ਰਾਮਦੇਵ ਦੇ ਭਗਤ ਨੂੰ ਬਣਾਇਆ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਧਾਨ

ਜਲੰਧਰ :  ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਨਵੇਂ ਬੋਰਡ ਦਾ ਗਠਨ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਇਸ ਬੋਰਡ ਦਾ ਨਵਾਂ ਪ੍ਰਧਾਨ ਉੱਘੇ ਸਿੱਖ ਕਾਰੋਬਾਰੀ ਅਤੇ ਰਾਮਦੇਵ ਦੇ ਖਾਸਮਖਾਸ ਭੁਪਿੰਦਰ ਸਿੰਘ ਮਿਨਹਾਸ ਨੂੰ ਬਣਾਇਆ ਗਿਆ ਹੈ। ਪਰ ਦੂਜੇ ਪਾਸੇ ਮਿਨਹਾਸ ਦੇ ਪ੍ਰਧਾਨ ਬਣਦਿਆਂ ਹੀ ਅਕਾਲੀ-ਭਾਜਪਾ ਗਠਜੋੜ ‘ਚ ਇਕ ਨਵੀਂ ਤਰੇੜ ਪੈਂਦੀ ਦਿਖਾਈ ਦੇ ਰਹੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਬੀਤੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਅਤੇ ਆਰ. ਐੱਸ. ਐੱਸ. ਵੱਲੋਂ ਲਗਾਤਾਰ ਸਿੱਖ ਮਾਮਲਿਆਂ ‘ਚ ਦਿੱਤੀ ਜਾ ਰਹੀ ਦਖਲਅੰਦਾਜ਼ੀ ਦੇ ਵਿਰੋਧ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਬੈਠਕ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਤੈਅ ਹੋਇਆ ਸੀ ਕਿ ਭਾਜਪਾ ਬਿਲਕੁਲ ਵੀ ਸਿੱਖਾਂ ਦੇ ਅੰਦਰੂਨੀ ਧਾਰਮਿਕ ਮਾਮਲਿਆਂ ‘ਚ ਦਖਲ ਨਹੀਂ ਦੇਵੇਗੀ। ਸੁਖਬੀਰ ਅਤੇ ਅਮਿਤ ਸ਼ਾਹ ਦੀ ਇਸ ਬੈਠਕ ਦੀ ਲੋੜ ਵੀ ਤਾਂ ਪਈ ਸੀ ਕਿ ਭਾਜਪਾ ਆਗੂ ਆਰ. ਪੀ. ਸਿੰਘ ਵੱਲੋਂ ਕੁਝ ਸਿੱਖ ਮਾਮਲਿਆਂ ਬਾਰੇ ਟੀਕਾ-ਟਿੱਪਣੀ ਕੀਤੀ ਗਈ, ਜਿਸ ਦੇ ਵਿਰੋਧ ‘ਚ ਮਨਜਿੰਦਰ ਸਿੰਘ ਸਿਰਸਾ ਨੇ ਆਰ. ਪੀ. ਸਿੰਘ ਨੂੰ ਕਰੜੇ ਹੱਥੀਂ ਲਿਆ ਸੀ ਅਤੇ ਭਾਜਪਾ ਦੇ ਵਿਰੋਧ ‘ਚ ਬਿਆਨ ਦਿੱਤੇ ਸਨ।

ਇਥੇ ਜ਼ਿਕਰਯੋਗ ਹੈ ਕਿ ਹਜ਼ੂਰ ਸਾਹਿਬ ਬੋਰਡ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਵੱਲੋਂ ਹਜ਼ੂਰ ਸਾਹਿਬ ਲਈ ਬਣਾਏ ਨਵੇਂ ਬੋਰਡ ‘ਚ 9 ਮੈਂਬਰ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਰਵਿੰਦਰ ਸਿੰਘ ਬੁੰਗਈ, ਮਨਪ੍ਰੀਤ ਸਿੰਘ ਕੁੰਜੀਵਾਲੇ, ਗੁਰਮੀਤ ਸਿੰਘ ਮਹਾਜਨ, ਗੁਰਿੰਦਰ ਸਿੰਘ ਬਾਵਾ, ਗੁਰਦੀਪ ਸਿੰਘ ਭਾਟੀਆ ਅਤੇ ਪਰਮਜੋਤ ਸਿੰਘ ਚਾਹਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਬੋਰਡ ਦੀ ਚੋਣ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 1956 ਦੇ ਅਨੁਸਾਰ ਕੀਤੀ ਗਈ ਹੈ।

Comments

comments

Share This Post

RedditYahooBloggerMyspace