ਨਿਊਜ਼ੀਲੈਂਡ ਚ ਲਾਪਤਾ ਹੋਇਆ ਸੰਗਰੂਰ ਦਾ ਨੌਜਵਾਨ, ਚਿੰਤਾ ਚ ਡੁੱਬੇ ਮਾਪੇ

ਭਵਾਨੀਗੜ੍ਹ  :  ਇੱਥੋਂ ਦੇ ਨੇੜਲੇ ਪਿੰਡ ਕਾਲਾਝਾੜ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ ਕਿ ਨਿਊਜ਼ੀਲੈਂਡ ਦੇ ਵਿਲਿੰਗਟਨ ਸ਼ਹਿਰ ਵਿਖੇ ਮਾਸਟਰ ਟੋਨ ਇਲਾਕੇ ਵਿਚ ਰਹਿੰਦਾ ਸੀ ਦੇ ਅਚਾਨਕ ਲਾਪਤਾ ਹੋਣ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਹੈ। ਨੌਜਵਾਨ ਦੇ ਪਿਤਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ 2015 ਵਿਚ ਪੜ੍ਹਾਈ ਦੇ ਬੇਸ ‘ਤੇ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉਹ ਉੱਥੇ ਹੀ ਨੌਕਰੀ ਕਰਦਾ ਸੀ ਪਰ ਉਹ 5 ਮਾਰਚ ਤੋਂ ਲਾਪਤਾ ਹੈ।
ਪਿਤਾ ਨੇ ਦੱਸਿਆ ਕਿ ਨਿਊਜ਼ੀਲੈਂਡ ਪੁਲਸ ਸਮੁੰਦਰ ਵਿਚ ਗੋਤਾਖੋਰਾਂ ਅਤੇ ਹੈਲੀਕਾਪਟਰ ਨਾਲ ਉਸ ਦੀ ਭਾਲ ਕਰ ਰਹੀ ਹੈ ਅਤੇ ਪੁਲਸ ਨੂੰ ਲੜਕੇ ਦੀ ਕਾਰ, ਪਰਸ, ਚੱਪਲਾਂ ਤੇ ਟੁੱਟੀ ਹਾਲਤ ਵਿਚ ਮੋਬਾਇਲ ਫੋਨ ਆਦਿ ਸਮਾਨ ਸਮੁੰਦਰ ਦੇ ਕੰਢੇ ਤੋਂ ਮਿਲ ਗਿਆ ਹੈ ਪਰ ਅਜੇ ਤੱਕ ਗੁਰਵਿੰਦਰ ਸਿੰਘ ਦੀ ਕੋਈ ਉੱਘ-ਸੁੱਘ ਨਹੀਂ ਮਿਲੀ ਹੈ। ਨਿਊਜ਼ੀਲੈਂਡ ਦੇ ਵਸਨੀਕ ਬਿਕਰਮਜੀਤ ਸਿੰਘ ਮੱਟਰਾਂ ਨੇ ਦੱਸਿਆ ਕਿ ਇੱਥੇ ਸਾਰੇ ਪੰਜਾਬੀ ਭਾਈਚਾਰੇ ਵਿਚ ਇਸ ਨੌਜਵਾਨ ਦੀ ਗੁੰਮਸ਼ੁਦਗੀ ਨੂੰ ਲੈ ਕੇ ਕਾਫੀ ਚਿੰਤਾ ਪਾਈ ਜਾ ਰਹੀ ਹੈ।
ਪੁਲਸ ਚੌਕੀ ਕਾਲਾਝਾੜ ਦੀ ਇੰਚਾਰਜ ਸਬ ਇੰਸਪੈਕਟਰ ਗੀਤਾ ਰਾਣੀ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਸਬੰਧੀ ਜ਼ਿਲਾ ਪੱਧਰ ‘ਤੇ ਸੰਗਰੂਰ ਵਿਖੇ ਐੱਨ. ਆਰ. ਆਈ. ਥਾਣਾ ਬਣਿਆ ਹੋਇਆ ਹੈ। ਪਰਿਵਾਰ ਵੱਲੋਂ ਪ੍ਰਸ਼ਾਸਨ ਨਾਲ ਰਾਬਤਾ ਰੱਖਿਆ ਹੋਇਆ ਹੈ।

Comments

comments

Share This Post

RedditYahooBloggerMyspace