ਪੰਜਾਬ ਕਾਂਗਰਸ ਵਲੋਂ ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਪੇਸ਼ਕਸ਼

ਨਵੀਂ ਦਿੱਲੀ–ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਕ ਵਾਰ ਫਿਰ ਤੋਂ ਪੰਜਾਬ ਦੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਪੰਜਾਬ ਕਾਂਗਰਸ ਤੇ ਸੀਨੀਅਰ ਨੇਤਾਵਾਂ ਵਲੋਂ ਕੀਤੀ ਗਈ ਹੈ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਦਿੱਲੀ ’ਚ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਰਿਹਾਇਸ਼ ’ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਬੈਠਕ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਡਾ. ਮਨਮੋਹਨ ਸਿੰਘ ਨੂੰ ਕਿਹਾ ਕਿ ਪੰਜਾਬੀਆਂ ਨੂੰ ਤੁਹਾਡੇ ’ਤੇ ਨਾਜ਼ ਹੈ ਕਿਉਂਕਿ 10 ਸਾਲਾਂ ਤਕ ਪ੍ਰਧਾਨ ਮੰਤਰੀ ਰਹਿ ਕੇ ਤੁਸੀਂ ਦੇਸ਼ ਤੇ ਪੰਜਾਬ ਦਾ ਨਾਂ ਉੱਚਾ ਕੀਤਾ। ਆਸ਼ਾ ਕੁਮਾਰੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਚਰਚਾ ਕੀਤੀ ਗਈ ਹੈ। ਇਹ ਪਹਿਲੀ ਚਰਚਾ ਹੈ ਤੇ ਅਜੇ ਨਾਂ ਫਾਈਨਲ ਨਹੀਂ ਕੀਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਸਿਹਤ ਸਹੀ ਨਹੀਂ ਰਹਿੰਦੀ ਹੈ। ਇਸ ਲਈ ਉਹ ਲੋਕ ਸਭਾ ਚੋਣ ਲੜਨ ਦੀ ਇੱਛਾ ਨਹੀਂ ਰੱਖਦੇ ਹਨ। ਇਸ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਡਾ. ਮਨਮੋਹਨ ਸਿੰਘ ਨੂੰ ਕਿਹਾ ਕਿ ਤੁਸੀਂ ਸਿਰਫ ਨਾਮਜ਼ਦਗੀ ਪੱਤਰ ਭਰਨ ਲਈ ਅੰਮ੍ਰਿਤਸਰ ਆ ਜਾਣਾ। ਤੁਹਾਡੀ ਚੋਣ ਪੰਜਾਬ ਕਾਂਗਰਸ ਲੜੇਗੀ, ਤੁਹਾਨੂੰ ਚੋਣ ਪ੍ਰਚਾਰ ਲਈ ਇਧਰ-ਉਧਰ ਜਾਣ ਦੀ ਲੋੜ ਨਹੀਂ ਪਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਡਾ. ਮਨਮੋਹਨ ਸਿੰਘ ਨੂੰ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਅੰਮ੍ਰਿਤਸਰ ਜੋ ਕਿ ਗੁਰੂ ਦੀ ਨਗਰੀ ਹੈ, ਇਸ ਸੀਟ ਦੀ ਅਗਵਾਈ ਡਾ. ਮਨਮੋਹਨ ਸਿੰਘ ਕਰਨ।
ਡਾ. ਮਨਮੋਹਨ ਸਿੰਘ ਨੇ ਹਾਂ ਜਾਂ ਨਾ ’ਚ ਅਜੇ ਜਵਾਬ ਨਹੀਂ ਦਿੱਤਾ ਹੈ ਪਰ ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਆਪਣੀ ਉਮਰ ਤੇ ਖਰਾਬ ਸਿਹਤ ਨੂੰ ਦੇਖਦੇ ਹੋਏ ਡਾ. ਮਨਮੋਹਨ ਸਿੰਘ ਦਾ ਅੰਮ੍ਰਿਤਸਰ ਸੀਟ ਤੋਂ ਚੋਣ ਲੜਨਾ ਸੰਭਵ ਨਹੀਂ ਦਿਖਾਈ ਦੇ ਰਿਹਾ ਹੈ, ਫਿਰ ਵੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਨੇਤਾਵਾਂ ਨੇ ਡਾ. ਮਨਮੋਹਨ ਸਿੰਘ ਨੂੰ ਕਿਹਾ ਕਿ ਅਸੀਂ ਤੁਹਾਡੇ ਫੈਸਲੇ ਦਾ ਇੰਤਜ਼ਾਰ ਕਰਾਂਗੇ। ਡਾ. ਮਨਮੋਹਨ ਸਿੰਘ ਨੇ ਇਹ ਸੰਕੇਤ ਜ਼ਰੂਰ ਦਿੱਤੇ ਹਨ ਕਿ ਉਹ ਆਪਣਾ ਫੈਸਲਾ ਲੈਣ ’ਚ ਅਜੇ ਕੁਝ ਸਮਾਂ ਲੈਣਗੇ।

Comments

comments

Share This Post

RedditYahooBloggerMyspace