੀ ਥਾਂ ਹਿੰਦੂ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇ ਆਗਮਨ ਸਮੇਂ ਤੱਕ ਹਿੰਦੁਸਤਾਨ ਵਿੱਚ ਹਿੰਦੂ ਸ਼ਬਦ ਪ੍ਰਚਲਿਤ ਹੋ ਚੁੱਕਾ ਸੀ। ਮਹਾਨ ਕੋਸ਼ ਵਿੱਚ ਹਿੰਦੂ ਦੇ ਅਰਥ ਚੋਰ ਜਾਂ ਗ਼ੁਲਾਮ ਵੀ ਕੀਤੇ ਹੋਏ ਹਨ।

”ਸਿੱਖ ਇੱਕ ਵੱਖਰੀ ਕੌਮ ਹਨ ਅਤੇ ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਹੈ। ਸਿੱਖ ਹਿੰਦੂਆਂ ਨਾਲੋਂ ਸਪਸ਼ਟ ਤੌਰ ਤੇ ਵੱਖਰੇ ਹੀ ਨਹੀਂ ਬਲਕਿ ਉਨ੍ਹਾਂ ਤੋਂ ਸਿਧਾਂਤਿਕ ਤੋਰ ਤੇ ਬਿਲਕੁਲ ਉਲਟ ਹਨ, ਹਿੰਦੂ ਮੂਰਤੀ ਪੂਜਕ ਹਨ ਜਨਮ ਤੋਂ ਜਾਤ ਮੰਨਦੇ ਹਨ, ਜਾਤਪਾਤ ਵਿੱਚ ਵਿਸ਼ਵਾਸ਼ ਰੱਖਦੇ ਹਨ, ਜਦਕਿ ਸਿੱਖ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ, ਜਾਤ ਪਾਤ ਤੇ ਮੂਰਤੀ ਪੂਜਾ ਦੇ ਵਿਰੋਧੀ ਹਨ। ਹਿੰਦੂਆਂ ਵਿੱਚ ਪੁਜਾਰੀਵਾਦ ਹੈ, ਸਿੱਖਾਂ ਵਿੱਚ ਇਸ ਕਿਸਮ ਦੀ ਗੱਲ ਬਿਲਕੁਲ ਵਰਜਿਤ ਹੈ ਇਤਿਆਦਕ।”

1900 ਈ. ਦੇ ਆਸ ਪਾਸ ਆਰੀਆ ਸਮਾਜ ਦੇ ਇੱਕ ਸਿੱਖ ਮੈਂਬਰ ਭਾਈ ਜਗਤ ਸਿੰਘ ਨੇ ‘ਰਿਸਾਲਾ ਤੱਤ ਪ੍ਰਕਾਸ਼’ ਨਾਂ ਦਾ ਇੱਕ ਰਸਾਲਾ ਛਾਪਿਆ ਜਿਸ ਵਿੱਚ ਉਨ੍ਹਾਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖ ਧਰਮ ਆਰੀਆ ਸਮਾਜ ਲਹਿਰ ਦਾ ਇੱਕ ਪੁਰਾਤਨ ਰੂਪ ਹੈ। ਲਾਲਾ ਠਾਕਰ ਦਾਸ ਅਤੇ ਵਾਵਾ ਨਰਾਇਣ ਸਿੰਘ ਨੇ ‘ਸਿੱਖ ਹਿੰਦੂ ਹੈ’ ਲਿਖ ਕੇ ਭਾਈ ਜਗਤ ਸਿੰਘ ਦੇ ਕਥਨ ਦੀ ਹਾਮੀ ਭਰੀ, 1900 ਈ ਵਿੱਚ ਚਲ ਰਹੀ ਚਰਚਾ ਅਤੇ ਸਾਰੇ ਸਵਾਲਾਂ ਦਾ ਉਤਰ ਵਿਦਵਾਨ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਪੁਸਤਕ ‘ਹਮ ਹਿੰਦੂ ਨਹੀਂ’ ਵਿੱਚ ਦਿੱਤਾ। ਭਾਵੇਂ ਇਸ ਨੂੰ ਲਿਖਣ ਕਰਕੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਕਈ ਤਰ੍ਹਾਂ ਦੇ ਕਸ਼ਟ ਸਹਿਣੇ ਪਏ ਅਤੇ ਸਮੇਂ ਦੀ ਸਰਕਾਰ ਦੀ ਕ੍ਰੋਪੀ ਵੀ ਝੱਲਣੀ ਪਈ। ਇਸੇ ਤਰ੍ਹਾਂ ਹਿੰਦੂ ਸੰਸਥਾਵਾਂ ‘ਮਾਨਵ ਸਮਾਜ ਟਰੱਸਟ’ ਨਵੀਂ ਦਿੱਲੀ ਅਤੇ ਲਾਠ ਸਰਵੋਦਯਾ ਟਰੱਸਟ ਜੈ ਪੁਰ ਨੇ ਰਾਜੇਂਦਰ ਸਿਉਂ ਨਿਰਾਲਾ ਦੇ ਇੱਕ ਹਿੰਦੂ ਲਿਖਾਰੀ ਕੋਲੋਂ ਕਪਟ ਤੇ ਕੂੜ ਭਰਪੂਰ ਹਿੰਦੀ ਪੁਸਤਕ ਹਮ ਹਿੰਦੂ ਹੈਂ ਲਿਖਵਾਈ ਸੀ, ਜਿਸ ਦਾ ਮੂੰਹ ਤੋੜਵਾਂ ਜਵਾਬ ਪਿੰਸੀਪਲ ਲਾਭ ਸਿੰਘ ਨੇ ਦੁਬਾਰਾ ‘ਹਮ ਹਿੰਦੂ ਨਹੀਂ’ ਪੁਸਤਕ ਲਿਖ ਕੇ ਜਵਾਬ ਦਿੱਤਾ ਸੀ, ਜਿਸ ਨੂੰ ਠੇਠ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਪ੍ਰਿਸੀਪਲ ਲਾਭ ਸਿੰਘ ਨੇ ‘ਹਮ ਹਿੰਦੂ ਨਹੀਂ ਪੁਸਤਕ ਲਿਖ ਕੇ ਰਾਜੇਂਦਰ ਸਿਉਂ ਨਿਰਾਲਾ ਦੀ ਬੋਲਤੀ ਬੰਦ ਕਰ ਦਿੱਤੀ ਸੀ।

ਅੰਤ ਵਿੱਚ ਅਸੀਂ ਫਰਾਂਸੀਸੀ ਵਿਦਵਾਨ ‘ਰਾਜਿਸ ਡੈਬਰੇ ਦੀਆਂ ਇਨ੍ਹਾਂ ਸਤਰਾਂ ਨਾਲ ਸਮਾਪਤੀ ਕਰਦੇ ਹਾਂ ਕਿ ਦਾਬੇ ਹੇਠ ਰਹਿ ਰਹੀਆਂ ਕੌਮਾਂ ਦੀ ਮੁਕਤੀ ਦੀ ਜੰਗ ਮਹਿਜ ਹਥਿਆਰਾਂ ਦੇ ਖੇਤਰ ਵਿੱਚ ਹੀ ਨਹੀਂ ਲੜੀ ਜਾਂਦੀ ਬਲਕਿ ਵਿਚਾਰਾਂ ਦੇ ਖੇਤਰ ਵਿੱਚ ਵੀ ਉਨੀ ਹੀ ਸ਼ਿੱਦਤ ਨਾਲ ਲੜੀ ਜਾਂਦੀ ਹੈ। ਅੱਜ ਸਿੱਖ ਕੌਮ ਦੇ ਗਲੋਂ ਗ਼ੁਲਾਮੀ ਲਾਹੁਣ ਲਈ ਵੱਡੀ ਪੱਧਰ ਤੇ ਬੌਧਿਕ ਸੰਘਰਸ਼ ਵਿੱਢਣ ਦੀ ਲੋੜ ਹੈ। ੲ

Comments

comments

Share This Post

RedditYahooBloggerMyspace