ਸਮਾਜਿਕ ਸਿੱਖਿਆ ਦੀ ਥਾਂ ਪੰਜਾਬੀ ਦਾ ਪੇਪਰ ਵੰਡਿਆ

ਫ਼ਰੀਦਕੋਟ : ਪੰਜਾਬ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਕੌਂਸਲ (ਐੱਸਸੀਈਆਰਟੀ) ਵੱਲੋਂ ਅੱਜ ਪੰਜਾਬ ਭਰ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਲਈ ਜਾਣੀ ਸੀ। ਪੰਜਾਬ ਭਰ ਦੇ ਕਰੀਬ ਦੋ ਲੱਖ 25 ਹਜ਼ਾਰ ਵਿਦਿਆਰਥੀ ਨਿਸ਼ਚਿਤ ਸਮੇਂ ’ਤੇ ਪੇਪਰ ਦੇਣ ਲਈ ਪਹੁੰਚ ਗਏ ਸਨ ਪ੍ਰੰਤੂ ਜਦੋਂ ਪ੍ਰਸ਼ਨ ਪੱਤਰਾਂ ਦੇ ਪੈਕੇਟਾਂ ਦੀਆਂ ਸੀਲਾਂ ਖੋਲ੍ਹੀਆਂ ਗਈਆਂ ਤਾਂ ਉਨ੍ਹਾਂ ਵਿੱਚ ਸਮਾਜਿਕ ਸਿੱਖਿਆ ਦੀ ਥਾਂ ਪੰਜਾਬੀ ਦੇ ਪ੍ਰਸ਼ਨ ਪੱਤਰ ਨਿਕਲੇ।

ਸੂਤਰਾਂ ਅਨੁਸਾਰ ਪੰਜਾਬ ਦੇ 50 ਫ਼ੀਸਦੀ ਪ੍ਰੀਖਿਆ ਕੇਂਦਰਾਂ ਵਿੱਚ ਪ੍ਰਸ਼ਨ ਪੱਤਰਾਂ ਦੇ ਗਲਤ ਪੈਕੇਟ ਭੇਜ ਦਿੱਤੇ ਗਏ ਸਨ। ਪ੍ਰੀਖਿਆ ਕੇਂਦਰਾਂ ਦੇ ਇੰਚਾਰਜਾਂ ਨੇ ਤੁਰੰਤ ਸਮਾਜਿਕ ਸਿੱਖਿਆ ਦੇ ਪ੍ਰਸ਼ਨ ਪੱਤਰਾਂ ਦੀਆਂ ਫੋਟੋਕਾਪੀਆਂ ਕਰਵਾ ਕੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਤੇ ਪੇਪਰ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ। 16 ਸਫ਼ਿਆਂ ਦੇ ਪ੍ਰਸ਼ਨ ਪੱਤਰ ਨੂੰ ਫੋਟੋਸਟੇਟ ਕਰਵਾ ਕੇ ਵਿਦਿਆਰਥੀਆਂ ਤੱਕ ਭੇਜਣ ਵਿੱਚ ਦੋ ਘੰਟੇ ਦਾ ਸਮਾਂ ਲੱਗ ਗਿਆ। ਪੇਪਰ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਦੇ ਮਾੜੇ ਪ੍ਰਬੰਧਾਂ ਅਤੇ ਘੋਰ ਅਣਗਹਿਲੀਆਂ ਦਾ ਖ਼ਮਿਆਜਾ ਵਿਦਿਆਰਥੀਆਂ ਨੂੰ ਭੁਗਤਣਾ ਪਿਆ ਹੈ। ਪੀਐੱਸਯੂ ਦੀ ਆਗੂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਐੱਸਸੀਈਆਰਟੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ। ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਸਿੱਖਿਆ ਵਿਭਾਗ ਨੇ ਪ੍ਰਸ਼ਨ ਪੱਤਰਾਂ ਦੇ ਪੈਕੇਟ ਵਿਦਿਆਰਥੀਆਂ ਦੀ ਗਿਣਤੀ ਮੁਤਾਬਿਕ ਨਹੀਂ ਬਣਾਏ ਅਤੇ ਬਹੁਤੇ ਸਕੂਲਾਂ ਵਿੱਚ ਪ੍ਰਸ਼ਨ ਪੱਤਰ ਖੁੱਲ੍ਹੇ ਹੀ ਭੇਜ ਦਿੱਤੇ ਗਏ। 12 ਮਾਰਚ ਨੂੰ ਸ਼ੁਰੂ ਹੋਏ ਅੱਠਵੀਂ ਦੇ ਇਮਤਿਹਾਨ 21 ਮਾਰਚ ਨੂੰ ਖ਼ਤਮ ਹੋਣੇ ਹਨ। ਪੰਜਾਬੀ ਦਾ ਇਮਤਿਹਾਨ 20 ਮਾਰਚ ਨੂੰ ਹੋਣਾ ਸੀ ਜਿਸ ਲਈ ਹੁਣ ਨਵਾਂ ਪ੍ਰਸ਼ਨ ਪੱਤਰ ਛਾਪਿਆ ਜਾਵੇਗਾ।

ਕੀ ਕਹਿੰਦੇ ਨੇ ਅਧਿਕਾਰੀ

ਮਿਡਲ ਪ੍ਰੀਖਿਆਵਾਂ ਦੇ ਕੋਆਰਡੀਨੇਟਰ ਜਸਵਿੰਦਰ ਸਿੰਘ ਨੇ ਮੰਨਿਆ ਕਿ ਕੁਝ ਪ੍ਰੀਖਿਆ ਕੇਂਦਰਾਂ ਵਿੱਚ ਸਮਾਜਿਕ ਸਿੱਖਿਆ ਦੀ ਥਾਂ ਵਿਦਿਆਰਥੀਆਂ ਨੂੰ ਪੰਜਾਬੀ ਦਾ ਪ੍ਰਸ਼ਨ ਪੱਤਰ ਭੇਜ ਦਿੱਤਾ ਗਿਆ ਸੀ ਪਰ ਪ੍ਰੀਖਿਆ ਅਮਲੇ ਨੇ ਸਮਾਜਿਕ ਸਿੱਖਿਆ ਵਿਸ਼ੇ ਦਾ ਪ੍ਰਸ਼ਨ ਪੱਤਰ ਫੋਟੋਸਟੇਟ ਕਰਵਾ ਕੇ ਸਥਿਤੀ ਨੂੰ ਸੰਭਾਲ ਲਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਵਿਭਾਗ ਨੂੰ ਦੱਸਿਆ ਗਿਆ ਹੈ ਕਿ ਅੱਠਵੀਂ ਦਾ ਪੰਜਾਬੀ ਦਾ ਪ੍ਰਸ਼ਨ ਪੱਤਰ ਜਨਤਕ ਹੋ ਚੁੱਕਾ ਹੈ, ਇਸ ਲਈ ਇਸ ਪ੍ਰਸ਼ਨ ਪੱਤਰ ਨੂੰ ਦੁਬਾਰਾ ਤਿਆਰ ਕੀਤਾ ਜਾਵੇ। ਉੱਧਰ, ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਭੇਜੇ ਗੲੈ ਪੈਕੇਟਾਂ ’ਤੇ ਸਮਾਜਿਕ ਸਿੱਖਿਆ ਲਿਖਿਆ ਹੋਇਆ ਸੀ। ਜਦੋਂ ਪੈਕੇਟ ਖੋਲ੍ਹੇ ਗਏ ਤਾਂ ਉਨ੍ਹਾਂ ਵਿੱਚੋਂ ਪੰਜਾਬੀ ਦੇ ਪੇਪਰ ਨਿਕਲੇ। ਉਨ੍ਹਾਂ ਕਿਹਾ ਕਿ ਸਮਾਜਿਕ ਸਿੱਖਿਆ ਦਾ ਇਮਤਿਹਾਨ ਲੈ ਲਿਆ ਗਿਆ ਹੈ ਅਤੇ ਪੰਜਾਬੀ ਦਾ ਪੇਪਰ ਜਨਤਕ ਹੋਣ ਬਾਰੇ ਸਿੱਖਿਆ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Comments

comments

Share This Post

RedditYahooBloggerMyspace